Share on Facebook

Main News Page

ਵੇਦਾਂਤੀ ਤੇ ਸੁਖਬੀਰ ਦੀ ਮੀਟਿੰਗ ਕਰ ਸਕਦੀ ਹੈ ਕੋਈ ਵੱਡਾ ਪੰਥਕ ਧਮਾਕਾ
- ਜਸਬੀਰ ਸਿੰਘ ਪੱਟੀ 9356024684

* ਸੁਖਬੀਰ ਤੋਂ ਬਾਅਦ ਵੇਦਾਂਤੀ ਨੇ ਮੱਕੜ ਨਾਲ ਵੀ ਕੀਤੀ ਮੁਲਾਕਾਤ

ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨਾਲ ਉਹਨਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਕੀਤੀ ਗਈ ਗੁਪਤ ਮੁਲਾਕਾਤ ਨੇ ਉਸ ਵੇਲੇ ਨਵੀ ਚਰਚਾ ਛੇੜ ਦਿੱਤੀ ਹੈ, ਜਦੋ ਪਹਿਲਾਂ ਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਜਥੇਦਾਰੀ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ ਤੇ ਉਹਨਾਂ ਦੀਆਂ ਤਬਦੀਲੀ ਦੀਆਂ ਕਨਸੋਆਂ ਆ ਰਹੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ੍ਰੀ ਸੁਖਬੀਰ ਸਿੰਘ ਬਾਦਲ ਨਾਲ ਅੱਜ ਉਹਨਾਂ ਦੀ ਅੰਮ੍ਰਿਤਸਰ ਦੀ ਫੇਰੀ ਦੌਰਾਨ ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਰਣਜੀਤ ਐਵੇਨਿਊ ਵਿਖੇ ਮੁਲਾਕਾਤ ਕੀਤੀ, ਜਿਸ ਨਾਲ ਪੰਥਕ ਹਲਕਿਆਂ ਨਵੀ ਚਰਚਾ ਛਿੜ ਗਈ, ਕਿ ਗਿਆਨੀ ਗੁਰਬਚਨ ਸਿੰਘ ਨੂੰ ਲਾਹ ਕੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਕਿਸੇ ਵੇਲੇ ਵੀ ਜਥੇਦਾਰ ਬਣਾਇਆ ਜਾ ਸਕਦਾ ਹੈ। ਵੈਸੇ ਵੀ ਗਿਆਨੀ ਗੁਰਬਚਨ ਸਿੰਘ ਇਸ ਵੇਲੇ ਕਾਫੀ ਵਿਵਾਦਤ ਵਿਅਕਤੀ ਬਣ ਗਏ ਹਨ ਅਤੇ ਉਹਨਾਂ ਵੱਲੋ 6 ਜੂਨ ਨੂੰ ਦਮਦਮੀ ਟਕਸਾਲ ਦੇ ਹੈਡ ਕੁਆਟਰ ਮਹਿਤਾ ਵਿਖੇ ਦਿੱਤੇ ਬਿਆਨ ਕਿ ‘‘ਯਾਦਗਾਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ’’ ਨੂੰ ਲੈ ਕੇ ਦੇ ਸ੍ਰ. ਸੁਖਬੀਰ ਸਿੰਘ ਬਾਦਲ ਕਾਫੀ ਖਫਾ ਹਨ, ਕਿਉਕਿ ਉਹ ਜਿਥੇ ਜਨਤਕ ਤੌਰ 'ਤੇ ਇਹ ਕਹਿ ਚੁੱਕੇ ਹਨ ਕਿ ਯਾਦਗਾਰ ਸਿਰਫ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀਆਂ ਦੀ ਹੀ ਨਹੀਂ ਸਗੋਂ ਸਮੂਹ ਉਹਨਾਂ ਲੋਕਾਂ ਤੇ ਭਾਰਤੀ ਫੌਜੀਆਂ ਦੀ ਵੀ ਬਣਾਈ ਗਈ ਹੈ, ਜਿਹੜੇ ਸਾਕਾ ਨੀਲਾ ਤਾਰਾ ਦੌਰਾਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਮਾਰੇ ਗਏ ਸਨ। ਉਹਨਾਂ ਦੇ ਇਸ ਬਿਆਨ ਦੀ ਪੁਸ਼ਟੀ ਬਾਦਲਾ ਦੇ ਧੂਤਰੂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੀ ਵੱਖ ਵੱਖ ਟੀ.ਵੀ. ਚੈਨਲਾਂ ਨੂੰ ਬਿਆਨ ਦੇ ਕੇ ਕਰ ਚੁੱਕੇ ਹਨ, ਜਦ ਕਿ ਇਸ ਤੋਂ ਪਹਿਲਾਂ ਸ੍ਰੀ ਮੱਕੜ ਇਹ ਬਿਆਨ ਦਿੰਦੇ ਰਹੇ ਹਨ ਕਿ ਯਾਦਗਾਰ ਸਿਰਫ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੇ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਸਾਥੀਆਂ ਦੀ ਹੀ ਬਣਾਈ ਗਈ ਹੈ।

ਗਿਆਨੀ ਗੁਰਬਚਨ ਸਿੰਘ ਨੇ ਭਾਂਵੇ ਯਾਦਗਾਰ ਵਿੱਚ ਕਿਸੇ ਵੀ ਤਬਦੀਲੀ ਦਾ ਬਿਆਨ ਆਪਣੇ ਅਮਰੀਕਾ ਦੌਰੇ ਨੂੰ ਸੁਰੱਖਿਅਤ ਕਰਨ ਲਈ ਦਿੱਤਾ ਸੀ, ਪਰ ਪੰਥਕ ਹਲਕਿਆਂ ਵਿੱਚ ਇਸ ਦੇ ਕਈ ਪ੍ਰਕਾਰ ਦੇ ਅਰਥ ਲੈ ਜਾ ਰਹੇ ਹਨ। ਗਿਆਨੀ ਗੁਰਬਚਨ ਸਿੰਘ ਜੇਕਰ ਅਮਰੀਕਾ ਜਾਣ ਤੋਂ ਪਹਿਲਾਂ ਇਹ ਬਿਆਨ ਨਾ ਦਾਗਦੇ ਤਾਂ ਸ਼ਾਇਦ ਉਹਨਾਂ ਦਾ ਅਮਰੀਕਾ ਵਿੱਚ ਸੁਆਗਤ ਸਿੱਖ ਪੰਥ ਨਿਵੇਕਲੇ ਤਰੀਕੇ ਨਾਲ ਕਰਦੇ, ਪਰ ਉਹਨਾਂ ਨੇ ਅਮਰੀਕਾ ਤੋਂ ਵਾਪਸੀ ਉਪਰੰਤ ਵੀ ਆਪਣੇ ਬਿਆਨ ਦੀ ਦਰੁਸਤੀ ਬਾਰੇ ਕੋਈ ਵੀ ਸਪੱਸ਼ਟੀਕਰਨ ਨਹੀਂ ਦਿੱਤਾ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਬਿਆਨ ਉਹਨਾਂ ਨੇ ਖੁਦ ਦਿੱਤਾ ਹੈ। ਇਸ ਤੋਂ ਪਹਿਲਾ ਸ੍ਰੀ ਅਕਾਲ ਤਖਤ ਤੇ ਪੰਜ ਸਿੰਘ ਸਾਹਿਬਾਨ ਸਮੇਤ 11 ਵਿਅਕਤੀਆਂ ਦੀ ਹੋਈ ਮੀਟਿੰਗ ਵਿੱਚ ਵੀ ਇਹ ਫੈਸਲਾ ਕੀਤਾ ਗਿਆ ਸੀ ਕਿ ਯਾਦਗਾਰੀ ਵਿੱਚ ਤਬਦੀਲੀ ਸਬੰਧੀ ਫੈਸਲਾ ਅਗਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲਿਆ ਜਾਵੇਗਾ ਅਤੇ ਸੰਗਤਾਂ ਆਪਣੇ ਸੁਝਾ ਅਕਾਲ ਤਖਤ ਨੂੰ ਭੇਜਣ, ਪਰ ਗਿਆਨੀ ਗੁਰਬਚਨ ਸਿੰਘ ਨੇ 17 ਜੂਨ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਨੂੰ ਵੀ ਨਹੀਂ ਉਡੀਕਿਆ ਅਤੇ ਸੰਗਤਾਂ ਦੁਆਰਾ ਭੇਜੇ ਗਏ ਸੁਝਾਵਾਂ ਨੂੰ ਦਰਕਿਨਾਰ ਕਰਕੇ ਬਿਆਨ ਦਾਗ ਦਿੱਤਾ ਕਿ ਯਾਦਗਾਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੀ ਗਿਆਨੀ ਗੁਰਬਚਨ ਸਿੰਘ ਤੋਂ ਖਫਾ ਹਨ ਤੇ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਬਿਆਨ 6 ਜੂਨ ਨੂੰ ਗਿਆਨੀ ਗੁਰਬਚਨ ਸਿੰਘ ਨੇ ਮਹਿਤੇ ਜਾ ਕੇ ਯਾਦਗਾਰ ਬਾਰੇ ਬਿਆਨ ਦਿੱਤਾ ਹੈ, ਉਹ ਬਿਆਨ ਗਿਆਨੀ ਗੁਰਬਚਨ ਸਿੰਘ ਸ੍ਰੀ ਅਕਾਲ ਤਖਤ ਤੋਂ ਆਪਣੇ ਸੰਬੋਧਨ ਵਿੱਚ ਦੇਣਾ ਚਾਹੀਦਾ ਸੀ। ਮੱਕੜ ਦੇ ਨਜ਼ਦੀਕੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੱਕੜ ਵੀ ਗਿਆਨੀ ਗੁਰਬਚਨ ਸਿੰਘ ਨੂੰ ਚੱਲਦਾ ਕਰਨ ਦੇ ਹੱਕ ਵਿੱਚ ਹਨ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਜਥੇਦਾਰ ਵੇਦਾਂਤੀ ਨੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਉਪਰੰਤ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਨਾਲ ਮੁਲਾਕਾਤ ਕੀਤੀ, ਜਿਹੜੀ ਉਹਨਾਂ ਨੂੰ ਜਥੇਦਾਰ ਲਗਾਉਣ ਦੀਆਂ ਸੰਭਾਵਨਾਵਾ ਨੂੰ ਹੋਰ ਵੀ ਪਕੇਰਾ ਕਰਦੀ ਹੈ। ਖਾੜਕੂ ਸੁਰ ਰੱਖਣ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਬਾਰੇ ਵੀ ਪਤਾ ਲੱਗਾ ਹੈ ਕਿ ਉਹ ਵੀ ਗਿਆਨੀ ਗੁਰਬਚਨ ਸਿੰਘ ਵੱਲੋ ਯਾਦਗਾਰ ਸਬੰਧੀ ਦਿੱਤੇ ਬਿਆਨ ਤੋਂ ਕਾਫੀ ਖਫਾ ਹਨ ਅਤੇ ਉਹਨਾਂ ਨੇ ਵੀ ਆਪਣਾ ਰੋਸ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮੱਲ ਸਿੰਘ ਕੋਲ ਵੀ ਪ੍ਰਗਟ ਕੀਤਾ ਹੈ। ਗਿਆਨੀ ਨੰਦਗੜ ਦਾ ਬਾਦਲ ਪਰਿਵਾਰ ਵਿੱਚ ਕਾਫੀ ਸਤਿਕਾਰ ਪਾਇਆ ਜਾਂਦਾ ਹੈ, ਤੇ ਉਹਨਾਂ ਦੀ ਖਾੜਕੂ ਸੁਰ ਕਾਰਨ ਉਹ ਵੀ ਹਮੇਸ਼ਾਂ ਹੀ ਚਰਚਾ ਵਿੱਚ ਰਹਿੰਦੇ ਹਨ।

ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨਾਲ ਹੋਈ ਮੀਟਿੰਗ ਬਾਰੇ ਜਦੋਂ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸ੍ਰੀ ਸੁਖਬੀਰ ਸਿੰਘ ਬਾਦਲ ਨਾਲ ਉਹਨਾਂ ਦੀਆ ਮੀਟਿੰਗਾਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਕਈ ਸੁਝਾ ਵੀ ਸਮੇਂ ਸਮੇਂ 'ਤੇ ਲੈਦੇ ਰਹਿੰਦੇ ਹਨ।

ਪੰਥਕ ਹਲਕਿਆਂ ਵਿੱਚ ਚਰਚਾ ਹੈ ਕਿ ਸ੍ਰੀ ਸੁਖਬੀਰ ਸਿੰਘ ਬਾਦਲ ਗਿਆਨੀ ਵੇਦਾਂਤੀ ਨੂੰ ਸੰਕਟ ਮੋਚਨ ਵਜੋ ਮੰਨਦੇ ਹਨ। ਜਥੇਦਾਰ ਵੇਦਾਂਤੀ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਹਨਾਂ ਨੂੰ ਜਥੇਦਾਰ ਲਗਾਉਣ ਬਾਰੇ ਵੀ ਬਾਦਲ ਸਾਹਿਬ ਨਾਲ ਕੋਈ ਗੱਲ ਹੋਈ ਹੈ ਜਾਂ ਨਹੀਂ, ਤਾਂ ਉਹਨਾਂ ਹੱਸਦਿਆਂ ਹੋਇਆ ਕਿਹਾ ਕਿ ਇਹ ਤਾਂ ਸਤਿਗੁਰੂ ਨੂੰ ਪਤਾ ਹੈ, ਕਿ ਸਤਿਗੁਰੂ ਕਿਹੜੇ ਰੰਗਾਂ ਵਿੱਚ ਰਾਜ਼ੀ ਹਨ। ਇਸ ਤੋਂ ਸਿਵਾਏ ਉਹਨਾਂ ਨੇ ਹੋਰ ਕੋਈ ਟਿੱਪਣੀ ਨਹੀਂ ਕੀਤੀ।

ਕੁਝ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਵੇਦਾਂਤੀ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਤੇ ਉਹਨਾਂ ਦੀ ਪੰਜਾਬ ਪੁਲੀਸ ਵਾਲੀ ਸੁਰੱਖਿਆ ਮੁੜ ਬਹਾਲ ਕਰਨ ਦੇ ਆਦੇਸ਼ ਅਧਿਕਾਰੀਆਂ ਨੂੰ ਦੇ ਦਿੱਤੇ ਹਨ, ਜਿਸ ਤੋਂ ਸੰਕੇਤ ਮਿਲਦੇ ਹਨ ਕਿ ਕੋਈ ਭਾਣਾ ਵਰਤਣ ਵਾਲਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top