Share on Facebook

Main News Page

ਪੰਜਾਬ ਪੁਲਿਸ ਨੇ ਸਿੱਖ ਕਤਲੇਆਮ ਦੇ ਗਵਾਹਾਂ ਦੀ ਸੁਰੱਖਿਆ ਵਾਪਸ ਲਈ

ਅੰਮ੍ਰਿਤਸਰ 22 ਜੂਨ : ਪੰਜਾਬ ਪੁਲਿਸ ਨੇ 1984 ਦੇ ਸਿੱਖ ਕਤਲੇਆਮ ਦੀ ਪੀੜਤ ਅਤੇ ਕਾਂਗਰਸੀ ਆਗੂ ਸੱਜਣ ਕੁਮਾਰ ਕੇਸ ਵਿਚ ਅਹਿਮ ਗਵਾਹ ਬੀਬੀ ਜਗਦੀਸ਼ ਕੌਰ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿਤੇ ਹਨ। ਦੱਸਣਯੋਗ ਹੈ ਕਿ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਵਿਰੁਧ ਬੇਖ਼ੌਫ਼ ਹੋ ਕੇ ਗਵਾਹੀ ਦੇਣ ਵਾਲੀ ਬੀਬੀ ਜਗਦੀਸ਼ ਕੌਰ ਅਤੇ ਇਕ ਹੋਰ ਗਵਾਹ ਜੰਗ ਸ਼ੇਰ ਸਿੰਘ ਨੂੰ 4-4 ਪੁਲਿਸ ਕਰਮਚਾਰੀ ਸੁਰੱਖਿਆ ਵਜੋਂ ਮਿਲੇ ਹੋਏ ਸਨ। ਅੱਜ ਅਚਾਨਕ ਹੀ ਦੋਹਾਂ ਦੇ ਕਰਮਚਾਰੀਆਂ ਨੂੰ ਵਾਪਸ ਪਰਤ ਆਉਣ ਦੇ ਨਿਰਦੇਸ਼ ਜਾਰੀ ਕੀਤੇ। ਪੁਲਿਸ ਲਾਈਨ ਅੰਮ੍ਰਿਤਸਰ ਤੋਂ ਇਸ ਸੰਬਧੀ ਆਏ ਫ਼ੋਨ ਨੂੰ ਸੁਣਨ ਤੋਂ ਬਾਅਦ ਬੀਬੀ ਜਗਦੀਸ਼ ਕੌਰ ਨੇ ਉਚ ਅਧਿਕਾਰੀਆਂ ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਜੋ ਬੇਕਾਰ ਗਈ। ਕਿਸੇ ਵੀ ਅਧਿਕਾਰੀ ਨੇ ਤਸੱਲੀਬਖ਼ਸ਼ ਜਵਾਬ ਨਹੀਂ ਦਿਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਮੇਰੀ ਸੁਰੱਖਿਆ ਉਸ ਸਮੇ ਵਾਪਸ ਲਈ ਜਾ ਰਹੀ ਹੈ, ਜਦ ਮੈਂ ਸੱਜਣ ਕੁਮਾਰ ਕੇਸ ਨੂੰ ਹਾਈ ਕੋਰਟ ਵਿਚ ਲੈ ਜਾ ਰਹੀ ਹਾਂ। ਉਨ੍ਹਾਂ ਕਿਹਾ ਕਿ ਮੇਰੀ ਗਵਾਹੀ ਤੋਂ ਬਾਅਦ ਸੱਜਣ ਕੁਮਾਰ ਦੇ ਨਜ਼ਦੀਕੀ ਰਿਸ਼ਤੇਦਾਰ ਬਲਵਾਨ ਖੋਖਰ ਨੂੰ ਤੇ ਉਸ ਦੇ ਸਾਥੀਆਂ ਸਜ਼ਾਵਾਂ ਹੋਈਆਂ ਹੁਣ ਤਕ ਸੱਜਣ ਕੁਮਾਰ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਦੇ ਖ਼ੂਨ ਦਾ ਪਿਆਸਾ ਹੋ ਚੁਕਾ ਹੈ। ਉਨ੍ਹਾਂ ਇੰਕਸ਼ਾਫ ਕੀਤਾ ਕਿ ਕਈ ਵਾਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨੂੰ ਕਈ ਕਿਸਮ ਦੇ ਲਾਲਚ ਤੇ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਉਹ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਦ੍ਰਿੜ ਸੰਕਲਪ ਹਨ।

ਉਨ੍ਹਾਂ ਕਿਹਾ ਕਿ ਸਜਣ ਕੁਮਾਰ ਦਾ ਕੇਸ ਨਾਜ਼ੁਕ ਦੌਰ ਵਿਚ ਸ਼ਾਮਲ ਹੋ ਚੁਕਾ ਹੈ ਤੇ ਅਜਿਹੇ ਸਮੇ ਸੁਰਖਿਆ ਵਾਪਸ ਲੈਣੀ ਕਈ ਸੰਕੇ ਪੈਦਾ ਕਰਦੀ ਹੈ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਉਹ ਸ਼ਹਿਰ ਦੇ ਉਸ ਹਿੱਸੇ ਵਿਚ ਰਹਿੰਦੇ ਹਨ ਜਿਥੇ ਕੋਈ ਵੀ ਅਸਾਨੀ ਨਾਲ ਵਾਰਦਾਤ ਕਰਕੇ ਨਿਕਲ ਸਕਦਾ ਹੈ ਇਸ ਦੇ ਬਾਵਜੂਦ ਸਰਕਾਰ ਨੇ ਉਸ ਦੀ ਸੁਰਖਿਆ ਵਾਪਸ ਲੈ ਲਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਉਂ ਮਹਿਸੂਸ ਹੋ ਰਿਹਾ ਹੈ ਜਿਵੇ ਪੰਜਾਬ ਵਿਚ ਤੈਨਾਤ ਅਫਸਰਸ਼ਾਹੀ ਵੀ ਸਜਣ ਕੁਮਾਰ, ਜਗਦੀਸ਼ ਟਾਇਟਲਰ ਸਮੇਤ ਕਿਸੇ ਵੀ ਦੋਸ਼ੀ ਨੂੰ ਸਜਾ ਦਿਵਾਉਣ ਦੇ ਹਕ ਵਿਚ ਨਹੀਂ ਹੈ। ਉਨ੍ਹਾਂ ਦਸਿਆ ਕਿ ਉਹ ਸਜਣ ਕੁਮਾਰ ਕੇਸ ਵਿਚ ਦਿਲੀ ਸ਼ੈਸ਼ਨ ਕੋਰਟ ਦੇ ਫੈਸਲੇ ਨੂੰ ਦਿਲੀ ਹਾਈਕੋਰਟ ਵਿਚ ਚਣੋਤੀ ਦੇਣ ਜਾ ਰਹੇ ਹਨ ਇਸ ਲਈ ਉਹ ਹਰਿਆਣਾ ਤੇ ਦਿੱਲੀ ਜਾਣ ਤੋਂ ਪਹਿਲਾਂ ਸੋਚਦੇ ਹਨ ਕਿ ਰਾਹ ਵਿਚ ਕਿਧਰੇ ਵੀ ਸਜਣ ਕੁਮਾਰ ਦੇ ਗੁੰਡੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਉਨ੍ਹਾਂ ਦਸਿਆ ਕਿ ਉਨ੍ਹਾਂ ਇਸ ਸੰਬਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ, ਦਿਲੀ ਕਮੇਟੀ ਪ੍ਰਧਾਨ ਸ੍ਰ ਮਨਜੀਤ ਸਿੰਘ ਜੀਕੇ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰ ਦਲਜੀਤ ਸਿੰਘ ਚੀਮਾਂ ਨਾਲ ਫੋਨ ਤੇ ਗਲਬਾਤ ਕੀਤੀ ਹੈ ਤੇ ਉਨ੍ਹਾਂ ਉਪ ਮੁਖ ਮੰਤਰੀ ਨਾਲ ਗਲਬਾਤ ਕਰਕੇ ਸੁਰਖਿਆ ਬਹਾਲ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਬੀਬੀ ਜਗਦੀਸ਼ ਕੌਰ ਨੇ ਬੜੇ ਹੀ ਦ੍ਰਿੜ ਇਰਾਦੇ ਤੇ ਵਿਸ਼ਵਾਸ ਨਾਲ ਕਿਹਾ ਕਿ ਉਹ ਸਜਣ ਕੁਮਾਰ ਨੂੰ ਉਸ ਦੇ ਕੀਤੇ ਦੀ ਸਜ਼ਾ ਦਿਵਾ ਕੇ ਹੀ ਦਮ ਲੈਣਗੇ। ਸਜਣ ਕੁਮਾਰ ਮਾਮਲੇ ਵਿਚ ਸਹਿ ਗਵਾਹ ਜੰਗਸ਼ੇਰ ਸਿੰਘ ਨੇ ਦਸਿਆ ਕਿ ਉਹ ਹੈਰਾਨ ਹਨ ਕਿ ਸਾਡੀ ਆਪਣੀ ਸਰਕਾਰ ਸਾਨੂੰ ਸੁਰਖਿਆ ਦੇਣ ਤੋਂ ਕਿਉਂ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਆਪਣੀ ਤੇ ਬੀਬੀ ਜਗਦੀਸ਼ ਕੌਰ ਸਮੇਤ 1984 ਦੇ ਸਾਰੇ ਗਵਾਹਾਂ ਦੀ ਸੁਰਖਿਆ ਬਹਾਲ ਰਖਣ ਦੀ ਮੰਗ ਕੀਤੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top