Share on Facebook

Main News Page

ਬਾਦਲ ਨੇ ਫਿਰਕੂ ਮੋਦੀ ਨੂੰ ਸਿਰ ਅੱਖਾਂ 'ਤੇ ਚੁੱਕਿਆ, ਬਾਦਲ ਸਾਬ੍ਹ ਦਾ ਤਾਂ ਫਿਰਕੂ ਮੋਦੀ ਨੂੰ ਜੀ ਜੀ ਕਰਕੇ ਮੁੰਹ ਸੁੱਕ ਗਿਆ

ਮਾਧੋਪਰ - ਨਰਿੰਦਰ ਮੋਦੀ ਵਲੋਂ ਭਾਰਤੀ ਜਨਤਾ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਦੇ ਮਾਧੋਪੁਰ ‘ਚ ਕੀਤੀ ਗਈ ਪਹਿਲੀ ਰੈਲੀ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਨੂੰ ਸਿਰ-ਅੱਖਾਂ ‘ਤੇ ਚੁੱਕ ਲਿਆ। ਰੈਲੀ ਦੇ ਮੰਚ ਤੋਂ ਆਪਣੇ ਸੰਬੋਧਨ ਦੌਰਾਨ ਬਾਦਲ ਨੇ ਮੋਦੀ ਨੂੰ ਇਕ ਵਾਰ ਫਿਰ ਪੰਜਾਬ ਆਉਣ ਦੀ ਅਪੀਲ ਕੀਤੀ। ਬਾਦਲ ਨੇ ਕਿਹਾ ਕਿ ਸ਼ਹੀਦ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲਿਦਾਨ ਦਿਵਸ ‘ਤੇ ਰੱਖੀ ਗਈ ਇਹ ਰੈਲੀ ਸਿਆਸੀ ਰੈਲੀ ਨਹੀਂ ਹੈ ਅਤੇ ਮੋਦੀ ਪੰਜਾਬ ਵਿਚ ਇਕ ਵਾਰ ਫਿਰ ਆ ਕੇ ਵੱਡੀ ਰੈਲੀ ਕਰਨ।

ਜਨਸੰਘ ਦੇ ਬਾਨੀ ਪ੍ਰਧਾਨ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ਉੱਪਰ ਕਰਵਾਈ ਸੰਕਲਪ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੀ ਲੋਕ ਸਭਾ ਚੋਣਾਂ ਲਈ ਬਣਾਈ ਮੁਹਿੰਮ ਕਮੇਟੀ ਦੇ ਚੇਅਰਮੈਨ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਅਲਾਮਤਾਂ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਉਂਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਮੁਕਤ ਭਾਰਤ ਨਿਰਮਾਣ ਲਈ ਅੱਗੇ ਆਇਆ ਜਾਵੇ। ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਗੁਜਰਾਤ ਨੇ ਵਿਕਾਸ ਅਤੇ ਸਵੱਛ ਤੇ ਸੁਚੱਜੇ ਪ੍ਰਸ਼ਾਸਨ ਦਾ ਇਕ ਨਵਾਂ ਰਾਹ ਵਿਖਾਇਆ ਹੈ। ਮੌਜੂਦਾ ਨਿਯਮਾਂ ਤੇ ਕਾਨੂੰਨ ਅਧੀਨ ਹੀ ਗੁਜਰਾਤ ਨੇ ਇਕ ਨਵਾਂ ਇਤਿਹਾਸ ਸਿਰਜਿਆ ਹੈ।

ਸ੍ਰੀ ਮੋਦੀ ਨੇ ਗੁਜਰਾਤ ਦੇ ਵਿਕਾਸ ਤੇ ਪ੍ਰਸ਼ਾਸਨ ਮਾਡਲ ਨੂੰ ਪੂਰੇ ਦੇਸ਼ ਨੂੰ ਅਪਣਾਉਣ ਦੀ ਸਲਾਹ ਦਿੱਤੀ। ਸ੍ਰੀ ਮੋਦੀ ਗੁਜਰਾਤ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਕਸ਼ਮੀਰੀ ਨੌਜਵਾਨਾਂ ਨੂੰ ਲੁਭਾਉਣਾ ਨਹੀਂ ਭੁੱਲੇ। ਉਨ੍ਹਾਂ ਕਿਹਾ ਕਿ ਕਸ਼ਮੀਰੀ ਨੌਜਵਾਨ ਵੀ ਵਿਕਾਸ ਦੀ ਨਵੀਂ ਧਾਰਾ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ। ਉਹ ਕਸ਼ਮੀਰ ਦੀਆਂ ਠੰਡੀਆਂ ਵਾਦੀਆਂ ਛੱਡਕੇ ਕੋਟਾ (ਗੁਜਰਾਤ) ਗਰਮੀ ਵਾਲੇ ਸਥਾਨਾਂ ਉੱਪਰ ਪੜ੍ਹਾਈ ਕਰਨ ਜਾ ਰਹੇ ਹਨ। ਉਨ੍ਹਾਂ ਨੂੰ ਵੀ ਰੁਜ਼ਗਾਰ ਤੇ ਚੰਗੇ ਭਵਿੱਖ ਦੀ ਜ਼ਰੂਰਤ ਹੈ।

ਨਰਮ ਚਿੱਤ ਰਹਿੰਦਿਆਂ ਸ੍ਰੀ ਮੋਦੀ ਨੇ ਆਪਣੇ ਭਾਸ਼ਣ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਸ਼ਹੀਦਾਂ ਨੂੰ ਪ੍ਰਦਾਨ ਕਰਨ ਲਈ ਹੀ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਤੋੜਨ ਵਾਲੀਆਂ ਸ਼ਕਤੀਆਂ ਅੱਜ ਵੀ ਸਾਜ਼ਿਸ਼ਾਂ ਰਚ ਰਹੀਆਂ ਹਨ। ਪਰ ਯੂ. ਪੀ. ਏ. ਸਰਕਾਰ ਦੇਸ਼ ਦੀ ਸੁਰੱਖਿਆ ‘ਚ ਲਗਾਤਾਰ ਨਾਕਾਮ ਰਹਿ ਰਹੀ ਹੈ। ਦੇਸ਼ ਉੱਪਰ ਖ਼ਤਰੇ ਦੇ ਬੱਦਲ ਲਗਾਤਾਰ ਮੰਡਰਾਉਂਦੇ ਰਹਿੰਦੇ ਹਨ ਪਰ ਸਰਕਾਰ ਕੋਈ ਵੀ ਅਸਰਦਾਰ ਕਦਮ ਨਹੀਂ ਉਠਾਉਂਦੀ । ਡ: ਸ਼ਿਆਮਾ ਪ੍ਰਸਾਦ ਮੁਖਰਜੀ ਦੀ ਦੇਣ ਬਾਰੇ ਗੱਲਬਾਤ ਕਰਦਿਆਂ ਸ੍ਰੀ ਮੋਦੀ ਨੇ ਦੱਸਿਆ ਕਿ ਉਨ੍ਹਾਂ ਦੇਸ਼ ਦੀ ਏਕਤਾ ਲਈ ਤਾਂ ਅਹਿਮ ਯੋਗਦਾਨ ਪਾਇਆ ਹੀ, ਪਰ ਭਾਰਤ ਦੀ ਪਹਿਲੀ ਸਰਕਾਰ ਵਿਚ ਉਦਯੋਗ ਮੰਤਰੀ ਵਜੋਂ ਸ਼ਾਮਿਲ ਹੋ ਕੇ ਉਨ੍ਹਾਂ ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਜੋ ਯੋਜਨਾ ਘੜੀ ਮੁੱਢਲੇ ਰੂਪ ਵਿਚ ਅੱਜ ਵੀ ਉਹੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਡਾ: ਮੁਖਰਜੀ ਨੇ ਦੇਸ਼ ਅੰਦਰ ਦੋ ਵਿਧਾਨ-ਦੋ ਪ੍ਰਧਾਨ ਨਾ ਹੋਣ ਬਾਰੇ ਆਵਾਜ਼ ਉਠਾਈ ਸੀ, ਪਰ ਅੱਜ ਦਿੱਲੀ ਵਿਚ ਦੋ ਪ੍ਰਧਾਨ (ਮੰਤਰੀ) ਚਲ ਰਹੇ ਹਨ। ਦੇਸ਼ ਨੂੰ ਇਨ੍ਹਾਂ ਤੋਂ ਮੁਕਤ ਕਰਵਾਉਣਾ ਹੋਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਵਾਜਪਾਈ ਸਰਕਾਰ ਨੇ ਕਸ਼ਮੀਰ ਦੇ ਲੋਕਾਂ ਨੂੰ ਮਲ੍ਹਮ ਲਗਾਈ ਸੀ। ਜੇਕਰ 2004 ਵਿਚ ਵਾਜਪਾਈ ਸਰਕਾਰ ਮੁੜ ਸਤਾ ਹਾਸਲ ਕਰਦੀ ਤਾਂ ਕਸ਼ਮੀਰੀ ਪੰਡਿਤਾਂ ਨੂੰ ਵੀ ਨਿਆਂ ਮਿਲਣਾ ਸੀ, ਕਸ਼ਮੀਰ ਦੇ ਲੋਕਾਂ ਦੇ ਵੀ ਮਲ੍ਹਮ ਲੱਗਦੀ ਅਤੇ ਜੰਮੂ-ਕਸ਼ਮੀਰ ਦੇ ਤਿੰਨੇ ਹਿੱਸਿਆਂ ਜੰਮੂ-ਸ੍ਰੀ ਨਗਰ ਤੇ ਲੇਹ ਲਦਾਖ ਦਾ ਬੱਝਵਾਂ ਵਿਕਾਸ ਵੀ ਹੋਣਾ ਸੀ। ਉਨ੍ਹਾਂ ਕਿਹਾ ਕਿ ਹੁਣ ਮੁੜ ਫਿਰ ਸਮਾਂ ਆ ਗਿਆ ਹੈ ਕਿ ਵਾਜਪਾਈ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਕੰਮਾਂ ਨੂੰ ਅੱਗੇ ਵਧਾਈਏ। ਸ੍ਰੀ ਮੋਦੀ ਨੇ ਬਾਹਰੀ ਤੇ ਅੰਦਰੂਨੀ ਤੌਰ ‘ਤੇ ਭਾਰਤ ਦੀਆਂ ਮੁਸ਼ਕਿਲਾਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਹੁਣ ਦੇਸ਼ ਇਨ੍ਹਾਂ ਦੇ ਹੱਥਾਂ ਵਿਚ ਸੁਰੱਖਿਅਤ ਨਹੀਂ। ਬਹੁਤ ਨੁਕਸਾਨ ਹੋ ਚੁੱਕਾ ਹੈ, ਹੁਣ ਹੋਰ ਸਮਾਂ ਨਹੀਂ। ਸ੍ਰੀ ਮੋਦੀ ਨੇ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਆਉਣ ਉੱਪਰ ਵਿਸ਼ੇਸ਼ ਜ਼ੋਰ ਦਿੱਤਾ।

ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਨੂੰ ਮੁਕੰਮਲ ਰੂਪ ‘ਚ ਕਬੂਲਦਿਆਂ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਵਿਚ ਕਾਂਗਰਸ ਨੂੰ ਹਰਾ ਕੇ ਨਵੇਂ ਭਾਰਤ ਦੀ ਉਸਾਰੀ ਲਈ ਅਸੀਂ ਇਕ ਹੋਰ ਜੰਗ-ਏ-ਆਜ਼ਾਦੀ ਲੜਨ ਜਾ ਰਹੇ ਹਾਂ। ਉਨ੍ਹਾਂ ਪੂਰੇ ਭਰੋਸੇ ਨਾਲ ਕਿਹਾ ਕਿ ਸਮੁੱਚਾ ਪੰਜਾਬ ਉਨ੍ਹਾਂ ਦੇ ਨਾਲ ਹੈ ਤੇ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਉਨ੍ਹਾਂ ਦੀ ਝੋਲੀ ਪਾਵਾਂਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਗਰੀਬੀ ਅਨਪੜ੍ਹਤਾ, ਬੇਰੁਜ਼ਗਾਰੀ, ਅਮੀਰੀ-ਗਰੀਬੀ ਦੇ ਪਾੜੇ ਵਰਗੀਆਂ ਅਲਾਮਤਾਂ ‘ਚ ਫਸਿਆ ਹੋਇਆ ਹੈ। ਇਨ੍ਹਾਂ ਗੱਲਾਂ ਲਈ ਦੇਸ਼ ਉੱਪਰ ਰਾਜ ਕਰਦੀ ਆ ਰਹੀ ਕਾਂਗਰਸ ਹੀ ਜ਼ਿੰਮੇਵਾਰ ਹੈ, ਜਿਸ ਕਰਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਸਮਾਜ ਨੂੰ ਸਰਬਪੱਖੀ ਵਿਕਾਸ ਦੇ ਰਾਹ ਤੋਰਨ ਲਈ ਕਾਂਗਰਸ ਨੂੰ ਹਰਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਇਹ ਸੰਕਲਪ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੇ ਮਾਮਲੇ ਵਿਚ ਉੱਤਰੀ ਭਾਰਤ ਦਾ ਸਭ ਤੋਂ ਚੰਗਾ ਸੂਬਾ ਹੈ। ਔਰਤਾਂ ਅਤੇ ਅਨੁਸੂਚਿਤ ਜਾਤੀ ਲੋਕਾਂ ਨਾਲ ਜ਼ਿਆਦਤੀਆਂ ਦੇ ਮਾਮਲੇ ਘਟੇ ਹਨ। ਲੋਕਾਂ ਦਾ ਭਾਈਚਾਰਾ ਮਜ਼ਬੂਤ ਹੋਇਆ ਹੈ। ਪੰਜਾਬ ਦੇ ਭਾਰਤ ਦੀ ਆਜ਼ਾਦੀ ਅਤੇ ਅਨਾਜ ਭੰਡਾਰ ‘ਚ ਯੋਗਦਾਨ ਦੀ ਗੱਲ ਕਰਦਿਆਂ ਸ: ਬਾਦਲ ਨੇ ਕਿਹਾ ਕਿ ਆਜ਼ਾਦੀ ਸੰਗਰਾਮ ‘ਚ 90 ਫੀਸਦੀ ਕੁਰਬਾਨੀਆਂ ਦੇਣ ਵਾਲੇ ਪੰਜਾਬੀ ਸਨ ਤੇ 60 ਫੀਸਦੀ ਅਨਾਜ ਕੇਂਦਰੀ ਭੰਡਾਰ ਵਿਚ ਪੰਜਾਬ ਦਿੰਦਾ ਹੈ। ਪਰ ਇਸ ਦੇ ਬਾਵਜੂਦ ਕਾਂਗਰਸ ਦੀ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਤੇ ਵਧੀਕੀ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦਾ ਰਿਸ਼ਤਾ ਅਤੁੱਟ ਹੈ।

ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਸ੍ਰੀ ਨਰਿੰਦਰ ਮੋਦੀ, ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਆਏ ਹੋਰ ਸੀਨੀਅਰ ਨੇਤਾਵਾਂ ਦਾ ਸਵਾਗਤ ਕਰਦਿਆਂ ਪੰਜਾਬ ਅਤੇ ਜੰਮੂ-ਕਸ਼ਮੀਰ ਤੋਂ ਆਏ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸ੍ਰੀ ਮੋਦੀ ਨੂੰ ਵਿਸ਼ਵਾਸ ਦੁਆਇਆ ਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਹਰ ਸੱਦੇ ਉੱਪਰ ਫੁੱਲ ਚੜਾਉਣਗੇ।

ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਦੇ ਇੰਚਾਰਜ ਸ੍ਰੀ ਸ਼ਾਂਤਾ ਕੁਮਾਰ ਨੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਭ੍ਰਿਸ਼ਟਾਚਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਸ਼ ਸਕੈਡਲਾਂ ਕਾਰਨ ਸ਼ਰਮਸਾਰ ਹੈ। ਪੰਜਾਬ ਭਾਜਪਾ ਵੱਲੋਂ ਸ੍ਰੀ ਨਰਿੰਦਰ ਮੋਦੀ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸਿਹਤ ਮੰਤਰੀ ਮਦਨਮੋਹਨ ਮਿੱਤਲ, ਸਵਰਨ ਸਲਾਰੀਆ, ਕੇਂਦਰੀ ਆਗੂ ਸ਼ਾਮ ਜਾਜੂ, ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਭਾਰਤੀ ਜਨਤਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਅਨੁਰਾਗ ਠਾਕਰ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਵਿਚ ਆਰ. ਪੀ. ਸਿੰਘ, ਭਗਤ ਚੂਨੀ ਲਾਲ, ਜੇ. ਪੀ. ਨੱਢਾ, ਅਸ਼ਵਨੀ ਕੁਮਾਰ, ਵਿਨੋਦ ਖੰਨਾ, ਅਰਨੇਸ਼ ਠਾਕੁਰ, ਮਨੋਰੰਜਨ ਕਾਲੀਆ, ਲਕਸ਼ਮੀ ਕਾਂਤਾ ਚਾਵਲਾ, ਤੀਕਸ਼ਨ ਸੂਦ, ਅਨਿਲ ਜੋਸ਼ੀ ਸਨਅਤ ਮੰਤਰੀ, ਕੇ. ਡੀ. ਭੰਡਾਰੀ, ਮੇਅਰ ਜਲੰਧਰ ਸੁਨੀਲ ਜੋਤੀ, ਡਾ: ਨਵਜੋਤ ਕੌਰ ਸਿੱਧੂ, ਬਲਰਾਜਮੀ ਦਾਸ ਟੰਡਨ, ਵਿਧਾਇਕ ਸੀਮਾ ਦੇਵੀ, ਰਾਜਿੰਦਰ ਭੰਡਾਰੀ ਆਦਿ ਆਗੂ ਵੀ ਸਟੇਜ ਉੱਪਰ ਸੁਸ਼ੋਭਿਤ ਸਨ। ਸਟੇਜ ਦਾ ਸੰਚਾਲਨ ਜਲੰਧਰ ਦੇ ਸਾਬਕਾ ਮੇਅਰ ਰਕੇਸ਼ ਰਠੌਰ ਤੇ ਤਰੁਣ ਚੁੱਘ ਨੇ ਕੀਤਾ।

ਬਾਦਲ ਵਲੋਂ ਮੋਦੀ ਦਾ ਸਵਾਗਤ

ਆਚਾਰਿਆ ਪ੍ਰਮੋਦ ਕ੍ਰਿਸ਼ਨਨ ਵਲੋਂ ਮੋਦੀ ਦਾ ਵਿਰੋਧ

 

 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top