Share on Facebook

Main News Page

ਸਰਨਾ ਸਾਹਿਬ, ਹੁਣ ਤਾਂ ਇਨ੍ਹਾਂ "ਪੱਪੂਆਂ" ਦੀ ਕਚਹਿਰੀ ਵਿੱਚ ਹਾਜਿਰ ਹੋਣਾ ਛੱਡ ਦਿਉ !
- ਇੰਦਰਜੀਤ ਸਿੰਘ, ਕਾਨਪੁਰ

ਮੈਨੂੰ ਯਾਦ ਹੈ ਕਿ ਪਰਮਜੀਤ ਸਿੰਘ ਸਰਨਾ ਸਾਹਿਬ ਦੇ ਭਰਾ ਹਰਵਿੰਦਰ ਸਿੰਘ ਸਰਨਾ ਅਪਣੀ ਬੁਲਾਈ "ਸਿੱਖ ਕਨਵੇਂਸ਼ਨ" ਤੋਂ ਪਹਿਲਾਂ ਕਾਨਪੁਰ ਆਏ ਸਨ, ਤਾਂ ਉਨਾਂ ਨੇ ਮੰਚ ਤੇ ਖਲੋ ਕੇ ਇਹ ਕਹਿਆ ਸੀ, ਕਿ "ਪ੍ਰੋ. ਦਰਸ਼ਨ ਸਿੰਘ ਜੀ, ਅਪਣੇ "ਅਹਿਮ" ਕਰਕੇ "ਸਕੱਤਰੇਤ" ਵਿੱਚ ਨਹੀਂ ਗਏ, ਸਾਨੂੰ ਤਾਂ ਕਈ ਵਾਰ ਬੁਲਾਵਾ ਆਇਆ, ਅਸੀ ਤਾਂ ਜਾ ਕੇ ਮਾਮਲਾ ਰਫਾ ਦਫਾ ਕਰ ਆਏ।" ਉਨਾਂ ਨੂੰ ਕਾਨਪੁਰ ਦੇ ਕਈ ਵੀਰਾਂ ਨੇ ਉਸੇ ਵੇਲੇ ਖਲੋ ਕੇ ਇਸ ਬਿਆਨ ਬਾਰੇ ਟੋਕਿਆ, ਅਤੇ ਕਹਿਆ ਕਿ "ਤੁਸੀ ਸਿਆਸੀ ਲੋਕ ਹੋ, ਸਿਧਾਂਤ ਦੀ ਗਲ, ਤੁਹਾਡੀ ਸਮਝ ਤੋਂ ਬਾਹਰ ਦੀ ਗਲ ਹੈ।"

ਸਰਨਾ ਸਾਹਿਬ, ਕਹਾਵਤ ਹੈ ਕਿ ਦੋ ਬੇੜੀਆਂ ਤੇ ਪੈਰ ਰੱਖਣ ਵਾਲਾ ਹਮੇਸ਼ਾਂ ਦਰਿਆ ਦੇ ਵਿੱਚ ਹੀ ਡਿਗਦਾ ਹੈ। ਤੁਸੀਂ ਇਕ ਪਾਸੇ ਤਾਂ ਬੁਰਛਾਗਰਦਾਂ ਅਤੇ ਕਾਲੀਆਂ ਦਾ ਵਿਰੋਧ ਕਰਦੇ ਰਹੇ, ਉਨਾਂ ਨੂੰ ਨਾਨਕਸ਼ਾਹੀ ਕੈਲੰਡਰ ਦਾ ਕਾਤਿਲ ਕਹਿੰਦੇ ਰਹੇ, ਦੂਜੇ ਪਾਸੇ ਉਨਾਂ ਕੈਲੰਡਰ ਦੇ ਕਾਤਿਲਾਂ ਕੋਲ ਜਾ ਕੇ ਪੇਸ਼ ਹੁੰਦੇ ਰਹੇ। ਇਸ ਦਾ ਅੰਜਾਮ ਤੁਸੀਂ ਹੱਡ ਹੰਢਾ ਕੇ ਵੇਖ ਲਿਆ ਹੈ।

ਤੁਹਾਡੇ ਸਮਰਥਕਾਂ ਵਿਚੋਂ ਕਿਸੇ ਇਕ ਨੇ ਤੁਹਾਨੂੰ ਇਹ ਸਲਾਹ ਨਹੀਂ ਦਿਤੀ ਕਿ, ਇਸ ਤਰ੍ਹਾਂ ਕਰਨ ਨਾਲ, ਜੋ ਬੰਦੇ ਅੱਖੋਂ ਉਹਲੇ, ਤੁਹਾਡੇ ਨਾਲ ਨਾਨਕ ਸ਼ਾਂਹੀ ਕੈਲੰਡਰ ਦੇ ਮੁੱਦੇ ਕਰਕੇ ਜੁੜੇ ਹੋਏ ਸਨ ਅਤੇ ਜਿਨਾਂ ਦੀ ਵਜਿਹ ਨਾਲ ਦਿੱਲੀ ਦੀ ਕੁਰਸੀ ਤੁਹਾਨੂੰ ਮਿਲੀ ਸੀ, ਉਹ ਵੀ ਤੁਹਾਡਾ ਸਾਥ ਛੱਡ ਜਾਣਗੇ ? ਉਹ ਹੀ ਹੋਇਆ, ਤੁਹਾਡਾ ਸਾਥ ਜਾਗਰੂਕ ਤਬਕਾ ਵੀ ਛੱਡ ਗਇਆ । ਬਹੁਤ ਅਫਸੋਸ ਹੈ ਕਿ ਤੁਸੀਂ ਇਨੇ ਵੱਡੇ ਵਾਪਾਰੀ ਅਤੇ ਸਿਆਸੀ ਹੋਣ ਦੇ ਬਾਵਜੂਦ, ਇਹ ਨਾ ਸਮਝ ਸਕੇ ਕਿ ਇਹ ਬੁਰਛਾਗਰਦ ਤੁਹਾਡੀ ਸਾਖ ਗਿਰਾਉਣ ਲਈ ਹੀ ਤਾਂ ਲਾਏ ਗਏ ਹਨ, ਨਾਂ ਕਿ ਤੁਹਾਡੀ ਸਾਖ ਵਧਾਉਣ ਲਈ। ਅੱਜ ਵੀ ਉਨਾਂ ਦਾ ਉਹ ਹੀ ਨਜਰੀਆ ਹੈ ਤੁਹਾਡੇ ਬਾਰੇ।

ਸਰਨਾ ਸਾਹਿਬ ਤੁਹਾਨੂੰ ਗੁਰਬਚਨ ਸਿੰਘ ਨੇ ਇਕ ਵਾਰ ਫਿਰ "ਸਕੱਤਰੇਤ" ਵਿੱਚ ਬੁਲਾ ਕੇ ਤੁਹਾਨੂੰ ਇਕ ਸੁਨਹਿਰੀ ਮੌਕਾ ਦਿਤਾ ਹੈ, ਅਪਣੀ ਗਿਰੀ ਹੋਈ ਸਾਖ ਨੂੰ ਦੋਬਾਰਾ ਸੰਭਾਲਣ ਦਾ । ਤੁਹਾਨੂੰ ਇਸ ਤੋਂ ਵੱਡਾ ਦੂਜਾ ਮੌਕਾ ਸ਼ਾਇਦ ਹੀ ਦੋਬਾਰਾ ਮਿਲ ਸਕੇ । ਜੋ ਗਲਤੀ ਤੁਸੀਂ ਸਕਤੱਰੇਤ ਵਿੱਚ ਗੇੜੇ ਲਾਅ ਲਾਅ ਕੇ ਪਹਿਲਾਂ ਕੀਤੀ, ਉਹ ਹੁਣ ਨਾ ਕਰਿਆ ਜੇ। ਬਲਕਿ ਇਹ ਖੁੱਲਾ ਐਲਾਨ ਕਰ ਦਿਉ, ਕਿ "ਮੈਂ ਅਕਾਲ ਤਖਤ ਦੇ ਮੁਕੱਦਸ ਅਦਾਰੇ ਦਾ ਸਤਕਾਰ ਕਰਦਾ ਹਾਂ, ਅਤੇ ਹਮੇਸ਼ਾਂ ਉਸ ਦੇ ਸਤਕਾਰ ਅਤੇ ਅਦਬ ਨੂੰ ਬਹਾਲ ਕਰਨ ਲਈ ਵਚਨ ਬੱਧ ਹਾਂ"। ਲੇਕਿਨ ਉਸ ਤੇ ਬੈਠੇ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਅਗੇ ਮੈਂ ਪੇਸ਼ ਨਹੀਂ ਹੋਵਾਂਗਾ, ਕਿਉਂਕਿ ਇਹ ਆਪ ਹੀ ਸਿੱਖ ਰਹਿਤ ਮਰਿਯਾਦਾ ਤੋਂ ਬਾਗੀ ਹਨ, ਅਤੇ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮਿਆਂ ਨੂੰ ਆਪ ਹੀ ਨਹੀਂ ਮੰਨਦੇ।"

ਅੱਜ ਫਿਰ ਉਹ ਸਮਾਂ ਆ ਗਇਆ ਹੈ ਸਰਨਾ ਸਾਹਿਬ, ਕਿ ਇਹ ਐਲਾਨ ਕਰ ਦਿਉ ਕਿ "ਮੈਂ ਇਨਾਂ ਅਖੌਤੀ ਜੱਥੇਦਾਰਾਂ ਸਾਮ੍ਹਣੇ ਪੇਸ਼ ਨਹੀ ਹੋਵਾਂਗਾ" ਤੇ ਮੁੜ ਉਨਾਂ ਲੋਕਾਂ ਦਾ ਸਾਥ ਤੁਹਾਨੂੰ ਅਪਣੇ ਆਪ ਮਿਲ ਜਾਏਗਾ, ਜੋ ਅਕਾਲ ਤਖਤ ਦੇ ਸਤਕਾਰ ਅਤੇ ਰੁਤਬੇ ਨੂੰ ਮੁੜ ਬਹਾਲ ਕਰਵਾਉਣ ਲਈ ਯਤਨਸ਼ੀਲ ਹਨ। ਸਕਤੱਰੇਤ ਵਿੱਚ ਗੇੜੀਆਂ ਲਾਉਣ ਨਾਲ ਨਾ ਤਾਂ ਉਹ ਤਬਕਾ ਤੁਹਾਡੇ ਨਾਲ ਖੜਾ ਹੋਣ ਵਾਲਾ ਹੈ, ਜੋ ਇਸ ਪੁਜਾਰੀਵਾਦੀ ਵਿਵਸਥਾ ਤੋਂ ਤਰਸਤ ਅਤੇ ਦੁਖੀ ਹੈ, ਅਤੇ ਨਾਂ ਹੀ ਇਹ ਬੁਰਛਾਗਰਦ ਹੁਣ ਤੁਹਾਨੂੰ ਪਹਿਲਾਂ ਵਾਂਗ ਬਰੀ ਕਰਨ ਵਾਲੇ ਹਨ। ਤੁਹਾਡੇ ਕੋਲ ਸਿਰਫ ਇਕ ਹੀ ਰਾਸਤਾ ਬਚਿਆ ਹੈ, ਅਕਾਲ ਤਖਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਦਬ ਦੀ ਬਹਾਲੀ ਵਿੱਚ ਸੰਘਰਸ਼ ਕਰ ਰਹੇ ਜਾਗਰੂਕ ਤਬਕੇ ਨਾਲ ਜੁੜ ਜਾਉ।

ਜੇ ਤੁਸੀਂ ਇਹ ਸੋਚਦੇ ਹੋ, ਕਿ "ਨਾਨਕ ਸ਼ਾਹੀ ਕੈਲੰਡਰ" ਦੇ ਮੁੱਦੇ ਨੇ ਤੁਹਾਨੂੰ ਹਰਾਇਆ ਹੈ, ਤਾਂ ਇਹ ਤੁਹਾਡੀ ਬਹੁਤ ਵੱਡੀ ਭੁਲ ਹੈ। ਸਰਨਾ ਸਾਹਿਬ ! "ਨਾਨਕਸ਼ਾਹੀ ਕੈਲੰਡਰ" ਹੀ ਤਾਂ ਇਕ ਐਸਾ ਮੁੱਦਾ ਹੈ, ਜੋ ਤੁਹਾਡੇ ਪੱਖ ਵਿੱਚ ਜਾਂਦਾ ਹੈ, ਅਤੇ ਉਸ ਮੁੱਦੇ ਕਰਕੇ ਹੀ ਅੱਜ ਵੀ ਬਹੁਤ ਵੱਡਾ ਤਬਕਾ ਤੁਹਾਡੇ ਨਾਲ ਖੜਾ ਹੈ, ਨਹੀਂ ਤਾਂ ਹੋਰ ਕੇੜ੍ਹਾਂ ਪੰਥਿਕ ਮੁੱਦਾ ਤੁਹਾਡੇ ਕੋਲ ਰਹਿ ਗਇਆ ਹੈ, ਜਿਸ ਨੂੰ ਲੈ ਕੇ ਭਵਿਖ ਵਿੱਚ ਤੁਸੀਂ ਜਾਗਰੂਕ ਸਿੱਖਾਂ ਦਾ ਸਮਰਥਨ ਹਾਸਿਲ ਕਰਨਾ ਹੈ। ਮੈਂ ਯਕੀਨ ਨਾਲ ਇਹ ਕਹਿ ਸਕਦਾ ਹਾਂ ਕਿ, "ਨਾਨਕਸ਼ਾਹੀ ਕੈਲੰਡਰ" ਹੀ ਇਕ ਐਸਾ ਮੁੱਦਾ ਹੈ ਜੋ ਤੁਹਾਨੂੰ ਦੋਬਾਰਾ ਉਸ ਕੁਰਸੀ ਤਕ ਲੈ ਜਾ ਸਕਦਾ ਹੈ। ਵਰਨਾ ਹੁਣ ਤੁਸੀਂ ਆਪ ਸੋਚ ਕੇ ਵੇਖੋ ਕਿ ਤੁਹਾਡੇ ਕੋਲ ਦੂਜਾ ਕੋਈ ਪੰਥਿਕ ਮੁੱਦਾ ਨਹੀਂ ਹੈ ? ਉਨਾਂ ਕੋਲ ਪਾਵਰ ਹੈ, ਮੀਡੀਆ ਹੈ, ਤੁਸੀਂ ਛੋਟੇ ਛੋਟੇ ਮੁੱਦਿਆਂ 'ਤੇ ਉਨਾਂ ਨਾਲ ਟੱਕਰ ਨਹੀਂ ਲੈ ਸਕੋਗੇ ।

ਤੁਹਾਡੇ ਸਲਾਹਕਾਰ ਤੁਹਾਡੇ ਕੋਲੋਂ ਡਰਦੇ ਹਨ, ਜਾਂ ਚਾਪਲੂਸ ਹਨ। ਅਸਲੀਅਤ ਤੁਹਾਡੇ ਅਗੇ ਕਿਸੇ ਰੱਖੀ ਹੀ ਨਹੀਂ, ਫੈਸਲਾ ਤੁਹਾਡੇ ਹੱਥ ਵਿਚ ਹੈ ਕਿ ਤੁਸੀ "ਸਕੱਤਰੇਤ" ਵਿਚ ਇਕ ਵਾਰ ਫਿਰ ਪੇਸ਼ ਹੋਣਾ ਹੈ, ਕਿ ਜਾਗਰੂਕ ਤਬਕੇ ਨੂੰ ਅਪਣੇ ਨਾਲ ਜੋੜਨਾਂ ਹੇ।

ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ ਜੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top