Share on Facebook

Main News Page

ਦਹਾਕਿਆਂ ਦੀ ਅਰਦਾਸ ਪੂਰੀ ਕਿਉਂ ਨਹੀਂ ਹੋ ਰਹੀ ?
- ਜਸਵੰਤ ਸਿੰਘ ‘ਅਜੀਤ’

ਕੁਝ ਸਮਾਂ ਹੋਇਐ, ਸਿੱਖ ਧਰਮ ਦੇ ਇਕ ਪ੍ਰਮੱਖ ਤੇ ਪ੍ਰਸਿੱਧ ਪ੍ਰਚਾਰਕ ਅਤੇ ਗੁਰਸ਼ਬਦ ਦੇ ਵਿਆਖਿਆਕਾਰ ਇਕ ਨਿਜੀ ਟੀਵੀ ਚੈਨਲ ਪੁਰ ਗੁਰ-ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਉਨ੍ਹਾਂ ਗੁਰ-ਸ਼ਬਦ ਦੀ ਵਿਆਖਿਆ ਕਰਦਿਆਂ ਅਚਾਨਕ ਹੀ ਇਹ ਸੁਆਲ ਉਠਾਇਆ ਕਿ ਬੀਤੇ ਸੱਠ ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਹਰ ਗੁਰਦੁਆਰੇ ਅਤੇ ਹਰ ਸਿੱਖ ਦੇ ਘਰ ਵਿੱਚ, ਰੋਜ਼ ਘਟੋ-ਘਟ ਦੋ ਵਾਰ, ਸਵੇਰੇ ਅਤੇ ਸ਼ਾਮ ਇਹ ਅਰਦਾਸ ਕੀਤੀ ਜਾਂਦੀ ਚਲੀ ਆ ਰਹੀ ਹੈ ਕਿ ‘ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ’। ਕਈ ਵਾਰ ਇਹ ਅਰਦਾਸ ਦੋ ਵਾਰ ਤੋਂ ਵੱਧ ਵੀ ਕੀਤੀ ਜਾਂਦੀ ਹੈ। ਉਨ੍ਹਾਂ ਪੁਛਿਆ ਕਿ ਇਹ ਅਰਦਾਸ ਇਤਨੇ ਲੰਮੇਂ ਸਮੇਂ ਤੋਂ ਕੀਤੀ ਜਾ ਰਹੀ ਹੈ, ਫਿਰ ਵੀ ਇਹ ਪੂਰੀ ਕਿਉਂ ਨਹੀਂ ਹੋਈ? ਜਦਕਿ ਸਿੱਖੀ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਅਕਾਲ ਪੁਰਖ ਦੇ ਚਰਨਾਂ ਵਿੱਚ ਸ਼ੁਭ ਭਾਵਨਾ ਨਾਲ ਕੀਤੀ ਜਾਂਦੀ ਹਰ ਅਰਦਾਸ ਪੂਰੀ ਹੁੰਦੀ ਹੈ।

ਉਨ੍ਹਾਂ ਆਪ ਹੀ ਆਪਣੇ ਇਸ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਸਾਡਾ ਕੰਮ ਅਰਦਾਸ ਕਰਨਾ ਹੈ, ਉਸਨੂੰ ਪੂਰਿਆਂ ਕਰਨਾ ਜਾਂ ਨਾ ਕਰਨਾ ਅਕਾਲ ਪੁਰਖ ਦੇ ਆਪਣੇ ਹੱਥ ਵਿੱਚ ਹੈ।

ਉਨ੍ਹਾਂ ਦੇ ਇਸ ਸੁਆਲ ਅਤੇ ਜੁਆਬ ਦੇ ਸਬੰਧ ਵਿੱਚ ਕੁਝ ਧਾਰਮਕ ਨਿਸ਼ਠਾ ਰਖਣ ਵਾਲੇ ਸਜਣਾਂ ਦੇ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਨੇ ਦਸਿਆ ਕਿ ਪੂਰੇ ਵਿਸ਼ਵਾਸ, ਨਿਸ਼ਠਾ ਅਤੇ ਸ਼ੁਭ ਭਾਵਨਾ ਦੇ ਨਾਲ ਕੀਤੀ ਜਾਂਦੀ ਅਰਦਾਸ ਕਦੀ ਵੀ ਬਿਰਥੀ ਨਹੀਂ ਜਾਂਦੀ। ਉਹ ਜ਼ਰੂਰ ਪੂਰੀ ਹੁੰਦੀ ਹੈ, ਸਤਿਗੁਰਾਂ ਦਾ ਆਪਣਾ ਬਚਨ ਹੈ : ‘ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ’। ਉਨ੍ਹਾਂ ਦੇ ਇਹ ਵਿਚਾਰ ਸੁਣ, ਪੁਛ ਹੀ ਲਿਆ ਕਿ ਫਿਰ ਬੀਤੇ ਸੱਠ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਹਰ ਗੁਰਦੁਆਰੇ ਤੇ ਹਰ ਸਿੱਖ ਦੇ ਘਰ ਰੋਜ਼ ਘਟੋ ਘਟ ਦੋ ਵਾਰ ਕੀਤੀ ਜਾ ਰਹੀ ਇਹ ਅਰਦਾਸ, ਪੂਰੀ ਕਿਉਂ ਨਹੀਂ ਹੋ ਰਹੀ?

ਇਹ ਸੁਆਲ ਸੁਣ ਕੇ ਉਨ੍ਹਾਂ ਕਿਹਾ ਕਿ ਜੇ ਗੰਭੀਰਤਾ ਨਾਲ ਸੋਚੀਏ ਤਾਂ ਸਾਨੂੰ ਇਹ ਗਲ ਪ੍ਰਤੱਖ ਹੋ ਜਾਂਦੀ ਹੈ ਕਿ ਇਹ ਅਰਦਾਸ ਸਿੱਖੀ ਜੀਵਨ ਵਿੱਚ ਇਕ ਅਜਿਹੀ ਰਸਮ ਜਿਹੀ ਬਣ ਗਈ ਹੋਈ ਹੈ, ਜੋ ਸਾਡੇ ਲਈ ਅਰਦਾਸ ਕਰਦਿਆਂ ਨਿਭਾਉਣੀ ਜ਼ਰੂਰੀ ਹੈ, ਕੋਈ ਮੌਕਾ ਹੋਵੇ, ਖੁਸ਼ੀ ਦਾ ਹੋਵੇ ਜਾਂ ਗ਼ਮੀਂ ਦਾ, ਅਰਦਾਸ ਕਰਦਿਆਂ ਇਹ ਰਸਮ ਜ਼ਰੂਰ ਪੂਰੀ ਕੀਤੀ ਜਾਂਦੀ ਹੈ। ਕੋਈ ਵੀ ਸਮਝ ਸਕਦਾ ਹੈ ਕਿ ਰਸਮੀ ਤੌਰ 'ਤੇ ਕੀਤੀ ਗਈ ਅਰਦਾਸ-ਬੇਨਤੀ ਕਦੀ ਵੀ ਸਵੀਕਾਰ ਨਹੀਂ ਹੋ ਸਕਦੀ। ਜੇ ਅਰਦਾਸ ਸਵੀਕਾਰ ਹੀ ਨਹੀਂ ਹੋਵੇਗੀ ਤਾਂ ਪੂਰਿਆਂ ਕਿਵੇਂ ਹੋ ਸਕੇਗੀ?

ਉਨ੍ਹਾਂ ਕਿਹਾ ਕਿ ਵਿਚਾਰਨ ਵਾਲੀ ਗਲ ਇਹ ਵੀ ਹੈ ਕਿ ਅਰਦਾਸ ਵਿੱਚ ਪੰਥ ਪਾਸੋਂ ਵਿਛੋੜੇ ਗਏ ਗੁਰਦੁਆਰਿਆਂ ਤੇ ਹੋਰ ਗੁਰਧਾਮਾਂ ਦੇ ‘ਦਰਸ਼ਨ-ਦੀਦਾਰ’ ਤੇ ‘ਸੇਵਾ-ਸੰਭਾਲ’ ਦੀ ਜ਼ਿਮੇਂਦਾਰੀ ‘ਖਾਲਸਾ’ ਜੀ ਨੂੰ ਬਖਸ਼ੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ‘ਖਾਲਸਾ’ ਸ਼ਬਦ ਤੇ ਜ਼ੋਰ ਦਿੰਦਿਆਂ ਕਿਹਾ ਕਿ ਸੁਆਲ ਉਠਦਾ ਹੈ ਕਿ ਸਿੱਖਾਂ ਦੀ ਕਿਸੇ ਵੀ ਧਾਰਮਕ ਜਥੇਬੰਦੀ ਦੇ ਮੁੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੀਨੇ ਤੇ ਹੱਥ ਰਖ ਕੇ ਇਹ ਗਲ ਦਾਅਵੇ ਦੇ ਨਾਲ ਕਹਿ ਸਕਦੇ ਹਨ ਕਿ ਉਹ ਸੱਚੇ-ਸੁੱਚੇ ਅਤੇ ਸਥਾਪਤ ਕਸੌਟੀ ਪੁਰ ਪੂਰੇ ਉਤਰ ਸਕਣ ਵਾਲੇ ‘ਖਾਲਸਾ’ ਹਨ?

ਇਤਨਾ ਕੁਝ ਕਹਿਣ ਤੋਂ ਬਾਅਦ ਉਨ੍ਹਾਂ ਆਪ ਹੀ ਜਵਾਬੀ ਸੁਆਲ ਕਰਦਿਆਂ ਕਿਹਾ ਕਿ ਅਜਿਹੀ ਸਥਿਤੀ ਵਿਚ ਅਰਦਾਸ ਕਰ ਕੇ ਪੰਥ ਪਾਸੋਂ ਵਿਛੋੜੇ ਗਏ ਗੁਰਦੁਆਰਿਆਂ ਤੇ ਹੋਰ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ‘ਖਾਲਸਾ’ ਜੀ ਨੂੰ ਬਖਸ਼ੇ ਜਾਣ ਦੀ ਜੋ ਮੰਗ ਬੀਤੇ ਸੱਠ ਸਲਾਂ ਤੋਂ ਵੀ ਵੱਧ ਸਮੇਂ ਤੋਂ ਕੀਤੀ ਜਾਂਦੀ ਚਲੀ ਆ ਰਹੀ ਹੈ ਤੇ ਹੁਣ ਤਕ ਲਖਾਂ ਨਹੀਂ ਕਰੋੜਾਂ ਵਾਰ ਕੀਤੀ ਜਾ ਚੁਕੀ ਹੈ ਅਤੇ ਅਗੋਂ ਵੀ ਲਗਾਤਾਰ ਕੀਤੀ ਜਾਂਦੀ ਰਹੇਗੀ, ਬਾਰੇ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ-ਆਪ ਤੋਂ ਹੀ ਪੁੱਛ ਵੇਖੋ ਕਿ ਅਰਦਾਸ ਰਾਹੀਂ ਕੀਤੀ ਜਾ ਰਹੀ ਇਸ ਮੰਗ ਨੂੰ ਪੂਰਿਆਂ ਕਰਨ ਲਈ, ਉਹ ਕਿਹੜਾ ‘ਖਾਲਸਾ’ ਹੈ, ਜਿਸਨੂੰ ਅਕਾਲ ਪੁਰਖ ਇਨ੍ਹਾਂ ਗੁਰਦੁਆਰਿਆਂ ਦੇ ਖੁਲ੍ਹੇ ਦਰਸ਼ਨ-ਦੀਦਾਰ ਅਤੇ ਸੇਵਾ-ਸੰਭਾਲ ਦੀ ਬਖਸ਼ਸ਼ ਕਰੇ?

ਪੰਥ ਵਿਚ ਢਹਿੰਦੀ-ਕਲਾ : ਇਕ ਦਿਨ ਅਚਾਨਕ ਗ਼ੈਰ-ਰਾਜਨੀਤਕ ਸਿੱਖਾਂ ਦੀ ਇਕ ਅਜਿਹੀ ਬੈਠਕ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿਚ ‘ਸਿੱਖੀ ਵਿਚ ਆ ਰਹੇ ਨਿਘਾਰ ਅਤੇ ਸਿੱਖਾਂ ਵਿਚ ਆ ਰਹੀ ਢਹਿੰਦੀ ਕਲਾ’ ਵਿਸ਼ੇ ਪੁਰ ਵਿਚਾਰ-ਚਰਚਾ ਕੀਤੀ ਜਾ ਰਹੀ ਸੀ। ਬੈਠਕ ਵਿਚ ਜੋ ਵਿਚਾਰ ਪ੍ਰਗਟ ਕੀਤੇ ਜਾ ਰਹੇ ਸਨ, ਉਹ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਇਤਨੇ ਡੂੰਘੇ ਅਤੇ ਪ੍ਰਭਾਵਸ਼ਾਲੀ ਵਿਚਾਰ, ਉਨ੍ਹਾਂ ਸਜਣਾਂ ਵਲੋਂ ਪ੍ਰਗਟ ਕੀਤੇ ਜਾ ਰਹੇ ਸਨ, ਜਿਨ੍ਹਾਂ ਦਾ ਨਾਂਅ ਨਾ ਤਾਂ ਕਦੀ ਕਿਸੇ ਚਰਚਾ ਵਿਚ ਸੁਣਿਆ ਗਿਆ ਸੀ ਅਤੇ ਨਾ ਹੀ ਮੀਡੀਆ ਵਿਚ ਵੇਖਣ ਜਾਂ ਪੜ੍ਹਨ ਨੂੰ ਮਿਲਿਆ ਸੀ।

ਇਕ ਸਜਣ ਕਹਿ ਰਿਹਾ ਸੀ ਕਿ ਅਜ ਸਿੱਖੀ ਵਿਚ ਜੋ ਨਿਘਾਰ ਅਤੇ ਸਿੱਖਾਂ ਵਿੱਚ ਢਹਿੰਦੀ ਕਲਾ ਦੀ ਜੋ ਦਸ਼ਾ ਵੇਖਣ ਨੂੰ ਮਿਲ ਰਹੀ ਹੈ, ਉਹ ਕੁਝ ਦਿਨਾਂ, ਹਫ਼ਤਿਆਂ, ਮਹੀਨਿਆਂ ਜਾਂ ਵਰ੍ਹਿਆਂ ਦੇ ਵਿਚ ਹੀ ਨਹੀਂ ਆਈ, ਸਗੋਂ ਇਹ ਬਹੁਤ ਹੀ ਲੰਮਾਂ ਪੈਂਡਾ ਤਹਿ ਕਰ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸ਼ਕਤੀ ਨੂੰ ਭਗਤੀ, ਅਰਥਾਤ ਧਰਮ, ਦੇ ਅਧੀਨ ਰਖ ਕੇ ਵਰਤਿਆ ਜਾਂਦਾ ਚਲਿਆ ਆਉਂਦਾ ਰਿਹਾ, ਓਦੋਂ ਤਕ ਸਭ ਕੁਝ ਠੀਕ-ਠਾਕ ਚਲਦਾ ਰਿਹਾ। ਪ੍ਰੰਤੂ ਜਦੋਂ ਭਗਤੀ (ਧਰਮ) ਨੂੰ ਸ਼ਕਤੀ, ਜਿਸਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗ ਪਿਆ ਹੈ, ਦੇ ਅਧੀਨ ਕਰਕੇ, ਉਸਦੀ ਵਰਤੋਂ ਸੱਤਾ ਹਾਸਲ ਕਰਨ ਦੇ ਲਈ ਕੀਤੀ ਜਾਣ ਲਗੀ, ਓਦੋਂ ਤੋਂ ਹੀ ਸਥਿਤੀ ਬਦਲਣੀ ਸ਼ੁਰੂ ਹੋ ਗਈ।

ਉਨ੍ਹਾਂ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਦਾ ਜ਼ਿਕਰ ਕਰਦਿਆਂ ਇਕ ਥਾਂ ਲਿਖਿਆ ਹੈ ਕਿ ‘ਹਰਿਮੰਦਿਰ ਦੀਆਂ ਨੀਹਾਂ ਪ੍ਰੇਮ, ਸ਼ਰਧਾ ਅਤੇ ਸੰਤੋਖ ’ਤੇ ਰਖੀਆਂ ਗਈਆਂ ਸਨ। ਗਵਾਹੀ ਹੈ ਕਿ ‘ਸੰਤੋਖਸਰ’ ਦੀ ਗ਼ਾਰ, ਹਰਿਮੰਦਿਰ ਸਾਹਿਬ ਦੀਆਂ ਨੀਹਾਂ ਹੇਠ ਪਾਈ ਗਈ ਸੀ। ਹਰਿਮੰਦਿਰ ਸਾਹਿਬ ਦੇ ਚਾਰ ਦਰਵਾਜ਼ੇ ਹਨ, ਜੋ ਪ੍ਰਤੀਕ ਹਨ ਮਨੁੱਖੀ ਏਕਤਾ ਦੇ, ਚਾਰ ਵਰਨਾਂ ਦੇ, ਹਰ ਪ੍ਰਕਾਰ ਦੇ ਰੰਗ ਦੇ, ਚਾਰ ਚਕਾਂ ਦੇ, ਚਾਰ ਮੁਕਤੀਆਂ ਦੇ ਅਤੇ ਚਾਰ ਆਸ਼ਰਮਾਂ ਦੇ। ਇਹ ਦਰਵਾਜ਼ੇ ਕਿਸੇ ਖਾਸ ਕੂੰਟ ਵਿਚ ਨਹੀਂ ਹਨ। ਦੋ-ਦੋ (ਪੂਰਬ-ਦੱਖਣ, ਦੱਖਣ-ਪੱਛਮ, ਪੱਛਮ-ਉੱਤਰ ਅਤੇ ਉੱਤਰ-ਪੂਰਬ) ਕੂੰਟਾਂ ਵਿਚਕਾਰ ਇੱਕ-ਇੱਕ ਦਰਵਾਜ਼ਾ ਹੈ। ਇਸ ਤਰ੍ਹਾਂ ਦਿਸ਼ਾਵਾਂ ਦਾ ਵਿਵਾਦ ਵੀ ਸ੍ਰੀ ਹਰਿਮੰਦਿਰ ਸਾਹਿਬ ਨੇ ਮੁਕਾ ਦਿੱਤਾ। ਹਰਿਮੰਦਿਰ ਸਾਹਿਬ ਨੂੰ ਨੀਵੀਂ ਥਾਂ ਤੇ ਸਥਾਪਤ ਕੀਤਾ ਗਿਆ ਅਤੇ ਉਸਦੇ ਗ਼ੁੰਬਦ ਨੂੰ ਬੈਠਵਾਂ ਰੱਖਿਆ ਗਿਆ, ਜੋ ਨਿਮਰਤਾ ਦੇ ਪ੍ਰਤੀਕ ਹਨ। ਇਸੇ ਤਰ੍ਹਾਂ ਅੰਮ੍ਰਿਤ ਸਰੋਵਰ ਵਿੱਚ ਕਮਲ ਫੁਲ ਵਾਂਗ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਕਰ, ਉਸ ਵਿੱਚ ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਪ੍ਰਕਾਸ਼ ਕੀਤਾ ਗਿਆ।

ਉਨ੍ਹਾਂ ਹੋਰ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਅਤੇ ਸ੍ਰੀ ਹਰਿਮੰਦਿਰ ਸਾਹਿਬ ਦੇ ਨਾਲ ਉਸਦੇ ਸਬੰਧਾਂ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਇਸ ਕਰਕੇ ਬਣਾਇਆ ਗਿਆ ਸੀ ਕਿ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਬੈਠਾ ਸਿੱਖ ਆਪਣੇ ਇਨਸਾਨੀ ਫ਼ਰਜ਼ਾਂ ਨੂੰ ਨਾ ਭੁਲਾ ਦੇਵੇ। ਸ਼ਕਤੀ {ਰਾਜਨੀਤੀ), ਭਗਤੀ (ਧਰਮ) ਦੀ ਨਿਗ਼ਾਹਬਾਨ ਹੈ ਅਤੇ ਦੂਜੇ ਪਾਸੇ ਤਖ਼ਤ (ਸ੍ਰੀ ਅਕਾਲ ਤਖ਼ਤ) ਉਤੇ ਬੈਠਾ ਹੋਇਆ ਸਿੱਖ ਸ਼ਕਤੀ (ਸੱਤਾ) ਹਾਸਲ ਕਰ, ਉਸਦੇ ਨਸ਼ੇ ਵਿੱਚ ਭਗਤੀ (ਧਰਮ) ਨੂੰ ਨਾ ਭੁਲ ਜਾਏ। ਸ੍ਰੀ ਅਕਾਲ ਤਖ਼ਤ ਨੂੰ ਸ੍ਰੀ ਹਰਿਮੰਦਿਰ ਸਾਹਿਬ ਤੋਂ ਹਟਵਾਂ ਇਸ ਕਰਕੇ ਬਣਾਇਆ ਗਿਆ ਸੀ ਕਿ ਭਗਤੀ (ਧਰਮ) ਦਾ ਸਤਿਕਾਰ ਪਹਿਲਾਂ ਹੈ।

ਇਤਨਾ ਕੁਝ ਦਸ ਕੇ ਉਨ੍ਹਾਂ ਪੁਛਿਆ ਕਿ ਅੱਜ ਹੋ ਕੀ ਰਿਹਾ ਹੈ? ਉਨ੍ਹਾਂ ਆਪ ਹੀ ਆਪਣੇ ਸੁਆਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਤੀ (ਧਰਮ) ਨੂੰ ਰਾਜਸੀ ਸੱਤਾ ਪ੍ਰਾਪਤ ਕਰਨ ਲਈ ਪੌੜੀ ਵਜੋਂ ਵਰਤਿਆ ਜਾਣ ਲਗਾ ਹੈ। ਭਗਤੀ (ਧਰਮ) ਦੀ ਗਲ ਕੇਵਲ ਸੱਤਾ ਹਾਸਲ ਕਰਨ ਲਈ ਹੀ ਕੀਤੀ ਜਾਂਦੀ ਹੈ। ਜਦੋਂ ਸੱਤਾ ਜਾਂ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਭਗਤੀ (ਧਰਮ) ਨੂੰ ਭੁਲਾ ਦਿਤਾ ਜਾਂਦਾ ਹੈ।

ਉਨ੍ਹਾਂ ਦੀ ਗਲ ਨੂੰ ਅਗੇ ਵਧਾਂਦਿਆਂ ਦੂਸਰੇ ਸਜਣ ਨੇ ਕਿਹਾ ਕਿ ਧਰਮ, ਅਰਥਾਤ ਭਗਤੀ ਦਾ ਚਿੰਨ੍ਹ ੴ’ ਹੈ, ਜਿਸਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੋਇਆ ਹੈ। ਉਸ ਦੀ ਥਾਂ ’ਤੇ ਰਾਜਸੀ (ਖੰਡੇ, ਚੱਕਰ ਤੇ ਕਿਰਪਾਨਾਂ ਵਾਲਾ) ‘’ ਚਿੰਨ੍ਹ ਅਪਨਾ ਲਿਆ ਗਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਸ੍ਰੀ ਹਰਿਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਕਾਰ ਜੋ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਂਦੇ, ਨਿਸ਼ਾਨ ਸਾਹਿਬ ਲਗੇ ਹੋਏ ਹਨ, ਉਨ੍ਹਾਂ ਵਿੱਚੋਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਾਸੇ ਵਾਲੇ ਨਿਸ਼ਾਨ ਸਾਹਿਬ ਪੁਰ ਸ਼ਕਤੀ ਦਾ ਪ੍ਰਤੀਕ ‘’, ਅਰਥਾਤ ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ ਚਿੰਨ੍ਹ, ਅਤੇ ਸ੍ਰੀ ਹਰਿਮੰਦਿਰ ਸਾਹਿਬ ਦੇ ਪਾਸੇ ਵਾਲੇ ਨਿਸ਼ਾਨ ਸਾਹਿਬ ਪੁਰ ਧਰਮ (ਭਗਤੀ) ਦਾ ਪ੍ਰਤੀਕ ‘ੴ’ ਚਿੰਨ੍ਹ ਹੋਇਆ ਕਰਦਾ ਸੀ। ਇਹ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਤੋਂ ਕੁਝ ਉਚਾ ਹੈ। ਜਿਸਦਾ ਭਾਵ ਇਹ ਹੈ ਕਿ ਸ਼ਕਤੀ, ਭਗਤੀ ਦੇ ਅਧੀਨ ਹੈ, ਅਰਥਾਤ ਸ਼ਕਤੀ, ਜਿਸਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗ ਪਿਆ ਹੈ, ਦੀ ਵਰਤੋਂ ਭਗਤੀ, ਜਿਸਨੂੰ ਧਰਮ ਕਿਹਾ ਜਾਂਦਾ ਹੈ, ਦੀਆਂ ਮਾਨਤਾਵਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਦੋਂ ਸ੍ਰੀ ਹਰਿਮੰਦਿਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਤੋਂ ‘ੴ’ ਹਟਾ ਕੇ, ਉਸ ਪੁਰ ਵੀ ‘’ (ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ) ਚਿੰਨ੍ਹ ਸਥਾਪਤ ਕਰ ਦਿਤਾ ਗਿਆ। ਇਸਦਾ ਮਤਲਬ ਸਪਸ਼ਟ ਹੈ ਕਿ ਭਗਤੀ (ਧਰਮ) ਦਾ ਚਿੰਨ੍ਹ ਅਲੋਪ ਹੋ ਗਿਆ ਹੈ, ਅਰਥਾਤ ‘ਧਰਮ ਪੰਖਿ ਕਰ..’ ਉੱਡ ਗਿਆ ਹੈ ਅਤੇ ਸ਼ਕਤੀ (ਰਾਜਨੀਤੀ) ਹੀ ਸ਼ਕਤੀ (ਰਾਜਨੀਤੀ) ਰਹਿ ਗਈ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਅਜ ਸੰਸਾਰ ਭਰ ਵਿਚ ਹਜ਼ਾਰਾਂ ਇਤਿਹਾਸਕ ਅਤੇ ਗ਼ੈਰ-ਇਤਿਹਾਸਕ ਗੁਰਦੁਆਰੇ ਹਨ, ਉਨ੍ਹਾਂ ਵਿਚੋਂ ਸ਼ਾਇਦ ਹੀ ਕਿਸੇ ਉਤੇ ਭਗਤੀ (ਧਰਮ) ਦੇ ਪ੍ਰਤੀਕ ਚਿੰਨ੍ਹ ੴ’ ਵਾਲਾ ਨਿਸ਼ਾਨ ਸਾਹਿਬ ਝੂਲਦਾ ਵਿਖਾਈ ਦਿੰਦਾ ਹੋਵੇ? ਇਸਦੇ ਨਾਲ ਹੀ ਉਨ੍ਹਾਂ ਪੁਛਿਆ ਕਿ ਜਦੋਂ ਚੜ੍ਹਦੀਕਲਾ ਦੇ ਆਧਾਰ ਭਗਤੀ (ਧਰਮ) ਦੇ ਚਿੰਨ੍ਹ ‘ੴ’ ਨੂੰ ਹੀ ਪੂਰੀ ਤਰ੍ਹਾਂ ਵਿਸਾਰ ਦਿਤਾ ਗਿਆ ਹੈ ਤਾਂ ਚੜ੍ਹਦੀਕਲਾ ਰਹਿ ਕਿਥੇ ਜਾਇਗੀ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top