Share on Facebook

Main News Page

ਗਿਆਨੀ ਗੁਰਬਚਨ ਸਿੰਘ ਨੇ ਮੰਨਿਆਂ ਕਿ ਸੋਧਿਆ ਹੋਇਆ ਕੈਲੰਡਰ ਅਸਲ ਵਿੱਚ ਜਿਆਦਾ ਵਿਗੜ ਗਿਆ ਹੈ

* ਅਕਾਲ ਤਖ਼ਤ ਦੇ ਅਖੌਤੀ ਹੁਕਨਾਮਿਆਂ ਦੀ ਹੋ ਰਹੀ ਹੈ ਸਿਆਸੀ ਤੌਰ ’ਤੇ ਦੁਰਵਰਤੋਂ
* ਗਿਆਨੀ ਗੁਰਬਚਨ ਸਿੰਘ ਨੇ ਮੰਨਿਆਂ ਕਿ ਸੋਧਿਆ ਹੋਇਆ ਕੈਲੰਡਰ ਅਸਲ ਵਿੱਚ ਜਿਆਦਾ ਵਿਗੜ ਗਿਆ ਹੈ
* ਗਿਆਨੀ ਗੁਰਬਚਨ ਸਿੰਘ ਨੂੰ ਚਾਹੀਦਾ ਹੈ ਕਿ ਜੇ ਉਹ ਅਕਾਲ ਤਖ਼ਤ ਸਾਹਿਬ ਦੀ ਮਾਨ ਪ੍ਰਤਿਸ਼ਠਾ ਕਾਇਮ ਰੱਖਣਾ ਚਾਹੁੰਦੇ ਹਨ, ਤਾਂ ਉਹ ਹੁਣ ਤੱਕ ਜਾਰੀ ਹੋਏ ਸਾਰੇ ਹੁਕਮਨਾਮੇ ਜਿਹੜੇ ਉਹ ਲਾਗੂ ਨਹੀਂ ਕਰਵਾ ਸਕੇ, ਉਹ ਰੱਦ ਕੀਤੇ ਜਾਣ ਤੇ ਅੱਗੇ ਤੋਂ ਗੈਰ ਸਿਧਾਂਤਕ ਹੁਕਮਨਾਮੇ ਜਾਰੀ ਕਰਨ ਤੋਂ ਤੋਬਾ ਕਰਕੇ ਸਿਰਫ ਉਨ੍ਹਾਂ ਸਿਧਾਂਤਕ ਮਸਲਿਆਂ ’ਤੇ ਹੀ ਕੋਈ ਹੁਕਮਨਾਮਾ ਜਾਰੀ ਕਰਨ ਜਿਸ ਸਬੰਧੀ ਸਿੱਖ ਰਹਿਤ ਮਰਿਆਦਾ ’ਚ ਦਰਜ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮਨਾਮੇ ਦੇ ਹੱਕ ਵਿੱਚ ਦੇਣ ਲਈ ਪ੍ਰਮਾਣ ਮੌਜੂਦ ਹੋਣ

- ਕਿਰਪਾਲ ਸਿੰਘ ਬਠਿੰਡਾ ਮੋਬ: 98554 80797

ਕਿਸੇ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਇਸ ਦੇ ਜਥੇਦਾਰ ਦਾ ਸਿੱਖ ਕੌਮ ਵਿੱਚ ਬਹੁਤ ਹੀ ਸਤਿਕਾਰ ਸੀ ਪਰ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧੜੇ ਵੱਲੋਂ ਸਿਆਸੀ ਕਾਰਣਾਂ ਕਰਕੇ ਮਨਮਰਜੀ ਦੇ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਹਨ ਅਤੇ ਜਾਰੀ ਹੋਏ ਹੁਕਨਾਮਿਆਂ ਵਿਚੋਂ ਵੀ ਸਿਰਫ ਉਹ ਹੁਕਮਨਾਮੇ ਹੀ ਚੁਣ ਚੁਣ ਕੇ ਲਾਗੂ ਕਰਵਾਉਣ ’ਤੇ ਜੋਰ ਦਿੱਤਾ ਜਾਂਦਾ ਹੈ ਜਿਹੜੇ ਹਾਕਮ ਧਿਰ ਦੇ ਫਿੱਟ ਬੈਠਦੇ ਹੋਣ ਪਰ ਜਿਹੜੇ ਹੁਕਨਾਮੇ ਹਾਕਮ ਧਿਰ ਨੂੰ ਰਾਸ ਨਾ ਆਉਂਦੇ ਹੋਣ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਜਾਂਦਾ ਹੈ। ਅਕਾਲ ਤਖ਼ਤ ਦੇ ਨਾਮ ਦੀ ਹੋ ਰਹੀ ਦੁਰਵਰਤੋਂ ਕਾਰਣ ਜਿੱਥੇ ਹੁਕਮਨਾਮਿਆਂ ਦੀ ਕਿਰਕਰੀ ਹੋ ਰਹੀ ਹੈ ਅਤੇ ਅਕਾਲ ਤਖ਼ਤ ਦੀ ਸੰਸਥਾ ਨੂੰ ਵੀ ਭਾਰੀ ਢਾਹ ਲੱਗ ਰਹੀ ਹੈ। ਜਿਸ ਦਾ ਪ੍ਰਤੱਖ ਸਬੂਤ ਹੈ ਕਿ ਅਕਾਲ ਤਖ਼ਤ ਦੀ ਸੰਸਥਾ ਅਤੇ ਇਸ ਦੇ ਜਥੇਦਾਰ ਦੇ ਅਹੁੱਦੇ ਨੂੰ ਖ਼ਤਮ ਕਰਨ ਦੀਆਂ ਆਵਾਜ਼ਾਂ ਉਠ ਰਹੀਆਂ ਹਨ।

ਇਹ ਆਵਾਜ਼ ਉਠਾਉਣ ਵਾਲਿਆਂ ਦਾ ਤਰਕ ਹੈ ਕਿ ਇਸ ਅਹੁੱਦੇ ਕਾਰਣ ਹੀ ਸਿੱਖ ਰਹਿਤ ਮਰਿਆਦਾ ਤੋਂ ਪੂਰੀ ਤਰ੍ਹਾਂ ਬਾਗੀ ਅਤੇ ਅਨੇਕਾਂ ਹੋਰ ਮਨਮੱਤਾਂ ਕਰਨ ਵਾਲੇ, ਆਰਐੱਸਐੱਸ ਕੋਲ ਵਿਕੇ ਡੇਰੇਦਾਰਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਉਨ੍ਹਾਂ ਨਾਲ ਗਠਜੋੜ ਕਰਨ ਲਈ ਉਨ੍ਹਾਂ ਦੀਆਂ ਦੋ ਪੰਥ ਵਿਰੋਧੀ ਮੰਗਾਂ ਮੰਨੀਆਂ ਗਈਆਂ। ਉਨ੍ਹਾਂ ਦੀ ਪਹਿਲੀ ਮੰਗ ਸੀ ਕਿ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਜਾਵੇ। ਦੂਸਰੀ ਮੰਗ ਸੀ ਕਿ ਉਨ੍ਹਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਵਜੋਂ ਉਭਾਰੇ ਜਾ ਰਹੇ ਦਸਮ ਗ੍ਰੰਥ ਵਿਰੁੱਧ ਅਵਾਜ਼ ਉਠਾ ਰਹੇ ਸ: ਗੁਰਬਖ਼ਸ਼ ਸਿੰਘ ਕਾਲ਼ਾ ਅਫ਼ਗਾਨਾ, ਜੋਗਿੰਦਰ ਸਿੰਘ ਸਪੋਕਸਮੈਨ ਅਤੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ। ਸਿੱਖ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਪਿੱਠ ਦੇ ਚੁੱਕੇ ਅਕਾਲੀ ਦਲ ਬਾਦਲ ਨੇ ਇਹ ਦੋਵੇਂ ਪੰਥ ਵਿਰੋਧੀ ਕੰਮ ਇੰਨੀ ਕਾਹਲੀ ਵਿੱਚ ਕਰ ਦਿੱਤੇ ਕਿ ਇਸ ਦੇ ਗੁਣ ਔਗੁਣਾਂ ਦੀ ਵੀਚਾਰ ਤੱਕ ਨਹੀਂ ਕੀਤੀ। ਪਰ ਜਦੋਂ ਜੋਗਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵਿਰੁੱਧ ਨਾ ਬਖ਼ਸ਼ਣਯੋਗ ਟਿਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸ ਸਮੇਂ ਆਪਣੀ ਮਜਬੂਰੀ ਕਾਰਣ ਉਸ ਵਿਰੁਧ ਕੇਸ ਵਾਪਸ ਲੈਣ ਲਈ ਉਸ ਨਾਲ ਅੰਦਰਖਾਤੇ ਸਮਝੌਤੇ ਕਰਨੇ ਸ਼ੁਰੂ ਕਰ ਦਿੱਤੇ ਤੇ ਓਸ ਨੂੰ ਖ਼ੁਸ਼ ਕਰਨ ਲਈ ਇਸ਼ਤਿਹਾਰ ਵੀ ਦਿੱਤੇ ਜਾ ਰਹੇ ਹਨ। ਦੂਸਰੇ ਪਾਸੇ ਬਹੁਤ ਸਾਰੇ ਹੁਕਮਨਾਮੇ ਅਜਿਹੇ ਹਨ ਜਿਨ੍ਹਾਂ ਦੇ ਲਾਗੂ ਕੀਤੇ ਜਾਣਾ ਪੰਥਕ ਹਿਤਾਂ ਵਿੱਚ ਹੈ ਪਰ ਕਿਉਂਕਿ ਉਨ੍ਹਾਂ ਦੇ ਲਾਗੂ ਕੀਤੇ ਜਾਣਾ ਬਾਦਲ ਦਲ ਦੇ ਹਿਤਾਂ ਵਿੱਚ ਨਹੀਂ ਹੈ ਇਸ ਲਈ ਉਹ ਪੂਰੀ ਤਰ੍ਹਾਂ ਵਿਸਾਰ ਦਿੱਤੇ ਗਏ ਹਨ; ਜਿਨ੍ਹਾਂ ਵਿੱਚੋਂ ਕੁਝ ਕੁ ਹੇਠ ਲਿਖੇ ਹਨ:

1. 13 ਅਪ੍ਰੈਲ 1994 ਨੂੰ ਅਕਾਲ ਤਖ਼ਤ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਕਿ ਸ਼੍ਰੀ ਅਕਾਲ ਤਖ਼ਤ ਦੀ ਵਫ਼ਾਦਾਰੀ ਲਈ ਆਪਣੇ ਅਸਤੀਫ਼ੇ ਲਿਖ ਕੇ ਭੇਜਣ। ਸਾਰੇ ਅਕਾਲੀ ਦਲਾਂ ਦੇ ਪ੍ਰਧਾਨਾਂ ਨੇ ਅਸਤੀਫ਼ੇ ਦੇ ਦਿੱਤੇ ਪਰ ਸ: ਬਾਦਲ ਨੇ ਆਪਣਾ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਜਥੇਦਾਰ ਨੂੰ ਚਿੱਠੀ ਲਿਖੀ ਕਿ ਤੁਹਾਡਾ ਹੁਕਨਾਮਾ ਠੀਕ ਨਹੀਂ ਹੈ ਤੇ ਤੁਸੀਂ ਸਾਡੇ ਵਿੱਚ ਦਖ਼ਲ ਨਾ ਦੇਵੋ।

2. 2 ਮਈ 1994 ਨੂੰ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਪੰਥਕ ਏਕਤਾ ਕਰਵਾਉਣ ਅਤੇ ਪੰਥਕ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਾਰੇ ਦਲ ਭੰਗ ਕਰਕੇ ਇੱਕ ਸਾਂਝੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਥਾਪਨਾ ਕੀਤੀ ਤੇ ਨਾਲ ਹੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਭੇਜੇ ਗਏ ਕਿ ਉਹ 6 ਮਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਵੇ। ਸ: ਬਾਦਲ ਆਪਣੇ ਹਜਾਰਾਂ ਬੁਰਛਾਗਰਦਾਂ ਨੂੰ ਨਾਲ ਲੈ ਕੇ ਪਹੁੰਚਿਆ ਜਿਨ੍ਹਾਂ ਨੇ ਜਥੇਦਾਰ ਮਨਜੀਤ ਸਿੰਘ ਨੂੰ ਨੰਗੀਆਂ ਗਾਲ਼ਾਂ ਕੱਢੀਆਂ ਤੇ ਦਰਸ਼ਨੀ ਡਿਊਢੀ ਦੇ ਜਿਸ ਕਮਰੇ ਵਿੱਚ ਉਹ ਆਪਣੀ ਜਾਨ ਬਚਾਉਣ ਲਈ ਛੁਪਿਆ ਸੀ ਉਸ ਦੇ ਦਰਵਾਜ਼ੇ ਨੂੰ ਠੁੱਡੇ ਮਾਰੇ।

3. 31 ਦਸੰਬਰ 1998 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਹੁਕਨਾਮਾ ਜਾਰੀ ਕੀਤਾ ਕਿ 300 ਸਾਲਾ ਖ਼ਾਲਸਾ ਸ਼ਤਾਬਦੀ ਨੂੰ ਮਿਲ-ਜੁਲ ਕੇ ਮਨਾਉਣ ਲਈ 14 ਅਪ੍ਰੈਲ 1999 ਤੱਕ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਜੀਸ਼ਨ ਜਿਉਂ ਦੀ ਤਿਉਂ ਰੱਖੀ ਜਾਵੇ; ਭਾਵ ਕੋਈ ਤਬਦੀਲੀ ਨਾ ਕੀਤੀ ਜਾਵੇ। ਪਰ ਬਾਦਲ ਦਲ ਨੇ ਇਹ ਹੁਕਮਨਾਮਾ ਮੰਨਣ ਦੀ ਥਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੱਦ ਕੇ 15 ਵਿੱਚੋਂ 10 ਬਾਦਲ ਹਮਾਇਤੀ ਮੈਂਬਰਾਂ ਨੇ ਭਾਈ ਰਣਜੀਤ ਸਿੰਘ ਨੂੰ ਬ੍ਰਖ਼ਾਸਤ ਕਰਨ ਦਾ ਮਤਾ ਪਾਸ ਕਰਕੇ ਉਸ ਨੂੰ ਬੇਇੱਜਤ ਕਰਕੇ ਜਥੇਦਾਰੀ ਤੋਂ ਹਟਾ ਦਿੱਤਾ।

4. 29 ਮਾਰਚ 2000 ਨੂੰ ਪੰਜ ਮੁੱਖ ਸੇਵਾਦਾਰਾਂ ਵਲੋਂ ਇੱਕ ਹੁਕਮਨਾਮ ਜਾਰੀ ਕੀਤਾ ਗਿਆ ਜਿਸ ਦੇ ਪਹਿਲੇ ਹਿੱਸੇ ਵਿੱਚ ਗਿਆਨੀ ਪੂਰਨ ਸਿੰਘ ਵੱਲੋਂ ਜਾਰੀ ਕੀਤੇ ਸਾਰੇ ਹੁਕਮਨਾਮੇ ਰੱਦ ਕੀਤੇ ਗਏ ਅਤੇ ਦੂਸਰੇ ਹਿੱਸੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਗਈ ਕਿ ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬਾਨ ਦੇ ਜੱਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਕਿ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਵ੍ਹੇ। ਬਾਦਲ ਦਲ ਨੇ ਹੁਕਮਨਾਮੇ ਦਾ ਪਹਿਲਾ ਹਿੱਸਾ ਤਾਂ ਤੁਰੰਤ ਮੰਨ ਲਿਆ ਕਿਉਂਕਿ ਇਸ ਨਾਲ ਗਿਆਨੀ ਪੂਰਨ ਸਿੰਘ ਵੱਲੋਂ ਬੀਬੀ ਜਗੀਰ ਕੌਰ ਅਤੇ ਉਸ ਦੇ ਹਮਾਇਤੀ ਬਾਕੀ ਮੈਂਬਰ ਨੂੰ ਪੰਥ ਵਿੱਚੋਂ ਛੇਕੇ ਜਾਣ ਵਾਲਾ ਹੁਕਮਨਾਮ ਬੇਅਸਰ ਹੋਣਾ ਸੀ ਪਰ ਦੂਜਾ ਹਿੱਸਾ ਜਿਹੜਾ ਪੰਥਕ ਹਿਤਾਂ ਵਿੱਚ ਸੀ ਉਹ ਅੱਜ ਤੱਕ ਨਹੀਂ ਮੰਨਿਆ।

5. ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ (ਤੁੱਲ) ਕਿਸੇ ਹੋਰ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ।’ 6 ਜੂਨ 2006 ਨੂੰ ਗਿਆਨੀ ਜੋਗਿੰਦਰ ਸਿੰਘ ਨੇ ਫਿਰ ਹੁਕਮਨਾਮਾ ਜਾਰੀ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰਤਾ ਗੱਦੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ ਇਸ ਕਰਕੇ ਇਸ ਦੇ ਬਰਾਬਰ ਹੋਰ ਕਿਸੇ ਦਾ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਪਰ ਇਸ ਦੇ ਬਾਵਯੂਦ ਅੱਜ ਵੀ ਦਮਦਮੀ ਟਕਸਾਲ, ਨਿਹੰਗ ਜਥੇਬੰਦੀਆਂ, ਪੰਜਾਬ ਤੋਂ ਬਾਹਰ ਦੋ ਤਖ਼ਤਾਂ ’ਤੇ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹੋ ਰਿਹਾ ਹੈ।

6. ਗੁਰੂ ਸਾਹਿਬਾਨ ਅਤੇ ਖ਼ਾਲਸਾ ਪੰਥ ਵਿਰੁੱਧ ਬਾਯਹਾਤ ਬੋਲਣ ਵਾਲੇ ਆਸ਼ੂਤੋਸ਼ ਨੂਰਮਹਿਲੀਏ ਵਿਰੁੱਧ ਹੁਕਮਨਾਮਾ ਜਾਰੀ ਹੋਇਆ ਹੈ ਕਿ ਉਸ ਨਾਲ ਸਿੱਖ ਕਿਸੇ ਕਿਸਮ ਦਾ ਸਬੰਧ ਨਾ ਰੱਖਣ। ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵਲੋਂ, ਆਸ਼ੂਤੋਸ਼ ਦੇ ਸਮਾਗਮ ’ਚ ਜਯੋਤੀ ਪ੍ਰਚੰਡ ਕੀਤੀ ਗਈ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾਂ ਹੈ।

7. ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰੇ ਜਾਣ ਕਾਰਣ 17 ਮਈ 2007 ਨੂੰ ਹੁਕਮਨਾਮਾ ਜਾਰੀ ਹੋਇਆ ਕਿ ਪੰਜਾਬ ਵਿੱਚ ਉਸ ਦੀਆਂ ਨਾਮ ਚਰਚਾਵਾਂ ਨਾ ਹੋਣ ਦਿੱਤੀਆਂ ਜਾਣ ਤੇ ਕੋਈ ਵੀ ਸਿੱਖ ਉਸ ਨਾਲ ਧਾਰਮਕ ਸਮਾਜਕ ਤੇ ਰਾਜਨੀਤਕ ਸਬੰਧ ਨਾ ਰੱਖੇ ਅਤੇ ਉਸ ਦੇ ਪੰਜਾਬ ਵਿੱਚ ਡੇਰੇ ਬੰਦ ਕਰਵਾਉਣ ਲਈ ਕਦਮ ਚੁੱਕੇ ਜਾਣ। ਜਦ ਤੱਕ ਡੇਰਾ ਮੁਖੀ ਵੱਲੋਂ ਬਾਦਲ ਦਲ ਨੂੰ ਵੋਟਾਂ ਦੇਣ ਦਾ ਭਰੋਸਾ ਨਹੀਂ ਦਿੱਤਾ ਗਿਆ ਉਸ ਸਮੇਂ ਤੱਕ ਤਾਂ ਇਸ ਹੁਕਮਨਾਮੇ ਤੇ ਖ਼ੂਬ ਅਮਲ ਹੋਇਆ ਪਰ ਜਦੋਂ ਹੀ ਉਸ ਨੇ ਬਾਦਲ ਦਲ ਨੂੰ ਵੋਟਾਂ ਪਵਾਉਣ ਦੀ ਹਾਮੀ ਭਰ ਦਿੱਤੀ ਤਾਂ ਸਰਕਾਰੀ ਸਰਪ੍ਰਸਤੀ ਹੇਠ ਉਸ ਦੀਆਂ ਨਾਮ ਚਰਚਾਵਾਂ ਕਰਵਾਈਆਂ ਜਾ ਰਹੀਆਂ ਹਨ ਤੇ ਉਸ ਵਿਰੁੱਧ ਅਵਾਜ਼ ਉਠਾਉਣ ਵਾਲੇ ਸਿੱਖਾਂ ਨੂੰ ਬਾਦਲ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਸੁਟਿਆ ਜਾ ਰਿਹਾ ਹੈ। ਹੋਰ ਤਾਂ ਹੋਰ ਸ: ਰਜਿੰਦਰ ਸਿੰਘ ਸਿੱਧੂ ਵੱਲੋਂ ਉਨ੍ਹਾਂ ਵਿਰੁਧ ਥਾਣਾ ਕੌਤਵਾਲੀ ਬਠਿੰਡਾ ਵਿਖੇ ਧਾਰਾ 295ਏ/153ਏ/298 ਆਈਪੀਸੀ ਅਧੀਨ ਐੱਫਆਈਆਰ ਨੰ: 262 ਮਿਤੀ 20-5-2007 ਰਾਹੀਂ ਕੇਸ ਦਰਜ਼ ਕਰਵਾਇਆ ਸੀ। ਪਰ ਸਿਰਸਾ ਡੇਰਾ ਦੇ ਪ੍ਰਭਾਵ ਹੇਠ ਵੱਡਾ ਵੋਟ ਬੈਂਕ ਹੋਣ ਕਰਕੇ ਸੂਬਾ ਸਰਕਾਰ ਉਸ ਵਿਰੁੱਧ ਕਾਰਵਾਈ ਟਾਲ ਰਹੀ ਸੀ ਤੇ ਪੌਣੇ ਪੰਜ ਸਾਲ ਤੱਕ ਚਲਾਨ ਹੀ ਪੇਸ਼ ਨਹੀ ਕੀਤਾ ਤੇ ਅਖੀਰ ਵੋਟ ਰਾਜਨੀਤੀ ਅਧੀਨ, ਸਿੱਖ ਭਾਵਨਾਵਾਂ ਅਤੇ ਅਕਾਲ ਤਖ਼ਤ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦੇ ਹੋਏ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਤਿੰਨ ਦਿਨ ਪਹਿਲਾਂ 27 ਜਨਵਰੀ 2012 ਨੂੰ ਬਠਿੰਡਾ ਪੁਲਿਸ ਵਲੋਂ ਇਹ ਕੇਸ ਵਾਪਸ ਲੈਣ ਲਈ ਅਦਾਲਤ ਵਿੱਚ ਅਰਜੀ ਪਾ ਦਿੱਤੀ।

ਅੱਜ ਸਵੇਰੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਫ਼ੋਨ ’ਤੇ ਗੱਲ ਕੀਤੀ ਕਿ 6 ਜੂਨ ਨੂੰ ਟੀਵੀ 84 ’ਤੇ ਦਿੱਤੀ ਇੰਟਰਵਿਊ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸੋਧ ਦੇ ਨਾਮ ’ਤੇ ਕੈਲੰਡਰ ਵਿਗਾੜਨ ਵਾਲਿਆਂ ਨੂੰ ਆਰ.ਐੱਸ.ਐੱਸ ਕੋਲ ਵਿਕਾਊ ਦੱਸ ਕੇ ਗੰਭੀਰ ਦੋਸ਼ ਲਾਏ ਹਨ ਕਿ ਇਨ੍ਹਾਂ ਨੇ ਸੋਧ ਦੇ ਨਾਮ ’ਤੇ ਸਿੱਖ ਇਤਿਹਾਸ ਵਿਗਾੜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੋਧੇ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਤਾਂ ਹਰ ਸਾਲ 11 ਜੂਨ ਨੂੰ ਮਨਾਇਆ ਜਾਂਦਾ ਹੈ ਪਰ ਇਸ ਸਾਲ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ 12 ਜੂਨ ਨੂੰ ਮਨਾਉਣ ਲਈ ਇਸ਼ਤਿਹਾਰ ਅਤੇ ਬਿਆਨ ਦਿੱਤੇ ਜਾ ਰਹੇ ਹਨ। ਗਿਆਨੀ ਨੰਦਗੜ੍ਹ ਨੇ ਕਿਹਾ ਸਿੱਖ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ 5 ਦਿਨ ਤਸੀਹੇ ਦਿੱਤੇ ਗਏ ਸਨ। ਤਾਂ ਕੀ 11 ਜੂਨ ਨੂੰ ਉਨ੍ਹਾਂ ਨੂੰ ਛੱਡ ਦਿੱਤਾ ਕਿ ਜਾਓ ਗੁਰਗੱਦੀ ਦੇ ਆਓ। ਉਨ੍ਹਾਂ ਹੋਰ ਪੁੱਛਿਆ ਕਿ 2011 ਵਿੱਚ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 5 ਜੂਨ ਅਤੇ 2012 ਵਿੱਚ 25 ਮਈ ਨੂੰ ਮਨਾਇਆ ਗਿਆ ਸੀ ਤਾਂ ਉਨ੍ਹਾਂ ਦੀ ਸ਼ਹੀਦੀ ਉਪ੍ਰੰਤ 2011 ਵਿੱਚ 6 ਦਿਨ ਅਤੇ 2012 ’ਚ 17 ਦਿਨ ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਕਿਸ ਨੇ ਦਿੱਤੀ ਅਤੇ ਇਤਨੇ ਦਿਨ ਸਿੱਖਾਂ ਦਾ ਗੁਰੂ ਕੌਣ ਰਿਹਾ?

ਗਿਆਨੀ ਗੁਰਬਚਨ ਸਿੰਘ ਨੇ ਮੰਨਿਆ ਕਿ ਕੁਝ ਦਿਹਾੜੇ ਸੂਰਜੀ ਕੈਲੰਡਰ ਅਤੇ ਕੁਝ ਚੰਦਰ ਕੈਲੰਡਰ ਅਨੁਸਾਰ ਮਨਾਉਣ ਕਰਕੇ ਇਹ ਗਲਤੀ ਹੋਈ ਹੈ। ਪੁੱਛਿਆ ਗਿਆ ਕਿ ਜੇ ਤੁਸੀਂ ਮੰਨ ਰਹੇ ਹੋ ਕਿ ਗਲਤੀ ਹੋਈ ਹੈ ਤਾਂ ਕਿਉਂ ਨਾ ਸੋਧ ਵਾਲੇ ਹੁਕਮਨਾਮੇ ਨੂੰ ਉਸੇ ਤਰ੍ਹਾਂ ਰੱਦ ਕਰ ਦਿੱਤਾ ਜਾਵੇ ਜਿਸ ਤਰ੍ਹਾਂ ਗਿਆਨੀ ਪੂਰਨ ਸਿੰਘ ਵੱਲੋਂ ਜਾਰੀ ਕੀਤੇ ਗਏ, ਬੀਬੀ ਜੰਗੀਰ ਕੌਰ ਤੇ ਉਨ੍ਹਾਂ ਦੇ ਹੋਰਨਾਂ ਸਾਥੀਆਂ ਨੂੰ ਛੇਕਣ ਵਾਲੇ ਹੁਕਮਨਾਮੇ, ਗਿਆਨੀ ਪੂਰਨ ਸਿੰਘ ਨੂੰ ਅਹੁੱਦੇ ਤੋਂ ਹਟਾਉਣ ਉਪ੍ਰੰਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਰੱਦ ਕਰ ਦਿੱਤੇ ਸਨ; ਜਿਸ ’ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੁੰਦੇ ਹੋਏ ਤੁਹਾਡੇ ਵੀ ਦਸਤਖ਼ਤ ਹਨ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਪੁਰੇਵਾਲ ਵਾਲੇ ਕੈਲੰਡਰ ਵਿੱਚ ਵੀ ਕੁਝ ਖ਼ਾਮੀਆਂ ਸਨ ਜਿਸ ਦੀ ਸੋਧ ਜਰੂਰੀ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਸ ਵਿੱਚ ਸਿਰਫ ਤਿੰਨ ਖਾਮੀਆਂ ਸਨ- ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਬੰਦੀਛੋੜ ਦਿਵਸ ਅਤੇ ਹੋਲਾ ਮਹੱਲਾ, ਜਿਹੜੇ ਉਨ੍ਹਾਂ ਲੋਕਾਂ, ਜਿਨ੍ਹਾਂ ਨੇ ਹੁਣ ਸੋਧ ਦੇ ਨਾਮ ’ਤੇ ਕੈਲੰਡਰ ਵਿਗਾੜ ਦਿੱਤਾ ਹੈ; ਦੇ ਦਬਾਅ ਹੇਠ ਸੂਰਜੀ ਕੈਲੰਡਰ ਅਨੁਸਾਰ ਨਿਸਚਿਤ ਨਹੀਂ ਕੀਤੇ ਜਾ ਸਕੇ ਸਨ। ਲੋੜ ਤਾਂ ਸੀ ਇਨ੍ਹਾਂ ਤਿੰਨ ਦਿਹਾੜਿਆਂ ਨੂੰ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਿਸਚਿਤ ਕਰਨ ਦੀ; ਪਰ ਜਿਹੜੇ ਲੋਕ ਚਾਰ ਚਾਰ ਗੁਰਪੁਰਬ ਇਕੱਠੇ ਆਉਣ ਦਾ ਨੁਕਸ ਦੱਸ ਰਹੇ ਸਨ ਉਹ ਤਾਂ ਉਨ੍ਹਾਂ ਨੂੰ ਅੱਜ ਇਸ ਸੋਧੇ ਕੈਲੰਡਰ ਵਿੱਚ ਵੀ ਇਕੱਠੇ ਆਉਣੇ ਮਨਜੂਰ ਹਨ। ਸੋ ਅਸਲ ਗੱਲ ਕੈਲੰਡਰ ਵਿੱਚ ਸੋਧ ਕਰਨ ਦੀ ਨਹੀਂ ਸਗੋਂ ਬੜੀ ਜੱਦੋ ਜਹਿਦ ਨਾਲ ਲਾਗੂ ਕੀਤੇ ਸਿੱਖ ਧਰਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਆਰਐੱਸਐੱਸ ਨੂੰ ਖ਼ੁਸ਼ ਕਰਨ ਲਈ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੀ ਸੀ। ਜਦ ਤੱਕ ਗੁਰਪੁਰਬ ਚੰਦਰ ਸਾਲ ਦੀਆਂ ਸਦੀਆਂ ਵਦੀਆਂ ਅਨੁਸਾਰ; ਅਤੇ ਸੰਗ੍ਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਮਨਾਉਣ ਦੀ ਜ਼ਿਦ ਕਰਦੇ ਰਹੇ ਉਨ੍ਹਾਂ ਚਿਰ ਇਹ ਗਲਤੀ (ਜਿਸ ਨੂੰ ਤੁਸੀਂ ਵੀ ਸਵੀਕਾਰ ਕਰ ਰਹੇ ਹੋ) ਕਦੀ ਵੀ ਸੁਧਾਰੀ ਨਹੀਂ ਜਾ ਸਕਦੀ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਜੇ ਕੋਈ ਹੁਣ ਵੀ ਸੁਝਾਉ ਦੇਵੇ ਤਾਂ ਦੁਬਾਰਾ ਸੋਧ ਹੋ ਸਕਦੀ ਹੈ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸੁਝਾਉ ਆਉਣ ਦੀ ਤਾਂ ਕੋਈ ਕਸਰ ਬਾਕੀ ਨਹੀਂ ਰਹੀ। ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਪੁਰੇਵਾਲ ਨੇ ਇੱਕ ਲੰਬਾ ਪੱਤਰ ਤੁਹਾਨੂੰ ਲਿਖਿਆ ਸੀ ਤੇ ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਤੁਹਾਨੂੰ ਮਿਲਣ ਲਈ ਆਏ ਸਨ ਪਰ ਤੁਸੀਂ ਉਨ੍ਹਾਂ ਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੱਤਾ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਉਨ੍ਹਾਂ ਨੇ ਮਿਲਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਉਹ ਤਾਂ ਚੰਡੀਗੜ੍ਹ ਤੋਂ ਹੀ ਬਿਆਨ ਦੇ ਕੇ ਮੁੜ ਗਏ। ਜਦੋਂ ਦੱਸਿਆ ਗਿਆ ਕਿ ਇਸ ਵਿੱਚ ਸਚਾਈ ਨਹੀਂ ਹੈ; ਉਹ ਅੰਮ੍ਰਿਤਸਰ ਵੀ ਆਏ ਸਨ ਤੇ ਤੁਹਾਡੇ ਵੱਲੋਂ ਸਮਾਂ ਨਾ ਦਿੱਤੇ ਜਾਣ ਪਿੱਛੋਂ ਉਹ ਅੰਮ੍ਰਿਤਸਰ ’ਚ ਪ੍ਰੈੱਸ ਕਾਨਫਰੰਸ ਵੀ ਕਰਕੇ ਗਏ ਸਨ। ਇਸ ਦੇ ਜਵਾਬ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਮੰਨਿਆ ਸੀ ਕਿ ਪੁਰੇਵਾਲ ਵੱਲੋਂ ਲਿਖਿਆ ਪੱਤਰ ਮਿਲ ਗਿਆ ਹੈ ਪਰ ਨਾਲ ਹੀ ਕਿਹਾ ਸੀ, ਇਹ ਜਰੂਰੀ ਨਹੀਂ ਕਿ ਅਸੀਂ ਸੋਧ ਪੁਰੇਵਾਲ ਨੂੰ ਪੁੱਛ ਕੇ ਹੀ ਕਰੀਏ। ਹੁਣ ਜੇ ਤੁਸੀ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਜਿਸ ਨੂੰ ਉਨ੍ਹਾਂ ਦੀ ਸੇਵਾ ਬਦਲੇ ਅਕਾਲ ਤਖ਼ਤ ਤੋਂ ਸਨਮਾਨਤ ਵੀ ਕੀਤਾ ਗਿਆ ਸੀ ਦੀ ਰਾਇ ਨਹੀਂ ਮੰਨਦੇ; ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਰਾਇ ਨਹੀਂ ਮੰਨਦੇ ਤਾਂ ਹੋਰ ਕਿਸੇ ਦੀ ਰਾਇ ਮੰਨੀ ਜਾਣ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ?

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਨਹੀਂ ਐਸੀ ਗੱਲ ਨਹੀਂ ਜੇ ਚੰਗੇ ਸੁਝਾਉ ਆਏ ਤਾਂ ਉਸ ਸਬੰਧੀ ਵੀਚਾਰ ਜਰੂਰ ਹੋਵੇਗੀ।

ਉਨ੍ਹਾਂ ਤੋਂ ਦੂਸਰਾ ਸਵਾਲ ਪੁੱਛਿਆ ਗਿਆ ਕਿ (ਕੁ)ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਜਿਸ ਨੂੰ ਤੁਸੀਂ ਖ਼ੁਦ ਵੀ ਗਲਤ ਮੰਨ ਰਹੇ ਹੋ; ਅਤੇ ਪ੍ਰੋ: ਦਰਸ਼ਨ ਸਿੰਘ ਵਿਰੁਧ ਜਾਰੀ ਹੋਇਆ ਹੁਕਮਨਾਮਾ (ਦੋਵੇਂ ਹੁਕਮਨਾਮੇ ਸੰਤ ਸਮਾਜ-ਬਾਦਲ ਦਲ ਗੱਠਜੋੜ ਦੇ ਸਮਝੌਤੇ ਅਧੀਨ ਹੋਏ) ਨੂੰ ਲਾਗੂ ਕਰਵਾਉਣ ਲਈ ਤਾਂ ਤੁਸੀਂ ਅੱਡੀਚੋਟੀ ਦਾ ਜੋਰ ਲਾ ਰਹੇ ਹੋ ਪਰ ਉਕਤ ਹੁਕਮਨਾਮੇ ਲਾਗੂ ਕਰਵਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਅਤੇ ਹੁਣ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਦੇ ਇਸ਼ਤਿਹਾਰ ਦਿੱਲੀ ਕਮੇਟੀ ਵੱਲੋਂ ਉਸ ਸਪੋਕਸਮੈਨ ਅਖ਼ਬਾਰ ਵਿੱਚ ਛਪਵਾਏ ਗਏ ਹਨ ਜਿਸ ਵਿੱਚ ਸਿੱਖਾਂ ਵੱਲੋਂ ਇਸ਼ਤਿਹਾਰ ਨਾ ਛਪਵਾਉਣ ਸਬੰਧੀ ਹੁਕਮਨਾਮਾ ਜਾਰੀ ਹੋਇਆ ਹੈ। ਇਸ ਤਰ੍ਹਾਂ ਇੱਕ ਹੁਕਮਨਾਮਾ ਲਾਗੂ ਕਰਵਾਉਂਦੇ ਸਮੇਂ ਨਾਲੋ ਨਾਲ ਦੂਸਰੇ ਹੁਕਮਨਾਮੇ ਦੀ ਉਲੰਘਣਾਂ ਕੀਤੀ ਜਾ ਰਹੀ ਹੈ ਪਰ ਤੁਹਾਡੇ ਵੱਲੋਂ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰ ਦੇਣ ਵਾਲੇ ਨੇ ਤਾਂ ਲਿਖਤੀ ਮੁਆਫੀ ਮੰਗ ਲਈ ਹੈ। ਦਿੱਲੀ ਵਾਲਿਆਂ ਤੋਂ ਹੁਣ ਪੁੱਛ ਲਵਾਂਗੇ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਸ: ਮੱਕੜ ਕਹਿ ਰਹੇ ਸਨ ਕਿ ਸਪੋਕਸਮੈਨ ਨੂੰ ਕਿਸੇ ਨੇ ਇਸ਼ਤਿਹਾਰ ਦਿੱਤਾ ਹੀ ਨਹੀਂ ਉਸ ਨੇ ਆਪਣੇ ਆਪ ਹੀ ਛਾਪ ਦਿੱਤਾ ਸੀ। ਜੇ ਸਪੋਕਸਮੈਨ ਨੇ ਆਪਣੇ ਆਪ ਹੀ ਛਾਪਿਆ ਸੀ ਤਾਂ ਮੁਆਫੀ ਕਿਸ ਨੇ ਮੰਗੀ ਉਸ ਦਾ ਨਾਮ ਦੱਸਿਆ ਜਾਵੇ। ਜਵਾਬ ’ਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਨਾਮ ਤਾਂ ਹੁਣ ਯਾਦ ਨਹੀਂ ਦਫ਼ਤਰ ’ਚੋਂ ਪਤਾ ਕਰ ਲੈਣਾ।

ਇਸ ਉਪ੍ਰੰਤ ਦਿੱਲੀ ਸਿੱਖ ਗੁਰਦੁਆਰਾ ਪਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਗੱਲ ਕੀਤੀ ਕਿ ਇੱਕ ਪਾਸੇ ਤਾਂ ਤੁਸੀਂ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਚੋਣ ਮੁੱਦਾ ਬਣਾ ਕੇ ਚੋਣ ਜਿੱਤੀ ਤੇ ਉਸ ਦੇ ਅਧਾਰ ’ਤੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਣੇ ਸ਼ੁਰੂ ਕੀਤੇ ਪਰ ਇਸ ਦੇ ਇਸ਼ਤਿਹਾਰ ਲਗਾਤਾਰ ਤਿੰਨ ਦਿਨ 10, 11 ਅਤੇ ਅੱਜ 13 ਜੂਨ ਨੂੰ ਤੁਸੀਂ ਅਕਾਲ ਤਖ਼ਤ ਤੋਂ ਛੇਕੇ ਸਪੋਕਸਮੈਨ ’ਚ ਛਪਵਾਏ ਹਨ। ਕੀ ਸਪੋਕਸਮੈਨ ਸਬੰਧੀ ਹੁਕਮਨਾਮਾ ਵਾਪਸ ਹੋ ਗਿਆ ਹੈ ਜਾਂ ਤੁਸੀਂ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਹੋ? ਸ: ਸਿਰਸਾ ਨੇ ਕਿਹਾ ਮੈਂ ਇਸ ਸਮੇਂ ਤਾਂ ਕੋਈ ਜਵਾਬ ਨਹੀਂ ਦੇ ਸਕਦਾ ਕਿਉਂਕਿ ਮੈਂ ਕੁਝ ਦਿਨਾਂ ਲਈ ਵਿਦੇਸ਼ ਜਾ ਰਿਹਾ ਹਾਂ ਤੇ ਇਸ ਸਮੇਂ ਜਹਾਜ ਚੜ੍ਹਨ ਵਾਲਾ ਹਾਂ। ਮੇਰਾ ਕੁਝ ਹੀ ਸਮੇਂ ’ਚ ਫ਼ੋਨ ਬੰਦ ਹੋਣ ਵਾਲਾ ਹੈ ਪਰ ਮੈਂ ਵਾਪਸ ਆ ਕੇ ਪੁੱਛਗਿੱਛ ਕਰਕੇ ਜਰੂਰ ਤੁਹਾਨੂੰ ਦੱਸਾਂਗਾ। ਇਸ ਸਮੇਂ ਤੁਸੀਂ ਪ੍ਰਧਾਨ ਸ: ਮਨਜੀਤ ਸਿੰਘ ਜੀਕੇ ਨਾਲ ਗੱਲ ਕਰ ਲਵੋ।

ਸ: ਜੀਕੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਵੇਰੇ ਵੀ ਇਸ ਸਬੰਧੀ ਕਿਸੇ ਦਾ ਫ਼ੋਨ ਆਇਆ ਸੀ। ਇਸ ਬਾਰੇ ਪੜਤਾਲ ਕਰਕੇ ਕਾਰਵਾਈ ਜਰੂਰ ਹੋਵੇਗੀ।

ਐਸੀ ਗੱਲ ਨਹੀਂ ਕਿ ਪ੍ਰਧਾਨ ਜਾਂ ਜਨਰਲ ਸਕੱਤਰ ਦੀ ਜਾਣਕਾਰੀ ਤੋਂ ਬਿਨਾਂ ਹੀ ਕਿਸੇ ਮੁਲਾਜ਼ਮ ਨੇ ਆਪਣੇ ਤੌਰ ’ਤੇ ਹੀ ਇਸ਼ਤਹਾਰ ਜਾਰੀ ਕਰ ਦਿੱਤੇ ਹੋਣ। ਸਭ ਕੁਝ ਜਾਣ ਬੁੱਝ ਕੇ ਅੰਦਰਖਾਤੇ ਹੋਏ ਕਿਸੇ ਸਮਝੌਤੇ ਅਧੀਨ ਹੀ ਦਿੱਤੇ ਗਏ ਹਨ। ਜਿਸ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਅਕਾਲ ਤਖ਼ਤ ਦਾ ਨਾਮ ਵਰਤਣ ਵਾਲਾ ਕੋਈ ਵੀ ਖ਼ੁਦ ਅਕਾਲ ਤਖ਼ਤ ਦਾ ਹੁਕਕਮਨਾਮਾ ਨਹੀਂ ਮੰਨਦਾ ਤੇ ਇਨ੍ਹਾਂ ਦੀ ਵਰਤੋਂ ਸਿਰਫ ਰਾਜਸੀ ਕਾਰਣਾਂ ਕਰਕੇ ਭੋਲ਼ੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਹੋ ਰਹੀ ਹੈ। ਇਹੋ ਕਾਰਣ ਹੈ ਕਿ ਅੱਜ ਅਕਾਲ ਤਖ਼ਤ ਦੇ ਹੁਕਮਨਾਮਿਆਂ ਦੀ ਥਾਂ ਥਾਂ ਕਿਰਕਰੀ ਹੋ ਰਹੀ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਕਾਨ੍ਹਪੁਰ ਵਿਖੇ ਪ੍ਰੋ: ਦਰਸ਼ਨ ਸਿੰਘ ਵਿਰੁੱਧ ਹੁਕਮਨਾਮਾ ਲਾਗੂ ਕਰਵਾਉਣ ਸਮੇਂ ਵੇਖਿਆ ਜਾ ਸਕਦਾ ਹੈ। ਹੁਣ ਤਾਂ ਤਾਜੀ ਖ਼ਬਰ ਅਨੁਸਾਰ ਕਾਨ੍ਹਪੁਰ ਮਾਮਲੇ ਦਾ ਕੋਈ ਹੱਲ ਨਾਂ ਹੁੰਦਾ ਵੇਖ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭੇਜੀ ਪੜਤਾਲੀਆ ਟੀਮ ਇਸੇ ਨਤੀਜੇ ’ਤੇ ਪੁਜੀ ਹੈ ਕਿ ਇਹ ਮਾਮਲਾ ਰਾਜਸੀ ਪਾਰਟੀਆਂ ਨਾਲ ਜੁੜੇ ਸਿੱਖਾਂ ਦੀ ਹਉਮੈ ਦਾ ਹੈ। ਇਸ ਸਥਿਤੀ ਵਿੱਚ ਗਿਆਨੀ ਗੁਰਬਚਨ ਸਿੰਘ ਨੂੰ ਚਾਹੀਦਾ ਹੈ ਕਿ ਜੇ ਉਹ ਅਕਾਲ ਤਖ਼ਤ ਸਾਹਿਬ ਦੀ ਮਾਨ ਪ੍ਰਤਿਸ਼ਟਾ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਉਹ ਹੁਣ ਤੱਕ ਜਾਰੀ ਹੋਏ ਸਾਰੇ ਹੁਕਮਨਾਮੇ ਜਿਹੜੇ ਉਹ ਲਾਗੂ ਨਹੀਂ ਕਰਵਾ ਸਕੇ ਉਹ ਰੱਦ ਕੀਤੇ ਜਾਣ ਤੇ ਅੱਗੇ ਤੋਂ ਗੈਰ ਸਿਧਾਂਤਕ ਹੁਕਮਨਾਮੇ ਜਾਰੀ ਕਰਨ ਤੋਂ ਤੋਬਾ ਕਰਕੇ ਸਿਰਫ ਉਨ੍ਹਾਂ ਸਿਧਾਂਤਕ ਮਸਲਿਆਂ ਸਬੰਧੀ ਹੀ ਕੋਈ ਹੁਕਮਨਾਮਾ ਜਾਰੀ ਕਰਨ, ਜਿਨ੍ਹਾਂ ਸਬੰਧੀ ਸਿੱਖ ਰਹਿਤ ਮਰਿਆਦਾ ’ਚ ਦਰਜ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮਨਾਮੇ ਦੇ ਹੱਕ ਵਿੱਚ ਦੇਣ ਲਈ ਪ੍ਰਮਾਣ ਮੌਜੂਦ ਹੋਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top