Share on Facebook

Main News Page

…ਜਦੋਂ ਪੁਲਿਸ ਦਾ ਭਗੌੜਾ ਪੁਲਿਸ ਦੀ ਹਾਜਰੀ ‘ਚ ਹੀ ਕਰ ਗਿਆ ਨਾਮਜ਼ਦਗੀ ਕਾਗਜ ਦਾਖ਼ਲ

ਮਲੋਟ, 22 ਜੂਨ (ਰਾਜਵਿੰਦਰਪਾਲ ਸਿੰਘ) ਇਕ ਪਾਸੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਹਿੱਕ ਥਾਪੜ ਕੇ ਇਹ ਬਿਆਨ ਦਾਗਦੇ ਹਨ ਕਿ ਅਪਰਾਧੀਆਂ ਲਈ ‘ਲੋਕਤੰਤਰੀ’ ਸਿਆਸਤ ਵਿਚ ਕੋਈ ਥਾਂ ਨਹੀਂ ਹੈ ‘ਤੇ ਦੂਜੇ ਪਾਸੇ ਉਨਾਂ ਦੇ ਆਪਣੇ ਜੱਦੀ ਇਲਾਕੇ ਵਿਚ ਇਕ ਭਗੋੜਾ ਅਪਰਾਧੀ ਨਾ ਕੇਵਲ ਬੇਖ਼ੌਫ਼ ਹੋ ਕੇ ਆਜਾਦ ਤੁਰਿਆ ਫ਼ਿਰਦਾ ਹੈ ਬਲਕਿ ਉਹ ਪੁਲੀਸ ਦੇ ਸਾਹਮਣੇ ਪੰਚਾਇਤੀ ਚੋਣ ਲਈ ਨਾਮਜ਼ਦਗੀ ਪੱਤਰ ਵੀ ਭਰ ਕੇ ਕਨੂੰਨ ਅਤੇ ਜਮੂਹਰੀ ਪ੍ਰਣਾਲੀ ਨੂੰ ਠੇਂਗਾ ਦਿਖਾਉਂਦਾ ਹੋਇਆ ਤੁਰਦਾ ਬਣਿਆ। ਇਸ ਆਗੂ ‘ਤੇ ਜਿਸ ਥਾਣੇ ਵਿਚ ਪਰਚਾ ਦਰਜ ਹੋਇਆ ਹੈ ਉਸ ਥਾਣੇ ਦੇ ਮੁਖੀ ਨੇਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਸ ਕੇਸ ਦੀ ਤਫਤੀਸ਼ ਉੱਚ ਅਧਿਕਾਰੀਆਂ ਕੋਲ ਹੈ। ਉਕਤ ਘਟਨਾ ਮਲੋਟ ਸ਼ਹਿਰ ਅੰਦਰ ਵਾਪਰੀ, ਜਿੱਥੇ ਸ਼ਹਿਰ ਦੇ ਨਾਲ ਲੱਗਦੇ ਪਿੰਡ ਦਾਨੇਵਾਲਾ ਦੇ ਇਕ ਸਿਆਸੀ ਆਗੂ ਸੁਖਪਾਲ ਸਿੰਘ ਪੁੱਤਰ ਵਕੀਲ ਸਿੰਘ ਨੇਂ ਸਿਟੀ ਥਾਣੇ ਅੰਦਰ ਦਰਜ ਹੋਏ ਪਰਚੇ ਦੇ ਬਾਜਵੂਦ ਬੇਚਿੰਤ ਹੋ ਕੇ ਨਾਮਜ਼ਦਗੀ ਪਰਚਾ ਦਾਖਲ ਕੀਤਾ। ਇਹ ਸਾਰਾ ਵਰਤਾਰਾ ਪੁਲੀਸ ਦੀ ਹਾਜ਼ਰੀ ‘ਚ ਵਾਪਰਿਆ। ਕਾਬਲੇ ਜ਼ਿਕਰ ਹੈ ਕਿ ਇਹ ਉਹੀ ਸੁਖਪਾਲ ਸਿੰਘ ਹੈ ਜੋ ਪਿਛਲੇ ਦਿਨੀਂ ਅਖਬਰਰਾਂ ਦੀਆਂ ਸੁਰਖੀਆਂ ਬਣਿਆ ਰਿਹਾ। ਇਸ ਉਪਰ ਆਪਣੇ ਪਿੰਡ ਦੇ ਹੀ ਇੱਕ ਦਲਿਤ ਨੋਜੁਆਨ ਨੂੰ ਪੁਲਿਸ ਨਾਲ ਮਿਲ ਕੇ ਅਣਮਨੁੱਖੀ ਤਸੀਹੇ ਦੇ ਦੋਸ਼ ਹੇਠ ਥਾਨਾ ਸਿਟੀ ਮਲੋਟ ਵਿਖੇ ਹੀ ਪਰਚਾ ਦਰਜ਼ ਹੈ ‘ਤੇ ਇਹ ਪੁਲਿਸ ਦਾ ਭਗੋੜਾ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੀੜਤ ਦਲਿਤ ਨੋਜੁਆਨ ਵਲੋਂ ਐਸ.ਸੀ./ਐਸ.ਟੀ. ਕਮਿਸ਼ਨ ਨੂੰ ਕੀਤੀ ਗਈ ਸ਼ਕਾਇਤ ‘ਤੇ ਕਮਿਸ਼ਨ ਨੇਂ ਇਸ ਦਾ ਕਰੜਾ ਨੋਟਿਸ ਲੈਂਦਿਆਂ ਸੁਖਪਾਲ ਸਿੰਘ ਤੋਂ ਇਲਾਵਾ ਥਾਣਾ ਮੁਖੀ ਰਮੇਸ਼ਵਰ ਸਿੰਘ ਅਤੇ ਪੰਜ ਪੁਲੀਸ ਮੁਲਾਜਮਾਂ ਖਿਲਾਫ਼ ਵੀ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ। ਇਨਾਂ ਹੁਕਮਾਂ ‘ਤੇ ਥਾਣਾ ਸਿਟੀ ਮਲੋਟ ਪੁਲੀਸ ਨੇ 20 ਮਈ ਨੂੰ ਸੁਖਪਾਲ ਸਿੰਘ, ਥਾਣਾ ਮੁਖੀ ਰਮੇਸ਼ਵਰ ਸਿੰਘ ਅਤੇ ਪੰਜ ਹੋਰ ਮੁਲਾਜਮਾਂ ਖਿਲਾਫ਼ ਧਾਰਾ 365/323/166/ 3 (1) (10)/ 3 (2) 714 ਐਸ.ਸੀ. ਐਕਟ ਅਧੀਨ ਕੇਸ ਦਰਜ ਕਰ ਲਿਆ ਸੀ। ਥਾਣਾ ਮੁਖੀ ਨੂੰ ਵਿਭਾਗ ਨੇਂ ਮੁਅੱਤਲ ਕਰ ਦਿੱਤਾ ਸੀ ਜਦਕਿ ਪੁਲਸੀਆ ਕਾਰਵਾਈ ‘ਚ ਸੁਖਪਾਲ ਨੂੰ ਭਗੌੜਾ ਦਰਸਾਇਆ ਗਿਆ। ਲੇਕਿਨ, ਅੱਜ ਉਸ ਵੇਲੇ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਕਤ ਆਗੂ ਸੁਖਪਾਲ ਸਿੰਘ ਆਪਣੇਂ ਲਾਮ-ਲਸ਼ਕਰ ਸਮੇਤ ਕਾਗਜ਼ ਭਰਨ ਲਈ ਨਗਰ ਕੌਸਲ ਦਫ਼ਤਰ ਪਹੁੰਚਾ। ਜਿੱਥੇ ਉਸ ਨੇ ਕਈ ਘੰਟੇ ਰੁਕ ਕੇ ਪੁਲੀਸ ਦੀ ਹਾਜ਼ਰੀ ਵਿਚ ਨਾਮਜ਼ਦਗੀ ਪਰਚਾ ਭਰ ਕੇ ਰਿਟਰਨਿੰਗ ਅਫਸਰ ਜਗਸੀਰ ਸਿੰਘ ਧਾਲੀਵਾਲ ਕੋਲ ਦਾਖਲ ਕਰ ਦਿੱਤਾ ‘ਤੇ ਬੜੇ ਅਰਾਮ ਨਾਲ ਉੱਥੋਂ ਰਵਾਨਗੀ ਪਾ ਲਈ। ਨਾ ਤਾਂ ਕਿਸੇ ਨੇਂ ਸੁਖਪਾਲ ਸਿੰਘ ਦੇ ਕਾਗਜ਼ ਭਰਨ ‘ਤੇ ਇਤਰਾਜ਼ ਕੀਤਾ ‘ਤੇ ਨਾ ਹੀ ਪੁਲੀਸ ਨੇਂ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਜ਼ਹਿਮਤ ਉਠਾਈ।

ਇਸ ਸਬੰਧੀ ਜਦੋਂ ਥਾਣਾ ਸਿਟੀ ਮਲੋਟ ਦੇ ਨਵ-ਨਿਯੁਕਤ ਮੁਖੀ ਜਸਬੀਰ ਸਿੰਘ ਨਾਲ ਗੱਲ ਕੀਤੀ ਗਈ, ਤਾਂ ਉਨਾਂ ਪਹਿਲਾਂ ਤਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਸ ਕੇਸ ਦੀ ਤਫਤੀਸ਼ ਡੀ.ਐਸ.ਪੀ. ਕੋਲ ਹੈ ਪਰ ਬਾਅਦ ਵਿਚ ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਉੱਥੇ ਗਏ ਸੀ ਤਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਉਨਾਂ ਕਹਿ ਦਿੱਤਾ ਕਿ ਅੱਜ ਉਹ ਛੁੱਟੀ ‘ਤੇ ਹਨ। ਇੱਕ ਪਾਸੇ ਤਾਂ ਛੁੱਟੀ ‘ਤੇ ਇੱਕ ਪਾਸੇ ਵਰਦੀ ਸਮੇਤ ਪੁਲਿਸ ਪਾਰਟੀ ਨਾਲ ਮੌਕੇ ਤੇ ਜਾਣਾ, ਬਿਨਾਂ ਕਿਸੇ ਠੋਸ ਜਵਾਬਾਂ ਕਾਰਣ ਹਰ ਵਾਰ ਦੀ ਤਰਾਂ ਖਾਕੀ ਫ਼ੇਰ ਇੱਕ ਵਾਰ ਸਵਾਲਾਂ ‘ਚ ਘਿਰਦੀ ਨਜ਼ਰ ਆਈ। ਇਸ ਸਬੰਧੀ ਜਦੋਂ ਹੋਰ ਜਾਣਕਾਰੀ ਲੈਂਣ ਲਈ ਜਿਲਾ ਪੁਲੀਸ ਮੁਖੀ ਸ੍ਰੀ ਸੁਰਜੀਤ ਸਿੰਘ ਅਤੇ ਉਪ ਕਪਤਾਨ ਪੁਲੀਸ ਮਨਵਿੰਦਰਬੀਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਫੋਨ ਹੀ ਨਹੀਂ ਚੁੱਕਿਆ। ਉਕਤ ਘਟਨਾ ਤੋਂ ਇਕ ਵਾਰ ਫੇਰ ਸਿੱਧ ਹੋ ਗਿਆ ਕਿ ਸਿਆਸੀ ‘ਰੱਬਾਂ’ ਦਾ ਅਸ਼ੀਰਵਾਦ ਪ੍ਰਪਾਤ ਅਪਰਾਧੀ ਤੱਤ ਨਾ ਸਿਰਫ ਕਨੂੰਨ ਨੂੰ ਬੌਣਾਂ ਸਮਝਦੇ ਹਨ ਸਗੋਂ ਸਿਆਸਤ ਨੂੰ ਵੀ ਆਪਣੀ ਜਗੀਰ ਮੰਨੀ ਬੈਠੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top