Share on Facebook

Main News Page

ਅੱਜ ਪੰਜਾਬ ਦੀ ਜਨਤਾ ਕਰਜੇ ਥੱਲੇ ਕਿਉਂ ਦੱਬੀ ਹੋਈ ਹੈ ?
- ਦਲਜੀਤ ਸਿੰਘ ਇੰਡਿਆਨਾ 317 590 7448

ਅੱਜ ਪੰਜਾਬ ਦੀ ਜਨਤਾ ਕਰਜੇ ਥੱਲੇ ਕਿਉਂ ਦੱਬੀ ਹੋਈ ਹੈ? ਇਸ ਦਾ ਸਭ ਤੋਂ ਵੱਡਾ ਕਾਰਨ ਧਾਰਮਿਕ ਆਸਥਾ ਵਿੱਚ ਬਹੁਤ ਪੈਸਾ ਅਤੇ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਪੈਸਾ ਭਾਵੇਂ ਆੜਤੀਆਂ ਤੋਂ ਫੜਨਾ ਪਵੇ, ਭਾਂਵੇ ਬੈਂਕ ਤੋਂ ਕਰਜਾ ਲੈਣਾ ਪਵੇ, ਪਰ ਅਸੀਂ ਯਾਤਰਾ ਜਰੁਰੂ ਕਰਨੀ ਹੈ। ਇਸ ਯਾਤਰਾ ਵਾਲੇ ਬਿਜਨਿਸ ਨੂੰ ਬੜਾਵਾ ਦੇਣ ਵਿਚ ਕਿਰਾਏ 'ਤੇ ਚਲਦੀਆਂ ਬੱਸਾਂ ਅਤੇ ਟੈਕਸੀਆਂ ਵਾਲਿਆਂ ਦਾ ਬਹੁਤ ਵੱਡਾ ਹਥ ਹੈ। ਅਜ ਕੋਈ ਟਰਾਲੀਆਂ ਟ੍ਰਕ ਭਰ ਕੇ ਮਸਿਆ ਨਹਾਉਣ ਜਾ ਰਿਹਾ ਹੈ, ਕੋਈ ਸੰਗਰਾਂਦ 'ਤੇ ਜਾ ਰਿਹਾ, ਕੋਈ ਬਾਬਾ ਜੀ ਦੀ ਬਰਸੀ 'ਤੇ ਜਾ ਰਿਹਾ। ਹਾਲਾਂਕਿ ਇਹਨਾ ਗੱਲਾਂ ਦਾ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ, ਪਰ ਸ਼ਰਧਾ ਹੈ ਜੀ। ਕੋਈ ਵਡਭਾਗ ਸਿੰਘ ਦੇ ਜਾ ਰਿਹਾ, ਕੋਈ ਮਨੀਕਰਨ ਨੂੰ ਤੁਰਿਆ, ਕੋਈ ਨੈਨਾ ਦੇਵੀ ਨੂੰ ਤੁਰਿਆ, ਕੋਈ ਹੇਮਕੁੰਟ ਨੂੰ ਤੁਰਿਆ। ਪੰਜਾਬ ਦੀ ਅੱਧੀ ਤੋਂ ਜਿਆਦਾ ਜਨਤਾ ਯਾਤਰਾ 'ਤੇ ਤੁਰੀ ਹੋਈ ਹੈ। ਝੋਨਾ ਲਾਉਣ ਵਾਸਤੇ ਅਸੀਂ ਭਈਏ ਲਭਦੇ ਹਾਂ ਅਤੇ ਆਪ ਅਸੀਂ ਯਾਤਰਾ 'ਤੇ ਤੁਰੇ ਹੋਏ ਹਾਂ।

ਮੈਨੂੰ ਅਮਰੀਕਾ ਵਿੱਚ ਰਹਿੰਦੇ ਨੂੰ ੧੫ ਸਾਲ ਹੋ ਗਏ, ਮੈਂ ਤਾਂ ਕਦੇ ਨਹੀਂ ਦੇਖਿਆ, ਕੋਈ ਗੋਰਾ ਕਿਸੇ ਯਾਤਰਾ 'ਤੇ ਜਾਂਦਾ ਹੋਇਆ। ਪਰ ਫੇਰ ਵੀ ਇਹ ਸਾਡੇ ਦੇਸਾਂ ਨਾਲੋਂ ੨੦੦ ਸਾਲ ਅੱਗੇ ਹਨ ਕਿਓਂ?

ਜਾਗ ਜਾਵੋ ਸਿੱਖੋ, ਕੁੱਝ ਨਹੀਂ ਰਖਿਆ ਇਹਨਾ ਕੰਮਾਂ ਵਿਚ। ਕਿਸੇ ਯਾਤਰਾ ਨੇ ਕੁਝ ਨਹੀਂ ਦੇਣਾ। ਜਿਹੜੇ ਗੁਰੂ ਗਰੰਥ ਸਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਪਹਾੜਾਂ ਵਿਚ ਧੱਕੇ ਖਾਂਦੇ ਫਿਰਦੇ ਹੋ, ਓਹੀ ਗੁਰੂ ਗਰੰਥ ਸਾਹਿਬ ਤੁਹਾਡੇ ਪਿੰਡ ਵਾਲੇ ਗੁਰਦਵਾਰਾ ਸਾਹਿਬ ਵਿਚ ਵੀ ਹੈ, ਓਥੇ ਦਰਸ਼ਨ। ਕਰੋ। ਜਿਸ ਤਰਾਂ ਗੁਰਬਾਣੀ ਦਾ ਫੁਰਮਾਨ ਹੈ: ਨਾਮੁ ਲੈਤ ਅਠਸਠਿ ਮਜਨਾਇਆ ॥੧॥ ਨਾਮ ਜਪਦਿਆਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ .. ਤੀਰਥੁ ਹਮਰਾ ਹਰਿ ਕੋ ਨਾਮੁ ॥ ਪਰਮਾਤਮਾ ਦਾ ਨਾਮ ਹੀ ਸਾਡਾ ਤੀਰਥ ਹੈ। ਪ੍ਰਮਾਤਮਾ ਹਰ ਜਗ੍ਹਾ ਮੌਜੂਦ ਹੈ। ਓਹ ਕਿਸੇ ਖਾਸ ਜਗ੍ਹਾ 'ਤੇ ਨਹੀਂ ਰਹਿੰਦਾ, ਓਹ ਦੀਵਾਰਾਂ ਵਿਚ ਕੈਦ ਨਹੀਂ, ਓਹ ਪਹਾੜਾਂ 'ਤੇ ਨਹੀਂ ਬੈਠਾ, ਓਹ ਤਾਂ ਤੇਰੇ ਅੰਦਰ ਮੌਜੂਦ ਹੈ, ਬੰਦੇ ਖੋਜ ਦਿਲ ਹਰ ਰੋਜ.. ਕਿਓਂ ਆਪਣੇ ਪੈਸੇ ਦੀ ਅਤੇ ਸਮੇਂ ਦੀ ਬਰਬਾਦੀ ਕਰਦੇ ਹੋ, ਇਹਨਾ ਫਜੂਲ ਦੇ ਕੰਮਾ ਵਿਚ।

ਹੁਣ ਕਈ ਵੀਰ ਇਥੇ ਇਹ ਸਵਾਲ ਜਰੂਰ ਕਰਨਗੇ ਕਿ ਸਾਨੂੰ ਕਿਸੇ ਗੁਰਦਵਾਰੇ ਦੇ ਦਰਸ਼ਨ ਨਹੀਂ ਕਰਨੇ ਚਾਹੀਦੇ, ਬਿਲਕੁਲ ਕਰਨੇ ਚਾਹੀਦੇ ਹਨ, ਪਰ ਉਨ੍ਹਾਂ ਦੇ ਜਿਹੜੇ ਇਤਿਹਾਸਿਕ ਅਸਥਾਨ ਹਨ, ਓਥੇ ਆਪ ਜਾਵੋ ਅਤੇ ਆਪਣੇ ਬਚਿਆਂ ਨੂੰ ਲੈਕੇ ਜਾਵੋ ਓਥੇ ਜਾਕੇ ਬੋਰਡ 'ਤੇ ਲਿਖਿਆ ਇਤਿਹਾਸ ਪੜ ਕੇ ਸੁਨਾਓ। ਜੇਕਰ ਕਿਸੇ ਇਹੋ ਜਿਹੀ ਜਗ੍ਹਾ 'ਤੇ ਬਚਿਆਂ ਨੂੰ ਲੈਕੇ ਜਾਵੋਗੇ, ਜਿਸ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ, ਤੇ ਸਿਰਫ ਮਿਥਿਹਾਸ ਹੈ ਤਾਂ, ਤੁਹਾਡੇ ਬੱਚਿਆਂ ਨੇ ਤੁਹਾਡੇ ਤੋਂ ਓਸ ਜਗ੍ਹਾ ਦੇ ਇਤਿਹਾਸ ਬਾਰੇ ਪੁੱਛਣਾ, ਤਾਂ ਤੁਹਾਡੇ ਕੋਲ ਕੋਈ ਜਬਾਬ ਨਹੀਂ ਹੋਣਾ ਤੇ ਤੁਹਾਡੇ ਬੱਚਿਆਂ ਨੇ ਸਿੱਖੀ ਤੋਂ ਦੂਰ ਹੋ ਜਾਣਾ, ਕਿਉਂਕਿ ਕੋਈ ਵੀ ਧਰਮ ਝੂਠ ਦੀ ਕਸਵਟੀ 'ਤੇ ਅੱਗੇ ਨਹੀਂ ਵੱਧ ਸਕਦਾ। ਸੋ ਓਥੇ ਹੀ ਜਾਵੋ ਜਿਥੇ ਕੋਈ ਸਾਡਾ ਇਤਿਹਾਸ ਹੋਵੇ, ਕਿਉਂਕਿ ਵੈਸੇ ਇਮਾਰਤ ਪਖੋਂ ਤਾਂ ਕਾਰ ਸੇਵਾ ਵਾਲਿਆਂ ਨੇ ਕੋਈ ਜਗ੍ਹਾ ਛਡੀ ਨਹੀਂ ਜਿਹੜੀ ਪੁਰਾਣਾ ਇਤਿਹਾਸ ਦੁਹਰਾਉਂਦੀ ਹੋਵੇ, ਸਭ ਜਗ੍ਹਾ ਸੰਗਮਰਮਰ ਲਗਾ ਦਿਤਾ ਹੈ। ਧਾਰਮਿਕ ਅਸਥਾਨਾਂ ਵਿੱਚ ਦਿਤੇ ਪੈਸੇ ਨਾਲ ਤੁਹਾਡਾ ਅਤੇ ਸਿੱਖ ਕੌਮ ਦਾ ਕੁੱਝ ਨਹੀਂ ਸਵਰਦਾ। ਇਸ ਦੀ ਦੁਰਵਰਤੋ ਹੋ ਰਹੀ ਹੈ। ਗੋਲਕਾਂ ਵਿਚ ਪੈਸਾ ਪਾਉਣਾ ਬੰਦ ਕਰੋ। ਡੇਰਿਆਂ ਵਿੱਚ ਪਖੰਡੀਆਂ ਨੂੰ ਪੈਸੇ ਦੇਣੇ ਬੰਦ ਕਰੋ, ਇਸ ਪੈਸੇ ਨਾਲ ਲੋਕ ਭਲਾਈ ਦੇ ਕੰਮ ਕਰੋ, ਜਿਸ ਨਾਲ ਸਮਾਜ ਵਿੱਚ ਖੁਸਹਾਲੀ ਆਵੇ, ਫੇਰ ਗੱਲ ਬਣੇਗੀ। ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ, ਸਿਰਫ ਮੰਗਿਆਂ ਗੱਲ ਨਹੀਂ ਬਣਨੀ, ਇਸ 'ਤੇ ਅਮਲ ਵੀ ਕਰਨਾ ਪੈਣਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top