Share on Facebook

Main News Page

ਗੁਰਬਚਨ ਸਿੰਘ ਦਾ ਸਟਾਫ ਕੀਤਾ ਇਧਰੋਂ ਉਧਰ

ਅੰਮ੍ਰਿਤਸਰ 15 ਜੂਨ (ਜਸਬੀਰ ਸਿੰਘ ਪੱਟੀ): ਵੱਖ ਵੱਖ ਅਖਬਾਰਾਂ ਤੇ ਵੈਬ ਸਾਈਟਾਂ 'ਤੇ ਜਥੇਦਾਰ ਅਕਾਲ ਤਖਤ ਦੀ ਤਬਦੀਲੀ ਦੀ ਖਬਰ ਲੱਗਣ ਉਪਰੰਤ ਸ਼੍ਰੋਮ੍ਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਵੱਖਰੇ ਕਿਸਮ ਦੀ ਕਾਰਵਾਈ ਕਰਦਿਆਂ, ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਦਫਤਰ ਦੇ ਦੋ ਅਧਿਕਾਰੀ ਤਬਦੀਲ ਕਰਨ ਦੇ ਨਾਲ ਨਾਲ ਉਹਨਾਂ ਦੇ ਘਰ ਕੰਮ ਕਰਦੇ ਸ੍ਰੋਮਣੀ ਕਮੇਟੀ ਦੇ ਸੇਵਾਦਾਰ ਵੀ ਵਾਪਸ਼ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਦਫਤਰ ਇੰਚਾਰਜ ਸ੍ਰੀ ਭੁਪਿੰਦਰ ਸਿੰਘ ਸਰਪੰਚ ਤੇ ਉਹਨਾਂ ਦੇ ਨਿੱਜੀ ਸਹਾਇਕ ਇੰਦਰਮੋਹਨ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ, ਅਤੇ ਇਹ ਤਬਾਦਲੇ ਖਬਰ ਲੱਗਣ ਤੋ ਉਪੰਰਤ ਤੁਰੰਤ ਕਰਨ ਨਾਲ ਵੀ ਨਵੀਂ ਚਰਚਾ ਦਾ ਵਿਸ਼ਾ ਬਣ ਗਏ ਹਨ। ਇਸੇ ਤਰ੍ਹਾਂ ਇਹ ਵੀ ਪਤਾ ਲੱਗਾ ਹੈ ਕਿ ਜਥੇਦਾਰ ਜੀ ਦੇ ਘਰ ਕੰਮ ਕਰਦੇ ਸੇਵਾਦਾਰ ਵੀ ਸ਼੍ਰੋਮਣੀ ਕਮੇਟੀ ਨੇ ਅੱਜ ਵਾਪਸ ਬੁਲਾ ਲਏ ਹਨ ਅਤੇ ਇਹਨਾਂ ਸਰਗਰਮੀਆਂ ਤੋਂ ਇੰਜ ਮਹਿਸੂਸ ਹੋ ਰਿਹਾ ਹੈ, ਕਿ ਜਥੇਦਾਰ ਦੀ ਕੁਰਸੀ ਦੇ ਪਾਵੇ ਕਿਸੇ ਵੇਲੇ ਵੀ ਹਿੱਲ ਸਕਦੇ ਹਨ।

ਗਿਆਨੀ ਗੁਰਬਚਨ ਸਿੰਘ ਨੂੰ 2007 ਵਿੱਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਲਾਂਭੇ ਕਰਕੇ ਬੜੇ ਹੀ ਡਰਾਮਈ ਢੰਗ ਨਾਲ ਆਹੁਦੇ ਤੇ ਬਿਰਾਜਮਾਨ ਕੀਤਾ ਗਿਆ ਸੀ, ਤਾਂ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਹਮੇਸ਼ਾਂ ਹੀ ਕਹਿੰਦੇ ਸਨ ਕਿ ਭਾਂਵੇ ਉਹ ਅਹੁਦੇ 'ਤੇ ਨਹੀਂ ਹਨ, ਪਰ ਉਹਨਾਂ ਲਈ ਉਹ ਹਮੇਸ਼ਾਂ ਹੀ ਜਥੇਦਾਰ ਹਨ। ਅਗਲੇ ਜਥੇਦਾਰ ਬਣਾਏ ਜਾਣ ਲਈ ਭਾਂਵੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਨਾਮ ਪਹਿਲੇ ਨੰਬਰ 'ਤੇ ਆ ਰਿਹਾ ਹੈ, ਪਰ ਫਿਰ ਵੀ ਸਮੁੰਦਰੋਂ ਡੂੰਘੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਲ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਕਿ ਉਹਨਾਂ ਨੇ ਲਾਟਰੀ ਕਿਸ ਵਿਅਕਤੀ ਦੀ ਕੱਢ ਦੇਣੀ ਹੈ। ਕਈ ਅੱਤਵਾਦ ਪਿਛੋਕੜ ਵਾਲੇ ਵੀ ਜਥੇਦਾਰ ਬਣਨ ਲਈ ਪੂੰਛ ਚੁੱਕੀ ਫਿਰਦੇ ਹਨ, ਪਰ ਪੰਥਕ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਸਿਆਸਤ ਵਿੱਚ ਪੀ.ਐਚ.ਡੀ ਕਰ ਚੁੱਕੇ ਸ੍ਰੀ ਬਾਦਲ ਕਦੇ ਵੀ ਅਜਿਹੀ ਗਲਤੀ ਨਹੀਂ ਕਰਨਗੇ, ਜਿਹੜੀ ਉਹਨਾਂ ਲਈ ਕਲ ਨੂੰ ਕਿਸੇ ਨਵੀ ਮੁਸੀਬਤ ਦਾ ਕਾਰਨ ਬਣੇ, ਪਰ ਹਾਲ ਦੀ ਘੜੀ ਗਿਆਨੀ ਗੁਰਬਚਨ ਸਿੰਘ ਨੂੰ ਘਰ ਨੂੰ ਤੋਰਨ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚਲ ਰਹੀਆਂ ਹਨ, ਜਿਸਦੀ ਪੰਥਕ ਹਲਕਿਆਂ ਵਿੱਚ ਕਾਫੀ ਚਰਚਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top