Share on Facebook

Main News Page

ਭਾੜੇ ਦੇ ਪਾਠ ਕਿਵੇਂ ਅਰੰਭ ਹੋਏ ਅਤੇ ਛੱਡੇ ਕਿਉਂ ਨਹੀਂ ਜਾ ਸਕਦੇ ?
- ਅਵਤਾਰ ਸਿੰਘ ਮਿਸ਼ਨਰੀ

ਅਖੰਡ ਪਾਠ ਦੁਸ਼ਮਣ ਮਗਰ ਲੱਗਾ ਹੋਣ ਕਰਕੇ, ਔਖੇ ਸਮੇਂ ਆਰੰਭ ਹੋਏ ਦੱਸੇ ਜਾਂਦੇ ਹਨ ਅਤੇ ਬਾਅਦ ਵਿੱਚ ਪੁਜਾਰੀਆਂ ਦੀ ਰੋਟੀ ਰੋਜੀ ਬਣ ਜਾਣ ਕਰਕੇ, ਮਰਯਾਦਾ ਬਣਾ ਦਿੱਤੇ ਗਏ ਜੋ ਹੁਣ ਅੰਨ੍ਹੀ ਸ਼ਰਧਾ, ਮਨੋਕਾਮਨਾਂ ਦੀ ਪੂਰਤੀ ਦੇ ਲਾਲਚ, ਅਤੇ ਲੋਕ ਲਾਜ ਵੱਸ, ਦੇਖਾ-ਦੇਖੀ ਹੋ ਰਹੇ ਹੋਨ ਕਰਕੇ ਛੱਡਣੇ ਔਖੇ ਲਗਦੇ ਹਨ। ਭਾਈ ਕਾਨ੍ਹ ਸਿੰਘ ਨ੍ਹਾਭਾ ਰਚਿਤ ਮਹਾਂਨ ਕੋਸ਼ ਅਨੁਸਾਰ ਪਾਠ ਸੰਸਕ੍ਰਿਤ ਦਾ ਲਫਜ ਹੈ ਅਤੇ ਇਸ ਦੇ ਅਰਥ ਹਨ-ਪੜ੍ਹਨ ਦੀ ਕ੍ਰਿਆ, ਪਠਨ, ਪੜ੍ਹਾਈ, ਸਬਕ, ਸੰਥਿਆ, ਪੁਸਤਕ ਦਾ ਭਾਗ,ਅਧਿਆਇ, ਕਿਸੇ ਪੁਸਤਕ ਜਾਂ ਸਤੋਤ੍ਰ ਨੂੰ ਨਿਤ ਪੜ੍ਹਨ ਦੀ ਕ੍ਰਿਆ, ਪਾਠੀ ਦਾ ਅਰਥ ਹੈ ਪੜ੍ਹਨ ਵਾਲਾ ਅਤੇ ਅਖੰਡ ਪਾਠ-ਜੋ ਲਗਾਤਾਰ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜੋ ਤੇਰਾਂ ਪਹਿਰ ਵਿੱਚ ਸਮਾਪਤ ਕੀਤਾ ਜਾਵੇ ਉਸ ਨੂੰ ਅਖੰਡ ਪਾਠ ਕਹਿੰਦੇ ਹਨ। ਚਾਰ ਜਾਂ ਪੰਜ ਪਾਠੀਏ ਨੰਬਰ ਵਾਰ ਬਦਲਦੇ ਰਹਿੰਦੇ ਅਤੇ ਪਾਠ ਨਿਰੰਤਰ ਹੁੰਦਾ ਰਹਿੰਦਾ ਹੈ।

ਪਾਠ ਦੀ ਇਹ ਰੀਤ ਪੰਥ ਵਿੱਚ ਬੁੱਢੇ ਦਲ ਨੇ ਚਲਾਈ ਹੈ ਅਤੇ ਸਤਿਗੁਰਾਂ ਦੇ ਸਮੇਂ ਅਖੰਡ ਪਾਠ ਨਹੀਂ ਹੋਇਆ ਕਰਦਾ ਸੀ। ਭਾਈ ਸਾਹਿਬ ਗੁਰਮਤਿ ਮਾਰਤੰਡ ਦੇ ਪੰਨਾ ੪੨੧-੨੨ ਤੇ ਲਿਖਦੇ ਹਨ ਕਿ ਉਜਰਤ (ਭੇਟਾ) ਦੇ ਕੇ ਪਾਠ ਕਰਾਉਣਾ, ਤੰਤ੍ਰ ਸ਼ਾਸ਼ਤ੍ਰ ਦੀ ਦੱਸੀ ਰੀਤਿ ਅਨੁਸਾਰ ਜਪ, ਵਰਣੀਆਂ, ਸਪਤਾਹ ਪਾਠ (ਸਤ ਦਿਨਾ ਪਾਠ) ਸੰਪਟ ਪਾਠ (ਕਿਸੇ ਤੁਕ ਨੂੰ ਭਾਵਨਾ ਅਨੁਸਾਰ ਫਲ ਦੇਣ ਵਾਲੀ ਮੰਨ ਕੇ ਹਰੇਕ ਸ਼ਬਦ ਅਤੇ ਪਉੜੀ ਸ਼ਲੋਕ ਦੇ ਆਦਿ ਅੰਤੁ ਦੇ ਕੇ ਪਾਠ ਕਰਨਾ ਸੰਪਟ ਪਾਠ ਹੈ ਜਿਵੇਂ- ਸਗਲ ਮਨੋਰਥ ਪੂਰੇ॥ (ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ॥ ਨਾਨਕ ਹੋਸੀ ਭੀ ਸਚੁ॥) ਸਗਲ ਮਨੋਰਥ ਪੂਰੇ॥ ਨਾਲ ਨਲੇਰ, ਕਲਸ, ਦਿਨੇ ਦੀਵਾ ਆਦਿ ਸਭ ਕਰਮ ਹਿੰਦੂ ਰੀਤਿ ਦੀ ਨਕਲ ਹਨ।

ਪਾਠ ਆਪ ਕਰਨਾ ਚਾਹੀਏ ਜਾਂ ਆਪਣੇ ਸਬੰਧੀਆਂ ਅਥਵਾ ਵਿਦਵਾਨ ਸੱਜਨ ਤੋਂ ਮਨ ਇਕਾਗਰ ਕਰਕੇ, ਪ੍ਰੇਮ ਨਾਲ ਸੁਣਨਾ ਚਾਹੀਏ ਅਤੇ ਨਾਲ-ਨਾਲ ਅਰਥ ਦਾ ਵਿਚਾਰ ਵੀ ਹੁੰਦਾ ਰਹੇ। ਆਪ ਹੋਰ ਲਿਖਦੇ ਹਨ ਕਿ ਕਈ ਧਰਮਸਥਾਨਾਂ ਦੇ ਮਹੰਤ, ਪੁਜਾਰੀ ਅਤੇ ਗ੍ਰੰਥੀ ਪਾਠ ਤਿਆਰ ਕਰ ਰੱਖਦੇ ਹਨ, ਕਦੇ ਇਹ ਪੜ੍ਹੇ ਭੀ ਨਹੀਂ ਹੁੰਦੇ ਸਗੋਂ ਠੱਗ ਲੀਲ੍ਹਾ ਹੀ ਹੁੰਦੀ ਹੈ ਅਗਰ ਪੜ੍ਹੇ ਭੀ ਹੋਣ ਤਦ ਭੀ ਅਜਿਹੇ ਪਾਠ ਗੁਰਮਤ ਵਿਰੁੱਧ ਹਨ।

ਖਾਲਸੇ ਦੇ ਬੁੱਢੇ ਦਲ ਦੀ ਰੀਤ ਸੀ ਕਿ ਜਦ ਮੁਹਿਮ ਤੇ ਜਾਣ ਜਾਂ ਹੋਰ ਕਠਨ ਕਾਰਜ ਕਰਨ ਦਾ ਮੌਕਾ ਬਣੇ ਤਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ, ਅਰਦਾਸਾ ਸੋਧ ਕੇ ਚੜ੍ਹਾਈ ਕੀਤੀ ਜਾਂਦੀ ਸੀ। ਰਵਾਨਗੀ ਵੇਲੇ “ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ॥ ਖੁਆਰ ਹੋਇ ਸਭ ਮਿਲੈਂਗੇ ਬਚੇ ਸਰਣ ਜੋ ਹੋਇ॥ ਸੂਰਵੀਰਾਂ ਦਾ ਉਤਸ਼ਾਹ ਵਧਾਉਣ ਲਈ, ਇਹ ਦੋਹਰਾ ਪੜ੍ਹ ਕੇ ਜੈਕਾਰਾ ਗਜਾਇਆ ਜਾਂਦਾ ਸੀ। ਕਦੇ-ਕਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਪਾਠ ਕਰਨ ਵਿੱਚ ਕਈ ਦਿਨ ਲੱਗ ਜਾਂਦੇ ਸਨ ਅਰ ਢਿਲ ਪੈਣ ਤੋਂ ਕਈ ਤਰਾਂ ਦੇ ਵਿਘਨ ਹੋ ਜਾਂਦੇ ਸਨ। ਸਿਆਣਿਆਂ ਦੀ ਸਲਾਹ ਨਾਲ ਅਖੰਡ ਪਾਠ ਦਾ ਪ੍ਰਬੰਧ ਕੀਤਾ ਗਿਆ ਕਿ ਤੇਰਾਂ ਪਹਿਰ ਵਿੱਚ ਭੋਗ ਪਾ ਕੇ, ਕਾਰਜ ਅਰੰਭ ਕੀਤਾ ਜਾਵੇ। ਬੁੱਢੇ ਦਲ ਤੋਂ ਤਰਨਾ ਦਲ ਨੇ ਇਹ ਰੀਤਿ ਲਈ ਅਤੇ ਫਿਰ ਸਾਰੇ ਪੰਥ ਵਿੱਚ ਰਵਾਜ ਪੈ ਗਿਆ। ਹੌਲੀ-ਹੌਲੀ ਅਖੰਡ ਪਾਠ ਤੰਤ੍ਰ ਸ਼ਾਸ਼ਤ੍ਰ ਦੇ ਦੱਸੇ ਪ੍ਰਯੋਗਾਂ ਵਾਂਗ ਇੱਕ ਮੰਤ੍ਰ-ਜਾਪ ਹੋ ਗਿਆ। ਇਸੇ ਤਰ੍ਹਾਂ ਅਖੰਡ ਦੀਵਾ (ਅਗਨੀ ਜੋਤਿ), ਧੂਪ, ਕਲਸ਼ ਅਸਥਾਪਨ, ਨਲੀਏਰ ਆਦਿਕ ਦਾ ਵਰਤਾਉ ਹੋਣ ਲੱਗਾ। ਮਨੋ ਕਾਮਨਾਂ ਦੀ ਪੂਰਤੀ ਲਈ ਇਹ ਪਾਠ ਉਤਮ ਸਾਧਨ ਮੰਨਿਆ ਗਿਆ।

ਭਾਈ ਸਾਹਿਬ ਲਿਖਦੇ ਹਨ ਕਿ ਗੁਰੂ ਸਾਹਿਬਾਨ ਦੇ ਸਮੇਂ ਕਦੇ ਅਖੰਡ ਪਾਠ ਨਹੀਂ ਹੋਇਆ। ਹੁਣ ਕਈ ਥਾਂਈ (ਇਕੋਤ੍ਰੀ-੧੦੧ ਅਖੰਡ ਪਾਠ) ਕੀਤੇ ਜਾਂਦੇ ਹਨ। ਪ੍ਰੇਮੀ ਸਿੱਖ ਆਪ ਪੜ੍ਹਨ ਦੀ ਥਾਂ ਭੇਟਾ ਦੇ ਕੇ ਪਾਠ ਕਰਾਉਣਾ ਮਹਾਨ ਪੁੰਨ ਸਮਝਦੇ ਹਨ। ਕਈ ਡਾਕ ਵਿੱਚ ਰੁਪਏ ਭੇਜ ਕੇ ਪਾਠ ਦਾ ਮਹਾਤਮ ਖਰੀਦ ਲੈਂਦੇ ਹਨ। ਭਾਈ ਸਾਹਿਬ ਸੁਝਾਅ ਦਿੰਦੇ ਹਨ ਕਿ ਅਜੇਹੇ ਰਸਮੀਂ ਪਾਠਾਂ ਤੇ ਧੰਨ ਖਰਚਣ ਦੀ ਥਾਂ, ਜੇ ਵਿਦਿਆ ਦੇ ਪ੍ਰਚਾਰ ਲਈ ਉੱਦਮ ਕੀਤਾ ਜਾਵੇ ਅਤੇ ਅਨੇਕ ਬੋਲੀਆਂ ਵਿੱਚ ਗੁਰਬਾਣੀ ਦਾ ਉਲੱਥਾ ਕਰਕੇ,ਸਤਿਗੁਰੁ ਨਾਨਕ ਦਾ ਉਪਦੇਸ਼ ਜਗਤ ਵਿੱਚ ਫੈਲਾਯਾ ਜਾਵੇ ਤਦ ਅਖੈ ਪੁੰਨ ਅਤੇ ਲਾਭ ਹੋ ਸਕਦਾ ਹੈ।

ਅਖੰਡ ਪਾਠਾਂ ਨਾਲ ਚਲਾਏ ਜਾ ਰਹੇ ਥੋਥੇ ਕਰਮਕਾਂਡ-ਸਿੱਖ ਰਹਿਤ ਮਰਯਾਦਾ ਅਨੁਸਾਰ ਅਖੰਡ ਪਾਠ ਅਰਦਾਸ ਕਰਕੇ ਆਰੰਭ ਅਤੇ ਅਰਦਾਸ ਨਾਲ ਹੀ ਸੰਪੂਰਨ ਹੁੰਦਾ ਹੈ ਪਰ ਅਜੋਕੇ ਸਮੇਂ ਕਈ ਥਾਈਂ ਪਹਿਲਾਂ ਆਰਤੀ ਕਰਕੇ, ਜੋਤਿ ਜਗਾ ਕੇ, ਕੁੰਭ (ਘੜਾ) ਨਾਰੀਅਲ ਰੱਖ, ਲਾਲ ਰੰਗ ਦੇ ਧਾਗਿਆਂ ਦੀਆਂ ਮੌਲੀਆਂ ਬੰਨ੍ਹ, ਧੂੰਫਾਂ ਧੁਖਾ ਅਤੇ ਅਨੇਕ ਪ੍ਰਕਾਰ ਦੀ ਸਮੱਗਰੀ ਨਾਲ ਰੱਖ ਕੇ ਅਰੰਭ ਕੀਤਾ ਜਾਂਦਾ ਹੈ। ਜਪੁਜੀ ਦੀਆਂ ਪਹਿਲੀਆਂ ਪੰਜ ਪਾਉੜੀਆਂ ਜਾਂ ਜਪੁਜੀ ਸਾਹਿਬ ਪੂਰਾ ਹੋਣ ਤੇ ਪਾਠ ਕਰਾਉਣ ਵਾਲੇ ਅਤੇ ਸੰਗਤ ਉੱਠ ਚਲੇ ਜਾਂਦੇ ਹਨ। ਪਾਠ ਦੇ ਵਿਚਾਲੇ ੭੦੫ ਅੰਗ ਤੇ ਮਧਿ ਲੌਣ ਵਾਲਾ ਕਰਮਕਾਂਡ ਕੀਤਾ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਹੁਣ ਮਧਿ ਆ ਗਿਆ ਹੈ। ਦੇਖੋ! ਮਧਿ ਦਾ ਅਰਥ ਹੈ ਵਿੱਚਕਾਰ, ਅੱਧ ਜਾਂ ਸੈਂਟਰ ਅਤੇ ਗੁਰੂ ਗ੍ਰੰਥ ਜੀ ਦੇ ੧੪੩੦ ਅੰਗ ਹਨ। ਹੁਣ ਤੁਸੀਂ ਆਪ ਹੀ ਸੋਚੋ, ਫਿਰ ਮਧਿ (ਅੱਧ) ੭੧੫ ਤੇ ਹੋਇਆ ਜਾਂ ੭੦੫ ਤੇ? ਜਦ ਕਿ ਮਧਿ ਨਾਲ ਸਬੰਧਤ ਤੁਕਾਂ ੨੩ ਵਾਰ ਗੁਰੂ ਗ੍ਰੰਥ ਸਾਹਬਿ ਵਿਖੇ ਵੱਖ-ਵੱਖ ਅੰਗਾਂ ਤੇ ਆਉਂਦੀਆਂ ਹਨ।

ਮਧਿ ਵਾਲੀ ਤੁਕ- ਆਦਿ ਪੂਰਨ, ਮਧਿ ਪੂਰਨ ਅੰਤਿ ਪੂਰਨ ਪਰਮੇਸਰੈ (੭੦੫) ਦੇ ਭਾਵ ਅਰਥ ਵਿਚਾਰੀਏ ਤਾਂ ਅਰਥ ਹਨ-ਪਰੀ ਪੂਰਨ ਪ੍ਰਮਾਤਮਾਂ ਸੰਸਾਰ ਦੇ ਆਦਿ ਵਿੱਚ ਵੀ ਪੂਰਨ, ਮਧਿ ਵਿਚਕਾਰ ਭਾਵ ਹੁਣ ਵੀ ਪੂਰਨ ਅਤੇ ਅੰਤ ਭਾਵ ਭਵਿਖ ਵਿੱਚ ਵੀ ਸੰਪੂਰਨ ਹੋਵੇਗਾ। ਪ੍ਰਵਾਰ ਜਾਂ ਗੁਰਦੁਆਰੇ ਵਾਲੇ ਭਾਈਆਂ ਜਾਂ ਪ੍ਰਬੰਧਕਾਂ ਨੂੰ ੭੦੫ ਅੰਗ ਦੇਖ ਕੇ ਭਾਜੜਾਂ ਪੈ ਜਾਂਦੀਆਂ ਹਨ। ਜੇ ਪਾਠ ਲੇਟ ਹੈ ਤਾਂ ਪਾਠੀ ਨੂੰ ਪਾਠ ਤੇਜ ਕਰਨ ਲਈ ਅਤੇ ਜੇ ਅਡਵਾਂਸ ਹੈ ਤਾਂ ਹੌਲੀ ਕਰਨ ਲਈ ਹਦਾਇਤਾਂ ਜਾਂ ਇਸ਼ਾਰੇ ਦਿੱਤੇ ਜਾਂਦੇ ਹਨ। ਪਾਠੀ ਸਿੰਘ ਨੂੰ ਮੂੰਹ ਵਿੱਚ ਚੁਪੀਤਾ ਪਾਠ ਕਰਨ ਲਈ ਕਹਿ ਕੇ, ਅਰਦਾਸ ਸ਼ੁਰੂ ਕਰ ਦਿੱਤੀ ਜਾਂਦੀ ਹੈ।, ਪਾਠੀ ਦੇ ਚੁੱਪ ਹੋਣ ਕਰਕੇ ਅਤੇ ਅਖੰਡ ਚੱਲ ਰਹੇ ਪਾਠ ਵਿੱਚ ਉੱਚੀ ਬੋਲਾਂ ਵਿੱਚ ਅਰਦਾਸ ਕਰਨ ਕਰਕੇ ਅਗਿਆਨਤਾਵੱਸ ਜਾਂ ਆਪਹੁਦਰੇਪਨ ਨਾਲ ਅਖੰਡ ਪਾਠ ਖੰਡਨ ਕੀਤਾ ਜਾਂਦਾ ਹੈ। ਇਸ ਬਾਰੇ ਹੋਰ ਵਿਸਥਾਰ ਲਈ ਆਪ ਦਾਸ ਦੇ ਲੇਖ “ਮਧਿ ਦੀ ਅਰਦਾਸ” ਨੂੰ ਜਰੂਰ ਪੜ੍ਹਨਾ ਜੋ ਵੱਖ-ਵੱਖ ਪੰਜਾਬੀ ਵੈਬਸਾਈਟਾਂ, ਰਸਾਲਿਆਂ ਅਤੇ ਅਖਬਾਰਾਂ ਵਿੱਚ ਛਪਿਆ ਹੋਇਆ ਹੈ। ਭੋਗ ਭਾਵ ਸਮਾਪਤੀ ਤੇ ਵੀ ਧੂਫਾਂ ਧੁਖਾ ਕੇ ਆਰਤੀ ਕਰਨੀ, ਗਿੱਲੇ ਫੁੱਲ ਗੁਰੂ ਗ੍ਰੰਥ ਦੇ ਪੱਤਰਿਆਂ ਤੇ ਸੁੱਟਣੇ ਅਤੇ ਗੁਰਬਾਣੀ ਵਿਚਾਰ ਦੀ ਥਾਂ ਬਹੁਤਾ ਸਮਾਂ ਰਾਗੀਆਂ ਨੂੰ ਦੇਣਾਂ ਜੋ ਬਹੁਤੇ ਕੀਰਤਨ ਕਰਦੇ ਵੀ ਮਨਘੜਤ ਸਾਖੀਆਂ ਵੀ ਸੁਣਾਈ ਜਾਂਦੇ ਹਨ।

ਅਜੋਕੇ ਬਹੁਤੇ ਅਖੰਡ ਪਾਠ ਖੁਸ਼ੀ, ਗਮੀ, ਜਨਮ, ਮਰਨ, ਨਵਾਂ ਘਰ, ਕਾਰੋਬਾਰ ਜਾਂ ਧਰਮ ਦੇ ਨਾਂ ਤੇ ਪੁੰਨਿਆ, ਮੱਸਿਆ, ਲੋਹੜੀ, ਦਿਵਾਲੀ ਜਾਂ ਕੋਈ ਗੁਰ ਪੁਰਬ ਆਦਿਕ ਦੇ ਨਾਮ ਹੇਠ, ਸੁੱਖਣਾ ਸੁੱਖਣ ਜਾਂ ਸੁਖਣਾ ਪੂਰੀ ਹੋਣ ਕਰਕੇ, ਹੋਰ ਮਨੋਕਾਮਨਾਂ ਪੂਰੀਆਂ ਕਰਨ-ਕਰਾਉਣ ਲਈ, ਭਾੜੇ ਤੇ ਕਰਵਾਏ ਜਾਂਦੇ ਹਨ। ਇਨ੍ਹਾਂ ਪਾਠਾਂ ਦਾ ਲਾਭ ਮਾਇਕ ਤੌਰ ਤੇ ਪਾਠੀਆਂ ਅਤੇ ਗੋਲਕ ਮਾਲਕਾਂ ਨੂੰ ਜਰੂਰ ਹੁੰਦਾ ਹੈ ਪਰ ਕਰਾਉਣ ਵਾਲੇ ਅਗਿਆਨਤਾ, ਲੋਕ ਦਿਖਾਵੇ ਜਾਂ ਹਉਂਮੇ-ਹੰਕਾਰ ਵਿੱਚ ਲੁੱਟੇ ਜਾਂਦੇ ਹਨ।

ਦੇਖੋ ਸਾਨੂੰ ਭੁੱਖ ਲੱਗੇ ਤਾਂ ਭੋਜਨ ਖਾਣ ਨਾਲ ਭੁੱਖ ਅਤੇ ਪਾਣੀ ਪੀਣ ਨਾਲ ਪਿਆਸ ਦੂਰ ਹੋ ਜਾਂਦੀ ਹੈ ਪਰ ਜੇ ਅਸੀਂ ਕਹੀਏ ਕਿ ਸਾਡੀ ਭੁੱਖ-ਪਿਆਸ ਕਿਸੇ ਦੂਸਰੇ ਦੇ ਭੋਜਨ ਖਾਣ ਜਾਂ ਪਾਣੀ ਪੀਣ ਨਾਲ ਦੂਰ ਹੋ ਜਾਵੇਗੀ ਨਾਮੁਮਕਨ ਹੈ। ਐਸਾ ਅਸੀਂ ਕਦੇ ਨਹੀਂ ਕਰਦੇ ਕਿ ਸਾਡੀ ਥਾਂ ਕੋਈ ਹੋਰ ਹੀ ਖਾਵੇ-ਪੀਵੇ ਤੇ ਉਹ ਸਿੱਧਾ ਸਾਡੇ ਪੇਟ ਵਿੱਚ ਪੈ ਜਾਵੇ। ਜਰਾ ਸੋਚੋ ਜੇ ਅਜਿਹਾ ਨਹੀਂ ਹੋ ਸਕਦਾ ਤੇ ਅਸੀਂ ਅਜਿਹਾ ਕਰਦੇ ਵੀ ਨਹੀਂ। ਸਾਡੇ ਅੰਦਰੂਨੀ ਆਪੇ ਦਾ ਭੋਜਨ ਪਾਣੀ ਗੁਰਬਾਣੀ ਵੀਚਾਰ, ਸਬਦ ਕੀਰਤਨ ਅਤੇ ਸੇਵਾ ਸਿਮਰਨ ਹੈ,ਉਹ ਦੂਸਰੇ ਦਾ ਕੀਤਾ ਹੋਇਆ, ਸਾਡੇ ਆਪੇ ਨੂੰ ਕਿਵੇਂ ਤ੍ਰਿਪਤ ਕਰ ਸਕਦਾ ਹੈ? ਇਸ ਸਬੰਧੀ ਗੁਰੂ ਗ੍ਰੰਥ ਸਾਹਿਬ ਦਾ ਤਾਂ ਹੁਕਮ ਹੈ- ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥ (੧੪੨੯) ਕਿਸੇ ਅਦੀਬ ਕਵੀ ਨੇ ਵੀ ਲਿਖਿਆ ਹੈ ਕਿ- ਭੋਜਨ ਖਾਏ ਬਿਨ ਭੂਖ ਨਾ ਦੂਰ ਹੋਇ, ਪਿਆਸ ਨਾ ਦੂਰ ਹੋਇ ਪੀਏ ਬਿਨ ਪਾਨੀ ਕੇ॥ ਤੈਸੇ ਕਲੀ ਘੋਰ ਕੂੜ ਅੰਧ ਬਿਖੈ ਮੁਕਤ ਨਾ ਪਾਵੈ ਬਿਨ ਗਿਆਨ ਗੁਰਬਾਨੀ ਕੇ॥ (ਅਦੀਬ) ਹੁਣ ਤੁਸੀਂ ਆਪ ਹੀ ਸੋਚ-ਵਿਚਾਰ ਕਰੋ ਕਿ ਕੀਤੇ ਕਰਾਏ ਜਾਂਦੇ ਪਾਠ ਤੁਹਾਡਾ ਕੀ ਸਵਾਰਨਗੇ?ਅਗਿਆਨਤਾ ਵੱਸ ਫੋਕੀ ਸ਼ੋਹਰਤ ਜਾਂ ਮਨੋਕਾਮਨਾਂ ਪੂਰੀ ਹੋਣ ਦੇ ਦਿੱਤੇ ਲਾਲਚ ਜਾਂ ਝਾਂਸੇ ਵਿੱਚ ਤੁਸੀਂ ਲੁੱਟੇ ਹੀ ਜਾਉਗੇ।

ਪਾਠਾਂ ਵਾਲੀਆਂ ਲੁੱਟਾਂ ਦਾ ਵੇਰਵਾ-ਸੁੱਖਣਾ ਦੇ ਨਾਂ ਤੇ ਲੁੱਟ। ਮਨੋਕਾਮਨਾ ਦੇ ਲਾਲਚ ਦੀ ਲੁੱਟ, ਵੱਖ-ਵੱਖ ਤਰ੍ਹਾਂ ਦੀਆਂ ਭੇਟਾਵਾਂ ਜਿਵੇਂ ਅਰਦਾਸ, ਪਾਠ, ਕੀਰਤਨ, ਕਥਾ,ਰੁਮਾਲ, ਨਵੇਂ ਘਰ ਜਾਂ ਕਾਰੋਬਾਰ ਦੀ ਮਹੂਰਤ, ਫੰਡ, ਦਾਨ ਅਤੇ ਕੜਾਹ ਪ੍ਰਸ਼ਾਦ ਲੰਗਰ ਆਦਿਕ ਦੀਆਂ ਭੇਟਾਵਾਂ ਵੀ ਵੱਖ-ਵੱਖ ਤਰੀਕੇ ਦੀਆਂ ਲੁੱਟਾਂ ਹਨ। ਘਰੇ ਬੈਠੇ ਡਾਕ ਜਾਂ ਕਰੈਡਿਟ ਕਾਰਡ ਰਾਹੀਂ ਪੈਸੇ ਜਾਂ ਡਾਲਰ ਭੇਜ ਕੇ ਭਾਰ ਲਾਉਣ ਦੀ ਲਾਲਸਾ ਵਾਲੀ ਲੁੱਟ। ਕੀਤੇ ਕਰਾਏ ਪਾਠ ਵੇਚਣ ਅਤੇ ਖਰੀਦਣ ਦੀ ਲੁੱਟ। ਬਿਨਾ ਰਸੀਦ ਲਏ, ਬਲਾਈਂਡ ਫੇਥ ਹੋ ਕੈਸ਼ ਮਨੀ ਭੇਟਾ ਕਰਨ-ਕਰਾਉਣ ਦੀ ਲੁੱਟ (ਜੋ ਹੁਣੇ ਜਿਹੇ ਅਖੌਤੀ ਜਥੇਦਾਰ ਇਕਬਾਲ ਸਿੰਘ ਪਟਨਾ ਵਾਲੇ ਨੇ ਇੱਕ ਬਜੁਰਗ ਨਿਹੰਗ ਸਿੰਘ ਨਾਲ ਕੀਤੀ ਹੈ ਜਿਸ ਦਾ ਵੇਰਵਾ ਖਾਲਸਾ ਨਿਊਜ, ਸਿੰਘ ਸਭਾ ਕਨੇਡਾ, ਸਿੰਘ ਸਭਾ ਯੂ. ਐੱਸ.ਏ, ਯੂ ਟਿਯੂਬ, ਕਈ ਹੋਰ ਵੈਬ ਸਾਈਟਾਂ ਅਤੇ ਮੀਡੀਏ ਵਿੱਚ ਵੇਖ ਸਕਦੇ ਹੋ)

ਰਸਮੀ ਪਾਠਾਂ ਬਾਰੇ ਗੁਰੂ ਗ੍ਰੰਥ ਸਾਹਿਬ ਦਾ ਫੈਂਸਲਾ- ਮ: ੧ || ਬੇਦ ਪਾਠ ਸੰਸਾਰ ਕੀ ਕਾਰ ॥ ਪੜ੍ਹਿ ਪੜ੍ਹਿ ਪੰਡਿਤ ਕਰਹਿ ਬੀਚਾਰ॥ ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥ (੭੯੧) ਪਉੜੀ॥ ਪੜਿਐਂ ਨਾਹੀ ਭੇਦਿ ਬੁਝਿਐਂ ਪਾਵਣਾ॥(੧੪੮) ਸਲੋਕੁ ਮ: ੧ || ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ (੪੬੭) ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧|| ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ (੬੪੧) ਪਾਠ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥ (੬੬) ਸਲੋਕ ਮ: ੧ || ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥ ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥ ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥ ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥ ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥ ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥ ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥ ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥ (੧੪੩) ਗਾਉੜੀ ਮ: ੧ || ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥ ਬੇਦ ਪੁਰਾਣ ਪੜੈ ਸੁਣਿ ਥਾਟਾ ॥ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥੭॥ ( ੨੨੬)

ਆਸਾ ਮਹਲਾ ੧ || ਆਚਾਰੀ ਨਹੀ ਜੀਤਿਆ ਜਾਇ ॥ ਪਾਠ ਪੜੈ ਨਹੀ ਕੀਮਤਿ ਪਾਇ ॥(੩੫੫) ਰਾਗ ਆਸਾ ॥ ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ ॥ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥੪॥੧॥ (੪੩੬) ਹਠੁ ਅਹੰਕਾਰੁ ਕਰੈ ਨਹੀ ਪਾਵੈ ॥ ਪਾਠ ਪੜੈ ਲੇ ਲੋਕ ਸੁਣਾਵੈ ॥ (੯੦੫) ਮਾਰੂ ਮਹਲਾ ੧|| ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ ॥ ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥ (੧੦੧੨) ਮਾਰੂ ਮਹਲਾ ੧ || ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਪਾਠ ਪੁਰਾਣ ਉਦੈ ਨਹੀ ਆਸਤ ॥ (੧੦੩੬) ਭੈਰਉ ਮ: ੧ || ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ ॥ ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ ॥੨॥ (੧੧੨੭) ਸਲੋਕ ਮ: ੩ || ਸਲੋਕ ਮ: ੩ || ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ॥ (੧੨੪੬) ਮਲਾਰ ਮਹਲਾ ੧ || ਹੋਮ ਜਗ ਅਰੁ ਪਾਠ ਪੁਰਾਣ ॥ ਜੋ ਤਿਸੁ ਭਾਵੈ ਸੋ ਪਰਵਾਣ ॥੩॥ (੧੨੫੭)

ਉਪ੍ਰੋਕਤ ਗੁਰਬਾਣੀ ਦੀਆਂ ਪੰਗਤੀਆਂ ਵੰਨਗੀ ਮਾਤਰ ਦਿੱਤੀਆਂ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹਨ। ਗੁਰਬਾਣੀ ਵਿੱਚ ਕਿਤੇ ਵੀ ਕੇਵਲ ਪਾਠ ਜਾਂ ਅਖੰਡ ਪਾਠ ਕਰਨ ਦਾ ਜਿਕਰ ਨਹੀਂ ਸਗੋਂ ਧਰਮ ਦੇ ਨਾਂ ਤੇ ਕੀਤੇ ਜਾਂਦੇ ਕਰਮਕਾਂਡੀ ਪਾਠਾਂ ਦਾ ਭਰਵਾਂ ਖੰਡਨ ਹੈ। ਅਜੋਕੇ ਅਖੰਡ ਪਾਠਾਂ ਆਦਿਕ ਕਰਮਕਾਂਡਾਂ ਰਾਹੀਂ ਅਖੌਤੀ ਸਾਧਾਂ-ਸੰਤਾਂ, ਚੌਧਰੀ ਪ੍ਰਬੰਧਕਾਂ ਅਤੇ ਲਾਲਚੀ ਪੁਜਾਰੀਆਂ ਨੇ, ਸਿੱਖ ਕੌਮ ਨੂੰ ਅੰਧਵਿਸ਼ਵਾਸ਼ੀ ਬਣਾ ਦਿੱਤਾ ਹੈ। ਬੁੱਧ ਬਿਬੇਕ ਦਾ ਪੱਲਾ ਛੱਡ ਦੇਣ ਕਰਕੇ, ਅੰਧਵਿਸ਼ਵਾਸ਼ ਹੀ ਵਿਨਾਸ਼ ਦਾ ਕਾਰਣ ਬਣ ਰਿਹਾ ਹੈ। ਬੇਗਿਆਨੇ, ਬੇਧਿਆਨੇ ਅਤੇ ਅੰਧਵਿਸ਼ਵਾਸ਼ੀ ਹੋ ਕੇ ਗਿਣਤੀ-ਮਿਣਤੀ ਦੇ ਪਾਠ ਕਰਨੇ- ਕਰਾਉਣੇ ਮਨਮਤਿ ਹਨ।

ਸਿੱਖ ਕੌਮ ਕਦੋਂ ਸਮਝੇਗੀ? ਕਿ ਗਿਣਤੀ-ਮਿਣਤੀ ਦੇ ਭਾੜੇ ਦੇ ਪਾਠ ਗੁਰਮਤਿ ਵਿੱਚ ਪ੍ਰਵਾਨ ਨਹੀਂ ਸਗੋਂ ਸੰਥਿਆ ਸਹਿਤ ਗੁਰਬਾਣੀ ਪੜ੍ਹ, ਵਿਚਾਰ ਅਤੇ ਧਾਰ ਕੇ ਹੀ ਜੀਵਨ ਸਫਲਾ ਕੀਤਾ ਜਾ ਸਕਦਾ ਹੈ-ਵਿਦਿਆ ਵੀਚਾਰੀ ਤਾਂ ਪਰਪਕਾਰੀ॥ (੩੫੬) ਹੁਣ ਤਾਂ ਸਿੱਖ ਘੋੜਿਆਂ ਦੀਆਂ ਕਾਠੀਆਂ ਅਤੇ ਜੰਗਲ ਬੇਲਿਆਂ ਵਿੱਚ ਨਹੀਂ ਰਹਿੰਦੇ ਕਿ ਉਨ੍ਹਾ ਕੋਲ ਗੁਰਬਾਣੀ ਨੂੰ ਸਹਿਜ ਨਾਲ ਪੜ੍ਹਨ, ਵਿਚਾਰਨ, ਜੀਵਨ ਵਿੱਚ ਧਾਰਨ ਅਤੇ ਸੰਸਾਰ ਦੇ ਭਲੇ ਲਈ, ਅਧੁਨਿਕ ਸਾਧਨਾਂ ਰਾਹੀਂ ਪ੍ਰਚਾਰਨ ਦਾ ਸਮਾਂ ਨਹੀਂ?

ਸੋ ਜਿਨ੍ਹਾਂ ਚਿਰ ਅਸੀਂ ਧਰਮ ਨੂੰ ਧੰਧਾ ਬਣਾ ਚੁੱਕੇ ਪੁਜਾਰੀਆਂ ਅਤੇ ਰਾਜਨੀਤਕ ਲੀਡਰਾਂ ਦੇ ਭਰਮਜਾਲ ਨੂੰ ਨਹੀਂ ਤੋੜਦੇ ਉਨ੍ਹਾਂ ਚਿਰ ਪਾਠਾਂ ਅਤੇ ਅਜਿਹੇ ਹੋਰ ਅਨੇਕਾਂ ਕਰਮਕਾਂਡਾਂ ਵਾਲੇ ਧੰਦੇ ਦੀ ਲੁੱਟ ਚਲਦੀ ਰਹਿਣੀ ਹੈ। ਗਿਆਨਵਾਨ ਅਤੇ ਗੁਰੂ ਪ੍ਰਤੀ ਦ੍ਰਿੜ ਵਿਸ਼ਵਾਸ਼ੀ ਹੋ ਕੇ ਹੀ ਇਸ ਕਰਮਕਾਂਡੀ ਰੀਤ ਨੂੰ ਛੱਡ, ਵਿਚਾਰ ਵਾਲੇ ਰਾਹ ਪਿਆ ਜਾ ਸਕਦਾ ਹੈ। ਅਜਿਹਾ ਤਾਂ ਹੀ ਹੋਵੇਗਾ ਜੇ ਅਸੀਂ ਅਖੌਤੀ ਮਹਾਂਪੁਰਖਾਂ ਦੀਆਂ ਗਪੌੜਾਂ ਦਾ ਖਹਿੜਾ ਛੱਡ ਕੇ, ਕੇਵਲ ਤੇ ਕੇਵਲ ਸੱਚੀ ਬਾਣੀ (ਗੁਰੂ ਗ੍ਰੰਥ ਸਾਹਿਬ) ਦੇ ਮਨੁੱਖਤਾ ਦੀ ਭਲਾਈ ਵਾਲੇ ਸਿਧਾਂਤਾਂ ਦੀ ਪਾਲਣਾ ਕਰਾਂਗੇ। ਜਰਾ ਠੰਢੇ ਦਿਲ-ਦਿਮਾਗ ਨਾਲ ਸੋਚੋ! ਕੀ ਸਤਿਗੁਰਾਂ ਨੇ ਗੁਰਬਾਣੀ ਫੋਕੇ ਪਾਠ ਕਰਨ-ਕਰਾਉਣ ਅਤੇ ਲੋਕਾਂ ਨੂੰ ਪੁਜਾਰੀਆਂ ਵਾਂਗ ਬੁੱਧੂ ਬਣਾ ਕੇ ਮਾਇਆ ਕਮਾਉਣ ਲਈ ਰਚੀ ਸੀ? ਆਓ ਗੁਰਬਾਣੀ ਸਿਧਾਤਾਂ ਨੂੰ ਸਮਝਣ ਦਾ ਉਦਮ ਕਰੀਏ- ਉਦਮ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥ (੫੨੨)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top