Share on Facebook

Main News Page

ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ, ਹਿੰਦੂ ਨਹੀਂ, ਸਿੱਖ ਸਨ
- ਸੰਪਾਦਕ ਖ਼ਾਲਸਾ ਨਿਊਜ਼

ਸਿੱਖ ਸ਼ਹੀਦਾਂ ਦੀ ਯਾਦਗਾਰ ਬਨਾਉਣ ਲੱਗਿਆਂ ਤਾਂ ਐਨੇ ਰੇੜਕੇ ਪਾਏ ਗਏ, ਤੇ ਹੁਣ ਬ੍ਰਾਹਮਣ ਸਭਾ ਵਲੋਂ ਖੇਡੀ ਗਈ ਚਾਲ, ਫੱਟ ਮੰਨ ਲਈ। ਜਿੰਨਾਂ ਨੁਕਸਾਨ ਬਾਦਲ ਨੇ ਸਿੱਖ ਕੌਮ ਦਾ ਕੀਤਾ ਹੈ, ਸ਼ਾਇਦ ਮੁਗਲਾਂ ਨੇ ਵੀ ਨਾ ਕੀਤਾ ਹੋਵੇ।

ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਨਹੀਂ ਸੀ ਦਿੱਤੀ, ਮਨੁੱਖੀ ਅਧਿਕਾਰਾਂ ਦੀ ਖਾਤਿਰ ਸ਼ਹੀਦੀ ਦਿੱਤੀ ਸੀ। ਜੇ ਕਰ ਅਕ੍ਰਿਤਘਣ ਹਿੰਦੂਆਂ ਦੇ ਥਾਂ 'ਤੇ ਕੋਈ ਹੋਰ ਵੀ ਹੁੰਦਾ ਤਾਂ ਵੀ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਉਣਾ ਸੀ, ਸ਼ਹੀਦੀ ਦੇਣੀ ਸੀ। ਪਰ ਬਾਦਲ ਵਰਗੇ ਗੱਦਾਰ-ਏ-ਕੌਮ ਨੇ ਗੁਰੂ ਸਾਹਿਬ ਦੀ ਸ਼ਹੀਦੀ ਵੀ ਛੁਟਿਆ ਦਿੱਤੀ ਹੈ।

ਗੁਰੂ ਸਾਹਿਬ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ, ਹਿੰਦੂ ਨਹੀਂ, ਸਿੱਖ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੰਗਤ 'ਚ ਰਹਿ ਕੇ ਗੁਰਬਾਣੀ ਦਾ ਰੰਗ ਮਾਣਿਆ ਅਤੇ ਗੁਰੂ ਦੇ ਦੱਸੇ ਮਾਰਗ 'ਤੇ ਚਲਕੇ ਸ਼ਹੀਦੀ ਜਾਮ ਪੀਤਾ।

ਬ੍ਰਾਹਮਣ ਸਭਾ ਵਾਲੇ ਤਾਂ ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਸਿੱਖਾਂ ਦੇ ਗੁਰੂ ਨੇ ਕੋਈ ਵੱਡਾ ਕੰਮ ਨਹੀਂ ਕੀਤਾ, ਸਗੋਂ ਉਨ੍ਹਾਂ ਦੇ ਨਾਲ ਗਏ 3 ਹਿੰਦੂਆਂ (ਬ੍ਰਾਹਮਣ ਸਭਾ ਦੇ ਕਹੇ ਅਨੁਸਾਰ) ਨੇ ਪਹਿਲਾਂ ਸ਼ਹੀਦੀ ਦਿੱਤੀ, ਫਿਰ ਗੁਰੂ ਸਾਹਿਬ ਨੇ। ਜਿਸ ਨਾਲ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਛੋਟਾ ਸਾਬਿਤ ਕੀਤਾ ਜਾ ਸਕੇ, ਜਿਸ 'ਤੇ ਬਾਦਲ ਮੋਹਰ ਲਾ ਰਿਹਾ ਹੈ। ਬ੍ਰਾਹਮਣ ਸਭਾ ਵਾਲੇ ਤਾਂ ਭਾਈ ਮਤੀ ਦਾਸ ਨੂੰ "ਸ੍ਰੀ ਗੁਰੂ ਮਤੀ ਦਾਸ ਸ਼ਰਮਾ" ਕਹਿੰਦੇ ਹਨ, ਜਿਨ੍ਹਾਂ ਨੇ ਹਿੰਦੂ ਧਰਮ ਲਈ ਸ਼ਹੀਦੀ ਦਿੱਤੀ। ਸਿੱਖਾਂ ਦੇ ਗੁਰੂ ਨੇ ਕਿਹੜਾ ਵੱਡਾ ਕੰਮ ਕੀਤਾ।

ਇਹ ਬਾਦਲ ਆਰ.ਐਸ.ਐਸ ਦਾ ਝੋਲੀ ਚੁੱਕ, ਬੇਸ਼ਰਮਾਂ ਦੀ ਤਰ੍ਹਾਂ, ਆਪਣੀ ਕੁਰਸੀ ਖਾਤਿਰ, ਕੌਮ ਨੂੰ ਵੇਚੀ ਜਾ ਰਿਹਾ ਹੈ, ਤੇ ਨਾਸਮਝ ਸਿੱਖ ਇਸ ਗੱਦਾਰ ਨੂੰ ਵੋਟਾਂ ਦੇ ਕੇ ਗੱਦੀ 'ਤੇ ਬਿਠਾ ਰਹੇ ਨੇ, ਤੇ ਆਪਣੇ ਪੈਰ 'ਤੇ ਆਪ ਕੁਹਾੜਾ ਮਾਰ ਰਹੇ ਨੇ। ਬਾਦਲ ਨਾਲੋਂ ਤਾਂ ਨਿਤਿਸ਼ ਕੁਮਾਰ ਚੰਗਾ ਨਿਕਲਿਆ, ਜਿਸਨੇ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਲਿਆ।

ਅਤੇ ਦੂਜੇ ਪਾਸੇ ਬਾਦਲ ਦੇ ਦੱਲੇ ਚਾਰ ਪੱਪੂ (ਨੰਦਗ੍ਹੜ ਨੂੰ ਛੱਡ ਕੇ), ਆਰ.ਐਸ.ਐਸ. ਵਿਰੁੱਧ ਜਾਰੀ ਹੋਇਆ ਹੁਕੁਮ ਵੀ ਵਾਪਿਸ ਲੈਣਾ ਚਾਹੁੰਦੇ ਸਨ, ਜਿਸ ਨਾਲ ਸਿੱਖ ਕੌਮ ਛੇਤੀ ਤੋਂ ਛੇਤੀ ਹਿੰਦੂ ਸਾਬਿਤ ਕੀਤਾ ਜਾ ਸਕੇ। ਨਾਨਕਸ਼ਾਹੀ ਕੈਲੰਡਰ ਦਾ ਤਾਂ ਪਹਿਲਾਂ ਹੀ ਭੋਗ ਪੈ ਚੁਕਾ ਹੈ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਨੂੰ ਰੱਖ ਕੇ ਗੁਰੂ ਦਾ ਵੀ ਭੋਗ ਪਾਉਣ ਦੀਆਂ ਵਿਉਂਤਾਂ ਚੱਲ ਰਹੀਆਂ ਨੇ। ਇਸੇ ਤਰ੍ਹਾਂ ਇਹ ਸਭ ਕੁੱਝ ਚਲਦਾ ਰਿਹਾ ਤਾਂ, ਉਹ ਦਿਨ ਦੂਰ ਨਹੀਂ, ਜਿਸ ਦਿਨ ਫਿਰ ਤੋਂ ਦਰਬਾਰ ਸਾਹਿਬ ਅਤੇ ਗੋਲਕਦੁਆਰਿਆਂ ਵਿੱਚ ਮੂਰਤੀਆਂ ਸਥਾਪਿਤ ਹੋਣਗੀਆਂ, ਫਿਰ ਅੱਖਾਂ 'ਚ ਘਸੁੰਨ ਦੇ ਕੇ ਰੋਇਓ ਸਿਖੋ!!!

 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top