Share on Facebook

Main News Page

ਜਦੋਂ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਸਮੁੰਦਰ 'ਚ 100 ਮੀਲ ਲੰਮੀ ਮੱਛੀ 'ਤੇ ਤੁਰੇ
- ਸੰਪਾਦਕ ਖ਼ਾਲਸਾ ਨਿਊਜ਼

ਸੁਣੋ ਇਸ ਬੰਦੇ ਦੀਆਂ ਗੱਪਾਂ ਜਿਹੜਾ ਇਹ ਕਹਿੰਦਾ ਹੈ ਕਿ ਇਸ ਕੋਲ਼ 250 ਸਾਲ ਪੁਰਾਣੀ ਜਨਮ ਸਾਖੀ ਪਈ ਹੈ, ਜਿਸ ਵਿੱਚ ਇਹ ਲਿਖਿਆ ਹੈ ਕਿ ਜਦੋਂ "ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਸਮੁੰਦਰ 'ਚ 100 ਮੀਲ ਲੰਮੀ ਮੱਛੀ 'ਤੇ ਤੁਰੇ"। (ਨਾਲ ਪਾਈ ਗਈ ਵੀਡੀਓ ਦੇ ਪਿੱਛੇ ਇਸ ਸ਼ਖਸ ਦੀ ਆਵਾਜ਼ ਹੈ)

ਇਸ ਬੰਦੇ ਨੂੰ ਪੁਛੋ ਕਿ ਜਦੋਂ ਡਾਇਨਾਸੋਰ ਹੁੰਦੇ ਸੀ ਉਦੋਂ ਵੀ ਐਡੀ ਵੱਡੀ ਮੱਛੀ ਨਹੀਂ ਸੀ ਹੁੰਦੀ। 100 ਮੀਲ ਲੰਬੀ ਮੱਛੀ!!, ਗੱਪ ਦੀ ਵੀ ਜਾਨ ਕੱਢ ਦਿੱਤੀ ਭਾਈ ਤੁਸੀਂ ਤਾਂ, ਅਸੀਂ ਤਾਂ ਗਪੌੜ ਗਿਆਨੀ ਠਾਕੁਰ ਸਿੰਘ ਅਤੇ ਹਰੀ ਪ੍ਰਸਾਦ ਰੰਧਾਵੇ ਵਾਲੇ ਨੂੰ ਹੀ ਸਭ ਤੋਂ ਵੱਡਾ ਗਪੌੜੀ ਸਮਝਦੇ ਸੀ, ਤੁਸੀਂ ਤਾਂ, ਇਨ੍ਹਾਂ ਤੋਂ ਵੀ ਅਗਾਂਹ ਲੰਘ ਗਏ।

 

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ "ਵੇਲ ਸ਼ਾਰਕ" Whale Shark ਦੁਨੀਆ ਦੀ ਸਭ ਤੋਂ ਵੱਡੀ ਮੱਛੀ ਹੈ, ਜੋ ਕਿ ਸਿਰਫ 65 ਫੁੱਟ ਲੰਬੀ ਹੈ। 1 ਮੀਲ 'ਚ 5,280 ਫੁੱਟ ਹੁੰਦੇ ਹਨ, ਤੇ ਘੱਟੋ ਘੱਟ 81 ਤੋਂ ਵੱਧ ਵੇਲ ਸ਼ਾਰਕਾਂ ਨੂੰ ਜੋੜਕੇ 1 ਮੀਲ ਬਣਦਾ ਹੈ, ਤੇ ਤੁਹਾਡੇ ਹਿਸਾਬ ਨਾਲ 100 ਮੀਲ ਲੰਬੀ ਮੱਛੀ 'ਤੇ ਗੁਰੂ ਸਾਹਿਬ ਤੁਰੇ, ਆਪੇ ਹੀ ਹਿਸਾਬ ਲਾ ਲਵੋ, ਵਿਚਾਰੀ ਗੱਪ ਦੀ ਵੀ ਜਾਨ ਕੱਢੀ ਜਾ ਰਹੇ ਹੋ।

ਤੁਸੀਂ ਬਾਬਾ ਬੁੱਢਾ ਜੀ ਦੀ ਸਾਖੀ ਬਿਆਨ ਕੀਤੀ, ਜਿਸ ਸਾਖੀ ਕਰਕੇ ਹੀ ਇਹ ਸਾਰੇ ਡੇਰੇ ਵਧੇ ਫੁਲੇ। ਤੁਹਾਨੂੰ ਸਾਖੀਆਂ 'ਤੇ ਤਾਂ ਵਿਸ਼ਵਾਸ ਹੈ, ਗੁਰਬਾਣੀ 'ਤੇ ਨਹੀਂ, ਨਾ ਹੀ ਸਾਇੰਸ 'ਤੇ ਹੈ, ਸਿਰਫ ਅਖੌਤੀ ਬ੍ਰਹਮਗਿਆਨੀਆਂ ਦੀਆਂ ਗੱਪਾਂ 'ਤੇ ਵਿਸ਼ਵਾਸ ਹੈ।

ਬਾਬਾ ਬੁੱਢਾ ਜੀ ਦੀ ਮਨਘੜੰਤ ਸਾਖੀ ਅਨੁਸਾਰ, ਗੁਰੂ ਸਾਹਿਬ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਪਾਸ ਭੇਜਿਆ, ਅਗੋਂ ਬਾਬਾ ਬੁੱਢਾ ਜੀ ਨੇ ਸ਼ਰਾਪ ਦਿੱਤਾ 'ਗੁਰੂ ਕਿਆਂ ਨੂੰ ਕੀ ਭਾਜੜਾਂ ਪੈ ਗਈਆਂ"। ਮਾਤਾ ਗੰਗਾ ਜੀ ਫਿਰ ਗਏ, ਤੇ ਪੁੱਤਰ ਦੀ ਦਾਤ ਬਖਸ਼ੀ।

ਇਸ ਨਾਲ ਕੀ ਸਾਬਿਤ ਕਰਨਾ ਚਾਹੁੰਦੇ ਹੋ ਕਿ, ਗੁਰੂ ਸਮਰੱਥ ਨਹੀਂ ਸੀ, ਸ਼ਰੀਰਕ ਪੱਖੋਂ ਕਮਜ਼ੋਰ ਸੀ, ਇਹ ਗੁਰੂ ਵਡੀਆਈ ਹੈ, ਜਾਂ ਆਪਮਾਨ। ਕਿਉਂ ਆਪਣੇ ਹੀ ਗੁਰੂ ਨੂੰ ਖੱਸੀ ਸਾਬਿਤ ਕਰਨਾ ਚਾਹੰਦੇ ਹੋ। ਇਸੇ ਸਾਖੀ ਨੇ ਬਾਬਿਆਂ ਦਾ ਰਾਹ ਪੱਧਰਾ ਕੀਤਾ, ਹਰ ਕੋਈ ਮੁੰਡੇ ਦੀ ਦਾਤ ਬਖਸ਼ ਰਿਹਾ ਹੈ, ਮਾਨ ਸਿਉਂ ਪਿਹੋਵੇ ਵਾਂਗ, ਜੇ ਮੁੰਡਾ ਹੋ ਜਾਵੇ ਤਾਂ ਠੀਕ, ਨਹੀਂ ਤਾਂ ਬੀਬੀਆਂ ਦਾ ਗਰਭਪਾਤ ਕਰਵਾ ਦਿਓ।

ਜਿਹੜਾ ਗੁਰੂ ਇਹ ਕਹਿੰਦਾ ਹੋਵੇ:

ਆਸਾ ਮਹਲਾ ੫ ॥ ਸਤਿਗੁਰ ਸਾਚੈ ਦੀਆ ਭੇਜਿ ॥ ਚਿਰੁ ਜੀਵਨੁ ਉਪਜਿਆ ਸੰਜੋਗਿ ॥ ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥ ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ ਮਿਟਿਆ ਸੋਗੁ ਮਹਾ ਅਨੰਦੁ ਥੀਆ ॥ ਗੁਰਬਾਣੀ ਸਖੀ ਅਨੰਦੁ ਗਾਵੈ ॥ ਸਾਚੇ ਸਾਹਿਬ ਕੈ ਮਨਿ ਭਾਵੈ ॥੨॥ ਵਧੀ ਵੇਲਿ ਬਹੁ ਪੀੜੀ ਚਾਲੀ ॥ ਧਰਮ ਕਲਾ ਹਰਿ ਬੰਧਿ ਬਹਾਲੀ ॥ ਮਨ ਚਿੰਦਿਆ ਸਤਿਗੁਰੂ ਦਿਵਾਇਆ ॥ ਭਏ ਅਚਿੰਤ ਏਕ ਲਿਵ ਲਾਇਆ ॥੩॥ ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ ਬੁਲਾਇਆ ਬੋਲੈ ਗੁਰ ਕੈ ਭਾਣਿ ॥ ਗੁਝੀ ਛੰਨੀ ਨਾਹੀ ਬਾਤ ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥ {ਪੰਨਾ 396}

ਉਹ ਆਪ ਹੀ ਆਪਣੇ ਕਹੇ 'ਤੇ ਨਾ ਤੁਰੇ, ਇਹ ਹੋ ਹੀ ਨਹੀਂ ਸਕਦਾ।

ਗੁਰਬਾਣੀ ਅਟੱਲ ਸੱਚਾਈ ਹੈ, ਜਨਮਸਾਖੀਆਂ ਲੋਕਾਂ ਵਲੋਂ ਲਿਖੀਆਂ ਗਈਆਂ, ਜਿਸ ਵਿੱਚ ਗੱਪਾਂ ਵੱਧ, ਤੇ ਸੱਚਾਈ ਘੱਟ। ਸਿੱਖ ਲਈ ਗੁਰਬਾਣੀ ਤੋਂ ਉਪਰ ਕੁੱਝ ਨਹੀਂ।

ਰਹੀ ਗੱਲ ਭਾਈ ਪੰਥਪ੍ਰੀਤ ਸਿੰਘ ਅਤੇ Sikh Voice ਬਾਰੇ, ਇਸ ਸ਼ਖਸ ਵਲੋਂ ਬਕੜਵਾਹ ਕਰਨ ਦੀ, ਇਹ ਸਭ ਜਾਣਦੇ ਹਨ ਕਿ ਭਾਈ ਪੰਥਪ੍ਰੀਤ ਸਿੰਘ ਜੀ ਸਿਰਫ ਗੁਰਬਾਣੀ ਗੁਰਮਤਿ ਦਾ ਪ੍ਰਚਾਰ ਕਰਦੇ ਹਨ, ਅਤੇ ਗਪੌੜ ਸਾਖੀਆਂ ਅਤੇ ਇਤਿਹਾਸ ਵਿੱਚ ਆਈਆਂ ਗਲਤੀਆਂ ਬਾਰੇ ਖੁੱਲ ਕੇ ਪ੍ਰਚਾਰ ਕਰਦੇ ਹਨ, ਜਿਸ ਕਰਕੇ ਇਨ੍ਹਾਂ ਭਾਈ ਸਾਹਿਬ ਵਰਗੇ ਕਈ ਹੋਰ ਡੇਰਾਵਾਦੀ ਸੋਚ ਵਾਲੇ ਲੋਕਾਂ ਦੇ ਢਿੱਡ ਪੀੜ ਹੋਣੀ ਲਾਜ਼ਮੀ ਹੈ। ਜਿਸਦੀ ਪ੍ਰਵਾਹ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੇ ਨਾ ਕਦੀ ਕੀਤੀ ਹੈ, ਨਾ ਕਰਨੀ ਹੈ।

ਅਖੌਤੀ ਬ੍ਰਹਮਗਿਆਨੀਆਂ (ਅਸਲ 'ਚ ਭਰਮਗਿਆਨੀ), ਬਾਬਿਆਂ, ਪੱਪੂਆਂ ਨੇ ਸਿੱਖੀ ਦਾ ਜੋ ਬੇੜਾ ਗਰਕ ਕਰ ਦਿੱਤਾ ਹੈ, ਉਸਦੀ ਭਰਪਾਈ ਕਰਨੀ ਬਹੁਤ ਔਖੀ ਹੈ, ਪਰ ਜਾਗਰੂਕ ਸਿੱਖ, ਸੰਸਥਾਂਵਾਂ ਆਪਣਾ ਜ਼ੋਰ ਲਾਈ ਚੱਲਣ ਅਤੇ ਇੱਕਠੇ ਹੋ ਕੇ ਲਹਿਰ ਬਣਕੇ, 100 ਮੀਲ ਲੰਬੀਆਂ ਮੱਛੀਆਂ ਨੂੰ ਪਰੇ ਧੱਕ ਕੇ, ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱੜ ਲੱਗ ਕੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top