Share on Facebook

Main News Page

ਜਿਥੇ ਗੁਰੂ ਸਾਹਿਬ ਦਾ ਘੋੜਾ ਤੰਬਾਕੂ ‘ਚੋਂ ਨਹੀਂ ਲੰਘਿਆ, ਉਥੇ ਗੁਰਦੁਆਰਿਆਂ ਦੀਆਂ ਦੁਕਾਨਾਂ ‘ਚ ਪੀਂਦੇ ਨੇ ਲੋਕ ਸਿਗਰਟਾਂ

* 60 ਲੱਖ ਰੁਪਏ ਸਲਾਨਾ ਆਮਦਨ ਵਾਲੇ ਗੁਰਦੁਆਰਾ ਸਾਹਿਬ ‘ਚ ਸਫ਼ਾਈ ਦਾ ਵੀ ਪ੍ਰਬੰਧ ਨਹੀਂ
* ਸ਼੍ਰੋਮਣੀ ਕਮੇਟੀ ਵੱਲੋਂ ਲੰਗਰਾਂ ਵਾਸਤੇ ਭੇਜੇ ਟਰੱਕਾਂ ਨੂੰ ਟਾਇਰਾਂ ‘ਤੇ ਪਾਣੀ ਪਾਕੇ ਕੀਤਾ ਜਾਂਦਾ ਰਵਾਨਾ

ਹੰਡਿਆਇਆ, 22 ਜੂਨ (ਕੁਲਦੀਪ ਸਿੰਘ ਰਾਮਗੜੀਆ) : ਕਸਬਾ ਹੰਡਿਆਇਆ ਇਤਿਹਾਸਕ ਨਗਰ ਹੈ, ਜਿਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸਨ। ਇਤਿਹਾਸ ਮੁਤਾਬਿਕ ਗੂਰੂ ਤੇਗ ਬਹਾਦਰ ਜੀ ਇਥੋਂ ਧੌਲਾ ਆਦਿ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਅੱਗੇ ਗਏ ਸਨ। ਉਸ ਵੇਲੇ ਪਿੰਡ ਧੌਲਾ ਦੇ ਨਜ਼ਦੀਕ ਇਕ ਖੇਤ ਵਿਚ ਤੰਬਾਕੂ ਬੀਜਿਆ ਹੋਇਆ ਸੀ, ਜਿਸ ਕਾਰਨ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਗਿਆ ਅਤੇ ਉਹ ਤੰਬਾਕੂ ਦੇ ਖੇਤ ‘ਚੋਂ ਨਾ ਲੰਘਿਆ, ਜਿਥੇ ਅੱਜਕੱਲ• ਗੁਰਦੁਆਰਾ ਅੜੀਸਰ ਸਾਹਿਬ ਸਥਿਤ ਹੈ। ਇਸ ਇਤਿਹਾਸਕ ਨਗਰ ਹੰਡਿਆਇਆ ਵਿਖੇ ਤਿੰਨ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ, ਗੁਰਦੁਆਰਾ ਗੁਰੂਸਰ ਕੱਚਾ ਸਾਹਿਬ ਅਤੇ ਡੇਰਾ ਬਾਗਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਹਨ ਪਰ ਜਿੰਨੀਆਂ ਕੁਰਹਿਤਾਂ ਅਤੇ ਖ਼ਾਮੀਆਂ ਇਨ੍ਹਾਂ ਗੁਰੂਘਰਾਂ ਵਿਚ ਸਾਹਮਣੇ ਆਉਂਦੀਆਂ ਹਨ, ਉਹ ਬਹੁਤ ਹੀ ਸ਼ਰਮਨਾਕ ਹਨ।

ਦੱਸਣਯੋਗ ਹੈ ਕਿ ਗੁਰਦੁਆਰਾ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਦੀਆਂ ਕੁੱਲ ਅਠਾਰਾਂ ਦੁਕਾਨਾਂ ਹਨ, ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਨੇ ਕਿਰਾਏ ‘ਤੇ ਦਿੱਤਾ ਹੋਇਆ ਹੈ। ਇਨ੍ਹਾਂ ਦੁਕਾਨਾਂ ਨੂੰ ਕਿਰਾਏ ‘ਤੇ ਦੇਣ ਸਮੇਂ ਜੋ ਕਿਰਾਇਆਨਾਮਾ ਦਸਤਖ਼ਤ ਕੀਤਾ ਜਾਂਦਾ ਹੈ, ਉਸ ਵਿਚ ਬਾਕਾਇਦਾ ਸ਼ਰਤਾਂ ਲਿਖੀਆਂ ਹੋਈਆਂ ਹਨ, ਜਿਸ ਵਿਚ ਇਹ ਸ਼ਰਤ ਵੀ ਸ਼ਾਮਿਲ ਹੈ ਕਿ ਕਿਰਾਏਦਾਰ ਬੀੜੀ, ਜਰਦਾ, ਸਿਗਰਟ, ਸ਼ਰਾਬ ਆਦਿ ਕਿਸੇ ਵੀ ਨਸ਼ੀਲੇ ਪਦਾਰਥ ਦਾ ਸੇਵਨ ਨਹੀਂ ਕਰੇਗਾ ਪਰ ਇਨ੍ਹਾਂ ਦੁਕਾਨਾਂ ਵਿਚ ਸ਼ਰ੍ਹੇਆਮ ਇਨ੍ਹਾਂ ਵਿਵਰਜਿਤ ਵਸਤੂਆਂ ਦਾ ਸੇਵਨ ਹੋ ਰਿਹਾ ਹੈ। ਇਸ ਸਬੰਧੀ ਪੁੱਛੇ ਜਾਣ ‘ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦੁਕਾਨਾਂ ਵਿਚ ਇਸ ਤਰ੍ਹਾਂ ਤਾਂ ਥੋੜਾ-ਬਹੁਤ ਚਲਦਾ ਹੀ ਰਹਿੰਦਾ ਹੈ। ਇਥੇ ਹਰ ਸੰਗਰਾਂਦ ਅਤੇ ਮੱਸਿਆ ਦੇ ਦਿਹਾੜੇ ‘ਤੇ ਸੰਗਤਾਂ ਵੱਲੋਂ ਸ਼ਰਧਾ ਨਾਲ ਦੇਗਾਂ ਕਰਵਾਈਆਂ ਜਾਂਦੀਆਂ ਹਨ। ਇਥੇ ਵਰਣਨਯੋਗ ਹੈ ਕਿ ਇਨ੍ਹਾਂ ਦੇਗਾਂ ਮੌਕੇ ਵੀ ਸੰਗਤਾਂ ਦੀ ਸ਼ਰਧਾ ਨਾਲ ਖਿਲਵਾੜ ਸਾਹਮਣੇ ਆਉਂਦਾ ਹੈ। ਦੇਗ ਕਰਵਾਉਣ ਵਾਲੇ ਭਾਵੇਂ ਦਸ ਰੁਪਏ ਦੀ ਦੇਗ ਕਰਵਾਉਣ ਜਾਂ ਸੌ ਰੁਪਏ ਦੀ, ਸਭ ਨੂੰ ਇਕੋ ਅੱਖ ਨਾਲ ਹੀ ਦੇਖਿਆ ਜਾਂਦਾ ਹੈ ਅਤੇ ਜਦੋਂ ਸੇਵਾਦਾਰ ਸਿੰਘ ਵੱਲੋਂ ਦੇਗ ਵਰਤਾਈ ਜਾਂਦੀ ਹੈ ਤਾਂ ਇੰਨੀ ਕੁ ਮਾਤਰਾ ਵਿਚ ਦਿੱਤੀ ਜਾਂਦੀ ਹੈ, ਜਿਵੇਂ ਕਿ ਹੱਥ ਹੀ ਜੂਠੇ ਕਰਵਾਉਣੇ ਹਨ, ਇਸਤੋਂ ਉਲਟ ਹਰ ਮੱਸਿਆ ਅਤੇ ਸੰਗਰਾਂਦ ਨੂੰ ਖਰਚਿਆਂ ਸਬੰਧੀ ਮੋਟੇ ਬਿੱਲ ਪਾਏ ਜਾਂਦੇ ਹਨ। ਹੋਰ ਤਾਂ ਹੋਰ, ਗੁਰਦੁਆਰਾ ਸਾਹਿਬ ਦੇ ਸੇਵਾਦਾਰ ਡਿਊਟੀ ਦੌਰਾਨ ਦਰਬਾਰ ਸਾਹਿਬ ਵਿਚ ਦਿਨ ਸਮੇਂ ਵੀ ਸੌਂ ਕੇ ਵਕਤ ਗੁਜ਼ਾਰਦੇ ਹਨ। ਭਾਵੇਂ ਕਿ ਪਿਛਲੇ ਦਿਨੀਂ ਡੇਰਾ ਬਾਗ ਵਾਲਾ ਵਿਖੇ ਗੋਲਕ ਵੀ ਗੋਲਕ-ਚੋਰਾਂ ਨੇ ਪੁੱਟ ਲਈ ਸੀ ਅਤੇ ਕਿਸੇ ਕਾਰਨ ਕਰਕੇ ਪਤਾ ਲੱਗ ਗਿਆ ਅਤੇ ਬਚਾਅ ਹੋ ਗਿਆ ਪਰ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਪ੍ਰਬੰਧਕਾਂ ਦੇ ਕੰਨ ‘ਤੇ ਜੂੰ ਨਹੀਂ ਸਰਕੀ। ਇਸ ਸਬੰਧੀ ਪੁੱਛਣ ‘ਤੇ ਪ੍ਰਬੰਧਕਾਂ ਨੇ ਕਿਹਾ ਕਿ ਛੋਟੀਆਂ-ਮੋਟੀਆਂ ਗੱਲਾਂ ਹੋ ਹੀ ਜਾਂਦੀਆਂ ਹਨ।

ਇਸੇ ਤਰ੍ਹਾਂ ਗੁਰਦੁਆਰਾ ਗੁਰੂਸਰ ਕੱਚਾ ਸਾਹਿਬ ਸਮੇਤ ਤਿੰਨੇ ਗੁਰਦੁਆਰਿਆਂ ਵਿਚ ਕੋਈ ਵੀ ਸੱਜਣ ਆਖੰਡ ਪਾਠ ਗੁਰਦੁਆਰਾ ਸਾਹਿਬ ਵਿਖੇ ਕਰਵਾਉਂਦਾ ਹੈ ਤਾਂ ਆਖੰਡ ਪਾਠ ਤਾਂ ਕੀਤੇ ਜਾਂਦੇ ਹਨ ਪਰ ਆਖੰਡ ਪਾਠ ਕਰਨ ਸਮੇਂ ਕੇਵਲ ਪਾਠੀ ਸਿੰਘ ਹੀ ਹੁੰਦਾ ਹੈ। ਉਸ ਕੋਲ ਹੋਰ ਕੋਈ ਸੇਵਾਦਾਰ ਜਾਂ ਹੋਰ ਕੋਈ ਡਿਊਟੀ ਵਾਲਾ ਮੁਲਾਜ਼ਮ ਨਹੀਂ ਹੁੰਦਾ। ਇਸ ਸਮੇਂ ਜੇਕਰ ਪਾਠੀ ਸਿੰਘ ਨੂੰ ਕੋਈ ਮਜ਼ਬੂਰੀ ਬਣ ਜਾਵੇ ਜਾਂ ਗੁਰਦੁਆਰਾ ਸਾਹਿਬ ਅੰਦਰ ਅਚਨਚੇਤ ਕੋਈ ਜਾਨਵਰ ਆਦਿ ਵੜ ਜਾਵੇ ਤਾਂ ਕੀ ਪਾਠੀ ਸਿੰਘ ਆਖੰਡ ਪਾਠ ਖੰਡਿਤ ਹੋਣ ਤੋਂ ਬਚ ਜਾਂਦਾ ਹੋਵੇਗਾ? ਇਸ ਤਰ੍ਹਾਂ ਕਰਕੇ ਵੀ ਸੰਗਤਾਂ ਦੀ ਸ਼ਰਧਾ ਨਾਲ ਖਿਲਵਾੜ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਬਾਥਰੂਮ ਅਤੇ ਫਲੱਸ਼ਾਂ ਅਤੇ ਗੁਰਦੁਆਰਾ ਸਾਹਿਬ ਦਾ ਆਲਾ-ਦੁਆਲਾ ਆਦਿ ਪਿਛਲੇ ਲੰਬੇ ਸਮੇਂ ਤੋਂ ਸਫ਼ਾਈ ਦੀ ਉਡੀਕ ਕਰਦੇ ਆ ਰਹੇ ਹਨ। ਇਨ੍ਹਾਂ ਦੀ ਸਫ਼ਾਈ ਕਰਨ ਦੀ ਕੋਈ ਵੀ ਜ਼ਹਿਮਤ ਨਹੀਂ ਉਠਾਉਂਦਾ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਮੈਂ ਤਾਂ ਅੱਜ ਹੀ ਇਥੇ ਸੇਵਾ ਸੰਭਾਲੀ ਹੈ ਅਤੇ ਮੈਂ ਹਾਲੇ ਪ੍ਰਬੰਧ ਵੇਖਣੇ ਹਨ।

ਦੱਸਿਆ ਜਾਂਦਾ ਹੈ ਕਿ ਗੁਰਦੁਆਰਾ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਵਿਖੇ 22 ਦੇ ਕਰੀਬ ਮੁਲਾਜ਼ਮਾਂ ਦੀ ਫੌਜ ਭਰਤੀ ਕੀਤੀ ਹੋਈ ਹੈ, ਜਿਸਦੀ ਡੇਢ ਲੱਖ ਰੁਪਏ ਤੋਂ ਉੱਪਰ ਪ੍ਰਤੀ ਮਹੀਨਾ ਤਨਖਾਹ ਬਣ ਜਾਂਦੀ ਹੈ ਪਰ ਇਨ੍ਹਾਂ ਵਿਚੋਂ ਕੋਈ ਵੀ ਮੁਲਾਜ਼ਮ ਸਿਵਾਏ ਨਿੱਤਨੇਮ ਦੀਆਂ ਡਿਊਟੀਆਂ ਨਿਭਾਉਣ ਤੋਂ ਹੋਰ ਕਿਸੇ ਤਰ੍ਹਾਂ ਦੀ ਸੇਵਾ ਜਾਂ ਸਾਫ਼ ਸਫ਼ਾਈ ਕਰਨ ਦੀ ਜ਼ਰੂਰਤ ਨਹੀਂ ਸਮਝਦਾ। ਇਥੇ ਹੀ ਬੱਸ ਨਹੀਂ। ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਵੀ ਮਨਮੱਤਾਂ ਕਰਨ ਤੋਂ ਬਾਜ ਨਹੀਂ ਆਉਂਦੇ। ਪਿਛਲੇ ਦਿਨੀਂ ਗੁਰਦੁਆਰਾ ਸਾਹਿਬ ਤੋਂ ਸ੍ਰੀ ਹੇਮਕੁੰਟ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਭੇਜੇ ਗਏ ਰਾਸ਼ਨ ਦੇ ਟਰੱਕਾਂ ਨੂੰ ਟਰੱਕਾਂ ਦੇ ਟਾਇਰਾਂ ‘ਤੇ ਪਾਣੀ ਪਾ ਕੇ ਰਵਾਨਾ ਕੀਤਾ ਗਿਆ। ਭਾਵੇਂ ਕਿ ਗੁਰਦੁਆਰਾ ਸਾਹਿਬ ਦੀ ਸਾਲਾਨਾ ਆਮਦਨ ਸੱਠ ਲੱਖ ਰੁਪਏ ਤੋਂ ਉੱਪਰ ਹੈ ਪਰ ਫਿਰ ਵੀ ਇਥੋਂ ਦੇ ਪ੍ਰਬੰਧ ਊਣੇ ਅਤੇ ਅਧੂਰੇ ਹਨ। ਪਤਾ ਨਹੀਂ ਕਿਉਂ?

Source: http://www.punjabspectrum.com/2013/06/12607

ਡਿਊਟੀ ਦੌਰਾਨ ਸੁੱਤਾ ਪਿਆ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਆਖੰਡ ਪਾਠ ਸਮੇਂ ਇਕੱਲਾ ਪਾਠੀ ਸਿੰਘ। ਕੋਈ ਸੇਵਾਦਾਰ ਮੌਜੂਦ ਨਹੀਂ।
ਗੁਰਦੁਆਰਾ ਸਾਹਿਬ ਵਿਖੇ ਸਫ਼ਾਈ ਲਈ ਸੇਵਾਦਾਰ ਦੀ ਉਡੀਕ ਕਰਦੇ ਬਾਥਰੂਮ ਅਤੇ ਫਲੱਸ਼ਾਂ ਗੁਰਦੁਆਰਾ ਸਾਹਿਬ ਦੇ ਬਾਹਰੀ ਦ੍ਰਿਸ਼
ਮਨਮਤਿ ਅਨੁਸਾਰ ਗੁਰਦੁਆਰਾ ਸਾਹਿਬ ਤੋਂ ਰਾਸ਼ਨ ਦਾ ਟਰੱਕ ਟਾਇਰਾਂ ‘ਤੇ ਪਾਣੀ ਪਾ ਕੇ ਰਵਾਨਾ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੀ ਗੁਰੂ ਤੇਗ ਬਹਾਦਰ ਮਾਰਕੀਟ ਦੀ ਇਕ ਦੁਕਾਨ ‘ਚ ਸਿਗਰਟ ਪੀ ਰਿਹਾ ਦੁਕਾਨਦਾਰ

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top