Share on Facebook

Main News Page

ਗੁਰਬਾਣੀ ਦੀ ਕਸਵੱਟੀ ‘ਤੇ ਗੁਰ ਬਿਲਾਸ ਪਾਤਸ਼ਾਹੀ 6 ?
-: ਗੁਰਮੀਤ ਸਿੰਘ, ਸਿੱਡਨੀ, ਆਸਟ੍ਰੇਲੀਆ
30 ਜੂਨ 2013

ਗੁਰੂ ਨਾਨਕ ਸਾਹਿਬ ਨੇ ਸਿੱਖ ਮਾਰਗ ‘ਤੇ ਚਲਣ ਵਾਲਿਆਂ ਨੂੰ ਮੁੱਢ ਤੋਂ ਹੀ ਕਿਸੇ ਸਰੀਰ ਜਾਂ ਸਥਾਨ ਨਾਲ ਨਹੀਂ ਜੋੜਿਆ ਕਿਉਂਕਿ ਉਨ੍ਹਾਂ ਦਾ ਸਾਂਝਾ ਓਪਦੇਸ਼ ਤਾਂ ਸਾਰੀ ਲੋਕਾਈ ਨੂੰ ਅਕਾਲ ਪੁਰਖ ਨਾਲ ਜੋੜਣਾ ਸੀ । ਗੁਰੂ ਗਰੰਥ ਸਾਹਿਬ ਵਿਚ ਅੰਕਤਿ ਗੁਰਬਾਣੀ: ਰਾਮਕਲੀ ਮਹਲਾ 1 ਸਿਧ ਗੋਸਟਿ ਪੰਨਾ 943 ਵਿਖੇ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਕਹਿੰਦੇ ਹਨ:

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥ 44 ॥

ਫਿਰ, ਗੁਰੂ ਅਰਜਨ ਸਾਹਿਬ ਨੇ ਪਹਿਲੇ ਗੁਰੂ ਸਾਹਿਬਾਨ, ਭਗਤਾਂ ਅਤੇ ਭੱਟਾਂ ਵਲੋਂ ਓਚਾਰੀ ਬਾਣੀ ਨੂੰ ਅਲਗ ਅਲਗ ਰਾਗਾਂ ਹੇਠ ਇੱਕਠਾ ਕਰਕੇ, ਭਾਈ ਗੁਰਦਾਸ ਜੀ ਦੁਆਰਾ ਇਕ ਗਰੰਥ ਦੀ ਬੀੜ ਲਿਖਵਾਈ ਅਤੇ ਉਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ, ਅੰਮ੍ਰਿਤਸਰ, ਪੰਜਾਬ ਵਿਖੇ 16 ਅਗਸਤ 1604 ਨੂੰ ਕੀਤਾ । ਇਸ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਢੁੱਕਦੇ ਰਾਗਾਂ ਅਨੁਕੂਲ ਅੰਕਤਿ ਕੀਤਾ । 7 ਅਕਤੂਬਰ 1708 ਨੂੰ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ, ਗੁਰੂ ਸਾਹਿਬ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਕਿ ਹੁਣ ਸਦਾ ਲਈ ਖ਼ਾਲਸੇ ਨੇ ਗੁਰੂ ਗਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੈ । ਪ੍ਰੋਫੈਸਰ ਪਿਆਰਾ ਸਿੰਘ ਪਦਮ ਵਲੋਂ ਸਾਂਝੇ ਕੀਤੇ “ਰਹਿਤਨਾਮੇ” ਵਿਖੇ, ਭਾਈ ਪ੍ਰਹਿਲਾਦ ਸਿੰਘ ਦੇ ਨਾਂ ਹੇਠ ਲਿਖਿਆ ਹੋਇਆ ਹੈ: “ਅਕਾਲ ਪੁਰਖ ਕੇ ਬਚਨ ਸਿੳਂੁ, ਪ੍ਰਗਟ ਚਲਾਯੋ ਪੰਥ । ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ ।30।” {ਇਹ ਕਿਤਾਬ 1974 ਤੋਂ ਲਗਾਤਾਰ ਪ੍ਰਕਾਸ਼ਕ ਹੁੰਦੀ ਆ ਰਹੀ ਹੈ} ਇਵੇਂ ਹੀ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅੰਮ੍ਰਿਤਸਰ ਵਲੋਂ ਤਸਵੀਰਾਂ ਸਹਿਤ ਛਪਦੀ ‘ਅਰਦਾਸ’ ਦੇ ਅਖੀਰ ਵਿਚ ਲਿਖਿਆ ਹੋਇਆ ਹੈ: “ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ । ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ॥” {ਇਹ ਭੀ 1979 ਤੋਂ ਛਾਪੀ ਜਾ ਰਹੀ ਹੈ} ਇਵੇਂ ਸਾਰੇ ਸੰਸਾਰ ਵਿਖੇ, ਗੁਰੂ ਸਾਹਿਬ ਦੇ ਹੁਕਮ ਅਨੁਸਾਰ “ਗੁਰੂ ਗਰੰਥ ਸਾਹਿਬ” ਦਾ ਪ੍ਰਕਾਸ਼ ਕੀਤਾ ਜਾਂਦਾ ਹੈ । ਇਸ ਲਈ, “ਗੁਰੂ ਗਰੰਥ ਸਾਹਿਬ, ੴ ਸਤਿ ਨਾਮ ਤੋਂ ਮੁੰਦਾਵਣੀ ਤੱਕ” (ਪੰਨੇ 1 ਤੋਂ 1429) ਸਾਰੇ ਸਿੱਖਾਂ ਦਾ ਇਹੀ ਇਕ ਧਰਮ ਗਰੰਥ ਹੈ । {ਦੇਖੋ ਪੰਨਾ 646: ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥}

ਪਰ ਇਹ ਸਮਝ ਨਹੀਂ ਆਉਂਦੀ ਕਿ ਬਹੁਤ ਸਾਰੇ ਸਿੱਖ, ਗੁਰੂ ਓਪਦੇਸ਼ਾਂ ਨੂੰ ਕਿਉਂ ਨਹੀਂ ਮੰਨਦੇ ? ਇਨ੍ਹਾਂ ਨੂੰ “ਰਾਗ ਮਾਲਾ, ਬਚਿਤ੍ਰ ਨਾਟਕ ਦਾ ਅਖੌਤੀ ਦਸਮ ਗ੍ਰੰਥ, ਗੁਰ ਬਿਲਾਸ ਪਾਤਸ਼ਾਹੀ 6, ਸਰਬਲੋਹ ਗ੍ਰੰਥ, ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਪੰਥ ਪ੍ਰਕਾਸ਼, ਆਦਿਕ” ਓਪਰ ਵਿਸ਼ਵਾਸ਼ ਕਰਕੇ ਕੀ ਪ੍ਰਾਪਤ ਹੁੰਦਾ ਹੈ ? ਕਿਤਾਬ: ‘ਗੁਰ ਬਿਲਾਸ ਪਾਤਸ਼ਾਹੀ 6’ ਦੇ ਲਿਖਾਰੀ ਬਾਰੇ ਕਿਸੇ ਨੂੰ ਨਹੀਂ ਪਤਾ ਪਰ ਫਿਰ ਵੀ, ਇਸ ਨੂੰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ, ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਡਾ. ਅਮਰਜੀਤ ਸਿੰਘ ਜੀ, ਪ੍ਰੋਫੈਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਨੇ ਦੁਬਾਰਾ ਲਿਖਿਆ ਅਤੇ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਜੂਨ 1998 ਨੂੰ ਪ੍ਰਕਾਸ਼ਤ ਕੀਤਾ । ਦੇਖੋ ਇਸ ਦੇ ਪ੍ਰਸ਼ੰਸਕ:

1. “ਇਤਿਹਾਸਕ ਸੇਵਾ” ਭਾਈ ਰਣਜੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਮਿਤੀ 27-2-98;
2. “ਸੰਦੇਸ਼” ਜਥੇਦਾਰ ਗੁਰਚਰਨ ਸਿੰਘ ਟੋਹੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ;
3. “ਅਦੁੱਤੀ ਸੇਵਾ” ਮਨਜੀਤ ਸਿੰਘ ਜਥੇਦਾਰ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ;
4. “ਗੁਰ ਬਿਲਾਸ ਦਾ ਸ਼ੁੱਧ ਸਰੂਪ” ਕੇਵਲ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਮਿਤੀ 1-3-98;
5. “ਅਨੂਪਮ ਸੁਗਾਤ” ਸੁਖਦੇਵ ਸਿੰਘ ਭੌਰ ਐਕਟਿੰਗ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ;
6. “ਸਾਹਿਤ ਤੇ ਸਮਾਜ” ਮਨਜੀਤ ਸਿੰਘ ਕਲਕੱਤਾ, ਉਚੇਰੀ ਸਿਖਿਆ ਤੇ ਭਾਸ਼ਾ ਮੰਤਰੀ, ਪੰਜਾਬ;
7. “ਦੋ ਸ਼ਬਦ” ਗਿਆਨੀ ਸੰਤ ਸਿੰਘ ਮਸਕੀਨ;
8. “ਚਮਤਕਾਰੀ ਵਿਆਖਿਆ” ਜਸਵੰਤ ਸਿੰਘ ਕਥਾ-ਵਾਚਕ, ਗੁ: ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ;
9. “ਸ਼ਲਾਘਾਯੋਗ ਉੱਦਮ” ਦਲੀਪ ਸਿੰਘ ‘ਮੱਲੂਨੰਗਲ’ ਸੀਨੀਅਰ ਮੀਤ ਪ੍ਰਧਾਨ (ਸਾ), ਸ਼੍ਰੋ:ਗੁ:ਪ੍ਰ:ਕਮੇਟੀ;
10. “ਇਤਿਹਾਸਕ ਪੁਸਤਕਾਂ ਦੀ ਪ੍ਰਕਾਸ਼ਨਾ ਸੰਬੰਧੀ ਸਾਡੀ ਜ਼ਿੰਮੇਦਾਰੀ” ਜੋਗਿੰਦਰ ਸਿੰਘ ਤਲਵਾੜਾ;
11. “ਚਾਰ ਸ਼ਬਦ” ਨਰਿੰਦਰ ਸਿੰਘ ਸੋਚ, ਮਾਰਫਤ ਡਾ. ਹਰਭਜਨ ਸਿੰਘ ਸੋਚ, ਵਾਈਸ ਚਾਂਸਲਰ;
12. “ਗੁਰ ਬਿਲਾਸ ਦੇ ਸ਼ੁਧ ਸਰੂਪ ਦਾ ਸਵਾਗਤ” ਗਿਆਨੀ ਬਲਵੰਤ ਸਿੰਘ ‘ਕੋਠਾ ਗੁਰੂ’ ਜ਼ਿਲ੍ਹਾ ਬਠਿੰਡਾ;
13. “ਕੁਝ ਆਪਣੇ ਵਲੋਂ” ਗਿ: ਜੋਗਿੰਦਰ ਸਿੰਘ ‘ਵੇਦਾਂਤੀ’ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਡਾ: ਅਮਰਜੀਤ ਸਿੰਘ ਪ੍ਰੋ: ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ;
14. “ਭੂਮਿਕਾ” ਪੰਨੇ 53 ਤੋਂ 111: ਗਿ: ਜੋਗਿੰਦਰ ਸਿੰਘ ‘ਵੇਦਾਂਤੀ’ ਅਤੇ ਡਾ: ਅਮਰਜੀਤ ਸਿੰਘ

ਫਿਰ, ਬਾਦਲ ਸਰਕਾਰ ਦੀ ਐਸੀ ਕਲਾ ਵਰਤੀ ਕਿ 29 ਮਾਰਚ 2000 ਤੋਂ ਗਿਆਨੀ ਜੋਗਿੰਦਰ ਸਿੰਘ ਨੂੰ ਗ੍ਰੰਥੀ ਤੋਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਅ ਦਿੱਤਾ ਗਿਆ !

ਗੁਰ ਬਿਲਾਸ ਪਾਤਸ਼ਾਹੀ 6” ਕਿਤਾਬ ਨੂੰ ਪੜ੍ਹ ਕੇ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ ਮਾਰਚ 5, 2003 ਨੂੰ ਸਤਿਕਾਰ ਯੋਗ ਸ: ਕਿਰਪਾਲ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਸਾਹਿਬ ਨੂੰ ਪੱਤਰ ਭੇਜਿਆ ਜਿਸ ਦਾ ਵਿਸ਼ਾ:- “(ਸਿੰਘ ਸਾਹਿਬ) ਗਿਆਨੀ ਜੋਗਿੰਦਰ ਸਿੰਘ ਜੀ (ਜਥੇਦਾਰ, ਸ੍ਰੀ ਅਕਾਲ ਤਖ਼ਤ) ਦੇ ਵਿਰੁੱਧ ਗੁਰਮਤਿ-ਵਿਰੋਧੀ, ਪੰਥ-ਘਾਤਕ ਦੋਸ਼ਾਂ ਪ੍ਰਤੀ ਅਤੇ ਨਿਰੋਲ ਬਦਲਾ ਲਊ ਭਾਵਨਾ ਨਾਲ ਦਾਸ ਵਿਰੁੱਧ ਕੀਤੇ ਜਾ ਰਹੇ ਧੱਕੇ ਪ੍ਰਤੀ ਨਿਆਂ-ਪ੍ਰਾਪਤੀ ਲਈ ਜੋਦੜੀ ਪੱਤਰ”। ਇਸ ਓਪ੍ਰੰਤ, 4 ਅਪ੍ਰੈਲ 2003 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਕ ਪ੍ਰੈਸ ਨੋਟ ਰਾਹੀਂ ਸੂਚਿਤ ਕੀਤਾ ਗਿਆ: “ਪੰਜ ਸਿੰਘ ਸਾਹਿਬਾਨ ਨੇ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਸਮੁੱਚੀਆਂ ਪ੍ਰਕਾਸ਼ਤ ਦੇ ਛਾਪਣ ਅਤੇ ਵੇਚਣ ਤੇ ਮੁਕੰਮਲ ਪਾਬੰਦੀ ਲਾਉਣ ਦਾ ਆਦੇਸ਼ ਕੀਤਾ ਹੈ ਅਤੇ ਨਾਲ ਹੀ ਸਿੱਖ ਸੰਗਤਾਂ ਨੂੰ ਇਸ ਆਦੇਸ਼ ਤੇ ਪੂਰਨ ਤੌਰ ਤੇ ਅਮਲ ਕਰਨ ਲਈ ਕਿਹਾ ਹੈ ।

ਇਹ ਫੈਸਲਾ ਵੀ ਕੀਤਾ ਕਿ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਮਿਤੀ 10-5-2003, ਨੂੰ ਨਿੱਜੀ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪੇਸ਼ ਹੋਣ ਲਈ ਹਦਾਇਤ ਕੀਤੀ ਜਾਵੇ। ਦਸਖਤ ਕਰਤਾ: (ਅਮਰਜੀਤ ਸਿੰਘ), ਇੰਚਾਰਜ ਸਕੱਤਰੇਤ, ਸ੍ਰੀ ਅਕਾਲ ਤਖ਼ਤ ਸਾਹਿਬ ।

ਇਸ ਤੋਂ ਬਾਅਦ, 10-7-2003 ਨੂੰ ਸ੍ਰ: ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਪੰਥ ਵਿੱਚੋਂ ਛੇਕ ਦਿੱਤਾ ! ਦਸਖਤ ਕਰਨ ਵਾਲੇ ਸਨ:

1. ਜੋਗਿੰਦਰ ਸਿੰਘ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ;
2. ਤਰਲੋਚਨ ਸਿੰਘ ਜਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ;
3. ਬਲਵੰਤ ਸਿੰਘ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ);
4. ਭਗਵਾਨ ਸਿੰਘ ਹੈੱਡ ਗ੍ਰੰਥੀ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ;
5. ਗੁਰਬਚਨ ਸਿੰਘ, ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ

ਕੀ ਇਨ੍ਹਾਂ ਨੂੰ “ਪੰਜ ਪਿਆਰੇ” ਕਿਹਾ ਜਾ ਸਕਦਾ ਹੈ, ਕਿਉਂਕਿ ਮੇਰੀ ਜਾਣਕਾਰੀ ਅਨੁਸਾਰ ਇਹ ਤਾਂ ਪੰਜੇ ਪ੍ਰਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਮੁਲਾਜ਼ਮ ਹੀ ਕਹੇ ਜਾ ਸਕਦੇ ਹਨ ? ਦੇਖੋ: The Sikh Gurdwaras Act 1925, as amended.  They could be suspended or dismissed under Section 134 (g).

ਪਰ, ਅਜੇ ਤੱਕ ਇਹ ਨਹੀਂ ਪਤਾ ਲਗ ਸਕਿਆ ਕਿ ਕਿਤਾਬਾਂ ਦੇ ਛਾਪਣ ਅਤੇ ਵੇਚਣ ਤੇ ਮੁਕੰਮਲ ਪਾਬੰਦੀ ਕਿਸ ਕਾਨੂੰਨ ਦੀ ਧਾਰਾ ਹੇਠ ਲਗਾਈ ਹੋਈ ਹੈ ? ਇਵੇਂ ਹੀ, ਕਿਸੇ ਸਿੱਖ ਨੂੰ ਸਿੱਖ ਧਰਮ ਵਿਚੋਂ ਕਿਵੇਂ ਛੇਕਿਆ ਜਾ ਸਕਦਾ ਹੈ ? ਜੇ ਐਸਾ ਕੋਈ ਕਾਨੂੰਨ ਹੈ ਤਾਂ ਇਹ ਹੋਰ ਪੁਸਤਕਾਂ ਜਾਂ ਪ੍ਰਾਣੀਆਂ ਉਪਰ ਕਿਉਂ ਨਹੀਂ ਲਾਗੂ ਹੁੰਦਾ ? ਕੀ ਪਿਛਲੇ ਦਸਾਂ ਸਾਲਾਂ ਵਿਚ ਸ੍ਰ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਰੋਜ਼ਾਨਾ ਸਪੋਕਸਮੈਨ ਦੇ ਐਡੀਟਰ ਸ੍ਰ. ਜੋਗਿੰਦਰ ਸਿੰਘ ਅਤੇ ਪ੍ਰੋ. ਦਰਸ਼ਨ ਸਿੰਘ ਤੋਂ ਇਲਾਵਾ ਸਾਰੀਆਂ ਲਿਖਤਾਂ ਅਤੇ ਸਾਰੇ ਸਿੱਖ ਸੌ ਫੀਸਦੀ (100%) ਦੁੱਧ-ਧੋਤੇ ਸਾਬਤ ਹੋ ਰਹੇ ਹਨ ?

ਇਸ ਪ੍ਰਥਾਏ, ਭਾਈ ਗੁਰਬਖ਼ਸ਼ ਸਿੰਘ ਕਾਲਾ ਅਖ਼ਗਾਨਾ ਵਲੋਂ ਲਿਖੀ ਕਿਤਾਬ: “ਗੁਰੂ-ਬਾਣੀ ਦੀ ਕਸਵੱਟੀ ‘ਤੇ ਗੁਰਬਿਲਾਸ ਪਾਤਸ਼ਾਹੀ 6” (ਪਹਿਲੀ ਵਾਰ: ਜੁਲਾਈ 2003) ਪੜ੍ਹਣ ਤੇ ਪਤਾ ਲਗਦਾ ਹੈ ਕਿ ‘ਗੁਰ ਬਿਲਾਸ ਪਾਤਸ਼ਾਹੀ 6’ ਵਿਚ “ਗੁਰਬਾਣੀ ਅਤੇ ਗੁਰਮਤਿ” ਦੇ ਵਿਰੁੱਧ ਬਹੁਤ ਲਿਖਿਆ ਹੋਇਆ ਹੈ । ਇਸ ਬਾਰੇ, ਸਰਦਾਰ ਜੋਗਿੰਦਰ ਸਿੰਘ ਫੌਜੀ ਨੇ ਅਪਣੀ ਫੇਸਬੁੱਕ ਰਾਹੀਂ ਜਿਵੇਂ ਸਿੱਖ ਮਾਰਗ ਦੁਆਰਾ ਕਾਫੀ ਜਾਣਕਾਰੀ ਸਾਂਝੀ ਕੀਤੀ ਹੋਈ ਹੈ । ਇਹ ਕਿਤਾਬ ਵੀ ਪੰਥ-ਦੋਖੀਆਂ ਦੀ ਲਿਖੀ ਹੋਈ ਹੈ, ਜਿਨ੍ਹਾਂ ਨੇ ਬਚਿਤ੍ਰ ਨਾਟਕ ਅਤੇ ਸਰਬਲੋਹ ਕਿਤਾਬਾਂ ਲਿਖੀਆਂ ਹੋਈਆਂ ਹਨ ! ਇਸੀ ਤਰ੍ਹਾਂ ਹੀ, ਸਿਰਲੇਖ “ਗੁਰ ਬਿਲਾਸ ਪਾਤਸ਼ਾਹੀ 6 (ਸੰਖੇਪ ਪੜਚੋਲ)” ਹੇਠ, ਲੇਖਕ ਚਰਨਜੀਤ ਸਿੰਘ ਬੱਲ ਨੇ ਵੀ ਅਪਣੀ ਕਿਤਾਬ: “ਅਖੌਤੀ ਗ੍ਰੰਥਾਂ ਦੀ ਪੜਚੋਲ ?” (ਪਹਿਲੀ ਵਾਰ: 2004) ਨੇ ਕਾਫੀ ਰੌਸ਼ਨੀ ਪਾਈ ਹੋਈ ਹੈ । Website: www.sikhsundesh.net ਇਵੇਂ, ਇਨ੍ਹਾਂ ਦੋਨਾਂ ਕਿਤਾਬਾਂ ਨੂੰ ਪੜ੍ਹ ਕੇ, ਇੰਜ ਪ੍ਰਤੀਤ ਹੁੰਦਾ ਹੈ ਕਿ ਕਿਸੇ ਹੋਰ ਪ੍ਰਾਣੀ ਜਾਂ ਸੰਸਥਾ ਨੂੰ ਕੀ ਦੋਸ਼ ਦੇਣਾ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਤਨਖਾਹਦਾਰ ਮੁਲਾਜ਼ਮ ਆਪ ਹੀ ਗੁਮਨਾਮ ਲੇਖਕਾਂ ਦੀਆਂ ਕਿਤਾਬਾਂ ਦਾ ਪ੍ਰਚਾਰ ਕਰ ਰਹੇ ਹਨ ?

ਹਰੇਕ ਸਿੱਖ ਦਾ ਫ਼ਰਜ ਬਣਦਾ ਹੈ ਕਿ ਉਹ ਐਸੀਆਂ ਕਿਤਾਬਾਂ ਦੀ ਅਸਲੀਅਤ ਨੂੰ ਜਾਣਨ ਅਤੇ ਇਨ੍ਹਾਂ ਤੋਂ ਛੁੱਟਕਾਰਾ ਪਾ ਲੈਣ ! ਸਿੱਖ ਕਦੋਂ ਤੱਕ ਖੰਡ ਵਿਚ ਲਪੇਟੀ ਹੋਈ ਜ਼ਹਿਰ ਖਾਂਦੇ ਰਹਿਣਗੇ ?

ਖਿਮਾ ਦਾ ਜਾਚਿਕ


ਬੇਨਤੀ:

ਉੱਪਰ ਦਿੱਤੇ ਲੇਖ ਬਾਰੇ ਕਿਸੇ ਕੋਲ਼ ਕੋਈ ਵੀਚਾਰ ਹਨ ਤਾਂ, ਦਲੀਲ ਸਹਿਤ, ਚੰਗੀ ਭਾਸ਼ਾ ਦੀ ਵਰਤੋਂ ਕਰਕੇ, ਬਿਨਾਂ ਪਰਸਨਲ ਅਟੈਕ ਕੀਤੇ, ਵੀਚਾਰ ਦਿੱਤੇ ਜਾਣ। ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ. ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ ਜਾਂ ਲੇਖਕ ਪ੍ਰਤੀ ਮੰਦੀ ਸ਼ਬਦਾਵਲੀ ਨਾ ਵਰਤੀ ਜਾਵੇ। ਸਾਨੂੰ ਪਤਾ ਹੈ ਕਿ ਜਿਨ੍ਹਾਂ ਮਰਜੀ ਬੇਨਤੀਆਂ ਕਰ ਲੋਵੋ, ਕਈ ਫੇਸਬੁਕ ਫਰਜ਼ੀ ਅਕਾਉਂਟ ਜੋ ਆਪਣੀ ਫੋਟੋ ਵੀ ਨਹੀਂ ਪਾ ਸਕਦੇ, ਊਲ ਜਲੂਲ ਲਿਖਣਗੇ, ਇਸ ਤਰ੍ਹਾਂ ਦੀ ਸਥਿਤੀ 'ਚ ਇਹ ਕੁਮੈਂਟਸ ਹਟਾ ਦਿੱਤੇ ਜਾਣਗੇ। ਜੇ ਕੋਈ ਸਹੀ ਭਾਸ਼ਾ ਵਰਤਕੇ, ਦਲੀਲ ਨਾਲ ਆਪਣੇ ਵੀਚਾਰ ਰੱਖੇ, ਭਾਂਵੇਂ ਉਹ ਵਿਰੁੱਧ ਵੀ ਹੋਣ, ਨਹੀਂ ਹਟਾਏ ਜਾਣਗੇ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top