Share on Facebook

Main News Page

ਸ਼ਹੀਦੀ ਯਾਦਗਾਰਾਂ 'ਤੇ ਹੋ ਰਹੀ ਸਿਆਸਤ
- ਗਜਿੰਦਰ ਸਿੰਘ, ਦਲ ਖਾਲਸਾ

ਨਵੰਬਰ ੧੯੮੪ ਵਿੱਚ ਦਿੱਲੀ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਵਿੱਚ ਸ਼ਹੀਦ ਹੋਣ ਵਾਲਿਆਂ ਦੀ ਯਾਦਗਾਰ ਦਾ ਨੀਂਹ ਪੱਥਰ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਅਹਾਤੇ ਅੰਦਰ ਰੱਖ ਦਿੱਤਾ ਗਿਆ ਹੈ । ਕਾਫੀ ਵਿਵਾਦ ਦੇ ਬਾਦ ਇਹ ਨੀਂਹ ਪੱਥਰ ਰਖਿਆ ਗਿਆ ਹੈ । ਇਸ ਸ਼ਹੀਦੀ ਯਾਦਗਾਰ 'ਤੇ ਸਿਆਸਤ ਵੀ ਬਹੁਤ ਹੋਈ ਹੈ, ਤੇ ਸਿਆਸਤ ਵੀ ਬੇਅਸੂਲੀ ।

ਦਿੱਲੀ ਗੁਰਦਵਾਰਾ ਕਮੇਟੀ ਵਾਲਿਆਂ ਨੇ ਆਪਣੀ ਸਿਆਸੀ ਧਿਰ, ਤੇ ਖਾਸ ਕਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿੱਪ ਨੂੰ ਵੀ ਇਸ ਮੌਕੇ ਸਦਿਆ ਹੋਇਆ ਸੀ । ਸਪੀਕਰ ਤੋਂ ਬਾਦ ਸਪੀਕਰ ਨਵੰਬਰ ੮੪ ਦੇ ਕਤਲੇਆਮ ਦਾ ਜ਼ਿਕਰ ਕਰ ਰਿਹਾ ਸੀ, ਪੁਰਾਤਨ ਘੱਲੂਘਾਰਿਆਂ ਤੇ ਸ਼ਹਾਦਤਾਂ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਸੀ, ਪਰ ਦਰਬਾਰ ਸਾਹਿਬ ਉਤੇ ਹੋਏ ਹਮਲੇ ਦੇ ਜ਼ਿਕਰ ਤੋਂ ਬਚਿਆ ਜਾ ਰਿਹਾ ਸੀ । ਕਾਰਨ ਬਹੁਤ ਸਾਫ ਤੇ ਸਪਸ਼ਟ ਸੀ । ਜਿਵੇਂ ਨਵੰਬਰ ੮੪ ਦੇ ਦਿੱਲੀ ਦੇ ਕਤਲੇਆਮ ਲਈ ਕਾਂਗਰਸ ਮੁੱਖ ਜ਼ਿੰਮੇਵਾਰ ਹੈ, ਉਸੇ ਤਰਾਂ ਜੂਨ ੮੪ ਲਈ ਵੀ ਕਾਂਗਰਸ ਹੀ ਮੁੱਖ ਤੌਰ ਤੇ ਜ਼ਿੰਮੇਵਾਰ ਹੈ, ਪਰ ਦੋਹਾਂ ਵਿੱਚ ਫਰਕ ਇਹ ਹੈ ਕਿ ਜੂਨ ੮੪ ਦੇ ਭਾਰਤੀ ਫੌਜ ਦੇ ਹਮਲੇ ਦੀ ਹਮਾਇਤ ਬੀ ਜੇ ਪੀ, ਕਾਂਗਰਸ ਤੋਂ ਦੋ ਹੱਥ ਅੱਗੇ ਵੱਧ ਕੇ ਕਰਦੀ ਰਹੀ ਹੈ, ਤੇ ਕਰਦੀ ਹੈ ।

ਜੂਨ ੮੪ ਵੇਲੇ ਬੀ ਜੇ ਪੀ ਦੇ ਵੱਡੇ ਲੀਡਰਾਂ ਨੇ ਇੰਦਰਾ ਗਾਂਧੀ ਨੂੰ ਸਿਰਫ ਮੁਬਾਰਕਬਾਦ ਹੀ ਨਹੀਂ ਸੀ ਦਿੱਤੀ, ਪਰ “ਦੇਰ ਨਾਲ ਚੁਕਿਆ ਗਿਆ ਸਹੀ ਕਦਮ” ਵੀ ਕਿਹਾ ਸੀ । ਹਮਲਾ ਕਰਨ ਵਾਲੇ ਫੌਜੀਆਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਹਾਰ ਹੀ ਨਹੀਂ ਸਨ ਪਾਏ, ਮਠਿਆਈਆਂ ਵੰਡੀਆਂ ਤੇ ਮੋਮਬੱਤੀਆਂ ਵੀ ਜਗਾਈਆਂ ਸਨ । ਇੰਦਰਾ ਗਾਂਧੀ, ਅਹਿਮਦ ਸ਼ਾਹ ਅਬਦਾਲੀ, ਤੇ ਮੱਸੇ ਰੰਗੜ ਦਾ ਜ਼ਿਕਰ ਇੱਕੋ ਸਾਹ ਵਿੱਚ ਕਰਨ ਵਾਲੇ ਇਹਨਾਂ ਲੀਡਰਾਂ ਨੂੰ “ਬਾਬਾ ਦੀਪ ਸਿੰਘ ਤੇ ਸੰਤ ਜਰਨੈਲ ਸਿੰਘ, ਤੇ ਜਨਰਲ ਸ਼ਾਹਬੇਗ ਸਿੰਘ” ਸਿੰਘ ਕਿਵੇਂ ਵੱਖ ਵੱਖ ਲੱਗਦੇ ਨੇ ? “ਬੋਤਾ ਸਿੰਘ ਗਰਜਾ ਸਿੰਘ, ਤੇ ਸੁੱਖਦੇਵ ਸਿੰਘ ਬੱਬਰ ਤੇ ਗੁਰਜੰਟ ਸਿੰਘ ਬੁੱਧਸਿੰਘਵਾਲਾ” ਵਿੱਚ ਇਹਨਾਂ ਨੂੰ ਕੀ ਫਰਕ ਨਜ਼ਰ ਆਉਂਦਾ ਹੈ ? ਦਿੱਲੀ ਵਿੱਚ ਬਹੁਤ ਗੱਜ ਵੱਜ ਕੇ ਸਿੱਖਾਂ ਤੇ ਹੋਣ ਵਾਲੇ ਜ਼ੁਲਮਾਂ ਦੇ ਖਿਲਾਫ ਬੋਲਣ ਵਾਲਿਆਂ ਦੀ ਜ਼ੁਬਾਨ, ਅਮ੍ਰਤਿਸਰ ਵਿੱਚ ਕਿਓਂ ਨਹੀਂ ਖੁੱਲਦੀ । ਇਹਨਾਂ ਨੂੰ ਬਾਬਾ ਦੀਪ ਸਿੰਘ ਸਤਿਕਾਰਯੋਗ ਲੱਗਦੇ ਨੇ, ਪਰ ਸੰਤ ਜਰਨੈਲ ਸਿੰਘ ਕਿਓਂ ਨਹੀਂ ਲੱਗਦੇ? ਅੱਜ ਦੇ ਜੁਝਾਰੂ, ਕੱਲ ਦੇ ਇੱਤਹਾਸਕ ਪਾਤਰਾਂ ਤੋਂ ਵੱਖ ਕਿਵੇਂ ਨੇ? ਜਿਨਾਂ ਨੇ ਕੱਲ ਮੁਗਲਾਂ ਤੇ ਅਬਦਾਲੀਆਂ, ਨਾਲ ਲੋਹਾ ਲਿਆ, ਉਹ ਕੌਮ ਦਾ ਆਦਰਸ਼ ਹੋਏ, ਤੇ ਜਿਨਾਂ ਨੇ ਅੱਜ ਦੇ ਹਾਕਮਾਂ ਤੇ ਜਾਬਰਾਂ ਨਾਲ ਲੋਹਾ ਲਿਆ, ਉਹ ਅਤਿਵਾਦੀ, ਤੇ ਵੱਖਵਾਦੀ ਹੋ ਗਏ । ਇੱਤਹਾਸ ਤੁਹਾਡੀਆਂ ਤਕਰੀਰਾਂ ਨਾਲ ਨਹੀਂ ਚੱਲਣਾ, ਕੌਮ ਲਈ ਸੰਘਰਸ਼ ਕਰਨ ਵਾਲਿਆਂ ਦੀਆਂ ਕੁਰਬਾਨੀਆਂ ਨਾਲ ਚੱਲਣਾ ਹੈ ।

ਸ਼ਹੀਦਾਂ ਦੀ ਯਾਦਗਾਰ ਦਿੱਲੀ ਵਿੱਚ ਬਣੇ ਜਾਂ ਅਮ੍ਰਤਿਸਰ ਵਿੱਚ, ਦੋਹਾਂ ਥਾਈਂ ਠੀਕ ਹੈ, ਤੇ ਸੱਭ ਨੂੰ ਠੀਕ ਲੱਗਣੀ ਹੀ ਚਾਹੀਦੀ ਹੈ । ਅਸੀਂ ਦੋਹੀਂ ਥਾਈਂ ਇਸ ਦੇ ਹਾਮੀ ਹਾਂ । ਪਰ ਤੁਹਾਡੇ ਲਈ ਇੰਝ ਨਹੀਂ ਹੈ ।ਅਮ੍ਰਤਿਸਰ ਵਿੱਚ ਯਾਦਗਾਰ ਬਣੇ ਤਾਂ ਬੀ ਜੇ ਪੀ ਮੁਖਾਲਿਫ, ਤੇ ਦਿੱਲੀ ਵਿੱਚ ਬਣੇ ਤਾਂ ਹਾਮੀ, ਪਰ ਅਕਾਲੀ ਦੱਲ ਤੇ ਬੀ ਜੇ ਪੀ ਦਾ ਰਿਸ਼ਤਾ ਫਿਰ ਵੀ ਅਟੁੱਟ । ਜੋ ਗੁਨਾਹ ਕਾਂਗਰਸ ਨੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕਰ ਕੇ ਕੀਤਾ ਹੈ, ਉਹੀ ਗੁਨਾਹ ਬੀ ਜੇ ਪੀ ਨੇ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰ ਕੇ ਕੀਤਾ ਹੈ । ਇਹ ਦੋਵੇਂ ਜਮਾਤਾਂ ਇਨਸਾਨੀਅਤ ਦੀਆਂ ਮੁਜਰਿਮ ਹਨ ।

ਦਿੱਲੀ ਵਿੱਚ ਬਣਨ ਵਾਲੀ ਯਾਦਗਾਰ ਦੇ ਮੁਖਾਲਿਫ ਧੜੇ ਨੇ ਵੀ ਕੁੱਝ ਅਜੀਬ ਤੇ ਗਲਤ ਗੱਲਾਂ ਕੀਤੀਆਂ ਹਨ । ਇਹ ਕਹਿਣਾ ਕਿ ਗੁਰਦਵਾਰੇ ਵਿੱਚ ਯਾਦਗਾਰ ਨਹੀਂ ਬਣ ਸਕਦੀ, ਕਿਸੇ ਵੀ ਤਰਾਂ੍ਹ ਦਰੁਸਤ ਨਹੀਂ ਹੈ । ਸਿੱਖਾਂ ਦੇ ਤਾਂ ਬਹੁਤੇ ਗੁਰਦਵਾਰੇ ਹੀ ਇਤਹਾਸਿਕ ਘਟਨਾਵਾਂ ਦੀਆਂ ਯਾਦਗਾਰਾਂ ਹਨ । ਇਹ ਕਹਿਣਾ ਕਿ ਦਿੱਲੀ ਵਿੱਚ ਮਾਰੇ ਗਏ ਸਿੱਖ ਸ਼ਹੀਦ ਨਹੀਂ ਹਨ, ਇਹ ਵੀ ਦਰੁਸਤ ਨਹੀਂ ਹੈ । ਪੁਰਾਤਨ ਛੋਟੇ ਵੱਢੇ ਘੱਲੂਘਾਰਿਆਂ ਵਿੱਚ ਮਾਰੇ ਜਾਣ ਵਾਲੇ ਬਹੁਤੇ ਸਿੱਖ ਵੀ ਸੰਘਰਸ਼ ਨਾਲ ਸਿੱਦੇ ਤੌਰ ਤੇ ਜੁੜੇ ਹੋਏ ਨਹੀਂ ਸਨ । ਯਾਦਗਾਰ ਬਣਾਏ ਜਾਣ ਦੇ ਖਿਲਾਫ ਅਦਾਲਤ ਵਿੱਚ ਜਾਣਾ, ਇਹ ਇਸ ਧੜੇ ਦੀ ਤੀਜੀ ਵੱਡੀ ਗਲਤੀ ਹੈ । ਸਾਨੂੰ ਧੜੇਬੰਦੀ ਦੀ ਸਿਆਸਤ ਵਿੱਚ ਇੰਨਾ ਦੂਰ ਨਹੀਂ ਨਿਕਲ ਜਾਣਾ ਚਾਹੀਦਾ ਕਿ ਕੌਮ ਦੇ ਹਿੱਤ ਧੜ੍ਹੇ ਦੇ ਹਿੱਤ ਤੋਂ ਪਿੱਛੇ ਰਹਿ ਜਾਣ ।

ਬਾਦਲ ਤੇ ਸਰਨਾ ਧੜ੍ਹੇ ਦੀ ਸਿਆਸਤ ਵੱਖੋ ਵੱਖ ਹੋ ਸਕਦੀ ਹੈ, ਤੇ ਉਹਨਾਂ ਦੇ ਇੱਤਹਾਦੀ ਵੀ । ਪਰ ਇੱਕ ਸਿੱਖ ਦੇ ਤੌਰ ਤੇ ਸੋਚਿਆਂ ਸਾਡੇ ਲਈ ਕਾਂਗਰਸ ਤੇ ਬੀ ਜੇ ਪੀ ਵਿੱਚ ਕੋਈ ਫਰਕ ਨਹੀਂ ਹੈ । ਇੱਕ ਧਿਰ ਜੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਹੈ, ਤਾਂ ਦੂਜੀ ਹਮਲੇ ਦੀ ਵੱਧ ਚੜ੍ਹ ਕੇ ਹਮਾਇਤ ਕਰਨ ਵਾਲੀ ਹੈ ।

ਗੱਲ ਅੱਜ “ਗੰਗੂ” ਦੀ ਨਹੀਂ, ਗੰਗੂ ਦੀ ਰੂਹ ਦੀ ਹੈ, ਜੋ ਇਹਨਾਂ ਸੱਭ ਦੇ ਅੰਦਰ ਵੱਸਦੀ ਹੈ । ਇੱਕ ਪੁਰਾਣੀ ਕਵਿਤਾ ਦੀ ਲਾਈਨ ਯਾਦ ਆ ਰਹੀ ਹੈ ……

ਇੰਦਰਾ ਦਿਸਾਈ ਏ, ਜਾਂ ਚਰਨ ਵਾਜਪਾਈ ਏ
ਜੀਭ ਸਾਰਿਆ ਦੀ ਸਾਡੇ ਲਹੂ ਦੀ ਤਿਹਾਈ ਏ


ਆਪੋ ਆਪਣੇ ਹਿੱਤਾਂ ਨੂੰ ਛੱਡ ਕੇ ਇਹਨਾਂ ਦੋਹਾਂ ਜਮਾਤਾਂ ਦੇ ਲੀਡਰਾਂ ਦੇ ਸਿੱਖਾਂ ਪ੍ਰਤੀ ਰਵਈਏ ਵਿੱਚ ਕੋਈ ਫਰਕ ਹੈ, ਤਾਂ ਦੱਸੋ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top