Share on Facebook

Main News Page

ਆਰ.ਐਸ.ਐਸ ਦੇ ਖਿਲਾਫ ਜਾਰੀ ਹੁਕਮਨਾਮਾ ਨਹੀਂ ਹੋ ਸਕਿਆ ਵਾਪਸ

ਨੋਟ: ਇਹ ਖਬਰ ਜਿਸ ਤਰ੍ਹਾਂ ਸਾਨੂੰ ਮਿਲੀ ਹੈ, ਅਸੀਂ ਉਸੇ ਤਰ੍ਹਾਂ ਛਾਪੀ ਹੈ। ਸਾਡੇ ਲਈ ਇਹ ਪੱਪੂ ਹਨ, ਸਿੰਘ ਸਾਹਿਬਾਨ ਨਹੀਂ। - ਸੰਪਾਦਕ ਖ਼ਾਲਸਾ ਨਿਊਜ਼

* ਜਥੇਦਾਰ 6 ਜੂਨ ਨੂੰ ਦਿੱਤੇ ਆਪਣੇ ਬਿਆਨ ਤੋਂ ਮੁੱਕਰਿਆ

ਅੰਮ੍ਰਿਤਸਰ 17 ਜੂਨ (ਜਸਬੀਰ ਸਿੰਘ ਪੱਟੀ) ਸ਼੍ਰੀ ਅਕਾਲ ਤਖਤ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਆਰ.ਐਸ.ਐਸ ਦੇ ਖਿਲਾਫ ਹੋਏ ਹੁਕਮਨਾਮੇ ਨੂੰ ਵਾਪਸ ਲੈਣ ਦੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀਆਂ ਵਿਉਤਾਂ ਤੇ ਸਕੀਮਾਂ ਨੂੰ ਉਸ ਵੇਲੇ ਬੂਰ ਨਾ ਪਿਆ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਨੰਦਗੜ੍ਹ ਨੇ ਇਸ ਦੀ ਡੱਟ ਕੇ ਵਿਰੋਧ ਕਰਦਿਆਂ ਕਿਹਾ ਕਿ ਜਿਹਨਾਂ ਜਥੇਦਾਰਾਂ ਨੇ ਵਿਦੇਸ਼ਾਂ ਵਿੱਚ ਡਾਲਰਾਂ ਤੇ ਪੌਡਾਂ ਦੀ ਉਗਰਾਹੀ ਕਰਨ ਜਾਣਾ ਹੈ, ਉਹ ਹੁਕਮਨਾਮਾ ਵਾਪਸ ਲੈਣ ਤੋਂ ਪਹਿਲਾਂ ਆਪਣੇ ਵਿਦੇਸ਼ੀ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਆਪਣੇ ਆਪ ਨੂੰ ਸੁਰੱਖਿਅਤ ਕਰਨ ਬਾਰੇ ਜਰੂਰ ਸੋਚ ਲੈਣ।

ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਪੂਰੀ ਤਰ੍ਹਾਂ ਬੇਸਿੱਟਾ ਰਹੀ ਅਤੇ ਕਿਸੇ ਵੀ ਮੁੱਦੇ ਤੇ ਠੋਸ ਫੈਸਲਾ ਨਹੀਂ ਲਿਆ ਗਿਆ, ਜਦ ਕਿ ਦਿੱਲੀ ਵਿਖੇ ਉਸਾਰੀ ਜਾਣ ਵਾਲੀ ਸ਼ਹੀਦੀ ਯਾਦਗਾਰ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਦਿੱਲੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਮਨਜੀਤ ਸਿੰਘ ਸਰਨਾ ਦੀ ਮਜਬੂਰੀ ਕਾਰਨ ਨਾ ਆ ਸਕਣ ਬਾਰੇ ਉਹਨਾਂ ਅਗਲੀ ਮੀਟਿੰਗ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ।

ਕਰੀਬ ਚਾਰ ਘੰਟੇ ਚੱਲੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਪਰਮਜੀਤ ਸਿੰਘ ਸਰਨਾ ਨੂੰ ਅੱਜ ਦੀ ਮੀਟਿੰਗ ਵਿੱਚ ਉਸ ਵੱਲੋਂ ਸ਼ਹੀਦੀ ਯਾਦਗਾਰ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਬੁਲਾਇਆ ਗਿਆ ਸੀ, ਪਰ ਉਹਨਾਂ ਨੇ ਆਪਣੀ ਵਪਾਰੀ ਤੇ ਸਰਕਾਰੀ ਮਜਬੂਰੀ ਦੱਸਦਿਆਂ ਇੱਕ ਪੱਤਰ ਦੇ ਆਪਣਾ ਇੱਕ ਏਲਚੀ ਭਜਨ ਸਿੰਘ ਵਾਲੀਆ ਨੂੰ ਭੇਜਿਆ ਸੀ, ਜਿਸਦੇ ਤੇ ਪੰਜ ਸਿੰਘ ਸਾਹਿਬਾਨ ਨੇ ਵਿਚਾਰ ਕਰਦਿਆਂ ਫੈਸਲਾ ਕੀਤਾ ਹੈ, ਕਿ ਉਸ ਨੂੰ ਅਗਲੀ ਮੀਟਿੰਗ ਵਿੱਚ ਬੁਲਾਇਆ ਜਾਵੇਗਾ।

ਇਸੇ ਤਰ੍ਹਾਂ ਜਥੇਦਾਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਗੁਰਬਾਣੀ ਦੀ ਤੁੱਕ ਜਾ ਫਿਰ ਧਾਰਮਿਕ ਨਿਸ਼ਾਨ ਦਾ ਟੈਟੂ ਆਪਣੇ ਸਰੀਰ 'ਤੇ ਨਾ ਛਪਵਾਏ ਅਤੇ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਧਾਰਾ 295 ਏ ਦੇ ਤਹਿਤ ਪਰਚਾ ਦਰਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੜੀਆਂ ਮਸਾਣਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਜਾਣ ਦੀ ਸ੍ਰੀ ਅਕਾਲ ਤਖਤ ਵੱਲੋਂ ਪੂਰੀ ਰੋਕ ਲਗਾਈ ਗਈ ਹੈ ਅਤੇ ਜੇਕਰ ਕਿਸੇ ਗ੍ਰੰਥੀ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਅਕਾਲ ਤਖਤ ਤੇ ਪੁੱਜੀ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਸ਼ਹੀਦ ਯਾਦਗਾਰ ਵਿਖੇ ਕਿਸੇ ਵੀ ਪ੍ਰਕਾਰ ਦੀ ਤਬਦੀਲੀ ਨਾ ਕੀਤੇ ਜਾਣ ਬਾਰੇ 6 ਜੂਨ ਨੂੰ ਉਹਨਾਂ ਵੱਲੋ ਮਹਿਤਾ ਵਿਖੇ ਦਿੱਤੇ ਗਏ ਬਿਆਨ ਬਾਰੇ ਪੁੱਛੇ ਜਾਣ ਤੇ ਉਹਨਾਂ ਪੂਰੀ ਤਰ੍ਹਾਂ 180 ਡਿਗਰੀ 'ਤੇ ਮੋੜ ਕਰਕੇ ਪੂਰੀ ਤਰ੍ਹਾਂ ਮੁੱਕਰਦਿਆਂ ਕਿਹਾ ਕਿ ਉਹਨਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ, ਜਦ ਕਿ ਇਹ ਬਿਆਨ ਜਲੰਧਰ ਤੋ ਛੱਪਦੀ ਇੱਕ ਪੰਥਕ ਅਖਬਾਰ ਦੇ ਇੱਕ ਜਿੰਮੇਵਾਰ ਪੱਤਰਕਾਰ ਨੇ ਛਾਪਿਆ ਸੀ। ਉਹਨਾਂ ਕਿਹਾ ਕਿ ਉਸ ਦਿਨ ਦੇ ਸਮਾਗਮ ਦੀ ਪੂਰੀ ਸੀ.ਡੀ ਕੱਢਵਾ ਕੇ ਵੇਖੀ ਜਾ ਸਕਦੀ ਹੈ ਕਿ ਉਹਨਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ।

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਜਾਣ ਵਾਲੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਰਸਤਾ ਬੰਦ ਹੋਣ ਕਾਰਨ ਸੰਗਤਾਂ ਨੂੰ ਉਥੇ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਹੇਂਮਕੁੰਟ ਸਾਹਿਬ ਦੇ ਗੁਰੂਦੁਆਰੇ ਦਾ ਕੁਝ ਹਿੱਸਾ ਨਦੀ ਦੇ ਵਿੱਚ ਆ ਗਿਆ ਹੈ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਹੋਣ ਬੱਚ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਰਧਾਲੂਆ ਦੇ ਬਚਾਉ ਲਈ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ ਹਨ ਤੇ ਉੱਤਰਾਖੰਡ ਸਰਕਾਰ ਨਾਲ ਪੂਰਾ ਰਾਬਤਾ ਕਾਇਮ ਕੀਤਾ ਹੋਇਆ ਹੈ। ਧਾਰਮਿਕ ਲਿਟਰੇਚਰ 'ਤੇ ਗੁਰਬਾਣੀ ਦੇ ਗੁਟਕੇ ਛਾਪਣ ਵਾਲੀਆਂ ਸੰਸਥਾਵਾਂ ਨੂੰ ਉਹਨਾਂ ਨੇ ਆਦੇਸ਼ ਦਿੰਦਿਆਂ ਕਿਹਾ ਕਿ ਉਹ ਗੁਟਕੇ ਪੂਰੀ ਤਰ੍ਹਾਂ ਧਿਆਨ ਤੇ ਜਿੰਮੇਵਾਰੀ ਨਾਲ ਛਾਪਣ ਤਾਂ ਕਿ ਕੋਈ ਗਲਤੀ ਨਾ ਹੋਵੇ।

ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇੱਕ ਹਿੰਦੀ ਅਖਬਾਰ ਵਿੱਚ ਇੱਕ ਬਿਆਨ ਛੱਪਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿੱਚ ਹੇਮਕੁੰਟ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ਼ੇਸ਼ ਨਾਗ ਦੇ ਰੂਪ ਵਿੱਚ ਭਗਤੀ ਕੀਤੀ, ਤਾਂ ਜਥੇਦਾਰ ਨੇ ਕਿਹਾ ਕਿ ਅਖਬਾਰਾਂ ਤਾਂ ਮੇਰੇ ਬਾਰੇ ਵੀ ਲਿਖੀ ਜਾ ਰਹੀਆਂ ਹਨ ਕਿ ਜਥੇਦਾਰ ਤੇ ਉਸ ਦੇ ਮੁਲਾਜਮਾਂ ਦੀ ਤਬਦੀਲੀ ਹੋ ਗਈ ਹੈ, ਪਰ ਮੈਂ ਤਾਂ ਇਥੇ ਹੀ ਬੈਠਾ ਹਾਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਦਿੱਲੀ ਵਿਖੇ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਲਈ ਆਰ.ਐਸ.ਐਸ ਦੀ ਕਾਰਕੁੰਨ ਸ਼ੁਸ਼ਮਾ ਸਵਰਾਜ ਕਿਵੇ ਪੁੱਜ ਗਈ, ਤਾਂ ਉਹਨਾਂ ਕਿਹਾ ਕਿ ਵਾਹਿਗਰੂ ਬੋਲੋ, ਵਾਹਿਗੂਰੂ ਬੋਲੋ। ਜਥੇਦਾਰ ਦੀ ਉਸ ਵੇਲੇ ਬੇਲਤੀ ਬੰਦ ਹੋ ਗਈ ਜਦੋਂ ਪੱਤਰਕਾਰਾਂ ਕਿਹਾ ਕਿ ਜੇਕਰ ਤੁਹਾਡੇ ਵੱਲੋ ਕੋਈ ਸਪੱਸ਼ਟ ਜਵਾਬ ਨਹੀਂ ਮਿਲੇਗਾ ਤਾਂ ਫਿਰ ਅਖਬਾਰਾਂ ਵਾਲੇ ਆਪਣੀ ਮਰਜ਼ੀ ਕਰਨਗੇ ਹੀ, ਤਾਂ ਜਥੇਦਾਰ ਬਿਨਾਂ ਕੋਈ ਜਵਾਬ ਦਿੱਤੇ ਉੱਠ ਕੇ ਚੱਲਦੇ ਬਣੇ।

ਇਸੇ ਤਰ੍ਹਾਂ ਕੁੱਝ ਸੂਤਰਾਂ ਤੋ ਜਾਣਕਾਰੀ ਮਿਲੀ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਸ ਮੀਟਿੰਗ ਵਿੱਚ ਆਰ.ਐਸ.ਐਸ ਦੇ ਖਿਲਾਫ ਸ੍ਰੀ ਅਕਾਲ ਤਖਤ ਤੋ ਹੋਏ ਹੁਕਮਨਾਮੇ ਨੂੰ ਵਾਪਸ ਲੈਣ ਬਾਰੇ ਵੀ ਚਰਚਾ ਹੋਈ, ਪਰ ਇਹ ਚਰਚਾ ਵੀ ਕਿਸੇ ਤਨ ਪੱਤਨ ਨਾ ਲੱਗੀ । ਤਖਤ ਸ੍ਰੀ ਦਮਦਮਾ ਸਾਹਿਬ ਦੇ ਖਾੜਕੂ ਸੁਰ ਰੱਖਣ ਵਾਲੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਵੀ ਇਸ ਦਾ ਸਿੱਧੇ ਰੂਪ ਵਿੱਚ ਵਿਰੋਧ ਕਰਨ ਤੋ ਟਾਲਾ ਵੱਟਦਿਆਂ ਕਿਹਾ ਕਿ ਉਹ ਤਾਂ ਪੰਜਾਬ ਤੋਂ ਵੀ ਬਾਹਰ ਨਹੀਂ ਜਾਂਦੇ ਜਿਹਨਾਂ ਨੇ ਵਿਦੇਸ਼ਾਂ ਵਿਚਲੇ ਡਾਲਰਾਂ ਤੇ ਪੌਡਾਂ ਦੀ ਚੱਕਾਚੌਧ ਦਾ ਅਨੰਦ ਮਾਨਣਾ ਉਹਨਾਂ ਆਪਣਾ ਜਰੂਰ ਪੜਿਆ ਵਿਚਾਰ ਲੈਣ, ਕਿ ਉਹਨਾਂ ਦੇ ਸੁਆਗਤ ਫਿਰ ਵਿਦੇਸ਼ਾਂ ਵਿੱਚ ਸੰਗਤਾਂ ਕਿਹੜੇ ਤਰੀਕੇ ਨਾਲ ਕਰਦੀਆਂ ਹਨ, ਇਸ ਦੇ ਉਹਨਾਂ ਨੂੰ ਜਰੂਰ ਗਿਆਨ ਹੋਣਾ ਚਾਹੀਦਾ ਹੈ। ਜਥੇਦਾਰ ਨੰਦਗੜ੍ਹ ਵੱਲੋ ਅਜਿਹੀ ਦਲੀਲ ਦੇਣ ਉਪੰਰਤ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਚੁੱਪ ਸਾਧ ਲਈ ਗਈ ਤੇ ਸਿੱਖ ਪੰਥ ਦਾ ਆਰ.ਐਸ.ਐਸ ਨਾਲ ਰਲੇਵਾਂ ਹੋਣੋ ਬਚ ਗਿਆ। ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਅਜਿਹਾ ਫੈਸਲਾ ਲੈਣ ਤੋ ਪਹਿਲਾਂ ਆਰ.ਐਸ.ਐਸ ਦੇ ਪੈਰੋਕਾਰਾਂ ਨਾਲ ਕਿਹਾ ਜਾਵੇ ਕਿ ਪਹਿਲਾਂ ਉਹ ਸਿੱਖ ਕੌਮ ਨੂੰ ਅੱਡਰੀ ਕੌਮ ਦਾ ਦਰਜਾ ਦੇਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top