Share on Facebook

Main News Page

ਸ਼੍ਰੋਮਣੀ ਕਮੇਟੀ ਵਿੱਚ ਹੋਇਆ ਹੁਣ ਡੂਨਾ ਤੇ ਪੱਤਲ ਘੱਪਲਾ, ਪੜਤਾਲ ਸ਼ੁਰੂ

ਅੰਮ੍ਰਿਤਸਰ 18 ਜੂਨ (ਜਸਬੀਰ ਸਿੰਘ ਪੱਟੀ) ਸਿਆਣਿਆਂ ਦਾ ਕਥਨ ਹੈ ਕਿ ਜਿਸ ਦੇਸ ਵਿੱਚ ਲਛਮੀ ਦੀ ਪੂਜਾ ਹੁੰਦੀ ਹੋਵੇ, ਉਸ ਦੇਸ ਵਿੱਚੋਂ ਭ੍ਰਿਸ਼ਟਾਚਾਰ ਕਦੇ ਵੀ ਖਤਮ ਨਹੀਂ ਹੋ ਸਕਦਾ ਅਤੇ ਭਾਰਤ ਵਿੱਚ ਲੱਗਭਗ ਸਾਰੇ ਵੀ ਲਛਮੀ ਦੀ ਪੂਜਾ ਕਰਨ ਵਿੱਚ ਆਪਣਾ ਵਧੇਰੇ ਕਰਕੇ ਸਮਾਂ ਬਿਤਾ ਦਿੰਦੇ ਹਨ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੀ ਭਾਰਤ ਦਾ ਹੀ ਇੱਕ ਹਿੱਸਾ ਹੈ, ਜਿਸ ਦੇ ਮੁਲਾਜਮ ਭਾਂਵੇ ਬਾਪੂ ਗਾਂਧੀ ਨੂੰ ਤਾਂ ਬਾਪੂ ਮੰਨਣ ਲਈ ਤਿਆਰ ਨਹੀਂ ਹਨ, ਪਰ ਗਾਂਧੀ ਦੀ ਫੋਟੋ ਵਾਲੇ ਨੋਟਾਂ ਨਾਲ ਪਿਆਰ ਹੋਣ ਕਰਕੇ ਕਈ ਪ੍ਰਕਾਰ ਦੇ ਘੱਪਲੇ ਜਰੂਰ ਕਰਦੇ ਹਨ, ਜਿਹਨਾਂ ਵਿੱਚ ਸਭ ਤੋਂ ਆਖਰੀ ਕਿਸਮ ਦਾ ਡੂਨੇ ਤੇ ਪੱਤਲਾਂ ਦਾ ਇੱਕ ਘੱਪਲਾ ਸਾਹਮਣੇ ਆਇਆ ਹੈ ਜਿਸ ਵਿੱਚ ਰਿਕਾਰਡ ਮੁਤਾਬਕ 1,86,696 ਰੁਪਏ ਦੀ ਹੇਰਾ ਫੇਰੀ ਹੋਈ ਹੈ, ਅਤੇ ਜਿਸ ਦੀ ਪੜਤਾਲ ਉਡਣ ਦਸਤੇ ਦੇ ਅਧਿਕਾਰੀ ਸਕੱਤਰ ਸਿੰਘ ਕਰ ਰਹੇ ਹਨ ।

ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਗਰ ਵਿੱਚ ਕੜਾਹ ਪ੍ਰਸਾਦ ਲਈ ਵਰਤੇ ਜਾਂਦੇ ਡੂਨਿਆਂ ਤੇ ਪੱਤਲਾਂ ਦੀ ਖੇਪ ਬਾਹਰਲੋ ਸੂਬਿਆਂ ਤੋਂ ਮੰਗਵਾਈ ਜਾਂਦੀ ਹੈ ਅਤੇ ਇਸ ਦੇ ਹਰ ਸਾਲ ਬਕਾਇਦਾ ਤੌਰ 'ਤੇ ਟੈਂਡਰ ਅਖਬਾਰਾਂ ਵਿੱਚ ਦਿੱਤੇ ਜਾਂਦੇ ਹਨ ਅਤੇ ਘੱਟ ਟੈਂਡਰ ਵਾਲੇ ਨੂੰ ਸਪਲਾਈ ਦਾ ਕੰਮ ਦਿੱਤਾ ਜਾਂਦਾ ਹੈ।

ਸਾਲ 2013-14 ਲਈ ਵੀ ਟੈਂਡਰ ਮੰਗੇ ਗਏ ਤੇ ਇਹ ਟੈਡਰ 22 ਫਰਵਰੀ 2013 ਨੂੰ ਖੋਹਲੇ ਗਏ । ਸਭ ਤੋਂ ਘੱਟ ਰੇਟ ਦੇ ਟੈਂਡਰ ਸੁਰਿੰਦਰ ਸਿੰਘ ਐੰਡ ਸਨਜ਼ ਦੇ ਨਿਕਲੇ ਤੇ ਉਸ ਦਾ ਟੈਂਡਰ ਪਾਸ ਕਰ ਦਿੱਤਾ ਗਿਆ। ਇਸ ਮੀਟਿੰਗ ਵਿੱਚ ਬੈਠੇ ਕੁਝ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਨੇ ਨਵਾਂ ਟੈਂਡਰ ਪਾਸ ਹੋ ਜਾਣ ਦੇ ਬਾਵਜੂਦ ਪੁਰਾਣੇ ਠੇਕੇਦਾਰ ਕੋਲੋ ਡੂਨੇ ਤੇ ਪੱਤਲ 28 ਫਰਵਰੀ 2013 ਨੂੰ ਮੰਗਵਾਉਣ ਦਾ ਹੋਰ ਆਰਡਰ ਦੇ ਦਿੱਤਾ ਗਿਆ, ਜਦ ਕਿ ਸਟੋਰ ਵਿੱਚ ਕਰੀਬ ਦੋ ਮਹੀਨੇ ਦਾ ਸਟਾਕ ਰੀਜਰਵ ਪਿਆ ਸੀ। 1 ਮਾਰਚ 2013 ਨੂੰ ਦੋ ਟਰੱਕ ਡੂਨਿਆਂ ਤੇ ਪੱਤਲਾ ਦੇ ਆਏ ਜਿਹਨਾਂ ਵਿੱਚ ਆਏ ਡੂਨਿਆਂ ਤੇ ਪੱਤਲਾਂ ਬੰਡਲ ਆਏ। ਬਿੱਲ ਨੰਬਰ 601 ਅਨੁਸਾਰ 2626000 ਡੂਨੇ ਰੇਟ 170 ਰਪਏ ਇੱਕ ਹਜਾਰ ਤੇ ਪੱਤਲ 255000 ਰੇਟ 330 ਰੁਪਏ ਪ੍ਰਤੀ ਹਜ਼ਾਰ ਮੰਗਵਾਏ ਗਏ।

ਇਸੇ ਤਰ੍ਹਾਂ ਦੂਸਰੇ ਟਰੱਕ ਵਿੱਚ ਬਿੱਲ ਨੰਬਰ 214 ਮਿਤੀ 1 ਮਾਰਚ 2013 ਡੂਨੇ 2821000 ਮੰਗਵਾਏ ਗਏ ਜਿਹਨਾਂ ਦੀ ਰੇਟ ਵੀ 170 ਰੁਪਏ ਪ੍ਰਤੀ ਹਜਾਰ ਸੀ ਅਤੇ ਪੱਤਲ 255000 ਮੰਗਵਾਏ ਜਿਹਨਾਂ ਦੀ ਰੇਟ ਵੀ 330 ਰੁਪਏ ਪ੍ਰਤੀ ਹਜਾਰ ਲਗਾਇਆ ਗਿਆ। ਨਵੇਂ ਰੇਟ ਮੁਤਾਬਕ ਡੂਨਾ 268 ਰੁਪਏ ਪ੍ਰਤੀ 2100 ਅਤੇ ਪੱਤਲ 264 ਰੁਪਏ ਪ੍ਰਤੀ ਹਜਾਰ ਹੈ। ਪੁਰਾਣੇ ਰੇਟ ਮੁਤਾਬਕ ਇਸ ਸਾਰੀ ਸਮੱਗਰੀ ਦਾ ਮੁੱਲ 1094290 ਰੁਪਏ ਬਣਦਾ ਹੈ ਅਤੇ ਨਵੇ ਰੇਟ ਮੁਤਾਬਕ ਇਸ ਦਾ ਮੁੱਲ 807594 ਰੁਪਏ ਬਣਦਾ ਹੈ। ਦੋਹਾਂ ਦਾ ਫਰਕ ਲਾਇਆ ਜਾਵੇ ਤਾਂ 1,86,696 ਰੁਪਏ ਹੈ। ਇਸ ਮਾਲ ਵਿੱਚ ਗੋਲ ਕਿੰਨਾ ਹੋਇਆ, ਇਹ ਤਾਂ ਜਾਂਚ ਉਪਰੰਤ ਹੀ ਸਾਹਮਣੇ ਆਵੇਗਾ ਪਰ ਹਾਲ ਦੀ ਘੜੀ ਇਸ ਘੱਪਲੇ ਨੂੰ ਦਬਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਇਸ ਘੱਪਲੇ ਦੀ ਜਾਂਚ ਦਾ ਕਾਰਜ ਸ੍ਰੋਮਣੀ ਕਮੇਟੀ ਦੇ ਉੋਡਣ ਦਸਤੇ ਨੂੰ ਸੋਪਿਆਂ ਹੈ ਅਤੇ ਉਡਣ ਦਸਤੇ ਦਾ ਅਧਿਕਾਰੀ ਸਕੱਤਰ ਸਿੰਘ ਮਾਮਲੇ ਦੀ ਜਾਂਚ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਵਧੇਰੇ ਕਰਕੇ ਮੁਲਾਜਮਾਂ ਤੇ ਪੰਥ ਦਰਦੀਆਂ ਦਾ ਮੰਨਣਾ ਹੈ ਕਿ ਬਾਕੀ ਘੱਪਲਿਆਂ ਵਾਂਗ ਇਹ ਘੱਪਲਾ ਵੀ ਦਬਾ ਦਿੱਤਾ ਜਾਵੇਗਾ, ਕਿਉਕਿ ਸ਼੍ਰੋਮਣੀ ਕਮੇਟੀ ਵਿੱਚ ਇਹ ਅਖਾਣ ਵਰਤਿਆ ਜਾਂਦਾ ਹੈ ‘‘ਜੇਕਰ ਵੱਢੀ ਲੈਂਦਾ ਜੇਕਰ ਫੜਿਆ ਗਿਆ ਹੈ, ਤਾਂ ਵੱਢੀ ਦੇ ਕੇ ਛੁੱਟ ਜਾਵੇਗਾ।’’

ਕੁਝ ਸੂਤਰਾਂ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆਂ ਨੇ ਇਸ ਤੋਂ ਪਹਿਲਾਂ ਇੱਕ ਕਣਕ ਦਾ ਟਰੱਕ ਵੀ ਵੇਚਣ ਦੀ ਕੋਸ਼ਿਸ਼ ਕੀਤੀ, ਪਰ ਸਟੋਰ ਕੀਪਰ ਵੱਲੋਂ ਮਨਾ ਕਰਨ ਤੋਂ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦਾ ਤਬਾਦਲਾ ਵੀ ਕਰਵਾ ਦਿੱਤਾ ਗਿਆ। ਸ਼੍ਰੋਮ੍ਣੀ ਕਮੇਟੀ ਵਿੱਚ ਇਹ ਕੋਈ ਨਵਾਂ ਘੱਪਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਘੱਪਲੇ ਹੋ ਚੁੱਕੇ ਹਨ, ਜਿਹਨਾਂ ਵਿੱਚ ਕੜਾਹ ਪ੍ਰਸਾਦਿ ਦਾ ਘੱਪਲਾ, ਕੜਾਹ ਪ੍ਰਸਾਦਿ ਦੀਆਂ ਪਰਚੀਆਂ ਦਾ ਘੱਪਲਾ, ਚੰਦੋਆ ਘੱਪਲਾ, ਰੁਮਾਲਾ ਘੱਪਲਾ, ਭਰਤੀ ਘੱਪਲਾ ਹੋ ਚੁੱਕੇ ਹਨ, ਪਰ ਕਿਸੇ ਦੇ ਘੱਪਲੇ ਦੇ ਦੋਸ਼ੀ ਦੇ ਖਿਲਾਫ ਪੁਲੀਸ ਕਾਰਵਾਈ ਨਹੀਂ ਕੀਤੀ ਗਈ, ਸਗੋਂ ਜਾਂ ਤਾਂ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਜਾਂ ਫਿਰ ਘੱਪਲਾਕਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top