Share on Facebook

Main News Page

ਜੱਟ ਸਿੱਖਾਂ ਨਾਲ ਨਿਪਟਣ ਨੂੰ ਮੇਰੇ ਵਰਗਾ ਬੰਦਾ ਚਾਹੀਦਾ
- ਕੇ.ਪੀ. ਗਿੱਲ

(ਸਾਬਕਾ ਪੁਲਿਸ ਮੁਖੀ ਜੇ. ਐਫ. ਰਿਬੇਰੋ ਦੀ ਡਾਇਰੀ ਦੇ ਪੰਨੇ)

ਵਾਈਕਿੰਗ ਵੱਲੋਂ ਪੰਜਾਬ ਪੁਲੀਸ ਦੇ ਸਾਬਕਾ ਮੁਖੀ ਜੇ.ਐੱਫ. ਰਿਬੇਰੋ ਦੀ 1998 ਵਿੱਚ ਛਾਪੀ ਕਿਤਾਬ ’ਬੁਲੇਟ ਫਾਰ ਬੁਲੇਟ’ ਦੇ ਕੁਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਰਿਬੇਰੋ ਨੂੰ ਆਪਣੀ ਸਲਾਹਕਾਰ ਕਮੇਟੀ ਵਿੱਚ ਲੈ ਲਿਆ ਸੀ। ਇਹ ਪ੍ਰਸੰਗ ਉਦੋਂ ਦਾ ਹੈ ਜਦੋਂ ਰਾਜੀਵ ਗਾਂਧੀ ਨੇ ਪੰਜਾਬ ਸਮੱਸਿਆ ਨਾਲ ਨਜਿੱਠਣ ਲਈ ਬੁਲਾਈਆਂ ਮੀਟਿੰਗਾਂ ਵਿੱਚ ਸੁਝਾਅ ਮੰਗੇ ਸਨ। -ਅਨੁਵਾਦਕ

ਪੰਨਾ 303 ਤੋਂ 305: ਇਨ੍ਹਾਂ ਮੀਟਿੰਗਾਂ ਵਿੱਚ ਆਈ.ਬੀ. ਦਾ ਡਾਇਰੈਕਟਰ ਐਮ.ਕੇ. ਨਾਰਾਇਣਨ ਬੋਲਣ ਵਕਤ ਲੀਡ ਲਿਆ ਕਰਦਾ ਸੀ। ਮੇਰੇ ਨਾਲੋਂ ਦੋ ਸਾਲ ਜੂਨੀਅਰ ਤਾਮਿਲਨਾਡੂ ਕੇਡਰ ਦਾ ਉਹ ਤਿੱਖੀ ਬੁੱਧੀ ਵਾਲਾ ਪੁਲੀਸ ਅਫ਼ਸਰ ਸੀ। ਉਸ ਦੀਆਂ ਅੱਖਾਂ ਅਤੇ ਕੰਨ ਜ਼ਮੀਨ ਨਾਲ ਜੁੜੇ ਹੋਏ ਸਨ ਤੇ ਉਸ ਨੂੰ ਸਿਆਸੀ ਰਮਜ਼ਾਂ ਦੀ ਸਮਝ ਸੀ। ਉਸ ਦਾ ਆਖਣਾ ਸੀ ਕਿ ਪੰਜਾਬ ਨੂੰ ਰਿਆਇਤਾਂ ਮਿਲਣੀਆਂ ਚਾਹੀਦੀਆਂ ਹਨ ਤੇ ਰਿਆਇਤਾਂ ਦਾ ਅਸਰ ਦੇਖਦੇ ਰਹਿਣਾ ਚਾਹੀਦਾ ਹੈ। ਉਸ ਦਾ ਖਿਆਲ ਸੀ ਕਿ ਜੋਧਪੁਰ ਦੇ ਬੰਦੀ ਸਿੱਖਾਂ ਨੂੰ ਕਿਸ਼ਤਾਂ ਵਿੱਚ ਰਿਹਾਅ ਕਰ ਦੇਣਾ ਚਾਹੀਦਾ ਹੈ। ਇਸ ਮੁੱਦੇ ’ਤੇ ਚਿਦੰਬਰਮ ਵੀ ਉਸ ਨਾਲ ਸਹਿਮਤ ਸੀ। ਮੈਂ ਇਸ ਵਿਉਂਤ ਨਾਲ ਸਹਿਮਤ ਨਹੀਂ ਸਾਂ। ਮੈਂ ਕਿਹਾ ਕਿ 20-30 ਖ਼ਤਰਨਾਕ ਖਾੜਕੂਆਂ ਨੂੰ ਛੱਡ ਕੇ ਸਾਰੇ ਬੰਦੀ ਇਕਦਮ ਰਿਹਾਅ ਕਰ ਦੇਣੇ ਚਾਹੀਦੇ ਹਨ। ਮੇਰੀ ਦਲੀਲ ਸੀ ਕਿ ਇਉਂ ਕਰਨ ਨਾਲ ਸਿੱਖ ਦੇ ਜਜ਼ਬਾਤ ਸ਼ਾਂਤ ਹੋ ਜਾਣਗੇ ਤੇ ਸਾਨੂੰ ਖ਼ੁਦ ਨੂੰ ਵੀ ਧਰਵਾਸ ਮਿਲੇਗਾ ਕਿਉਂਕਿ ਬਹੁਤੇ ਬੰਦੀ ਖਾਲਿਸਤਾਨੀ ਸਨ ਵੀ ਨਹੀਂ। ਖਾੜਕੂਆਂ ਵਿਰੁੱਧ ਲੜੀ ਜਾ ਰਹੀ ਜੰਗ ਵਿੱਚ ਇਸ ਨਾਲ ਸਾਨੂੰ ਫ਼ਾਇਦਾ ਹੋਵੇਗਾ।

ਪ੍ਰਧਾਨ ਮੰਤਰੀ ਦੀ ਪ੍ਰਿੰਸੀਪਲ ਸਕੱਤਰ ਸਰਲਾ ਗਰੇਵਾਲ ਮੇਰੇ ਨਾਲ ਸਹਿਮਤ ਸੀ। ਕਿਸੇ ਕਾਰਨ ਖ਼ੁਦ ਉਹ ਕੁਝ ਕਹਿਣ ਤੋਂ ਝਿਜਕਦੀ ਸੀ। ਪ੍ਰਧਾਨ ਮੰਤਰੀ ਦੇ ਰਤਾ ਕੁ ਪਿੱਛੇ ਬੈਠਿਆਂ ਉਸ ਨੇ ਇਸ਼ਾਰੇ ਨਾਲ ਮੈਨੂੰ ਆਪਣੀ ਗੱਲ ਜਾਰੀ ਰੱਖਣ ਲਈ ਕਿਹਾ। ਰਾਜੀਵ ਗਾਂਧੀ, ਨਾਰਾਇਣਨ ਅਤੇ ਚਿਦੰਬਰਮ ਨਾਲ ਸਹਿਮਤ ਸੀ। ਜੋਧਪੁਰ ਦੇ ਕੈਦੀਆਂ ਨੂੰ ਕਿਸ਼ਤਾਂ ਵਿੱਚ ਰਿਹਾਅ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਦੋਂ ਆਖਰੀ ਜਥਾ ਵੀ ਰਿਹਾਅ ਕਰ ਦਿੱਤਾ ਗਿਆ, ਸਿੱਖਾਂ ’ਤੇ ਕੋਈ ਚੰਗਾ ਅਸਰ ਨਹੀਂ ਹੋਇਆ।

ਇਨ੍ਹਾਂ ਮੀਟਿੰਗਾਂ ਵਿੱਚ ਮੈਂ ਇਕੱਲਾ ਅਫ਼ਸਰ ਸਾਂ ਜੋ ਪ੍ਰਧਾਨ ਮੰਤਰੀ ਨੂੰ ਕਹਿੰਦਾ ਰਹਿੰਦਾ ਸਾਂ ਕਿ ਇੰਦਰਾ ਗਾਂਧੀ ਦੀ ਹੱਤਿਆ ਉਪਰੰਤ ਜਿਨ੍ਹਾਂ ਸਿਆਸਤਦਾਨਾਂ ਨੇ ਸਿੱਖਾਂ ਦੇ ਕਤਲੇਆਮ ਵਾਸਤੇ ਲੋਕਾਂ ਨੂੰ ਉਕਸਾਇਆ, ਉਨ੍ਹਾਂ ਵਿਰੁੱਧ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ। ਜਦੋਂ ਪਹਿਲੀ ਦਫ਼ਾ ਮੈਂ ਇਹ ਗੱਲ ਕੀਤੀ, ਰਾਜੀਵ ਗਾਂਧੀ ਨੇ ਅਣਸੁਣੀ ਕਰ ਦਿੱਤੀ, ਕੋਈ ਪ੍ਰਤੀਕਰਮ ਨਹੀਂ ਦਿਖਾਇਆ। ਤੀਜੀ ਵਾਰ ਜਦੋਂ ਮੈਂ ਆਪਣੀ ਗੱਲ ਜਾਰੀ ਰੱਖੀ ਤਾਂ ਮੇਰੇ ਨਜ਼ਦੀਕ ਬੈਠੇ ਪੰਜਾਬ ਦੇ ਗਵਰਨਰ ਰੇਅ (ਸਿਧਾਰਥ ਸ਼ੰਕਰ) ਨੇ ਮੈਨੂੰ ਹੌਲੀ ਦੇਣੇ ਸਲਾਹ ਦਿੱਤੀ ਕਿ ਮੈਂ ਇਹ ਗੱਲ ਪ੍ਰਧਾਨ ਮੰਤਰੀ ਸਾਹਮਣੇ ਨਾ ਕਰਿਆ ਕਰਾਂ। ਪ੍ਰਧਾਨ ਮੰਤਰੀ ਨੇ ਰੇਅ ਰਾਹੀਂ ਖ਼ੁਦ ਇਹ ਸਲਾਹ ਮੇਰੇ ਤਕ ਪੁਚਾਈ ਜਾਂ ਰੇਅ ਖ਼ੁਦ ਪ੍ਰਧਾਨ ਮੰਤਰੀ ਦੇ ਦਿਲ ਤੋਂ ਵਾਕਫ਼ ਸੀ ਕਿ ਅਜਿਹੀ ਗੱਲ ਉਸ ਨੂੰ ਪਸੰਦ ਨਹੀਂ, ਇਸ ਦਾ ਮੈਨੂੰ ਪਤਾ ਨਹੀਂ। ਮੈਨੂੰ ਪਤਾ ਸੀ ਕਿ ਸਿੱਖਾਂ ਨਾਲ ਭਾਰੀ ਬੇਇਨਸਾਫ਼ੀ ਹੋਈ ਹੈ। ਸੋ, ਮੈਂ ਖ਼ਾਮੋਸ਼ ਬੈਠਣ ਵਾਲਾ ਆਦਮੀ ਨਹੀਂ ਸਾਂ। ਨਾਲੇ ਮੇਰੀ ਡਿਊਟੀ ਪੰਜਾਬ ਦੀ ਖ਼ਤਰਨਾਕ ਜੰਗ ਜਿੱਤਣ ਵਾਸਤੇ ਲਾਈ ਗਈ ਸੀ ਤੇ ਇਹ ਜੰਗ ਮੈਂ ਸਿੱਖਾਂ ਦੇ ਦਿਲ ਜਿੱਤਣ ਬਗੈਰ ਕਿਵੇਂ ਜਿੱਤ ਸਕਦਾ ਸਾਂ?

ਰਾਜੀਵ ਗਾਂਧੀ ਨਾਲ ਮੀਟਿੰਗ ਜਾਰੀ ਸੀ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਗਵਰਨਰ ਰੇਅ ਨੂੰ ਬੁਲਾ ਲਿਆ। ਰੇਅ ਦੀ ਗ਼ੈਰਹਾਜ਼ਰੀ ਦਾ ਫ਼ਾਇਦਾ ਉਠਾਉਂਦਿਆਂ ਮੈਂ ਦੰਗਿਆਂ ਦੌਰਾਨ ਸਿੱਖ ਕਤਲੇਆਮ ਦੀ ਗੱਲ ਫੇਰ ਛੇੜ ਲਈ। ਰਾਜੀਵ ਗਾਂਧੀ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਾ। ਮੇਰੇ ਨਾਲ ਗੱਲ ਕਰਦਿਆਂ ਉਹ ਕਦੇ ਤੈਸ਼ ਵਿੱਚ ਨਹੀਂ ਸੀ ਆਇਆ ਪਰ ਮੈਨੂੰ ਕਿਉਂਕਿ ਪਹਿਲੋਂ ਹੀ ਇਸ਼ਾਰਾ ਮਿਲ ਚੁੱਕਾ ਸੀ, ਮੈਂ ਹਾਲਾਤ ਦਾ ਮੁਕਾਬਲਾ ਕਰਨ ਲਈ ਤਿਆਰ ਸਾਂ। ਉਸ ਨੇ ਮੈਨੂੰ ਕਿਹਾ ਕਿ ਮੈਂ ਇਹ ਗੱਲ ਮੁੜ ਕੇ ਨਾ ਕਰਾਂ। ਪੱਕੇ ਵਫ਼ਾਦਾਰ ਕਾਂਗਰਸੀ ਸੱਜਣ ਕੁਮਾਰ ਖਿਲਾਫ਼ ਕੁਝ ਅਫਵਾਹਾਂ ਸਦਕਾ ਉਹ ਮੁਕੱਦਮਾ ਚਲਾਉਣ ਲਈ ਤਿਆਰ ਨਹੀਂ ਸੀ। ਉਸ ਨੇ ਕਿਹਾ, ’’ਮੇਰੀ ਜ਼ਖ਼ਮੀ ਮਾਂ ਦੇ ਆਖਰੀ ਸਾਹ ਤਕ ਉਹ ਉਸ ਦੀ ਲਾਸ਼ ਨਜ਼ਦੀਕ ਬੈਠਾ ਰਿਹਾ ਸੀ। ਇਸ ਗੱਲ ਦਾ ਮੈਂ ਚਸ਼ਮਦੀਦ ਗਵਾਹ ਹਾਂ।’’ ਮੀਟਿੰਗ ਵਿੱਚ ਸਾਰੇ ਸਿਆਸਤਦਾਨ ਅਤੇ ਅਫ਼ਸਰ ਖ਼ਾਮੋਸ਼ ਬੈਠੇ ਰਹੇ। ਮੈਂ ਕਿਹਾ, ’’ਜਦੋਂ ਪੜਤਾਲੀਆ ਕਮਿਸ਼ਨ ਉਸ ਵਿਰੁੱਧ ਦੋਸ਼ੀ ਹੋਣ ਦੀ ਰਿਪੋਰਟ ਦੇ ਚੁੱਕਾ ਹੈ, ਫਿਰ ਮੁਕੱਦਮੇ ਦੀ ਪ੍ਰਕਿਰਿਆ ਨੂੰ ਕਿਉਂ ਟਾਲਿਆ ਜਾਵੇ?’’

ਰਾਜੀਵ ਗਾਂਧੀ ਸੁਭਾਅ ਵਜੋਂ ਹੈਂਕੜਬਾਜ਼ ਜਾਂ ਤਾਨਾਸ਼ਾਹ ਨਹੀਂ ਸੀ ਪਰ ਉਹ ਪਲਿਆ ਹੀ ਅਜਿਹੇ ਮਾਹੌਲ ਵਿੱਚ ਸੀ ਜਿੱਥੇ ਗੱਲ ਮੰਨਣੀ ਨਹੀਂ, ਮਨਾਈਦੀ ਹੁੰਦੀ ਹੈ। ਪੁਸ਼ਤਾਂ ਤੋਂ ਉਸ ਦਾ ਪਰਿਵਾਰ ਰਾਜ ਕਰਦਾ ਆ ਰਿਹਾ ਸੀ, ਇਸ ਕਰਕੇ ਹੁਕਮ ਦੇਣਾ ਉਸ ਦੇ ਸੁਭਾਅ ਵਿੱਚ ਸ਼ਾਮਲ ਹੋ ਗਿਆ ਸੀ। ਬੁਨਿਆਦੀ ਤੌਰ ’ਤੇ ਰਾਜੀਵ ਗਾਂਧੀ ਚੰਗਾ ਮਨੁੱਖ ਸੀ। ਬਹੁਤ ਸਾਰੇ ਮਸਲਿਆਂ ਉਪਰ ਧੀਰਜ ਨਾਲ ਰਾਵਾਂ ਸੁਣਦਾ। ਇਸ ਖ਼ਾਸ ਮਸਲੇ ਵਿੱਚ ਬਦਕਿਸਮਤੀ ਹੋਈ ਕਿ ਉਹ ਸੱਜਣ ਕੁਮਾਰ ਖ਼ਿਲਾਫ਼ ਇਸ ਕਰਕੇ ਗੱਲ ਸੁਣਨ ਲਈ ਤਿਆਰ ਨਹੀਂ ਸੀ ਕਿ ਸੱਜਣ, ਗਾਂਧੀ ਪਰਿਵਾਰ ਦਾ ਪੱਕਾ ਵਫ਼ਾਦਾਰ ਮੈਂਬਰ ਸੀ। ਸੱਜਣ ਕੁਮਾਰ ਦਾ ਨੁਕਸਾਨ ਹੋਵੇ, ਉਸ ਦਾ ਦਿਲ ਨਹੀਂ ਮੰਨਿਆ।

ਪੰਨਾ 307: ਮਹਾਰਾਜਾ ਪਟਿਆਲਾ ਅਮਰਿੰਦਰ ਸਿੰਘ ਨੇ ਬਰਨਾਲਾ ਸਰਕਾਰ ਦੇ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ। ਉਹ ਮੁੱਖ ਮੰਤਰੀ ਪੰਜਾਬ ਬਣਨ ਦਾ ਇਛੁੱਕ ਸੀ। ਉਸ ਨੇ ਅਖ਼ਬਾਰਾਂ ਨੂੰ ਬਿਆਨ ਦੇ ਦਿੱਤਾ ਕਿ ਸਰਹੱਦੀ ਜ਼ਿਲਿਆਂ ਦੇ ਦੋ ਹਜ਼ਾਰ ਸਿੱਖ ਜੁਆਨ ਗਾਇਬ ਹਨ। ਲੁਕਵਾਂ ਇਸ਼ਾਰਾ ਪੁਲੀਸ ਦਾ ਦੋਸ਼ੀ ਹੋਣਾ ਸੀ। ਬਿਆਨ ਕਿਸੇ ਆਮ ਆਦਮੀ ਦਾ ਨਹੀਂ, ਮਹਾਰਾਜਾ ਪਟਿਆਲਾ ਦਾ ਸੀ ਜਿਸ ਸਦਕਾ ਇਸ ਬਿਆਨ ਨਾਲ ਕਿਸਾਨ ਪ੍ਰਭਾਵਿਤ ਹੋ ਸਕਦੇ ਸਨ। ਮੈਨੂੰ ਪਤਾ ਸੀ, ਬਿਆਨ ਝੂਠਾ ਹੈ ਪਰ ਸਿੱਖਾਂ ਉਪਰ ਇਹ ਬੁਰਾ ਅਸਰ ਕਰੇਗਾ, ਸੋ ਮੈਂ ਪੜਤਾਲ ਕੀਤੀ। ਮੈਂ ਸਰਹੱਦੀ ਖੇਤਰਾਂ ਦਾ ਦੌਰਾ ਕਰਕੇ ਪੁੱਛਦਾ ਫਿਰਿਆ ਕਿ ਤੁਹਾਡੇ ਬੱਚੇ ਗੁੰਮ ਹਨ? ਇੱਕ ਵੀ ਗੁੰਮਸ਼ੁਦਾ ਕੇਸ ਨਹੀਂ ਮਿਲਿਆ। ਮੈਂ ਪ੍ਰੈੱਸ ਵਿੱਚ ਮਹਾਰਾਜੇ ਦੇ ਬਿਆਨ ਨੂੰ ਚਣੌਤੀ ਦਿੰਦਿਆਂ ਮੰਗ ਕੀਤੀ ਕਿ ਮਹਾਰਾਜਾ ਆਪਣੇ ਬਿਆਨ ਵਿਚਲੀ ਸੱਚਾਈ ਸਾਬਤ ਕਰੇ। ਮੇਰੇ ਬਿਆਨ ਨੇ ਮਹਾਰਾਜੇ ਨੂੰ ਨਾਰਾਜ਼ ਕਰ ਦਿੱਤਾ। ਉਸ ਨੇ ਗਵਰਨਰ ਨੂੰ ਲੰਮਾ ਚੌੜਾ ਖ਼ਤ ਲਿਖਦਿਆਂ ਕਿਹਾ ਕਿ ਰਿਬੇਰੋ ਨੇ ਮੇਰੀ ਸ਼ਿਕਾਇਤ ਦੀ ਇਤਰਾਜ਼ਯੋਗ ਢੰਗ ਨਾਲ ਆਲੋਚਨਾ ਕੀਤੀ ਹੈ। ਉਹ ਅੜਿਆ ਰਿਹਾ ਕਿ ਮੁੰਡੇ ਪੁਲੀਸ ਦੇ ਡਰ ਕਰਕੇ ਭੱਜ ਗਏ ਹਨ। ਇਹ ਵੀ ਲਿਖਿਆ ਕਿ ਰਿਬੇਰੋ ਗ਼ੈਰ-ਪੰਜਾਬੀ ਹੈ, ਮੈਂ ਪੰਜਾਬ ਦਾ ਜੰਮਪਲ ਹੋਣ ਕਾਰਨ ਸਿੱਖਾਂ ਨੂੰ ਵਧੀਕ ਸਮਝ ਸਕਦਾ ਹਾਂ। ਮੈਂ ਮਹਾਰਾਜੇ ਦਾ ਆਦਰ ਕਰਦਾ ਸਾਂ ਪਰ ਉਸ ਦਾ ਇੱਕ ਨੁਕਾਤੀ ਪ੍ਰੋਗਰਾਮ ਪੰਜਾਬ ਦਾ ਮੁੱਖ ਮੰਤਰੀ ਬਣਨਾ ਸੀ।

ਮਹਾਰਾਜੇ ਦੀ ਪਤਨੀ ਅਤੇ ਸਿਮਰਨਜੀਤ ਸਿੰਘ ਮਾਨ ਦੀ ਪਤਨੀ ਭੈਣਾਂ ਹਨ। ਉਹ ਰਿਟਾਇਰਡ ਚੀਫ਼ ਸੈਕਟਰੀ ਪੰਜਾਬ ਦੀਆਂ ਧੀਆਂ ਹਨ। ਮਾਨ, ਭਿੰਡਰਾਂਵਾਲੇ ਨਾਲ ਰਲ ਕੇ ਪੁਲੀਸ ਅਫ਼ਸਰੀ ਛੱਡ ਗਿਆ ਤੇ ਅਕਾਲੀਆਂ ਦੇ ਉਸ ਧੜੇ ਦਾ ਲੀਡਰ ਹੋ ਗਿਆ ਜਿਹੜਾ ਖਾਲਿਸਤਾਨੀ ਸੀ। ਮਾਨ ਜਦੋਂ ਜੇਲ੍ਹ ਵਿੱਚ ਸੀ, ਮਹਾਰਾਜਾ ਮੇਰੇ ਕੋਲ ਇੱਕ ਵਿਉਂਤ ਲੈ ਕੇ ਆਇਆ। ਉਸ ਨੇ ਕਿਹਾ, ’’ਮੈਂ ਮਾਨ ਦਾ ਰਿਸ਼ਤੇਦਾਰ ਹਾਂ ਤੇ ਤੁਸੀਂ ਉਸ ਦੇ ਪੁਰਾਣੇ ਕੁਲੀਗ ਹੋ, ਆਪਾਂ ਦੋਵੇਂ ਚੱਲੀਏ ਤੇ ਉਹਨੂੰ ਮਨਾਈਏ ਕਿ ਤੂੰ ਏਨਾ ਸਖ਼ਤ ਸਟੈਂਡ ਨਾ ਲੈ। ਆਪਾਂ ਉਹਨੂੰ ਵਾਰਾ ਖਾਂਦੀ ਸਿਆਸੀ ਸੰਧੀ ਕਰਨ ਵਾਸਤੇ ਕਹੀਏ।’’ ਮੈਂ ਸ਼ਰਾਰਤਵੱਸ ਮਹਾਰਾਜੇ ਨੂੰ ਕਿਹਾ, ’’ਜੇ ਇਸ ਸੰਧੀ ਵਿੱਚੋਂ ਮਾਨ, ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਲੈ ਗਿਆ, ਫੇਰ?’’ ਇਹ ਗੱਲ ਸੁਣ ਕੇ ਮਹਾਰਾਜਾ ਘਬਰਾ ਗਿਆ ਤੇ ਕਿਹਾ, ’’ਏਨੇ ਵੱਡੇ ਰੁਤਬੇ ਦੇ ਲਾਇਕ ਨਹੀਂ ਹੈ ਮਾਨ।’’

ਪੰਨਾ 309: ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਇੱਕ ਖਾੜਕੂ ਗੁਰਦੁਆਰੇ ਵਿੱਚ ਆ ਗਿਆ ਤੇ ਲਾਊਡ ਸਪੀਕਰ ਉਪਰ ਸੀ.ਆਰ.ਪੀ.ਐਫ. ਦੇ ਜੁਆਨਾਂ ਵੰਗਾਰਿਆ। ਸੀ.ਆਰ.ਪੀ. ਦੇ ਜੁਆਨ ਜਦੋਂ ਤਕ ਉਹ ਗੁਰਦੁਆਰੇ ਪੁੱਜੇ, ਖਾੜਕੂ ਉੱਥੋਂ ਜਾ ਚੁੱਕਾ ਸੀ। ਸੀ.ਆਰ.ਪੀ. ਦੇ ਜੁਆਨ ਪਿੰਡ ਵਾਸੀਆਂ ਉਪਰ ਆਪਣਾ ਗੁੱਸਾ ਕੱਢਣ ਲੱਗੇ। ਇਹ ਪਲਟਨ ਬੜੀ ਦੇਰ ਦੀ ਇਸ ਪਿੰਡ ਵਿੱਚ ਰਹਿ ਰਹੀ ਸੀ ਤੇ ਪਿੰਡ ਵਾਲਿਆਂ ਤੋਂ ਵਾਕਫ਼ ਸੀ। ਹਰ ਰੋਜ਼ ਸ਼ਾਮੀਂ ਪੇਂਡੂ ਜੁਆਨ, ਸਿਪਾਹੀਆਂ ਨਾਲ ਵਾਲੀਬਾਲ ਦਾ ਮੈਚ ਖੇਡਦੇ ਪਰ ਜਦੋਂ ਖਾੜਕੂ ਕਰਕੇ ਉਹ ਖਿਝ ਗਏ, ਉਨ•ਾਂ ਦਾ ਆਪਣੇ ਆਪ ਉਪਰ ਕਾਬੂ ਨਾ ਰਿਹਾ। ਖਾੜਕੂ ਤਾਂ ਫੜਿਆ ਨਾ ਗਿਆ, ਸਿਪਾਹੀਆਂ ਨੇ ਪੇਂਡੂਆਂ ਦੇ ਘਰਾਂ ਦੇ ਦਰਵਾਜ਼ੇ ਭੰਨ ਦਿੱਤੇ, ਜ਼ਨਾਨੀਆਂ ਕੁੱਟ ਦਿੱਤੀਆਂ। ਅਕਾਲੀਆਂ ਨੇ ਅਖ਼ਬਾਰਾਂ ਵਿੱਚ ਤੂਫ਼ਾਨ ਖੜ੍ਹਾ ਕਰ ਦਿੱਤਾ। ਮੈਂ ਕਸੂਰਵਾਰਾਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਕੀਤਾ। ਪੁਲੀਸ ਆਈ.ਜੀ. ਦਲਬੀਰ ਸਿੰਘ ਮਾਂਗਟ ਨੂੰ ਪੜਤਾਲ ਕਰਨ ਲਈ ਕਿਹਾ। ਮਾਂਗਟ ਨੇ ਇੱਕ ਸਿਪਾਹੀ ਦੀ ਸ਼ਨਾਖਤ ਕਰ ਲਈ ਜਿਸ ਨੇ ਪੇਂਡੂ ਔਰਤ ਦੇ ਕੰਨ ’ਤੇ ਦੰਦੀ ਵੱਢ ਲਈ ਸੀ। ਉਸ ਨੇ ਇਹ ਵੀ ਲਿਖਿਆ ਕਿ ਪਲਟਨ ਕਮਾਂਡਰ ਡਿਊਟੀ ਪ੍ਰਤੀ ਗ਼ੈਰ-ਜ਼ਿੰਮੇਵਾਰ ਹੈ। ਮੈਂ ਸਿਫ਼ਾਰਿਸ਼ ਕਰ ਦਿੱਤੀ ਕਿ ਅਫ਼ਸਰ ਵਿਰੁੱਧ ਵਿਭਾਗੀ ਕਾਰਵਾਈ ਹੋਵੇ ਤੇ ਦੰਦੀ ਵੱਢਣ ਵਾਲੇ ਸਿਪਾਹੀ ਖ਼ਿਲਾਫ਼ ਮੁਕੱਦਮਾ ਦਰਜ ਹੋਵੇ। ਜਿਨ੍ਹਾਂ-ਜਿਨ੍ਹਾਂ ਨੇ ਪੇਂਡੂਆਂ ਉਪਰ ਕਹਿਰ ਢਾਹਿਆ, ਉਨ੍ਹਾਂ ਸਭ ਦੇ ਨਾਮ ਐੱਫ.ਆਈ.ਆਰ. ਵਿੱਚ ਸ਼ਾਮਲ ਹੋਣ।

ਕੇ.ਪੀ.ਐੱਸ. ਗਿੱਲ, ਸੀ.ਆਰ.ਪੀ.ਐੱਫ. ਦਾ ਆਈ.ਜੀ. ਸੀ। ਉਹ ਆਪਣੇ ਬੰਦਿਆਂ ਖ਼ਿਲਾਫ਼ ਐਕਸ਼ਨ ਲੈਣ ਦਾ ਇੱਛੁਕ ਨਹੀਂ ਸੀ। ਦਿੱਲੀ ਜਾ ਕੇ ਉਸ ਨੇ ਗ੍ਰਹਿ ਵਿਭਾਗ ਨੂੰ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਫਲਸਰੂਪ ਭਾਰਤ ਸਰਕਾਰ ਨੇ ਮੁਕੱਦਮੇ ਚਲਾਉਣ ਦੀ ਆਗਿਆ ਨਹੀਂ ਦਿੱਤੀ। ਮੈਨੂੰ ਮਹਿਸੂਸ ਹੋਇਆ ਕਿ ਪੇਂਡੂਆਂ ਨਾਲ ਧੱਕਾ ਹੋਇਆ ਹੈ।

ਸੀ.ਆਰ.ਪੀ. ਵਿੱਚ ਅਨੁਸ਼ਾਸਨ ਕਾਇਮ ਰੱਖਣ ਦੀ ਮੇਰੀ ਕੋਸ਼ਿਸ਼ ਗਿੱਲ ਨੇ ਕਈ ਵਾਰ ਸਫ਼ਲ ਨਹੀਂ ਹੋਣ ਦਿੱਤੀ। ਇਸ ਮੁੱਦੇ ’ਤੇ ਮੇਰਾ ਇਹ ਕਹਿਣਾ ਹੈ ਕਿ ਪੁਲੀਸ ਫੋਰਸਾਂ ਵਿਰੁੱਧ ਨਾਗਰਿਕਾਂ ਦਾ ਗੁੱਸਾ ਨਹੀਂ ਪੈਦਾ ਹੋਣਾ ਚਾਹੀਦਾ। ਜਲੰਧਰ ਨੇੜਲੇ ਇੱਕ ਪਿੰਡ ਵਿੱਚ ਇੱਕ ਕਿਸਾਨ ਆਪਣੇ ਸੀਰੀ ਉਪਰ ਕ੍ਰੋਧਿਤ ਹੋ ਗਿਆ ਤੇ ਕੁੱਟ ਦਿੱਤਾ। ਸੀਰੀ, ਸੀ.ਆਰ.ਪੀ. ਦੀ ਚੌਕੀ ਵਿੱਚ ਸ਼ਿਕਾਇਤ ਲਿਖਵਾ ਗਿਆ। ਸੀ.ਆਰ.ਪੀ. ਇਸ ਸ਼ਿਕਾਇਤ ਦੀ ਪੜਤਾਲ ਕਰਨ ਦੀ ਹੱਕਦਾਰ ਨਹੀਂ ਸੀ। ਇਹ ਕੰਮ ਤਾਂ ਇਲਾਕੇ ਦੇ ਥਾਣੇ ਨੇ ਕਰਨਾ ਸੀ।

ਸੀ.ਆਰ.ਪੀ. ਦਾ ਹੈੱਡਕਾਂਸਟੇਬਲ ਸਿਪਾਹੀ ਲੈ ਕੇ ਪਿੰਡ ਵਿੱਚ ਕਿਸਾਨ ਦੇ ਘਰ ਗਿਆ। ਕਿਸਾਨ ਅਤੇ ਉਸ ਦੇ ਮੁੰਡੇ ਗੁੱਸੇ ਵਿੱਚ ਸਨ। ਉਨ੍ਹਾਂ ਨੇ ਲਲਕਾਰਾ ਮਾਰ ਕੇ ਜੁਆਨਾਂ ਨੂੰ ਵੰਗਾਰਿਆ। ਇੱਕ ਸਿਪਾਹੀ ਨੇ ਗੋਲੀ ਦਾਗ ਦਿੱਤੀ ਤੇ ਕਿਸਾਨ ਥਾਏਂ ਢੇਰੀ ਹੋ ਗਿਆ। ਇਹ ਪਿੰਡ ਸ. ਬਲਵੰਤ ਸਿੰਘ ਦੇ ਇਲਾਕੇ ਵਿੱਚ ਸੀ, ਉਹ ਬਰਨਾਲਾ ਸਰਕਾਰ ਵਿੱਚ ਖ਼ਜ਼ਾਨਾ ਮੰਤਰੀ ਸੀ। ਉਸ ਨੇ ਇਸ ਘਟਨਾ ਵਿਰੁੱਧ ਮੈਨੂੰ ਫੋਨ ਕੀਤਾ। ਮੈਂ ਉਸ ਨੂੰ ਭਰੋਸਾ ਦਿਵਾਇਆ ਕਿ ਮੈਂ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਾਂਗਾ ਤੇ ਮੈਂ ਕੀਤਾ। ਗਿੱਲ ਫਿਰ ਦਿੱਲੀ ਗ੍ਰਹਿ ਮਹਿਕਮੇ ਕੋਲ ਚਲਾ ਗਿਆ। ਫਿਰ ਉਹੋ ਸਿੱਟਾ। ਮਹਿਕਮੇ ਨੇ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਦਿੱਤੀ। ਜੇ ਇਨ੍ਹਾਂ ਕੇਸਾਂ ਵਿੱਚ ਮੁਕੱਦਮੇ ਚਲਦੇ, ਇੱਕ ਪਾਸੇ ਤਾਂ ਪੁਲੀਸ ਫੋਰਸਾਂ ਵਿੱਚ ਜ਼ਿੰਮੇਵਾਰੀ ਅਤੇ ਅਨੁਸ਼ਾਸਨ ਬਣਦਾ; ਦੂਜਾ, ਮਾਸੂਮ ਪੇਂਡੂ ਕੁਝ ਰਾਹਤ ਮਹਿਸੂਸ ਕਰਦੇ।

ਪੰਨਾ 322: ਮੈਨੂੰ ਪਤਾ ਲੱਗ ਗਿਆ ਕਿ ਕੇ.ਪੀ.ਐੱਸ. ਗਿੱਲ ਮੇਰਾ ਉਤਰਾਧਿਕਾਰੀ ਹੋਵੇਗਾ। ਉਸ ਅਨੁਸਾਰ ਮੈਂ ਨਰਮ ਦਿਲ ਵਾਲਾ ਬੰਦਾ ਹਾਂ। ਉਸ ਅਨੁਸਾਰ ਖਾੜਕੂ ਸਖ਼ਤੀ ਕਰਨ ਨਾਲ ਸਿੱਧੇ ਹੋਣਗੇ। ਉਹ ਮੈਨੂੰ ਅਕਸਰ ਆਖਦਾ ਰਹਿੰਦਾ ਸੀ, "ਮੈਂ ਪੰਜਾਬੀ ਜੱਟ ਹਾਂ।" ਉਹ ਮੇਰੀ ਪਤਨੀ ਨੂੰ ਅਕਸਰ ਆਖਿਆ ਕਰਦਾ ਸੀ ਕਿ ਰਿਬੇਰੋ ਜੱਟ ਸਿੱਖਾਂ ਵਿਰੁੱਧ ਸਿੱਝਣ ਵਾਸਤੇ ਬਹੁਤ ਨਰਮ ਹੈ। ਜੱਟ ਸਿੱਖਾਂ ਨਾਲ ਨਜਿੱਠਣ ਵਾਸਤੇ ਉਸ ਵਰਗਾ ਜੱਟ ਚਾਹੀਦਾ ਹੈ। ਇਸ ਦਲੀਲ ਨਾਲ ਉਸ ਨੇ ਗਵਰਨਰ ਨੂੰ ਵੀ ਸਹਿਮਤ ਕਰ ਲਿਆ। ਗਿੱਲ ਦਾ ਫਲਸਫਾ ਮੇਰੇ ਫਲਸਫੇ ਤੋਂ ਉਲਟ ਸੀ। ਹੁਣ ਸਾਰਿਆਂ ਨੂੰ ਲੱਗਦਾ ਹੈ, ਗਿੱਲ ਦਾ ਤਰੀਕਾ ਸਫ਼ਲ ਰਿਹਾ ਤੇ ਮੈਂ ਇਸ ਬਾਰੇ ਕਿਸੇ ਵਿਵਾਦ ਵਿੱਚ ਵੀ ਨਹੀਂ ਪੈਣਾ ਪਰ ਮੇਰਾ ਅੱਜ ਵੀ ਯਕੀਨ ਹੈ ਕਿ ਅਤਿਵਾਦ ਲੋਕਾਂ ਦੇ ਦਿਲ ਜਿੱਤਣ ਨਾਲ ਕਾਬੂ ਵਿੱਚ ਆਏਗਾ।

ਪੰਨਾ 337: ਖਾੜਕੂਆਂ ਨੂੰ ਦਰਬਾਰ ਸਾਹਿਬ ਵਿੱਚੋਂ ਕੱਢਣ ਵਾਸਤੇ ਅਪ੍ਰੇਸ਼ਨ ਬਲੈਕ ਥੰਡਰ ਵਿਉਂਤਿਆ ਗਿਆ। ਅਕਾਲੀਆਂ ਨੇ ਇਸ ਦਾ ਵਿਰੋਧ ਕਰਨਾ ਹੀ ਸੀ ਤਾਂ ਕਿ ਸਿੱਖਾਂ ਵਿੱਚ ਸਾਖ ਬਣੀ ਰਹੇ। ਸ੍ਰੀ ਸੁਰਜੀਤ ਸਿੰਘ ਬਰਨਾਲਾ ਨੇ ਐਲਾਨ ਕਰ ਦਿੱਤਾ ਕਿ ਉਹ ਭਾਰੀ ਜਥਾ ਲੈ ਕੇ ਦਰਬਾਰ ਸਾਹਿਬ ਪੁੱਜੇਗਾ। ਨਾ ਕਿਸੇ ਨੂੰ ਜਾਣ ਦੇਣਾ ਸੀ, ਨਾ ਜਾਣ ਦਿੱਤੇ। ਗ੍ਰਿਫ਼ਤਾਰ ਕਰ ਲਏ। ਗ੍ਰਿਫ਼ਤਾਰ ਹੋ ਕੇ ਉਹ ਸੰਤੁਸ਼ਟ ਹੋ ਗਏ। ਇੱਕ ਦਿਲਚਸਪ ਘਟਨਾ ਘਟੀ।

ਜਦੋਂ ਅਕਾਲੀ ਲੀਡਰ ਗ੍ਰਿਫ਼ਤਾਰ ਕਰ ਲਏ ਤਾਂ ਸਾਬਕਾ ਖ਼ਜ਼ਾਨਾ ਮੰਤਰੀ ਬਲਵੰਤ ਸਿੰਘ ਨੂੰ ਨਹੀਂ ਫੜਿਆ, ਕਿਉਂਕਿ ਸਾਨੂੰ ਪਤਾ ਸੀ ਕਿ ਉਸ ਦਾ ਧਰਮ ਨਾਲ ਕੁਝ ਲੈਣ ਦੇਣ ਨਹੀਂ, ਉਹ ਤਾਂ ਸਿਆਸੀ ਵਪਾਰੀ ਸੀ। ਉਹ ਘਬਰਾ ਗਿਆ ਤੇ ਗਵਰਨਰ ਰੇਅ ਨੂੰ ਫੋਨ ਕਰਕੇ ਬੇਨਤੀ ਕੀਤੀ ਕਿ ਦੂਜੇ ਲੀਡਰਾਂ ਵਾਂਗ ਉਹਨੂੰ ਵੀ ਗ੍ਰਿਫ਼ਤਾਰ ਕਰਨ। ਰੇਅ ਨੇ ਫੋਨ ’ਤੇ ਮੈਨੂੰ ਇਹ ਗੱਲ ਕਹੀ ਤਾਂ ਅਸੀਂ ਖ਼ੂਬ ਹੱਸੇ। ਫਲਸਰੂਪ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਾਰਿਆਂ ਨੂੰ ਵੀ.ਆਈ.ਪੀ. ਟਰੀਟਮੈਂਟ ਦਿੱਤਾ ਗਿਆ। ਗ੍ਰਿਫ਼ਤਾਰੀਆਂ ਸਦਕਾ ਸਿੱਖਾਂ ਵਿੱਚ ਸਾਖ ਬਣ ਜਾਵੇਗੀ, ਸਰਕਾਰ ਦੀ ਬਦਨਾਮੀ ਹੋਵੇਗੀ, ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ।

- ਅਨੁਵਾਦਕ : ਹਰਪਾਲ ਸਿੰਘ ਪੰਨੂੰ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top