Share on Facebook

Main News Page

 ਟੋਰਾਂਟੋ ’ਚ “ਪਤਾਲਪੁਰੀ” ਦੀ ਨਿਰਮਾਣ-ਯੋਜਨਾ
- ਤਰਲੋਕ ਸਿੰਘ ‘ਹੁੰਦਲ’, ਬਰੈਂਮਟਨ, ਟੋਰਾਂਟੋ

ਕਦੇ ਸਮਾਂ ਸੀ ਕਿ ਮਨੁੱਖ ਝੂਠ ਬੋਲਣ ਤੋਂ ਡਰਦਾ ਸੀ, ਹੁਣ ਸੱਚ ਬੋਲਣ ਤੋਂ ਡਰਨ ਲੱਗ ਪਿਆ ਹੈ ਮਾਨੋ! ਸੱਚ ਬੋਲਣਾ ਗੁਨਾਹ ਹੋ ਗਿਆ ਹੈ, ਪਰ ਗੁਰੂ ਨਾਨਕ ਸਾਹਿਬ ਨੇ ਤਾਂ ਸਭ ਨੂੰ ਸੱਚ ਬੋਲਣ ਦਾ ਉਪਦੇਸ਼ ਦਿੱਤਾ ਹੈ। ਇਸੇ ਉਦੇਸ਼ ਦੇ ਸੰਦਰਭ ਵਿੱਚ ਇੱਕ ਹਕੀਕੀ ਘਟਨਾ ਦਾ ਜ਼ਿਕਰ ਕਰਨ ਜਾ ਰਿਹਾ ਹਾਂ ਕਿ ਪਿਛਲੇ ਦਿਨ੍ਹੀਂ ਇੱਕ ਬਹੁਤ ਖ਼ੂਬਸੂਰਤ ਪ੍ਰਭਾਤ ਦਾ ਸਮਾਂ ਸੀ, ‘ਬਾਬਾ ਜੀ” ਦੇ ਦਰਸ਼ਨਾਂ ਨੂੰ ਆਈਆਂ ਹੋਈਆਂ ਸੰਗਤਾਂ ਦੇ ਨਾਲ ਵਿਸ਼ਾਲ ਦੀਵਾਨ ਹਾਲ ਖਚਾਖਚ ਭਰਿਆ ਹੋਇਆ ਸੀ। ਮਹਾਤਮਾਂ ਗਾਂਧੀ ਵਾਂਗ ਦੋਂਹ ਕੁ ਚੇਲਿਆਂ ਦੇ ਸਹਾਰੇ ਬਾਬਾ ਜੀ ਸਿਰ ਸੁੱਟੀ ਹਾਲ ਅੰਦਰ ਦਾਖਲ ਹੁੰਦੇ ਹਨ ਤਾਂ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਤੇ ਸਤਿਕਾਰ ਨੂੰ ਛਿੱਕੇ ਟੰਗ ਕੇ ਬੀਬੀਆਂ, ਮਾਈਆਂ-ਭਾਈਆਂ ਨਾਲ ਬੱਚੇ ਵੀ ਬੁੜਕਣੀਆਂ ਮਾਰਦੇ ਡੰਡੌਤ ਕਰਦੇ ਵੇਖੇ ਗਏ। ਖੈਰ! ਥੋੜੀ ਕੁ ਠੱਲ ਪਈ ਤਾਂ ਸਕੱਤਰ ਸਾਹਿਬ ‘ਫਤਹਿ’ ਸਾਂਝੀ ਕਰਨ ਉਪਰੰਤ ਕੁਝ ਇੰਞ ਕਹਿਣ ਲਗੇ ਕਿ ਤੁਸੀਂ ਬੜੇ ਭਾਗਾਂ ਵਾਲੇ ਹੋ…ਕਈ ਚਿਰਾਂ ਬਾਅਦ ਅਜ ਤੁਹਾਨੂੰ ਸਤਿਗੁਰਾਂ ਦੇ ਵਰਸੋਏ ਹੋਏ ‘ਬਾਬਾ ਜੀ’ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜੀਵ, ਇਸ ਧਰਤੀ ਤੇ ਆਉਂਦਾ ਹੈ ਤੇ ਚਲਾ ਜਾਂਦਾ ਹੈ। ਗੁਰਬਾਣੀ ਵਿੱਚ ਵੀ ਅੰਕਿਤ ਹੈ ‘ਮਰਣੁ ਲਿਖਾਇ ਮੰਡਲ ਮਹਿ ਆਇ॥’ (ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਕ 686)

ਮੌਤ ਇੱਕ ਅਟੱਲ ਸਚਾਈ ਹੈ ਅਤੇ ਹਰ ਪ੍ਰਾਣੀ ਮਾਤਰ ਦੀ ਇਹ ਅੰਤਿਮ ਖੁਆਹਸ਼ ਹੁੰਦੀ ਹੈ ਕਿ ਦਾਹ ਸਸਕਾਰ ਤੋਂ ਬਾਅਦ ਉਸ ਦੇ “ਫੁੱਲ” ਕੀਰਤਪੁਰ ਸਾਹਿਬ ਪਤਾਲਪੁਰੀ ਵਿੱਚ ਛੇਤੀ ਨਾਲ ਪਾਏ ਜਾਣ। ਅਸੀਂ ਕਨੇਡਾ ਵਿੱਚ ਸਦੀਵੀ ਵਿਛੋੜਾ ਦੇ ਗਏ ਵਿਅਕਤੀ ਦਾ ਮਸ਼ੀਨੀ-ਵਿਧੀ ਰਾਹੀਂ ਸਸਕਾਰ ਤਾਂ ਬੜੀ ਸੌਖ ਨਾਲ ਕਰ ਲੈਂਦੇ ਹਾਂ, ਪਰ ਇਥੇ ਬਹੁਤ ਰੁਝੇਵੇਂ-ਭਰੀ ਜਿੰਦਗੀ ਹੋਣ ਦੇ ਕਾਰਨ ਉਸ ਮੋਏ ਹੋਏ ਵਿਅਕਤੀ ਦੇ ਆਖਰੀ ਕਿਰਿਆ-ਕਰਮ ਯਾਨੀ ਪਤਾਲਪੁਰੀ ਵਿੱਚ ਫੁੱਲ ਪਾਉਂਣ ਵਿੱਚ ਬਹੁਤ ਦੇਰ ਹੋ ਜਾਂਦੀ ਹੈ। ਸੰਦੂਕੜੀਆਂ’ਚ ਬੰਦ ਰੂਹਾਂ ਮਹੀਨਿਆਂ ਕੀ, ਕਈ ਵਾਰ ਤਾਂ ਸਾਲਾਂ ਬੱਧੀ ਵੀ ਤੜਫਦੀਆਂ ਰਹਿੰਦੀਆਂ ਹਨ। ਗਤੀ ਨਹੀਂ ਹੁੰਦੀ। ਫਿਰ ਸਰਾਪੀਆਂ ਜਾਂਦੀਆਂ ਹਨ ਤੇ ਸੁਪਨਿਆਂ’ਚ ਡਰਾਉਂਦੀਆਂ ਹਨ। ਸਾਨੂੰ ਆਪਣੇ ਵਿੱਛੁੜੇ ਪਿਆਰਿਆਂ ਨਾਲ ਇਨਸਾਫ ਕਰਨਾ ਚਾਹੀਦਾ ਹੈ। ਕਾਫੀ ਦੇਰ ਤੋਂ ਇਸ ਨਿਰਾਦਰੀ ਦੇ ਸਮਾਧਾਨ ਲਈ ਬਾਬਾ ਜੀ ਸੋਚਦੇ ਆ ਰਹੇ ਸਨ। ਗੁਰੂ ਨੇ ਮਿਹਰ ਕੀਤੀ ਹੈ,ਰਾਹ ਲੱਭ ਪਿਆ ਹੈ। ਹੁਣ ਆਪ ਬ੍ਰਹਮਗਿਆਨੀ ਬਾਬਾ ਜੀ ਆਪਣੇ ਮੁਖਾਰਬਿੰਦ ਤੋਂ ਬਾਰੇ ਦੱਸਣਗੇ ਕਿ ਕੀ ਇਲਹਾਮ ਹੋਇਆ ਹੈ।

(ਉੱਚੀ ਉੱਚੀ ਜੈਕਾਰੇ ਗੂੰਜਾਏ ਜਾਂਦੇ ਹਨ।ਕਈ ਵਾਰ ਖੰਘੂਰਾ ਮਾਰਦੇ ਅਤੇ ਹਜੂਰੀਏ ਨਾਲ ਮੂੰਹ ਪੂੰਝਦੇ ਹੋਏ ਬਾਬਾ ਜੀ ਅਟਕ ਅਟਕ ਕੇ ਟੁੱਟਵੀ ਆਵਾਜ ਵਿੱਚ ਪ੍ਰਵਚਨ ਸ਼ੁਰੂ ਕਰਦੇ ਹਨ)

‘ਭਾਈ ਗੁਰਮੁਖੋ! ਤੁਸੀਂ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਪ੍ਰਦੇਸ਼ਾਂ ਵਿੱਚ ਵੀ ਸਿੱਖੀ ਕਾਇਮ-ਦਾਇਮ ਰੱਖੀ ਹੋਈ ਹੈ। ਜਿਵੇਂ ਸਕੱਤਰ ਸਾ’ਬ ਨੇ ਕਿਹਾ ਹੈ ਤੇ ਅਸੀਂ ਵੀ ਦਸਦੇ ਹਾਂ ਕਿ ਪੁਰਾਣੇ ਜਮਾਨੇ ਵਿੱਚ ਲੋਕ, ਮਰੇ ਹੋਏ ਵਿਅਕਤੀ ਦੀਆਂ ਅਸਥੀਆਂ ਹਰਿਦੁਆਰ ਪਾਇਆ ਕਰਦੇ ਸਨ। ਜਦ ਛੇਵੇਂ ਗੁਰੂ,ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੋਤੀ ਜੋਤ ਸਮਾਏ ਤਾਂ ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ‘ਗੁਰੂ ਜੀ’ ਦਾ ਅੰਗੀਠਾ ਸਾਹਿਬ ਸਮੇਟ ਕੇ ਵਹਿੰਦੇ ਸਤਲੁਜ ਦਰਿਆ ਵਿੱਚ ਜਿਸ ਥਾਂ ਤੇ ਜਲ-ਪ੍ਰਵਾਹ ਕੀਤਾ ਗਿਆ, ਉਸ ਦਿਨ ਤੋਂ ਹੀ ਉਸ ਪੱਵਿਤਰ ਸਥਾਨ ਨੂੰ ‘ਪਤਾਲਪੁਰੀ’ ਆਖਿਆ ਜਾਣ ਲੱਗਾ ਹੈ। ਸ੍ਰੀ ਗੁਰੂ ਹਰਿ ਰਾਇ ਜੀ ਤੇ ਸ੍ਰੀ ਗੁਰੂ ਹਰਿਕਿਸ਼ਨ ਜੀ ਦੀ ‘ਵਿਭੂਤੀ’ ਵੀ ਇਥੇ ਹੀ ਜਲ-ਬੁਰਦ ਕੀਤੀ ਗਈ ਸੀ। ਬਸ ਉਦੋਂ ਤੋਂ ਹੀ ਸਿੱਖ ਜਗਤ ਆਪਣੇ ਤੁਰ ਗਏ ਛੁਟੇਰਿਆਂ-ਵਡੇਰਿਆਂ ਦੀਆਂ ਅਸਥੀਆਂ ਇਥੇ ਹੀ ਦਰਿਆ’ਚ ਜਲ-ਪ੍ਰਵਾਹ ਕਰਕੇ ਸੁਰਖ਼ਰੂ ਹੋ ਰਿਹਾ ਹੈ। ਸੰਗਤਾਂ ਦੀ ਸਹੂਲਤ ਲਈ ਪਿੱਛੇ ਤੁਹਾਡੇ ਪੰਜਾਬ ਵਿੱਚ ਕੀਰਤਪੁਰ ਤੋਂ ਇਲਾਵਾ, ਸੁੱਖ ਨਾਲ ਕਟਾਣਾ ਸਾਬ, ਬਿਆਸ ਸਾਬ, ਗੋਇੰਦਵਾਲ ਸਾਹਿਬ ਅਤੇ ਹੋਰ ਕਈ ਥਾਂਈਂ ‘ਪਤਾਲਪੁਰੀਆਂ’ ਬਣ ਗਈਆਂ ਹਨ।

ਬਾਹਰਲੇ ਮੁਲਕ ਵਿੱਚ ਜਦੋਂ ਕੋਈ ਸਿੱਖ ਚਲਾਣਾ ਕਰ ਜਾਂਦਾ ਹੈ ਤਾਂ ਪਿਛਲਿਆਂ ਲਈ ਸੰਕਟ ਖੜ੍ਹਾ ਹੋ ਜਾਂਦਾ ਹੈ ਭਈ! ਕਦੋਂ ਸਬੱਬ ਬਣੇ, ਪਤਾਲਪੁਰੀ ਜਾਈਏ ਤੇ ਅਸਥੀਆਂ ਜਲ-ਭੇਂਟ ਕਰੀਏ। ਵਿਹਲ ਮਿਲਦੀ ਨਹੀ, ਦੇਰੀ ਹੋ ਜਾਂਦੀ ਹੈ ਤਾਂ ਫਿਰ ਮੋਇਆਂ ਦੇ ਸੰਤਾਪ ਹੰਢਾਉਂਣੇ ਪੈਂਦੇ ਹਨ। ਵਿਛੜੀਆਂ ਰੂਹਾਂ ਵੱਖ ਤੰਗ ਕਰਦੀਆਂ ਰਹਿੰਦੀਆਂ ਹਨ। ਤੁਹਾਡਾ ਦੁੱਖ, ਅਸੀਂ ਆਪਣਾ ਦੁੱਖ ਜਾਣ ਕੇ, ਇਸ ਕਾਰਜ ਵਿੱਚ ਭਲਾਈ ਸਮਝੀ ਕਿ ‘ਟੋਰਾਂਟੋ ਵਿੱਚ ਇੱਕ ਪਤਾਲਪੁਰੀ ਬਣਾਈ ਜਾਏ’ ਜਿਸ ਵਿੱਚ ਕੀਰਤਪੁਰ ਸਾਹਿਬ (ਪਤਾਲਪੁਰੀ) ਤੋਂ ਪਾਵਨ ਜਲ ਲਿਆ ਕੇ ਪਾਇਆ ਜਾਏ। ਦੀਵਾਨ ਹਾਲ ਵਿੱਚੋਂ ਕਿਧਰੇ ਜੈਕਾਰੇ ਤੇ ਜੈਕਾਰੇ ਗੂੰਜਣ ਲੱਗੇ ਤੇ ਕਿਧਰੇ ਧੰਨ ਹੋ ਬਾਬਾ ਜੀ! ਧੰਨ ਹੋ…ਦੇ ਆਵਾਜੇ ਆਉਂਣ ਲੱਗੇ। ਕਈਆਂ ਸਜੱਣਾਂ ਨੇ ਜੋਰ ਜੋਰ ਨਾਲ ਦੋਵੇਂ ਬਾਹਵਾਂ ਹਿਲਾ ਹਿਲਾ ਕੇ ਆਪਣੀ ਸਹਿਮਤੀ ਦੇ ਫੁੱਲਾਂ ਦੀ ਮੋਲ੍ਹੇਧਾਰ ਵਰਖਾ ਕੀਤੀ।

ਫੋਕੀਆਂ ਵੱਡਿਆਈਆਂ ਦਾ ਕੁਝ ਜੋਸ਼ ਥੰਮਿਆ ਤਾਂ ਬਾਬਾ ਜੀ ਆਖਣ ਲੱਗੇ ਕਿ ਸੱਚਾ ਸਿੱਖ ਆਪਣੇ ਗੁਰੂ ਤੇ ਭਰੋਸਾ ਰੱਖਦਾ ਹੈ ਅਤੇ ਆਪਣੀ ਦਸਾਂ ਨੌਹਾਂ ਦੀ ਕਮਾਈ’ਚੋਂ ਗੁਰੂ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਂਦਾ ਹੈ। ਤਨੋਂ ਮਨੋਂ ਤੇ ਧਨੋਂ ਸੇਵਾ ਕਰਦਾ ਹੈ। ਗੁਰੂ ਦੇ ਹੁਕਮ ਤੇ ਫੁਲ ਚੜ੍ਹਾਉਂਦਾ ਹੈ, ਇਹ ਕਾਰਜ ਵੀ ਗੁਰੂ ਦਾ ਹੈ’। ਏਨ੍ਹੀ ਕਹਿਣ ਦੀ ਦੇਰ ਸੀ ਕਿ ਸੰਗਤਾਂ ਵਿੱਚ ਚਾਰੇ ਪਾਸੇ ਤੋਂ, ਪਰਉਪਕਾਰੀ ਸੰਤ-ਬਾਬੇ ਦੀ ਉਪਮਾ ਹੋਣ ਲੱਗ ਪਈ। ਮੌਕਾ ਤਾੜ ਕੇ ਸਕੱਤਰ ਸਾਹਿਬ ਨੇ ਗਿਆਰਾਂ ਸੌ ਡਾਲਰ ਦੀ ਪੇਸ਼ਕਸ਼ ਕੀ ਕੀਤੀ ਕਿ ਡਾਲਰਾਂ ਦਾ ਮੀਹ ਵਰ੍ਹਨ ਲੱਗ ਪਿਆ।

ਇਹ ਅਨੁਮਾਨ ਤਾਂ ਨਹੀਂ ਲਗ ਸਕਿਆ ਕਿ ਇਕੋ ਝੱਟਕੇ ਨਾਲ ਬਾਬੇ ਨੇ ਕਿਤਨੀ ਮਾਇਆ ਰੋਲ ਲਈ, ਪਰ ਮੂਰਖਤਾ-ਭਰੇ ਗੁਰਮਤਿ ਵਿਰੋਧੀ ਵਰਤਾਰੇ ਉੱਤੇ ਦੂਰੋਂ ਵੇਖਦਾ ਇੱਕ ਸੂਝਵਾਨ, ਝੱਲ ਖਿਲਾਰਦੀਆਂ ਬਾਬੇ ਕੀਆਂ ਸੰਗਤਾਂ ਨੂੰ ਵੇਖ ਕੇ ਮੁਸਕਰਾ ਜਰੂਰ ਰਿਹਾ ਸੀ ਕਿਉਂਕਿ ਉਸ ਨੇ ਪਹਿਲਾਂ ਵੀ ਇਥੇ ਇੱਕ ਮੁਰਦ-ਸਥਾਨ ਦੇ ਨਿਰਮਾਣ ਦੀ ਕਹਾਣੀ ’ਚੋਂ ਉਪਜੀ ਲੋਕਾਂ ਦੀ ਕੁਰਲਾਹਟ ਸੁਣੀ ਹੋਈ ਸੀ।

ਗਰਮੀਆਂ ਦਾ ਮੌਸਮ{ਜਿਸ ਨੂੰ ਕਨੇਡੀਅਨ ਸਮਰ (Summer) ਆਖਦੇ ਹਨ}, ਸਿੱਖ ਜਗਤ ਲਈ ਬਾਬਿਆਂ ਦਾ ਸੁਹਾਵਣਾ ਮੌਸਮ ਹੈ। ਇਸ ਵਿਚ ਗੁਰੂ ਨਾਨਕ ਦੇ ਪੈਰੋਕਾਰਾਂ ਨੂੰ ਬਗਲ ਸਮਾਧੰ ਬਾਬਿਆਂ ਦੀ ਧੂੜ ਚੱਟਦੀ ਧਾੜ ਦੇ ਅਜਬ ਨਿਜਾਰੇ ਵੇਖਣ ਲਈ ਸੌਖ ਨਾਲ ਮਿਲ ਜਾਂਦੇ ਹਨ। ਕਾਹਲੀ ਵਿੱਚ ਇਕੱਤ੍ਰ ਕੀਤੀ ਜਾਣਕਾਰੀ ਅਨੁਸਾਰ, ਅਜ ਦੀ ਤਰੀਕ ਨੂੰ ਇੱਕਲੇ ਟੋਰਾਂਟੋ ਵਿੱਚ ‘ਗੁਰੂ ਕੀਆਂ ਖ਼ੁਸ਼ੀਆਂ ਅਤੇ ਸੁਵਰਗ ਦੀ ਦਾਤ ਵੰਡਣ ਲਈ’ ਅੱਠ ਕੁ ਬਾਬੇ ਉਤਾਰਾ ਕਰ ਚੁੱਕੇ ਹਨ। ਏਨੇਂ ਕੁ ਹੋਰ ਟੋਰਾਂਟੋ ਆਉਂਣ ਲਈ ਲਾਈਨ ਵਿੱਚ ਲੱਗੇ ਹੋਏ ਹਨ। ਜਿਆਦਾਤਰ ਬਾਬੇ ਗੁਰ-ਅਸਥਾਨਾਂ ਨਾਲੋਂ ਸ਼ਰਧਾਲੂਆਂ ਦੀਆਂ ਬੇਸਮੈਂਟ ਵਿੱਚ “ਮਤ ਸੰਗ” ਕਰਨ ਨੂੰ ਤਰਜੀਹ ਦੇਣ ਲੱਗ ਪਏ ਹਨ ਤਾਂ ਜੋ ਬਾਬਿਆਂ ਦੀਆਂ ਰੰਗੀਲੀਆਂ ਦੀ ਭਾਫ ਘਰਾਂ ਅੰਦਰ ਹੀ ਦਫ਼ਨ ਹੋ ਜਾਏ। ਪਤਾ ਨਹੀਂ, ਇਨ੍ਹਾਂ ਬਾਬਿਆਂ ਨੇ ਸਿੱਖ ਭਾਈਚਾਰੇ ਨੂੰ ਹਿਪਨੋਟਾਈਜ਼ (Hipnotize)ਕਰਨ ਦਾ ਗੁਰ ਕਿੱਥੋਂ ਸਿਖਿਆ ਹੋਇਆ ਹੈ? ਕਿਧਰੇ ਦੁੱਧ-ਪੁੱਤ ਦੀਆਂ ਸ਼ਬੀਲਾਂ ਲਾਉਂਦੇ ਅਤੇ ਕਿਧਰੇ ‘ਵਰ’ ਦਿੰਦੇ ਭਾਂਤ ਭਾਂਤ ਦੇ ਫ਼ਲ ਵੰਡਦੇ, ਮਿਸ਼ਰੀ-ਇਲਾਚੀਆਂ ਦੇ ਪ੍ਰਸਾਦ ਦਾ ਚੋਗਾ ਪਾਉਂਦੇ ਫਿਰਦੇ ਹਨ। ਸੰਗਤਾਂ ਨੂੰ ਸ਼ਬਦ-ਗੁਰੂ ਨਾਲ ਜੁੜਨ ਦੀ ਸਿਖਿਆ ਦੇ ਕੇ ‘ਗੁਰੂ ਦੇ ਭਾਣੇ’ ਵਿੱਚ ਚਲਣ ਦੀ ਥਾਂ ਰੱਬ ਦੇ ਸ਼ਰੀਕ ਹੋ ਕੇ ਆਮ ਵਿਚਰਦੇ ਵੇਖੇ ਜਾ ਸਕਦੇ ਹਨ। ਪੈਰੀਂ ਹੱਥ ਲੁਵਾਉਂਦੇ ਅਤੇ ਅਸੀਸਾਂ ਦੇਂਦੇ ਹਨ।

‘ਪੈਰੀਂ ਹੱਥ ਲੁਵਾਉਂਣ’ਤੋਂ ਯਾਦ ਆਇਆ ਕਿ ਕੁਝ ਵਰ੍ਹੇ ਪਹਿਲਾਂ ਇੱਕ ਸ਼ਨੀਚਰਵਾਰ ਵਾਲੇ ਦਿਨ ਅਸੀਂ ਟੋਰਾਂਟੋ ਸਥਿਤ ਇੱਕ ਗੁਰਦੁਆਰੇ ਵਿੱਚ ਪੁਰਾਣੇ ਵਾਕਫ਼ਕਾਰ ਅਤੇ ‘ਸਿੱਖੀ ਨੂੰ ਸਮਰਪਤ’ ਪ੍ਰਧਾਨ ਜੀ ਨੂੰ ਮਿਲਣ ਚਲੇ ਗਏ। ਗੁਰਦੁਆਰੇ ਵਿੱਚ ਵਿਆਹ ਸਮਾਗਮ ਸੀ। ਉਨ੍ਹਾਂ ਨੇ ਬਰਾਤੀਆਂ ਅਤੇ ਮੇਲੀਆਂ ਨੂੰ ਗੁਰਮਤਿ ਮਰਯਾਦਾ ਅਨੁਸਾਰ ‘ਅਨੰਦ-ਕਾਰਜ’ ਦੀ ਰਸਮ ਉਪਰੰਤ ਗੁਰੂ-ਹਜੂਰੀ ਵਿੱਚ ਵਾਰਨੇ-ਸ਼ਾਰਨੇ ਕਰਨ ਤੋਂ ਪਹਿਲਾਂ ਹੀ ਵਰਜ ਦਿਤਾ ਸੀ, ਜਿਸ ਕਰਕੇ ਓਹ ਲੋਕ ਅੰਦਰੋ-ਅੰਦਰੀਂ ਵਿਸ ਘੋਲ ਰਹੇ ਸਨ। ਇਹ ਪਰਿਵਾਰ ਕਿਸੇ ਵੱਡੇ ਸਾਧ ਦੇ ਚੇਲੇ ਸਨ। ਸਾਡੇ ਬੈਠਿਆਂ ਕੋਲ ਕਿਸੇ ਨੇ ਸੰਕਟ ਮੋਚਨ ਬਾਬਾ ਜੀ ਦੇ ਅੰਦਰ ਦਾਖਲ ਹੋਣ ਦੀ ਖਬਰ ਆ ਦਿੱਤੀ ਤਾਂ ਪ੍ਰਧਾਨ ਜੀ ਚੌਕੰਨੇ ਹੋ ਕੇ ਰਵਾਂ-ਰਵੀਂ ਸਟੇਜ ਤੇ ਪਹੁੰਚ ਗਏ। ਕੀ ਵੇਖਿਆ ਕਿ ਪੱਕੀ ਕਣਕ ਦੇ ਸਿੱਟਿਆਂ ਵਾਗੂੰ ਸਿਰ ਸੁੱਟੀ ਵੀਲ ਚੇਅਰ ਵਿੱਚ ਕੁੰਗੜ ਕੇ ਬੈਠੇ ਬਾਬਾ ਜੀ ਨੂੰ ਚਾਰ/ਪੰਜ ਵਿਅਕਤੀ ਦਰਬਾਰ’ਚ ਲਿਆ ਰਹੇ ਸਨ ਕਿ ਉਨ੍ਹਾਂ ਦੇ ਪ੍ਰੇਮੀਆਂ ਨੇ ਬਾਬਾ ਜੀ ਦੇ ਪੈਰੀ ਹੱਥ ਲਾਉਂਣੇ ਸ਼ੁਰੂ ਕਰ ਦਿੱਤੇ। ‘ਗੁਰੂ ਦਰਬਾਰ ਵਿੱਚ ਬਾਬੇ-ਬੂਬੇ ਦੇ ਪੈਰੀ ਹੱਥ ਲਾਉਂਣ ਦੀ ਇਜਾਜਤ ਕਿਸੇ ਵੀ ਕੀਮਤ ਉੱਤੇ ਨਹੀਂ ਦਿੱਤੀ ਜਾਏਗੀ , ਇਹੋ ਜਹੀ ਪਾਖੰਡਬਾਜ਼ੀ ਬਾਹਰ ਜਾ ਕੇ ਕਰੋਸਟੇਜ ਤੋਂ ਪ੍ਰਧਾਨ ਸਾਹਿਬ ਦੀ ਕੜ੍ਹਕਵੀਂ ਆਵਾਜ ਕੀ ਆਈ ਕਿ ਬਾਬਾ ਤਾਂ ਆਪੇ ਹੀ ਵੀਲ ਚੇਅਰ ਬਾਹਰ ਲਿਜਾਣ ਦੀ ਕੋਸ਼ਿਸ਼ ਕਰਦੇ, ਉਲਟ ਕੇ ਭੁੰਜੇ ਡਿਗਦੇ ਡਿਗਦੇ ਮਸਾਂ ਬਚੇ। ਭਾਵੇਂ ਪਿੱਛੋਂ ਕਾਫੀ ਦੇਰ ਤੱਕ ਕੁੜ-ਕੁੜ ਹੁੰਦੀ ਰਹੀ, ਪਰ ਸ਼ਾਬਾਸ਼ ਓਸ ਗੁਰੂ ਪਿਆਰੇ ਦੇ, ਜਿਸ ਨੇ ਪ੍ਰਧਾਨ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਤੁਸਾਂ ‘ਗੁਰੂ’ ਦੀ ਰੱਖ ਵਿਖਾਈ ਹੈ। ਓਹ ਵੀਰ, ਫਤਹਿ ਬੁਲਾ ਕੇ ਵਾਪਸ ਜਾਣ ਲੱਗਿਆਂ ਕਿਸੇ ਕਵੀ ਦੀਆਂ ਸਿੱਖ ਮਾਨਸਿਕਤਾ ਤੇ ਵਿਅੰਗ ਕਸਦੀਆਂ ਇਹ ਸੱਤਰਾਂ ਪੜ੍ਹ ਗਿਆ ਕਿ:

ਰੱਬਾ! ਚੱਕ ਲੈ ਦੁਨੀਆਂ ਉੱਤੋਂ ਝੂਠੇ ਪੀਰਾਂ ਪਾਰਾਂ ਨੂੰ,
ਨਾਲੇ ਦੇ ਦੇ ਅਕਲ ਮੁਰੀਦਾਂ, ਮੂੜਾਂ, ਗਧੇ ਗਵਾਰਾਂ ਨੂੰ

ਦੂਰ ਨਾ ਜਾਈਏ ਕੁਝ ਦਿਨ ਹੋਏ,ਪਾਈਏ-ਕੁ ਦਾ ਇੱਕ ਐਸਾ ਬਾਬਾ ਅਸੀਂ ਵੀ ਵੇਖਿਆ ਹੈ ਜਿਸ ਨੂੰ ਰਜਨੀ ਦੇ ਪਿੰਗਲੇ ਵਾਂਗੂੰ ਟੋਕਰੇ’ਚ ਪਾਈ ਦਰ ਦਰ “ਹਾਏ ਮਾਇਆ..ਹਾਏ ਮਾਇਆ” ਕੂਕਦੇ ਬਾਬੇ ਦੇ ਗੜਵਈ, ਉਸ ਦੇ ਅਤਿ ਦੇ ਬ੍ਰਿਧ ਸਰੀਰ ਨੂੰ ਰੋਲਦੇ ਫਿਰਦੇ ਹਨ। ਰਹਿਤ ਮਰਯਾਦਾ ਅਨੁਸਾਰ ਸਿੱਖੀ ਦੇ ਪ੍ਰਚਾਰ ਅਤੇ ਵਿਦਿਆ ਦੇ ਪ੍ਰਸਾਰ ਦੇ ਕਈ ਦਾਅਵੇਦਾਰ ਬਾਬੇ ਇਹ ਕਦੇ ਨਹੀਂ ਦਸਦੇ ਕਿ ਉਨ੍ਹਾਂ ਵਲੋਂ ਸੈਕੜੇ ਸਕੂਲ਼, ਕਾਲਜ਼, ਯੁਨੀਵਰਸਟੀਆਂ ਖੋਲ੍ਹਣ ਦੇ ਬਾਬਜੂਦ, ਅੰਮ੍ਰਿਤਧਾਰੀ ਤਾਂ ਦੂਰ ਦੀ ਗੱਲ, ਪੰਜਾਬ ਵਿੱਚ ਕੇਸਾਧਾਰੀ ਨੌ-ਜੁਵਾਨ ਮੁੰਡੇ-ਕੁੜੀਆਂ ਕਿਉਂ ਨਹੀਂ ਲੱਭਦੇ? ਆਚਰਣਹੀਣਤਾ, ਅਸ਼ਲੀਲਤਾ, ਅਸਭਿਅਕ ਗਾਣੇ-ਵਜਾਣੇ, ਭੈੜੇ ਨਸ਼ਿਆਂ ਦਾ ਰੁਝਾਨ ਅਤੇ ਭਰੂਨ ਹੱਤਿਆ ਵਰਗੀਆਂ ਸ਼ਰਮਸਾਰ ਕਰਦੀਆਂ ਅਲਾਮਤਾਂ ਪੰਜਾਬ ਦੀ ਜੁਵਾਨੀ ਨੂੰ ਕਿਉਂ ਬਰਬਾਦ ਕਰ ਰਹੀਆਂ ਹਨ? ਕਿਸੇ ਨੇ ਆਪਣੇ ਇਲਾਕੇ ਵਿੱਚ ਸਕੂਲ ਖੁਲਵਾਉਂਣਾ ਹੋਵੇ ਤਾਂ ਪ੍ਰਾਇਮਰੀ ਲਈ ਇੱਕ ਏਕੜ, ਮਿਡਲ ਲਈ ਢਾਈ ਏਕੜ ਅਤੇ ਸ਼ਾਇਦ +2 ਲਈ ਪੰਜ ਏਕੜ ਜ਼ਮੀਨ ਤੱਕ ਬੈ ਦੀ ਰਜਿਸਟਰੀ ਬਾਬੇ ਦੀ ਸਰਪ੍ਰਸਤੀ ਵਾਲੀ ਸੰਸਥਾ ਦੇ ਨਾਂ ਕਰਵਾਉਂਣੀ ਪੈਂਦੀ ਹੈ, ਸਕੂਲ ਚੱਲੇ ਜਾਂ ਨਾ, ਬਾਬਾ ਲੱਖਾਂ/ਕਰੋੜਾਂ ਰੂਪੈ ਦੀ ਜਮੀਨ ਦਾ ਮਾਲਿਕ ਪਹਿਲਾਂ ਹੀ ਬਣ ਜਾਂਦਾ ਹੈ। ਇਹ ਵੀ ਪਤਾ ਚਲਿਆ ਹੈ ਕਿ ਬਾਬਿਆਂ ਦੇ ਕਈ ਵਿਦਿਅਕ ਅਦਾਰਿਆਂ ਵਿੱਚ ਭਰਤੀ ਕੀਤੀਆਂ ਜਾਂਦੀਆਂ ਲੜਕੀਆਂ ਅਤੇ ਅਧਿਆਪਕਾਵਾਂ ਨੂੰ ਹਿਪਨੋਟਾਈਜ਼ ਕੀਤਾ ਜਾਂਦਾ ਹੈ ਅਤੇ ਉਹ ਵਿਆਹ ਹੀ ਨਹੀਂ ਕਰਵਾਉਂਦੀਆਂ। ਵਿਦਿਅਕ ਸੰਸਥਾਵਾਂ ਲਈ ਲੱਖਾਂ, ਕਰੋੜਾਂ ਦਾ ਦਾਨ ਇੱਕਤ੍ਰ ਹੋਵੇ, ਫਿਰ ਮਣਾਂ-ਮੂੰਹੀਂ ਫੀਸਾਂ ਕਿਉਂ? ਸਮਰਾਲੇ (ਲੁਧਿਆਣਾ) ਦੇ ਇਲਾਕੇ ਵਿੱਚ ਦੂਸਰੀ ਕੁ ਜਮਾਤ ਦੇ ਨੰਨ੍ਹੇ-ਮੁੰਨ੍ਹੇ ਬੱਚੇ ਦੀ ਨਿੱਕੀ ਜਹੀ ਗਲਤੀ ਕਾਰਨ ਸ਼ਰੇਆਮ ਮੂੰਹ ਕਾਲਾ ਕਰਕੇ ਧੁੱਪੇ ਕਿਉਂ ਖੜ੍ਹਾ ਕੀਤਾ ਗਿਆ? ਦਾਨ ਸਿੱਖਾਂ ਦਾ, ਵਿਦਿਆਲਯ ਦੂਸਰੇ ਰਾਜ ਦੀ ਪਹਾੜੀ ਦੀਆਂ ਖੁਦਰਾਂ ’ਚ ਤੇ ਵਿਦਿਆ ਅਮੀਰਾਂ ਲਈ, ਗਰੀਬ ਨਾਨਕ-ਪੰਥੀ ਪਵੇ ਢੱਠੇ ਖੂਹ’ਚ। ਭਰਾਵੋ! ਅੰਦਰ ਝਾਕਿਆਂ ਅਸਲੀ ਤਸਵੀਰ ਕੁਝ ਹੋਰ ਦੀ ਹੋਰ ਹੈ।

ਸਿੱਖ ਸਿਧਾਂਤਾਂ ਅਨਕੂਲ ਧਰਮ-ਕਰਮ ਸ਼ੋਭਨੀਯ ਹੈ। ਲੋੜਵੰਦ ਅਤੇ ਨਿਆਸਰਿਆਂ ਨੂੰ ਸਹਾਰਾ ਪ੍ਰਦਾਨ ਕਰਨਾ ਗੁਰਮਤਿ ਦਾ ਪਹਿਲਾ ਸਬਕ ਹੈ। ਲੋਕਾਈ ਦਾ ਭਲਾ ਹੋਵੇ, ਇਸ ਨਾਲ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੁੰਦੀ ਹੈ। ਪਤਾਲਪੁਰੀ ਹੋਵੇ ਜਾਂ ਵਿਦਿਅਕ ਅਦਾਰਾ, ਸਭ ਤੋਂ ਵੱਧ ਮਹਿਲ-ਨੁਮਾਂ ਇਮਾਰਤਾਂ ਨਾਲੋਂ ਸਿੱਖ ਆਚਰਣ ਦੀ ਬੁਣ-ਬਣਤਰ ਨੂੰ ਸੁਵਾਰਨ ਦੀ ਲੋੜ ਹੈ। ‘ਮਾਇਆ ਖਾਤਰ’ ਵਿਦੇਸ਼ਾਂ ਵਿੱਚ ਬ੍ਰਿਧ ਸਰੀਰਾਂ ਦੀ ਧੂਹ-ਘੜੀਸ ਅਸਲੋਂ ਚੰਗੀ ਨਹੀਂ। ਬੁਢਾਪੇ ਦਾ ਮੁੱਲ ਨਹੀਂ ਵੱਟੀਦਾ। ਸਭ ਮੰਨਦੇ ਹਨ ਕਿ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ। ੳੁੱਥੇ ਜਦੋਂ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਅਤਿ ਲੋੜੀਦਾ ਹੈ ਤਾਂ ਫਿਰ ਟੋਲੇ ਬਣਾ ਕੇ ਬਾਬੇ ਕਿਉਂ ਬਾਹਰਲੇ ਦੇਸ਼ਾਂ ਨੂੰ ਵਹੀਰਾਂ ਘੱਤਦੇ ਹਨ? ਸੇਵਕਾਂ ਦੇ ਘਰਾਂ ਵਿੱਚ ਨਿਵਾਸ ਕਰਦੇ ਹਨ, ਧਾਰਮਿਕ ਅਸਥਾਨਾਂ ਵਿੱਚ ਬਿਲਕੁਲ ਨਹੀਂ ਜਾਂਦੇ। ਇਨ੍ਹਾਂ ਦੀ ਕੋਹੜੀ ਸੋਚ-ਨੀਤੀ ਨੂੰ ਪਾਕਿ: ਉਰਦੂ ਸਾਇਰ ਕੁਝ ਇਉਂ ਬਿਆਨ ਕਰਦਾ ਹੈ:

ਸ਼ੇਖ ਜੀ ਰਾਤ ਕੋ ਕਭੀ ਮਸਜਿਦ ਮੇਂ ਨਹੀਂ ਜਾਤੇ,
ਯਾਨੀਂ ਡਰਤੇ ਹੈ ਕਿ ਬੈਠਾ ਕਹੀਂ ਅਲਾਹ ਨਾ ਹੋ

“ਸ਼ਬਦ-ਗੁਰੂ” ਅਤੇ ਸਿੱਖੀ ਦੇ ਅਨਮੋਲ ਅਸੂਲਾਂ ਦੇ ‘ਸਹੀ’ ਪ੍ਰਚਾਰ ਨਾਲੋਂ ਕੱਚ-ਘੜੱਚ ਸਿੱਖੀ ਸਰੂਪ ਧਾਰਨੀ ਬਾਬਿਆਂ ਵਲੋਂ ਫੈਲਾਈਆਂ ਜਾ ਰਹੀਆਂ ਮਨਮਤੀਆਂ, ਅੰਧ-ਵਿਸ਼ਵਾਸੀ ਰਸਮਾਂ-ਰੀਤਾਂ ਨੂੰ ਸਾਫ ਕਰਨਾ ਕਾਫੀ ਮੁਸ਼ਕਲ ਕੰਮ ਬਣ ਗਿਆ ਹੈ। ਸਿੱਖੀ ਦੇ ਅਧਿਆਤਮਿਕ ਪਿੜ ਉੱਤੇ ਅਜਿਹੇ ਸਾਧਾਂ ਦੀ ਕੁਰਬਲ-ਕੁਰਬਲ ਸਿੱਖ ਕੌਮ ਦੇ ਸੁਖਾਵੇਂ ਭਵਿੱਖ ਲਈ ਮੂਲੋਂ ਵੱਡਾ ਖ਼ਤਰਾ ਬਣ ਗਿਆ ਹੈ। ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਕਥਨ ਅਨੁਸਾਰ ‘ਇਨਸਾਨ ਦੇ ਜਿਸਮ ਵਿੱਚ ਇੱਕ ਲੋਥੜਾ ਹੈ, ਜੇਕਰ ਉਹ ਵਧੀਆ ਬਣ ਜਾਵੇ ਤਾਂ ਇਨਸਾਨ ਵਧੀਆਂ ਬਣ ਜਾਂਦਾ ਹੈ, ਜੇ ਉਹ ਖ਼ਰਾਬ ਹੋ ਜਾਵੇ ਤਾਂ ਇਨਸਾਨ ਖ਼ਰਾਬ (ਸ਼ੈਤਾਨ) ਹੋ ਜਾਂਦਾ ਹੈ। ਸਾਵਧਾਨ ਰਹੋ! ਉਹ ਲੋਥੜਾ ਦਿਲ ਹੈ’। ਸਿੱਖ ਸਮਾਜ ਵਿੱਚ ਉਹ ਲੋਥੜਾ “ਬਾਬੇ”ਹਨ। ਸਿੱਖ ਭਾਈਚਾਰੇ ਲਈ ਸਮਝਣ, ਸੋਚਣ ਵਾਲੀ ਗੱਲ ਇਹ ਹੈ ਕਿ ਬਾਬਿਆਂ ਦੀ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਦੀ ਦਾਹਵੇਦਾਰੀ ਦਾ ਨਤੀਜਾ ਕਿ ਪੰਜਾਬ ਵਿੱਚ 80% ਤੋਂ 90% ਸਿੱਖ ਬੱਚੇ ਕੇਸਾਧਾਰੀ ਨਹੀਂ ਅਤੇ 95% ਸਿੱਖ ਬੀਬੀਆਂ ਰੋਮਾਂ ਦੀ ਬੇ-ਅਦਬੀ ਕਰਦੀਆਂ ਹਨ। ਮਾਇਆ ਦੇ ਤਿਆਗ ਦੀ ਸਿਖਿਆ ਦਿੰਦੇ ਬਾਬੇ ਨੂੰ ਪੁੱਛਿਆ ਕਿ ਫਿਰ ਮਾਇਆ ਦਾ ਕੀ ਕਰੀਏੇ ਤਾਂ ਉਸ ਦਾ ਕਹਿਣ ਸੀ ਕਿ “ਸਾਨੂੰ ਦਿਓ-ਧਰਮ ਅਰਥ ਲਾਵਾਂਗੇ, ਅਤੇ ਤੁਹਾਡਾ ਅੱਗਾ ਸੁਵਾਰਾਂਗੇ।”

So in the end, I feel pleasure quoting following few lines from a book written by Mr.Raggie Mcvear that "So-called Religious people (say God father) have always been a problem even for God."

ਇਸ ਲਈ ਭਰਾਵੋ! ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਨਾ ਟੁੱਟੋ? ਇੱਕ ਦਰਦ-ਭਰੀ ਆਵਾਜ਼ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top