Share on Facebook

Main News Page

ਉੱਤਰਾਖੰਡ ਦੀ ਤ੍ਰਾਸਦੀ ਬਨਾਮ ਸਿੱਖ ਜਥੇਬੰਦੀਆਂ ਦੀ ਭੂਮਿਕਾ
- ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਉੱਤਰਾਖੰਡ ਵਿਚ ਬਦਲ ਫਟਣ ਦੇ ਫਲਸਰੂਪ ਆਏ ਹੜ੍ਹ ਦੇ ਕਾਰਨ ਜੋ ਤਬਾਹੀ ਮੱਚੀ, ਉਸ ਦੀ ਤ੍ਰਾਸਦੀ ਨੇ ਸਾਰੇ ਦੇਸ਼ ਨੂੰ ਹੀ ਹਿਲਾ ਕੇ ਰੱਖ ਦਿੱਤਾ। ਕੇਦਾਰਨਾਥ ਸਹਿਤ ਅਨੇਕਾਂ ਪਿੰਡ ਆਪਣੀ ਹੋਂਦ ਤਕ ਗੁਆ ਬੈਠੇ। ਇਸ ਹੜ੍ਹ ਦੀ ਤੇਜ਼ ਧਾਰ ਵਿਚ ਕਿਤਨੇ ਜੀਵਨ ਰੁੜ੍ਹ ਗਏ ਅਤੇ ਕਿਤਨਾ ਮਾਲੀ ਨੁਕਸਾਨ ਹੋਇਆ ਇਸ ਸਮੇਂ ਇਸ ਦਾ ਅਨੁਮਾਨ ਲਾਇਆ ਜਾ ਸਕਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ। ਇਸ ਤ੍ਰਾਸਦੀ ਵਿਚ ਸਾਰਾ ਦੇਸ਼ ਹੀ ਪੀੜਤਾਂ ਅਤੇ ਪ੍ਰਭਾਵਿਤ ਲੋਕਾਂ ਦਾ ਦੁੱਖ ਵੰਡਾਉਣ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਨਾਲ ਆ ਖੜ੍ਹਾ ਹੋਇਆ। ਜਿਸ ਕਿਸੇ ਪਾਸੋਂ ਜੋ ਕੁੱਝ ਵੀ ਬਣ ਸਕਿਆ ਉਹੀ ਕੁੱਝ ਉਸ ਨੇ ਭੇਟ ਕਰ ਦਿੱਤਾ।

ਇਸ ਮੌਕੇ 'ਤੇ ਜਿੱਥੇ ਦੇਸ਼ ਦੇ ਹੋਰ ਵਾਸੀਆਂ ਅਤੇ ਜਥੇਬੰਦੀਆਂ ਨੇ ਤ੍ਰਾਸਦੀ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਅਤੇ ਸਹਿਯੋਗ ਲਈ ਹੱਥ ਵਧਾਏ, ਉੱਥੇ ਹੀ ਸਮੁੱਚਾ ਸਿੱਖ ਸਮਾਜ ਵੀ ਆਪਣੀਆਂ ਸਥਾਪਤ ਪਰੰਪਰਾਵਾਂ ਦਾ ਪਾਲਨ ਕਰਦਿਆਂ ਅੱਗੇ ਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖਾਂ ਦੀਆਂ ਸਰਵਉੱਚ ਧਾਰਮਿਕ ਸੰਸਥਾਵਾਂ ਹਨ, ਤ੍ਰਾਸਦੀ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਅਤੇ ਉਨ੍ਹਾਂ ਤਕ ਰਾਹਤ ਪਹੁੰਚਾਉਣ ਲਈ ਆਪਣੀ ਪੂਰੀ ਸ਼ਕਤੀ ਨਾਲ ਸਮਰਪਿਤ ਹੋ ਗਈਆਂ। ਇਨ੍ਹਾਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਰਗਰਮ ਸਿੱਖ ਜਥੇਬੰਦੀਆਂ ਵੀ ਪਿੱਛੇ ਨਹੀਂ ਰਹੀਆਂ। ਉਹ ਵੀ ਇਸ ਸਹਾਇਤਾ ਕਾਰਜ ਆਪੋ-ਆਪਣੀ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਪਾਣ ਵਿਚ ਜੁੱਟ ਗਈਆਂ। ਕਈ ਸਮਰੱਥਾਵਾਨ ਸਿੱਖਾਂ ਨੇ ਵੀ ਆਪੋ-ਆਪਣੇ ਪੱਧਰ ਪਰ ਆਪਣੀਆਂ ਸੇਵਾਵਾਂ ਕੇਂਦਰੀ ਜਾਂ ਰਾਜ ਸਰਕਾਰ ਨੂੰ ਸੌਂਪਣੀਆਂ ਸ਼ੁਰੂ ਕਰ ਦਿੱਤੀਆਂ। ਅਜਿਹੇ ਹੀ ਪੰਜਾਬ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਅਤੇ ਪੰਜਾਬ ਸਿਵਲ ਸੋਸਾਇਟੀ ਦੇ ਚੇਅਰਮੈਨ ਸ. ਰਘਬੀਰ ਸਿੰਘ ਜੋੜਾ ਨੇ ਇਸ ਪਾਸੇ ਪਹਿਲ ਕਰਦਿਆਂ ਉਤਰਾਖੰਡ-ਤ੍ਰਾਸਦੀ ਦੀ ਸੂਚਨਾ ਮਿਲਦਿਆਂ ਹੀ ਆਪਣਾ ਨਿੱਜੀ ਜਹਾਜ਼ ਅਤੇ ਹੈਲੀਕਾਪਟਰ ਆਪਣੇ ਖ਼ਰਚ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਬਹੁਗੁਣਾ ਨੂੰ ਸੌਂਪ ਦਿੱਤੇ, ਤਾਂ ਜੋ ਵੱਖ-ਵੱਖ ਥਾਵਾਂ ਤੇ ਫਸੇ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਤਕ ਲੋੜੀਂਦੀ ਰਾਹਤ ਸਮਗਰੀ ਪਹੁੰਚਾਉਣ ਲਈ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਦੱਸਿਆ ਜਾਂਦਾ ਹੈ ਕਿ ਇਸ ਦੇ ਲਈ ਮੁੱਖ ਮੰਤਰੀ ਦੇ ਬੇਟੇ ਸੌਰਭ ਬਹੁਗੁਣਾ ਨੇ ਸ. ਜੌੜਾ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਵੀ ਕੀਤਾ। ਇਸੇ ਤਰ੍ਹਾਂ ਸ. ਜੌੜਾ ਤੋਂ ਪ੍ਰੇਰਨਾ ਲੈ ਕੁੱਝ ਹੋਰ ਸਿੱਖ ਵੀ ਸਹਿਯੋਗ ਕਰਨ ਲਈ ਨਿੱਜੀ ਤੌਰ ਤੇ ਅੱਗੇ ਆ ਗਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਗਈਆਂ ਬੱਸਾਂ ਅਤੇ ਹੋਰ ਸੇਵਾਵਾਂ ਦੀ ਨਿਗਰਾਨੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਆਪ ਕਰ ਰਹੇ ਸਨ, ਜਦਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਉਪਲਬਧ ਕਰਵਾਈਆਂ ਗਈਆਂ ਸੇਵਾਵਾਂ ਦੀ ਦੇਖ-ਰੇਖ ਦੀ ਜ਼ਿੰਮੇਂਦਾਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਨੇ ਸੰਭਾਲੀ ਹੋਈ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਉੱਤਰਾਖੰਡ ਇਕਾਈ ਵੱਲੋਂ ਕੀਤੀ ਜਾ ਰਹੀ ਸੇਵਾ ਸੰਭਾਲੀ ਬੈਠੇ ਦਲ ਦੇ ਪ੍ਰਦੇਸ਼ ਮੁਖੀ ਆਪਣੇ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੇ ਲਗਾਤਾਰ ਸੰਪਰਕ ਵਿਚ ਸਨ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਵੱਲੋਂ ਦਲ ਦੇ ਪ੍ਰਧਾਨ ਸ. ਜਸਜੀਤ ਸਿੰਘ ਟੋਨੀ (ਯੂਕੇ) ਦੀ ਨਿਗਰਾਨੀ ਵਿਚ ਸਹਾਇਤਾ ਸਮਗਰੀ ਭੇਜੀ ਜਾ ਰਹੀ ਸੀ। ਉੱਤਰਾਖੰਡ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹਰਿਆਣਾ, ਉਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਬੰਗਾਲ ਆਦਿ ਲਗਭਗ ਸਾਰੇ ਰਾਜਾਂ ਦੀਆਂ ਸਿੱਖ ਸੰਸਥਾਵਾਂ ਵੱਲੋਂ ਭੇਜੀ ਜਾ ਰਹੀ ਸਹਾਇਤਾ ਅਤੇ ਰਾਹਤ ਸਮਗਰੀ ਰਾਜ ਸਰਕਾਰ ਅਤੇ ਸੈਨਿਕ ਅਧਿਕਾਰੀਆਂ ਤਕ ਸਿੱਧੀ ਪਹੁੰਚ ਰਹੀ ਸੀ। ਇਸ ਦੇ ਨਾਲ ਹੀ ਵੱਖ-ਵੱਖ ਰਾਜਾਂ ਤੋਂ ਪੁੱਜੀਆਂ ਸਿੱਖ ਨੌਜਵਾਨਾਂ ਦੀਆਂ ਟੀਮਾਂ ਰਾਹਤ ਅਤੇ ਮੈਡੀਕਲ ਕੈਂਪ ਲਾ ਸਹਾਇਤਾ ਵਿਚ ਜੁੱਟੀਆਂ ਰਹੀਆਂ।

ਅਫ਼ਸੋਸ ਦੀ ਗਲ ਤਾਂ ਇਹ ਹੈ ਕਿ ਸਿੱਖ ਸੰਸਥਾਵਾਂ ਵੱਲੋਂ ਕੀਤੀ ਗਈ ਸਹਾਇਤਾ ਅਤੇ ਪਹੁੰਚਾਈ ਗਈ ਰਾਹਤ ਦੀਆਂ ਖ਼ਬਰਾਂ ਨੂੰ ਰਾਸ਼ਟਰੀ ਮੀਡੀਆ ਵੱਲੋਂ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਗਿਆ। ਇਸ ਦਾ ਕਾਰਨ ਕੀ ਰਿਹਾ? ਇਸ ਸਬੰਧ ਵਿਚ ਸਿੱਖ ਸੰਸਥਾਵਾਂ ਦੇ ਮੁਖੀਆਂ ਨੂੰ ਗੰਭੀਰਤਾ ਨਾਲ ਸੋਚ-ਵਿਚਾਰ ਕਰਨੀ ਚਾਹੀਦੀ ਹੈ ਕਿ ਮੀਡੀਆ ਨਾਲ ਸੰਪਰਕ ਬਣਾਉਣ ਵਿਚ ਸਿੱਖ ਮੁਖੀਆਂ ਦੀ ਆਪਣੀ ਕੋਈ ਚੁੱਕ ਰਹੀ ਜਾਂ ਇਸ ਦੇ ਲਈ ਕੋਈ ਹੋਰ ਕਾਰਨ ਜ਼ਿਮੇਂਦਾਰ ਸੀ?

ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ ਦਾ ਸਿਧਾਂਤ : ਸਿੱਖ ਧਰਮ ਵਿਚ ‘ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ’ ਦੇ ਸਿਧਾਂਤ ਨੂੰ ਮਾਨਤਾ ਪ੍ਰਾਪਤ ਹੈ, ਅਰਥਾਤ ਗ਼ਰੀਬ ਦੀ ਸੰਭਾਲ ਕਰਨਾ, ਗੁਰੂ ਦੀ ਗੋਲਕ ਵਿਚ ਯੋਗਦਾਨ ਪਾਉਣਾ ਹੈ। ਪਰ ਕਦੀ ਵੀ ਇਸ ਪਾਸੇ ਧਿਆਨ ਦਿੱਤਾ ਨਹੀਂ ਗਿਆ। ਅਸੀਂ ਗੁਰੂ ਦੀ ਗੋਲਕ ਵਿਚ ਆਪਣੀ ਸਮਰੱਥਾ ਤੋਂ ਵੱਧ ਮਾਇਆ ਪਾਣ ਲਈ ਤਿਆਰ ਹੋ ਜਾਂਦੇ ਹਾਂ, ਕਿਉਂਕਿ ਅਸੀਂ ਸਮਝਦੇ ਹਾਂ ਕਿ ਇਸ ਨਾਲ ਗੁਰੂ ਖ਼ੁਸ਼ ਹੋ, ਸਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਦੇਵੇਗਾ ਅਤੇ ਇਸ ਨੂੰ ਕਈ ਗੁਣਾਂ ਵਧਾ, ਮੋੜ ਵੀ ਦੇਵੇਗਾ। ਇੱਕ ਸਜਣ ਨੇ ਦੱਸਿਆ ਕਿ ਪਾਰਸੀ ਫ਼ਿਰਕੇ ਦੇ ਲੋਕਾਂ ਵੱਲੋਂ ਇੱਕ ਅਜਿਹਾ ਫ਼ੰਡ ਕਾਇਮ ਕੀਤਾ ਗਿਆ ਹੋਇਆ ਦੱਸਿਆ ਜਾਂਦਾ ਹੈ, ਜਿਸ ਵਿਚ ਹਰ ਪਾਰਸੀ ਪਰਿਵਾਰ ਆਪਣੀ ਸਮਰੱਥਾ ਅਨੁਸਾਰ ਲਗਾਤਾਰ ਹਿੱਸਾ ਪਾਉਂਦਾ ਰਹਿੰਦਾ ਹੈ। ਇਸ ਫ਼ੰਡ ਵਿਚੋਂ ਉਹ ਆਰਥਕ ਪੱਖੋਂ ਕਮਜ਼ੋਰ ਪਾਰਸੀ ਪਰਿਵਾਰਾਂ ਦੇ ਬੱਚਿਆਂ ਨੂੰ ਉੱਚ ਵਿੱਦਿਆ ਦੇਣ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਸਹਾਇਤਾ ਦਿੰਦੇ ਹਨ। ਜਦੋਂ ਬੱਚੇ ਪੜ੍ਹ-ਲਿਖ, ਕਮਾਉਣ ਯੋਗ ਹੋ ਜਾਂਦੇ ਹਨ ਅਤੇ ਬੇ-ਰੁਜ਼ਗਾਰ ਚੱਲਿਆ ਆ ਰਿਹਾ ਪਰਿਵਾਰ ਕਮਾਉਣ ਲੱਗਦਾ ਹੈ, ਤਾਂ ਉਹ ਨਾ ਕੇਵਲ ਲਿਆ ਪੈਸਾ ਵਾਪਸ ਕਰਨ ਲੱਗਦਾ ਹੈ, ਸਗੋਂ ਸਾਰਾ ਪੈਸਾ ਵਾਪਸ ਕਰ, ਅੱਗੋਂ ਵੀ ਆਪਣੀ ਸਮਰੱਥਾ ਅਨੁਸਾਰ, ਉਸ ਫ਼ੰਡ ਵਿਚ ਹਿੱਸਾ ਪਾਣ ਲੱਗਦਾ ਹੈ, ਤਾਂ ਜੋ ਉਸ ਦੇ ਫ਼ਿਰਕੇ ਦੇ ਲੋੜਵੰਦਾਂ ਦੀ ਮਦਦ ਦਾ ਜੋ ਕਾਰਜ ਸ਼ੁਰੂ ਕੀਤਾ ਗਿਆ ਹੋਇਆ ਹੈ, ਉਸ ਵਿਚ ਕਦੀ ਵੀ ਰੁਕਾਵਟ ਨਾ ਪਏ। ਇਹੀ ਕਾਰਨ ਹੈ ਕਿ ਤੁਹਾਨੂੰ ਕੋਈ ਵੀ ਪਾਰਸੀ ਅਨਪੜ੍ਹ, ਬੇ-ਰੁਜ਼ਗਾਰ ਜਾਂ ਮੰਗਤਾ ਨਜ਼ਰ ਨਹੀਂ ਆਏਗਾ।

ਉਨ੍ਹਾਂ ਕਿਹਾ ਕਿ ਪਾਰਸੀ ਨਾ ਕੇਵਲ ਆਪਣੇ ਮਜ਼ਬੂਤ ਪੈਰਾਂ ਪੁਰ ਹਨ, ਸਗੋਂ ਉਨ੍ਹਾਂ ਵਿਚ ਇਕ-ਦੂਜੇ ਪ੍ਰਤੀ ਹਮਦਰਦੀ ਦੀ ਭਾਵਨਾ ਵੀ ਹੈ ਅਤੇ ਭਾਈਚਾਰਕ ਸਾਂਝ ਵੀ। ਉਸ ਸਜਣ ਨੇ ਇਹ ਕੁੱਝ ਦੱਸਣ ਤੋਂ ਬਾਅਦ ਪੁੱਛਿਆ ਕਿ ਕੀ ਸਿੱਖ ਕੋਈ ਅਜਿਹਾ ਫ਼ੰਡ ਕਾਇਮ ਨਹੀਂ ਕਰ ਸਕਦੇ? ਗੁਰੂ ਸਾਹਿਬਾਂ ਨੇ ਤਾਂ ਸਿੱਖਾਂ ਨੂੰ ਅਰੰਭ ਤੋਂ ਹੀ ਵੰਡ ਛਕਣ ਦੀ ਸਿੱਖਿਆ ਦਿੱਤੀ ਹੈ।

ਇੱਕ ਹੋਰ ਸਜਣ ਨੇ ਕਿਹਾ ਕਿ ਸਿੱਖਾਂ ਦੀ ਹਰ ਸੰਸਥਾ ਪਾਸ ਆਪਣੇ ਫ਼ੰਡ ਹਨ, ਕਈ ਧਾਰਮਿਕ ਸੰਸਥਾਵਾਂ ਪਾਸ ਤਾਂ ਕਰੋੜਾਂ ਦੇ ਫ਼ੰਡ ਹਨ। ਉਨ੍ਹਾਂ ਦੇ ਮੁਖੀ ਵਿੱਦਿਆ ਅਤੇ ਲੋਕ ਸੇਵਾਵਾਂ ਦੇ ਖੇਤਰ ਵਿਚ ਵਿਸਥਾਰ ਕਰਨ ਦਾ ਦਾਅਵਾ ਵੀ ਕਰਦੇ ਰਹਿੰਦੇ ਹਨ, ਪਰ ਉਨ੍ਹਾਂ ਵੱਲੋਂ ਆਰਥਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਸੰਭਾਲ ਕਰਨ ਤੇ ਉਨ੍ਹਾਂ ਨੂੰ ਉੱਚ ਵਿੱਦਿਆ ਦੁਆਉਣ ਵਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਵੱਲੋਂ ਜੋ ਸਹਾਇਤਾ ਪ੍ਰਾਪਤ ਸਕੂਲ ਚਲਾਏ ਜਾ ਰਹੇ ਹਨ ਅਤੇ ਜਿਨ੍ਹਾਂ ਵਿਚ ਗ਼ਰੀਬ ਪਰਿਵਾਰਾਂ ਦੇ ਬੱਚੇ ਹੀ ਮੁੱਖ ਰੂਪ ਵਿਚ ਸਿੱਖਿਆ ਪ੍ਰਾਪਤ ਕਰਦੇ ਹਨ, ਉਨ੍ਹਾਂ ਦੇ ਮੁਖੀ ਉਨ੍ਹਾਂ ਦਾ ਪੱਧਰ ਉਚਿਆਣ ਵਲ ਧਿਆਨ ਦੇਣ ਦੀ ਬਜਾਏ, ਉਨ੍ਹਾਂ ਨੂੰ ਬੰਦ ਕਰ, ਅਜਿਹੇ ਪਬਲਿਕ ਸਕੂਲ ਖੋਲ੍ਹਣਾ ਚਾਹੁੰਦੇ ਹਨ, ਜਿਨ੍ਹਾਂ ਵਿਚ ਅਮੀਰਾਂ ਦੇ ਹੀ ਬੱਚੇ ਸਿੱਖਿਆ ਪ੍ਰਾਪਤ ਕਰ ਸਕਣ।

ਦੋ ਸ਼ਖ਼ਸੀਅਤਾਂ ਵਿਚ ਅੰਤਰ : ਪਿਛਲੇ ਦਿਨੀਂ ਕੁੱਝ ਗੈਰ-ਰਾਜਸੀ ਵਿਅਕਤੀਆਂ ਦੀ ਬੈਠਕ ਵਿਚ ਅਚਾਨਕ ਇਹ ਸੁਆਲ ਉੱਠ ਖੜ੍ਹਾ ਹੋਇਆ ਕਿ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਿਚ ਕੀ ਫ਼ਰਕ ਹੈ? ਇਸ ਦਾ ਜਵਾਬ ਦਿੰਦਿਆਂ ਇੱਕ ਸਜਣ ਕਹਿਣ ਲਗਾ ਕਿ ਨਰਿੰਦਰ ਮੋਦੀ ਦੇਸ਼-ਵਿਦੇਸ਼ ਵਿਚ ਕਿਧਰੇ ਵੀ ਜਾਏ ਗੁਜਰਾਤੀ ਖਾਣੇ ਨੂੰ ਹੀ ਪਸੰਦ ਕਰਦਾ ਹੈ, ਜਦਕਿ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿਚ ਵੀ ਹੋਵੇ ਤਾਂ ਵੀ ਉਸ ਨੂੰ ਪੰਜਾਬ ਦੀਆਂ ਮੱਝਾਂ ਨਾਲੋਂ ਗੁਜਰਾਤ ਦੀਆਂ ਮੱਝਾਂ ਦਾ ਦੁੱਧ ਸ਼ਕਤੀਦਾਇਕ ਲੱਗਦਾ ਹੈ। ਬੱਸ ਇਹੀ ਫ਼ਰਕ ਹੈ ਕਿ ਨਰਿੰਦਰ ਮੋਦੀ ਜਿੱਥੇ ਵੀ ਜਾਏ ਗੁਜਰਾਤ ਨੂੰ ਨਹੀਂ ਭੁੱਲਦਾ ਅਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿਚ ਹੁੰਦਿਆਂ ਹੋਇਆਂ ਵੀ ਪੰਜਾਬ ਨੂੰ ਭੁੱਲ ਜਾਂਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top