Share on Facebook

Main News Page

ਦੁਸ਼ਵਾਰੀਆਂ ਪਹਿਲਾਂ ਹੀ ਸਿੱਖਾਂ ਨੂੰ ਬਥੇਰੀਆਂ ਨੇ
ਸ੍ਰ: ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ: 97287 43287, 94662 66708

ਸਿੱਖ ਸਟੇਜਾਂ ’ਤੇ ਆਮ 'ਪ੍ਰਚਾਰ ਕਰਦਿਆਂ, ਦੇਖਿਆ ਤੈਨੂੰ ਹੈ ਕਈ ਬਾਰ ਬੀਬਾ ।
ਤੇਰੀ ਜ਼ੁਬਾਨ 'ਚੋਂ ਸ਼ਹਿਦ ਦਾ ਰਸ ਵਰਸੇ, ਮਿੱਠੀ ਤੇਰੀ ਹੈ ਬੜੀ ਗੁਫ਼ਤਾਰ' ਬੀਬਾ ।

ਇਸ ਗੁਣ ਦਾ ਤੂੰ ਦੁਰਉਪਯੋਗ ਕਰਦੈਂ, ਸਿੱਖੀ ਅਸੂਲਾਂ ’ਤੇ ਕਰਦੈਂ ਮਾਰੂ ਵਾਰ ਬੀਬਾ ।
ਊਚ-ਨੀਚ ਤੇ ਜਾਤ-ਪਾਤ ਦੇ ਕੋਹੜ ਨੂੰ ਤੂੰ, ਦੇਵੇਂ ਮਾਨਤਾ' ਗੱਲ-ਗੱਲ ਉਤੇ ਬਾਰ-ਬਾਰ ਬੀਬਾ ।

ਗੁਰੂ ਦੀ ਗੱਲ ਨਾ ਗੁਰ {ਸਿੱਖ} ਸਟੇਜ਼ ਉੱਤੇ, ਕਰੇਂ ਹੋਰ ਦਾ ਹੋਰ ਪ੍ਰਚਾਰ ਬੀਬਾ ।
ਕਰੇਂ ‘ਪੈਰਵੀ’ ਬ੍ਰਾਹਮਣੀ ਕਰਮ ਕਾਂਡਾਂ ਦੀ, ਚੰਗਾ ਨਹੀਂ ਇਹ ਤੇਰਾ ਵਿਵਹਾਰ ਬੀਬਾ ।

ਸਟੇਜ਼ ਗੁਰੂ ਦੀ ਪ੍ਰਚਾਰ ਬਿੱਪਰਾਂ ਦਾ, ਇਉਂ ਨਾ ਕਰ, ਬਣ ਕੁਝ ਸਮਝਦਾਰ ਬੀਬਾ ।
ਗੁਰਮਤਿ ਸੰਦੇਸ਼ ਕਿਉਂ ਨਾ ਨਜ਼ਰ ਆਵੇ, ਕਾਰਨ ਕੀ ਹੈ, ਦੱਸ ਇਕ ਬਾਰ ਬੀਬਾ ।

ਸਿੱਖੀ ਭੇਖ 'ਚ ਤੂੰ ਕੋਈ ਚੋਰ {ਹੋਰ} ਲਗਦੈਂ, ਲਗਦੈਂ ਬਿਪੱਰ ਹੈਂ ਤੂੰ ਗਾਤਰੇ ਧਾਰ ਬੀਬਾ ।
ਆਨੰਦਪੁਰ ਦਾ ਵਾਸੀ ਕਹੇਂ ਖੁਦ ਨੂੰ, ਮਤਿ ਤੇਰੀ ਤੇ ‘ਭਾਰੂ’ ਹਰਿਦੁਆਰ ਬੀਬਾ ।

ਗੁਰਮਤਿ ਤਿਆਗ, ਮਨਮੱਤ ਦਾ ਗੁਣਗਾਣ ਕਰਦੈਂ, ਗੱਪਾਂ ਮਾਰ ਕੇ ਸਮਾਂ ਦਏਂ ਗੁਜ਼ਾਰ ਬੀਬਾ ।
ਪਿੱਛੇ ਤੇਰੇ ਕੋਈ ਤਾਕਤ ਹੋਰ ਲੱਗਦੀ, ਤੇਰੇ ਹਿਲਦੇ ਨੇ {ਕਿਥੋਂ} ਕਿਤਿਉਂ ਤਾਰ ਬੀਬਾ ।

ਸਿੱਖੀ ਦੇ ਬੇੜੇ ਨੂੰ ਤੇਰੇ ਜਿਹੇ ਪ੍ਰਚਾਰਕਾਂ ਹੀ, ਲਿਆ ਕੇ ਫਸਾ ਦਿੱਤੈ ਵਿੱਚ ਮੰਝਧਾਰ ਬੀਬਾ ।
‘ਦੁਸ਼ਵਾਰੀਆਂ ਪਹਿਲਾਂ ਹੀ ਸਿੱਖਾਂ ਨੂੰ ਬਥੇਰੀਆਂ ਨੇ’, ਤੂੰ ਹੋਰ ਨਾ ਕੰਡੇ ਖਿਲਾਰ ਬੀਬਾ ।

ਕਾਹਤੋਂ ਦੁਕਾਨ ਤੂੰ ਕੁਫਰ ਦੀ ਖੋਲ੍ਹ ਬੈਠੈਂ, ਕਰ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਬੀਬਾ ।
ਗੁਰਬਾਣੀ ਦੀ ਕਸੌਟੀ ਤੇ ਜਦੋਂ ਪਰਖੀਏ ਤਾਂ, ਪਰਦਾ ਝੂਠ ਦਾ ਹੋ ਜਾਂਦੈ ਤਾਰ-ਤਾਰ ਬੀਬਾ ।

ਤੇਰਾ ‘ਪਾਖੰਡ’ ਨਾ ਜਿਆਦਾ ਦੇਰ ਚਲਣਾ, ਲੋਕ ਰਹੇ ਨੇ ਜਾਗ ‘ਹੋ’ ਸਮਝਦਾਰ ਬੀਬਾ ।
ਹਰ ਪ੍ਰਚਾਰਕ ਗੁਰਮਤਿ ਗਿਆਨ ਵੰਡੇ, ਕਰੇ ਪਾਖੰਡੀਆਂ ਨੂੰ ‘ਖ਼ਬਰਦਾਰ’ ਬੀਬਾ ।

ਹਰ ਸਿੱਖ ਦਾ ਏਹੀ ਫਰਜ਼ ਬਣਦਾ, ਕਰੇ ਗੁਰਬਾਣੀ ਦਾ ਸਤਿਕਾਰ ਤੇ ਵੀਚਾਰ ਬੀਬਾ ।
‘ਸੁਰਿੰਦਰ ਸਿੰਘ’ ਕਹੇ ਤੌਬਾ ਕਰ ਅੱਜ ਹੀ, ਪੰਥ ਬਖਸ਼ੇਗਾ ਜੋ ਹੈ ਸਦਾ ਬਖਸ਼ਣਹਾਰ ਬੀਬਾ ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top