Share on Facebook

Main News Page

ਸਮੁੰਦਰ ਦੀ ਖੁਦਵਾਈ ਦਾ ਮਹਾਨ ਗਪੌੜ ਬਿਪਰ ਦੀ ਜੁਬਾਨੀ
- ਗੁਰਪ੍ਰੀਤ ਸਿੰਘ ਮੈਡਰਡ

ਕੁਝ ਕੁ ਇਤਿਹਾਸਿਕ ਪੁਰਾਤਨ ਦਸਤਾਵੇਜ਼ ਨੂੰ ਪੜਦੇ ਹੋਏ ਕੁਝ ਇਹੋ ਜਿਹਾ ਹਾਸੋ ਹੀਣਾ ਬਿਪਰ ਦੁਆਰਾ ਲਿਖਿਆ ਹੋਇਆ, ਪ੍ਰਸੰਗ ਸਾਮਣੇ ਆ ਗਿਆ ਜਿਸ ਨੂੰ ਪੜ੍ਹ ਕੇ ਬਿਪਰ ਦੀ ਬੇਫਕੁਫੀ ਤੇ ਅੱਤ ਦਾ ਹਾਸ੍ਹਾ ਆ ਗਿਆ ਤੇ ਆਪਣੇ ਸਿਖ ਹੋਣ ਤੇ ਮਾਨ ਵੀ ਮਹਿਸੂਸ ਹੋਇਆ ਕੇ ਸ਼ੁਕਰ ਹੈ ਕਿਤੇ ਮੈ ਵੀ ਇਸ ਹਾਸੋਹੀਣੇ ਮਿਥਿਹਾਸ ਦਾ ਵਾਰਿਸ ਨਹੀਂ ਹਾਂ, ਬਿਪਰ ਨੇ ਇਸ ਪ੍ਰਸੰਗ ਵਿਚ ਗੱਪ ਦੀ ਸਿਰੇ ਹੀ ਲਾ ਦਿੱਤੀ, ਕੀ ਕਦੇ ਹੋ ਸਕਦਾ ਹੈ ਕੇ ਤੂੰਬੇ ਦੇ ਬੀਜਾ ਤੋ ਬੱਚਾ ਬਣ ਜਾਵੇ? ਸੰਸਾਰ ਦੇ ਸਮੁੱਚੇ ਸਮੁੰਦਰ ਦੀ ਖੁਦਵਾਈ ਬੰਦਿਆ ਨੇ ਕੀਤੀ ਹੋਵੇ? ਹੋਰ ਵੀ ਬਿਅੰਤ ਇਹੋ ਜਿਹਾ! ਜੀ ਹੋ ਕਿਓ ਨਹੀਂ ਸਕਦਾ, ਉੱਚ ਜਾਤੀ ਦਾ ਬਿਪਰ ਇਹ ਸਭ ਕਹਿ ਰਿਹਾ ਹੈ, ਉਸ ਦੁਆਰਾ ਕਿਹਾ ਹੋਇਆ ਹਰ ਸ਼ਬਦ ਅਟੱਲ ਹੈ ਸੱਚਾ ਹੈ, ਜਰੂਰ ਹੋ ਸਕਦਾ ਹੈ, ਆਉ! ਹੁਣ ਬਿਪਰ ਜੀ ਦੁਆਰਾ ਮਾਰੀ ਹੋਈ ਤੇ ਮਿਥਿਹਾਸ ਮਹਾਭਾਰਤ ਦੇ ਵਿਚ ਅੰਕਿਤ ਮਹਾਨ ਗੱਪ ਦੀ ਵਿਚਾਰ ਕਰਦੇ ਹਾਂ ।

ਅਯੁੱਧਿਆ ਵਿਚ ਸਗਰ ਨਾਮ ਦਾ ਸੂਰਜਵੰਸ਼ੀ ਰਾਜਾ ਸੀ, ਜਿਸ ਦੇ ਪਿਤਾ ਦਾ ਨਾਮ ਰਾਜਾ ਬਾਹੁ (ਅਥਵਾ ਅਸਿਤ) ਜਿਸ ਦੀ ਕਥਾ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਵਿਸਤਾਰ ਨਾਲ ਲਿਖੀ ਮਿਲਦੀ ਹੈ। ਸਗਰ ਦੇ ਪਿਤਾ (ਬਾਹੁ) ਨੂੰ ਹੈਹਯਾਂ ਨੇ ਰਾਜਧਾਨੀ ਤੋਂ ਬਾਹਰ ਕੱਢ ਦਿੱਤਾ ਸੀ। ਬਾਹੁ ਬਣ ਵਿੱਚ ਆਪਣੀਆਂ ਇਸਤ੍ਰੀਆਂ ਸਮੇਤ ਜਾ ਕੇ ਰਹਿਣ ਲੱਗ ਗਿਆ, ਸਗਰ ਦੀ ਮਾਤਾ ਓਦੋਂ ਗਰਭਵਤੀ ਸੀ। ਇੱਕ ਸੌਕਣ ਨੇ ਸਾੜਾ ਕਰਕੇ ਉਸ ਨੂੰ ਕੋਈ ਜ਼ਹਿਰ ਦੇ ਦਿੱਤੀ, ਜਿਸ ਨਾਲ ਉਸ ਦਾ ਗਰਭ ਰੁੱਕ ਗਿਆ। ਇਸ ਕਾਰਣ ਸਗਰ ਸੱਤ ਵਰ੍ਹੇ ਮਾਤਾ ਦੇ ਉਦਰ ਵਿੱਚ ਰਿਹਾ ਅਤੇ ਇਸ ਸਮੇਂ ਅੰਦਰ ਬਾਹੁ ਮਰ ਗਿਆ। ਗਰਭਵਤੀ ਰਾਣੀ ਨੇ ਆਪਣੇ ਪਤੀ ਨਾਲ ਸੜਨਾ ਚਾਹਿਆ, ਪਰ ਔਰਵ ਰਿਖੀ ਨੇ ਉਸ ਨੂੰ ਰੋਕਿਆ ਅਤੇ ਆਖਿਆ ਕਿ ਤੇਰੇ ਉਦਰ ਵਿਚੋਂ ਇੱਕ ਪ੍ਰਤਾਪੀ ਬਾਲਕ ਜਨਮ ਲਵੇਗਾ। ਜਦ ਇਹ ਬਾਲਕ ਜਨਮਿਆ ਤਾਂ ਰਿਖੀ ਨੇ ਨਾਉਂ ਸਗਰ (ਸ- ਸਹਿਤ, ਗਰ- ਜ਼ਹਿਰ) ਰੱਖਿਆ, ਕਿਉਂਕਿ ਸੌਕਣ ਦੀ ਦਿੱਤੀ ਹੋਈ ਜ਼ਹਿਰ ਭੀ ਨਾਲ ਹੀ ਗਰਭੋਂ ਬਾਹਰ ਆਈ ਸੀ।

ਜਦੋਂ ਸਗਰ ਨੇ ਜਵਾਨ ਹੋ ਕੇ ਆਪਣੇ ਪਿਤਾ ਦੀ ਕਥਾ ਸੁਣੀ, ਤਾਂ ਉਸ ਨੇ ਪ੍ਰਣ ਕੀਤਾ ਕਿ ਮੈ ਹੈਹਯਾਂ ਅਤੇ ਹੋਰ ਰਾਖਸਾਂ ਤੋਂ ਪ੍ਰਿਥਵੀ ਖਾਲੀ ਕਰ ਦੇਵਾਂਗਾ ਅਤੇ ਆਪਣੇ ਪਿਤਾ ਦਾ ਸਾਰਾ ਰਾਜ ਵਾਪਿਸ ਲਵਾਂਗਾ। ਔਰਵ ਰਿਖੀ ਤੋਂ ਉਸ ਨੇ ਅਗਨਿ ਅਸਤ੍ਰ ਲੈ ਕੇ ਸਭ ਹੈਹਯਾਂ ਨੂੰ ਮਾਰ ਮੁਕਾਇਆ, ਅਤੇ ਆਪਣਾ ਰਾਜ ਸਾਂਭ ਲੀਤਾ। ਸਗਰ ਨੇ ਸ਼ਕ, ਯਵਨ, ਕਾਂਬੋਜ, ਪਾਰਦ ਅਤੇ ਪਰ੍‌ਲਵ ਸਾਰਿਆਂ ਦਾ ਨਾਸ਼ ਕਰ ਦੇਣਾ ਸੀ, ਪਰ ਵਸਿਸ੍ ਰਿਖੀ ਦੇ ਕਹਿਣ ਪੁਰ ਉਸ ਨੇ ਉਨ੍ਹਾਂ ਨੂੰ ਇਸ ਸ਼ਰਤ ਤੇ ਛੱਡ ਦਿੱਤਾ ਕਿ ਯਵਨ ਆਪਣਾ ਸਾਰਾ ਸਿਰ ਮੁਨਾ ਲੈਣ, ਸ਼ਕ ਉੱਪਰਲੇ ਪਾਸਿਓਂ ਅੱਧਾ ਮੁਨਾਉਣ, ਪਾਰਦ ਲੰਬੇ ਕੇਸ਼ ਰੱਖਣ ਅਤੇ ਪਹ੍‌ਲਵ ਲੰਬੀਆਂ ਦਾੜ੍ਹੀਆਂ ਰੱਖਣ।ਸਗਰ ਨੇ ਦੋ ਵਿਆਹ ਕੀਤੇ ਇੱਕ ਤਾਂ ਕਸ਼ਪ ਦੀ ਪੁਤ੍ਰੀ ਸੁਮਤਿ ਨਾਲ ਅਤੇ ਦੂਸਰਾ ਰਾਜਾ ਵਿਦਰਭ ਦੀ ਪੁਤ੍ਰੀ ਕੇਸ਼ਿਨੀ ਨਾਲ, ਪਰ ਉਨ੍ਹਾਂ ਤੋਂ ਕੋਈ ਪੁਤ੍ਰ ਨਾ ਹੋਣ ਕਰਕੇ ਉਸ ਨੇ ਔਰਵ ਰਿਖੀ ਦੀ ਓਟ ਲਈ। ਔਰਵ ਨੇ ਕਿਹਾ ਕਿ ਇੱਕ ਇਸਤ੍ਰੀ ਨੂੰ ਤਾਂ ਇੱਕੋ ਪੁਤ੍ਰ ਹੋਵੇਗਾ ਪਰ ਦੂਸਰੀ ਦੇ ਘਰ 6੦੦੦੦ ਪੁਤ੍ਰ ਹੋਣਗੇ। ਕੇਸ਼ਿਨੀ ਨੇ ਕਿਹਾ ਕਿ ਮੇਰੇ ਘਰ ਤਾਂ ਇੱਕੋ ਹੋਵੇ, ਤਾਂ ਉਸ ਦੇ ਘਰ ਇੱਕ ਪੁਤ੍ਰ ਅਸਮੰਜਸ ਹੋਇਆ ਅਰ ਸੁਮਤਿ ਦੇ ੬੦੦੦੦ ਪੁਤ੍ਰ ਹੋਏ। ਅਸਮੰਜਸ ਵਡਾ ਕੁਕਰਮੀ ਸੀ ਇਸ ਲਈ ਸਗਰ ਨੇ ਉਸ ਨੂੰ ਤਿਆਗ ਦਿੱਤਾ ਤੇ ਸਭ ਨਾਤੇ ਤੋੜ ਲਿੱਤੇ । ਬਾਕੀ ਸੱਠ ਹਜ਼ਾਰ ਪੁਤ੍ਰਾਂ ਨੇ ਭੀ ਐਸੀ ਤਬਾਈ ਮਚਾਈ ਕਿ ਦੇਵਤਿਆਂ ਨੇ ਇਨਾਂ ਦੀ ਰਿਖੀ ਕਪਿਲ ਅਤੇ ਵਿਸਨੁੰ (ਦੇਵਤਾ) ਪਾਸ ਸ਼ਕਾਇਤ ਕੀਤੀ ।

ਸਗਰ ਨੇ ਅਸ੍ਵਮੇਧ ਯੱਗ ਕੀਤਾ ਅਤੇ ਘੋੜੇ ਦੀ ਰਾਖੀ ਕਰਨ ਦੀ ਜਿੰਮੇਵਾਰੀ ਉਸ ਦੇ ਆਪਣੇ ੬੦੦੦੦ ਪੁਤ੍ਰ ਦੀ ਲਾ ਦਿੱਤੀ , ਪਰ ਤਦ ਭੀ ਇੰਦ੍ਰ ਘੋੜੇ ਨੂੰ ਚੋਰੀ ਕਰਕੇ ਪਾਤਾਲ ਵਿੱਚ ਲੈ ਗਿਆ।। ਸਗਰ ਨੇ ਆਪਣੇ ਪੁਤ੍ਰਾਂ ਨੂੰ ਘੋੜਾ ਲੱਭਣ ਲਈ ਆਖਿਆ, ਉਨ੍ਹਾਂ ਨੂੰ ਘੋੜਾ ਕਿਤੇ ਨਾ ਲੱਭਾ ਤੇ ਲੱਭਦੇ-ਲੱਭਦੇ ਪਾਤਾਲ ਤੱਕ ਪ੍ਰਿਥਿਵੀ ਨੂੰ ਪੁੱਟ ਸੁੱਟਿਆ , ਜੀ ਹਾਂ ! ਪਾਤਾਲ ਤੱਕ,ਨਹੀਂ ਮੰਦੇ ,ਮਨ ਜਾਵੋ ਬਿਪਰ ਕਹਿ ਰਿਹਾ ਹੈ ਜੀ , ਹੇਠਾਂ ਜਾਕੇ ਕੀ ਦੇਖਿਆ ਕਿ ਘੋੜਾ ਪਾਤਾਲ ਵਿਚ ਚਰ ਰਿਹਾ ਹੈ ਤੇ ਉਸ ਦੇ ਪਾਸ ਹੀ ਰਿਖੀ ਕਪਿਲ ਸਮਾਧੀ ਲਾਈ ਬੈਠਾ ਹੈ। ਇਹ ਸਮਝਕੇ ਕਿ ਘੋੜੇ ਦਾ ਚੋਰ ਇਹੀ ਹੈ, ਉਨ੍ਹਾਂ ਨੇ ਕਪਿਲ ਨੂੰ ਭੈ ਦੇਣ ਦਾ ਯਤਨ ਕੀਤਾ।

ਗੁੱਸੇ ਵਿੱਚ ਆਕੇ ਰਿਖੀ ਨੇ ਜਦੋ ਸਗਰ ਦੇ ਪੁਤ੍ਰਾਂ ਵੱਲ ਤੱਕਿਆ ਤਾਂ ਰਿਖੀ ਦੇ ਅੰਦਰੋਂ ਅੱਗ ਪ੍ਰਗਟ ਹੋਈ, ਜਿਸ ਨਾਲ ਉਹ ਸਾਰੇ ਭਸਮ ਹੋ ਗਏ।,ਜਦ ਘੋੜਾ ਚਿਰ ਤੀਕ ਵਾਪਿਸ ਨਾ ਆਇਆ ਤਦ ਸਗਰ ਨੇ ਆਪਣਾ ਪੋਤਾ ਅੰਸ਼ੁਮਾਨ ਨੂੰ ਤਲਾਸ਼ ਲਈ ਭੇਜਿਆ, ਉਸ ਨੇ ਆਪਣੇ ਚਾਚਿਆਂ ਦੀਆਂ ਹੱਡੀਆਂ ਕਪਿਲ ਪਾਸ ਢੇਰੀ ਹੋਈਆਂ ਦੇਖੀਆਂ। ਅੰਸ਼ੁਮਾਨ ਨੇ ਦੁਖੀ ਹੋ ਕੇ ਕਪਿਲ ਅੱਗੇ ਅਰਦਾਸ ਕੀਤੀ ਕਿ ਇਨ੍ਹਾਂ ਨੂੰ ਕਿਸੇ ਤਰਾਂ ਸ੍ਵਰਗ ਲੋਕ ਪ੍ਰਾਪਤ ਹੋਵੇ। ਕਪਿਲ ਨੇ ਭਰੋਸਾ ਦਿੱਤਾ ਕਿ ਤੇਰਾ ਪੋਤ੍ਰਾ ਗੰਗਾ ਨੂੰ ਪ੍ਰਿਥਿਵੀ ਤੇ ਲਿਆਵੇਗਾ ਤਾਂ ਇਨਾਂ ਦੀ ਗਤਿ ਹੋਵੇਗੀ। ਅੰਸ਼ੁਮਾਨ ਘੋੜਾ ਲੈ ਕੇ ਸਗਰ ਪਾਸ ਪਹੁੰਚਿਆ ਅਤੇ ਯੱਗ੍ ਸੰਪੂਰਣ ਹੋਇਆ। ਉਸ ਵੱਡੇ ਖਾਤ (ਗਰਤ) ਦਾ, ਜਿਹੜਾ ਕਿ ੬੦੦੦੦ ਪੁਤ੍ਰਾਂ ਨੇ ਖੋਦਿਆ ਸੀ, ਨਾਉਂ ਸਾਗਰ ਰੱਖ ਦਿੱਤਾ, ਜੋ ਹੁਣ ਸਮੁੰਦਰ ਹੈ। ਅੰਸ਼ੁਮਾਨ ਦਾ ਪੁਤ੍ਰ ਦਿਲੀਪ ਅਤੇ ਉਸ ਦਾ ਪੁਤ੍ਰ ਭਗੀਰਥ ਹੋਇਆ। ਭਗੀਰਥ ਦੇ ਪੁੰਨ ਕਰਮਾਂ ਕਰਕੇ ਗੰਗਾ ਸ੍ਵਰਗਲੋਕ ਤੋਂ ਉਤਰੀ ਅਤੇ ਉਸ ਦੇ ਜਲ ਨਾਲ ਸਗਰ ਦੇ ਪੁਤ੍ਰਾਂ ਦੀ ਭਸਮ ਤਰ ਹੋਈ ਅਤੇ ਉਹ ਮੁਕਤੀ ਨੂੰ ਪ੍ਰਾਪਤ ਹੋਏ। ਸਗਰ ਦੇ ਕਾਰਣ ਗੰਗਾ ਦਾ ਨਾਉਂ ਸਾਗਰਾ ਅਤੇ ਭਗੀਰਥ ਕਰਕੇ ਭਾਗੀਰਥੀ ਹੋਇਆ। ਲੋਕਾਂ ਨੂੰ ਬਿਪਰ ਦੀ ਕਹੀ ਗਲ ਤੇ ਕੁਝ ਸ਼ੱਕ ਨਾ ਹੋਵੇ ਇਸ ਕਰਕੇ ਬਿਪਰ ਨੇ ਆਪਣੀ ਸਫ਼ਾਈ ਵੀ ਦਿਤੀ ਹੈ, ਅਚੰਭੇ ਦੀ ਗੱਲ ਲਿਖੀ ਹੈ ਕਿ ਸਗਰ ਦੀ ਇਸਤ੍ਰੀ ਸੁਮਤਿ ਨੂੰ ਇੱਕ ਤੂੰਬਾ ਜੰਮਿਆ ਜਿਸ ਵਿੱਚ ੬੦੦੦੦ ਬੀਜ ਸਨ, ਜਿਨ੍ਹਾਂ ਨੂੰ ਸਗਰ ਨੇ ਘੀ ਦੇ ਭਾਡਿਆਂ ਵਿੱਚ ਅੱਡ ਅੱਡ ਰੱਖ ਦਿੱਤਾ ਅਤੇ ੧੦। ਮਹੀਨਿਆਂ ਪਿਛੋਂ ਇਹ ਸਾਰੇ ਬਾਲਕ ਹੋਕੇ ਆਪ ਹੀ ਦੌੜਨ ਭੱਜਣ ਲੱਗ ਪਏ।

ਇਸ ਤਰ੍ਹਾ ਦੇ ਬਿਅੰਤ ਬਿਨ੍ਹਾ ਸਿਰ ਪੈਰ ਦੀਆ ਮਹਾਨ ਗਪੋੜਾ ਹਿੰਦੂ ਮਿਥਿਹਾਸ ਵਿਚ ਅੰਕਿਤ ਹਨ, ਜਿਨ੍ਹਾ ਲੋਕਾਂ ਦਾ ਧੁਰਾ ਇਹੋ ਜਿਹਾ ਗਪੋੜ ਮਿਥਿਹਾਸ ਹੈ ਉਹਨਾ ਲੋਕਾਂ ਦੀ ਮਾਨਸਿਕ ਪੱਧਰ ਦਾ ਅਨੁਮਾਨ ਪਾਠਕ ਆਪ ਲਾ ਸਕਦੇ ਹਨ, ਬਾਕੀ ਹਰ ਪਾਠਕ ਇਸ ਮਹਾਨ ਗਪੌੜ ਬਾਰੇ ਆਪਣੇ ਵੀਚਾਰਾ ਪ੍ਰਤੀ ਪੂਰਨ ਤੌਰ 'ਤੇ ਆਜ਼ਾਦ ਹਨ ।


ਨੋਟ: ਇਸ ਤਰ੍ਹਾਂ ਦੀਆਂ ਗਪੌੜਾਂ ਅਖੌਤੀ ਦਸਮ ਗ੍ਰੰਥ 'ਚ ਵੀ ਭਰੀਆਂ ਪਈਆਂ ਨੇ, ਜਿਸ ਨੂੰ ਕਈ ਸਿੱਖ ਅਖਵਾਉਣ ਵਾਲੇ ਗੁਰੂ ਦੀ ਕਿਰਤ ਮੰਨੀ ਜਾਂਦੇ ਨੇ। ਸਾਡੇ ਕੋਲ਼ ਕਿਹੜਾ ਗਪੌੜੀ ਘੱਟ ਨੇ, ਹਰੀ ਪ੍ਰਸਾਦ ਰੰਧਾਵਾ, ਗਪੌੜਸ਼ੰਖ (ਅ)ਗਿਆਨੀ ਠਾਕੁਰ ਸਿੰਘ, ਰਣਜੀਤ ਸਿੰਘ ਢੱਢਰੀ, ਸਾਹਿਬ ਸਿੰਘ (ਪਹਿਲਾਂ ਮਿਸ਼ਨਰੀ ਹੁੰਦਾ ਸੀ, ਹੁਣ ਗਪੌੜੀ ਹੈ) ਅਤੇ ਕਈ ਹੋਰ।

ਵਿਸ਼ੇਸ਼ ਬੇਨਤੀ: ਕਿਰਪਾ ਕਰਕੇ ਵਿਸ਼ੇ 'ਤੇ ਰਹਿ ਕੇ ਕੁਮੈਂਟਸ ਕੀਤੇ ਜਾਣ, ਲੇਖ ਨੂੰ ਪੜ੍ਹ ਕੇ ਉਸ 'ਤੇ ਵੀਚਾਰ ਤੱਕ ਸੀਮਿਤ ਰਹਿਆ ਜਾਵੇ। ਪਰ ਕਈ ਭਲੇਮਾਣਸਾਂ ਨੇ ਹੱਟਣਾ ਨਹੀਂ, ਖ਼ਾਲਸਾ ਨਿਊਜ਼ ਜਾਂ ਕਿਸੇ ਹੋਰ ਦੇ ਦੁਆਲੇ ਹੋ ਜਾਣਾ ਹੈ, ਜਿਸ ਤੋਂ ਉਨ੍ਹਾਂ ਭਲੇਮਾਣਸਾਂ ਦੀ ਅਸਲੀ ਜ਼ਹਿਨੀਅਤ ਦਾ ਪ੍ਰਗਟਾਵਾ ਹੋ ਜਾਂਦਾ ਹੈ, ਖੈਰ... ਗੁਰੂ ਭਲੀ ਕਰੇ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top