Share on Facebook

Main News Page

(ਕੁ)ਸੋਧੇ ਕੈਲੰਡਰ ਦੇ ਕਿਸੇ ਹਮਾਇਤੀ ਨੂੰ ਨਹੀਂ ਯਾਦ ਗੁਰਪੁਰਬਾਂ ਦੀਆਂ ਅਸਲੀ ਤਰੀਖਾਂ
-: ਕਿਰਪਾਲ ਸਿੰਘ ਬਠਿੰਡਾ
ਮੋਬ: 9855480797

* ਜਿਨ੍ਹਾਂ ਬਾਬਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਇਨ੍ਹਾਂ ਬਚਨਾ: ‘ਆਪੇ ਪੂਰਾ ਕਰੇ, ਸੁ ਹੋਇ ॥ ਏਹਿ ਥਿਤੀ ਵਾਰ, ਦੂਜਾ ਦੋਇ ॥ ਸਤਿਗੁਰ ਬਾਝਹੁ, ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥ ਨਾਨਕ, ਗੁਰਮੁਖਿ ਬੂਝੈ; ਸੋਝੀ ਪਾਇ ॥ ਇਕਤੁ ਨਾਮਿ, ਸਦਾ ਰਹਿਆ ਸਮਾਇ ॥10॥2॥’ ਦੀ ਸਮਝ ਨਹੀਂ ਆਉਂਦੀ ਜਾਂ ਸਮਝਣਾਂ ਨਹੀਂ ਚਾਹੁੰਦੇ ਉਨ੍ਹਾਂ ਨੂੰ ਮੇਰੇ ਵਰਗਾ ਬੰਦਾ ਕੁਝ ਸਮਝਾ ਸਕੇ; ਇਹ ਬਿਲਕੁਲ ਅਸੰਭਵ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ. ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦੇਣ ਉਪ੍ਰੰਤ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਅਸਲੀ ਤਰੀਖ ਕਿਹੜੀ ਹੈ? ਸ: ਜੀ.ਕੇ. ਨੇ ਕਿਹਾ ਅਸਲੀ ਤਰੀਖ ਦਾ ਤਾਂ ਪਤਾ ਨਹੀਂ, ਪਰ ਦਿੱਲੀ ਕਮੇਟੀ ਕੱਲ੍ਹ ਨੂੰ ਮਨਾ ਰਹੀ ਹੈ। ਇਸ ਉਪ੍ਰੰਤ ਉਨ੍ਹਾਂ ਨਾਲ ਹੋਈ ਵਾਰਤਾਲਾਪ ਇਸ ਤਰ੍ਹਾਂ ਹੈ:

ਸਵਾਲ: ਕੀ ਇਹ ਮਾੜੀ ਗੱਲ ਨਹੀਂ ਹੈ ਕਿ ਆਮ ਸਿੱਖਾਂ ਦੀ ਗੱਲ ਤਾਂ ਦੂਰ ਸਿੱਖਾਂ ਦੀ ਇੱਕ ਵੱਡੀ ਸੰਸਥਾ ਦੇ ਪ੍ਰਧਾਨ ਨੂੰ ਵੀ ਆਪਣੇ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ ਦੀਆਂ ਤਰੀਖਾਂ ਯਾਦ ਨਹੀਂ ਹਨ।

ਸ. ਜੀ.ਕੇ.: ਗੱਲ ਤਾਂ ਜਰੂਰ ਮਾੜੀ ਹੈ।

ਸਵਾਲ: ਕੀ ਤੁਸੀਂ ਜਾਣਦੇ ਹੋ ਕਿ ਇਹ ਤਰੀਖਾਂ ਸਾਨੂੰ ਯਾਦ ਨਾ ਰਹਿਣ ਦਾ ਮੁੱਖ ਕਾਰਣ ਹੈ- ਵਿਗੜਿਆ ਹੋਇਆ ਕੈਲੰਡਰ? ਜੇ 2003 ਵਿੱਚ ਲਾਗੂ ਹੋਏ ਕੈਲੰਡਰ ਅਨੁਸਾਰ ਸਦਾ ਲਈ ਨਿਸਚਤ ਤਰੀਖਾਂ ਨੂੰ ਗੁਰਪੁਰਬ ਮਨਾਏ ਜਾਣ ਤਾਂ ਥੋਹੜੇ ਹੀ ਸਮੇਂ ਵਿੱਚ ਇਹ ਸਭ ਨੂੰ ਯਾਦ ਹੋ ਸਕਦੀਆਂ ਹਨ।

(ਦੁਖਦੀ ਰਗ ’ਤੇ ਹੱਥ ਟਿਕ ਜਾਣ ਕਾਰਣ ਸ: ਜੀ.ਕੇ. ਨੇ ਇੱਕ ਦਮ ਪਲਟਾ ਖਾਂਦਿਆਂ) ਸ: ਜੀ.ਕੇ. ਨੇ ਕਿਹਾ: ਗੁਰਪੁਰਬ ਦੀਆਂ ਤਰੀਖਾਂ ਯਾਦ ਰੱਖਣ ਨਾਲੋਂ ਜਿਆਦਾ ਜ਼ਰੂਰੀ ਹੈ ਉਤਰਾਖੰਡ ਵਿੱਚ ਕੀਤੀ ਜਾ ਰਹੀ ਸੇਵਾ। ਤੁਸੀਂ ਵੇਖੋ ਉਤਰਾਖੰਡ ਵਿੱਚ ਕੁਦਰਤ ਦੀ ਕਰੋਪੀ ਕਾਰਣ ਫਸੇ ਲੋਕਾਂ ਨੂੰ ਬਚਾਉਣ ਅਤੇ ਰਾਹਤ ਦਿਵਾਉਣ ਲਈ ਅਸੀਂ ਕਿਸ ਤਰ੍ਹਾਂ ਦਿਨ ਰਾਤ ਪ੍ਰਚਾਰ ਕਰ ਕੇ ਮਨੁਖਤਾ ਦੀ ਸੇਵਾ ਕਰ ਰਹੇ ਹਾਂ।

ਸਵਾਲ: ਮਨੁਖਤਾ ਦੀ ਸੇਵਾ ਕਰਨੀ ਸਿੱਖ ਧਰਮ ਦਾ ਇੱਕ ਅਹਿਮ ਭਾਗ ਹੈ, ਇਸ ਲਈ ਇਹ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ; ਪਰ ਕੀ ਅਸੀਂ ਸੇਵਾ ਕਰਦੇ ਕਰਦੇ ਆਪਣੇ ਇਤਿਹਾਸ ਨੂੰ ਹੀ ਭੁੱਲ ਜਾਈਏ? ਜੇ ਸਿੱਖਾਂ ਦੇ ਆਗੂ ਹੀ ਆਪਣਾ ਇਤਿਹਾਸ ਭੁੱਲ ਜਾਣ ਤਾਂ ਆਪਣੇ ਬੱਚਿਆਂ ਤੇ ਦੁਨੀਆਂ ਦੇ ਲੋਕਾਂ ਨੂੰ ਕੀ ਦੱਸਾਂਗੇ? ਕੀ ਸਾਨੂੰ ਆਪਣਾ ਇਤਿਹਾਸ ਯਾਦ ਰੱਖਣ ਦੀ ਬਜਾਏ ਇਸ ਨੂੰ ਆਪ ਹੀ ਵਿਗਾੜ ਦੇਣਾ ਸ਼ੋਭਾ ਦਿੰਦਾ ਹੈ?

ਸ. ਜੀ.ਕੇ.: ਚਲੋ ਅੱਗੇ ਤੋਂ ਖਿਆਲ ਰੱਖਾਂਗੇ।

ਸਵਾਲ: ਅਕਾਲ ਪੁਰਖ ਨੇ ਤੁਹਾਨੂੰ ਸੱਤਾ ਬਖ਼ਸ਼ੀ ਹੈ ਇਸ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਝਾਉ ਭੇਜੋ ਕਿ ਕੌਮ ਨੂੰ ਭੰਬਲਭੂਸੇ ’ਚੋਂ ਕੱਢਣ ਲਈ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ, ਨੂੰ ਮੁੜ ਲਾਗੂ ਕੀਤਾ ਜਾਵੇ ਕਿਉਂਕਿ ਉਸ ਵਿੱਚ ਨਿਸਚਤ ਕੀਤੇ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਨਿਸਚਤ ਤਰੀਖਾਂ ਨੂੰ ਹੀ ਆਉਣ ਕਰਕੇ ਉਹ ਜਲਦੀ ਯਾਦ ਹੋ ਸਕਦੇ ਹਨ।
ਸਿੱਧਾ ਜਵਾਬ ਦੇਣ ਦੀਆਂ ਥਾਂ ਸ. ਜੀ.ਕੇ. ਗੋਲਮੋਲ ਗੱਲਾਂ ਕਰਦੇ ਹੋਏ (ਜਿਸ ਦੀ ਸਮਝ ਨਹੀਂ ਆ ਸਕੀ) ਫ਼ੋਨ ਕੱਟ ਗਏ।

ਇਸ ਉਪ੍ਰੰਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਨ੍ਹਾਂ ਦਿਨਾਂ ਵਿੱਚ ਕਥਾ ਕਰ ਰਹੇ (ਸੰਤ) ਭਾਈ ਕਿਸ਼ਨ ਸਿੰਘ ਨੂੰ ਗੁਰਪੁਰਬ ਦੀਆਂ ਵਧਾਈਆਂ ਦੇਣ ਉਪ੍ਰੰਤ ਉਨ੍ਹਾਂ ਨਾਲ ਹੋਈ ਗੱਲਬਾਤ ਹੇਠ ਲਿਖੇ ਅਨੁਸਾਰ ਹੋਈ:

ਸਵਾਲ: ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਅਸਲੀ ਤਰੀਖ ਕਿਹੜੀ ਹੈ?

ਭਾਈ ਕਿਸ਼ਨ ਸਿੰਘ: ਯਾਦ ਨਹੀਂ ਹੈ।

ਸਵਾਲ: ਇਹ ਕਿੰਨੀ ਮਾੜੀ ਗੱਲ ਹੈ ਕਿ ਜਿਸ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਅਸੀਂ ਕੱਲ੍ਹ ਨੂੰ ਮਨਾ ਰਹੇ ਹਾਂ ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ਦੀ ਤਰੀਖ ਅੱਜ ਇੱਕ ਸਿੱਖ ਪ੍ਰਚਾਰਕ ਨੂੰ ਵੀ ਯਾਦ ਨਹੀਂ ਹੈ, ਤਾਂ ਤੁਸੀਂ ਕੱਲ੍ਹ ਨੂੰ ਕੀਤੇ ਜਾਣ ਵਾਲੇ ਪ੍ਰਚਾਰ ਦੌਰਾਨ ਸੰਗਤਾਂ ਨੂੰ ਕੀ ਦੱਸੋਗੇ ਕਿ ਉਨ੍ਹਾਂ ਦਾ ਪ੍ਰਕਾਸ਼ ਕਿਹੜੇ ਸਾਲ ਅਤੇ ਕਿਸ ਤਰੀਖ ਨੂੰ ਹੋਇਆ ਸੀ?

ਭਾਈ ਕਿਸ਼ਨ ਸਿੰਘ: (ਥੋੜ੍ਹਾ ਖਿਝ ਕੇ) ਜਦੋਂ ਤੁਹਾਨੂੰ ਪਤਾ ਹੈ ਕਿ ਗੁਰਪੁਰਬ ਕੱਲ੍ਹ ਨੂੰ ਮਨਾ ਰਹੇ ਹਾਂ ਤਾਂ ਤੁਸੀਂ ਪੁੱਛ ਕਿਉਂ ਰਹੇ ਹੋ? ਤੁਹਾਨੂੰ ਨਹੀਂ ਪਤਾ ਕਿ ਜੋ ਕੱਲ੍ਹ ਨੂੰ ਤਰੀਖ ਹੋਵੇਗੀ ਉਹੀ ਪ੍ਰਕਾਸ਼ ਦਿਹਾੜੇ ਦੀ ਤਰੀਖ ਹੋਵੇਗੀ!

ਸਵਾਲ: ਪੁੱਛਣ ਦੀ ਲੋੜ ਇਸ ਕਰਕੇ ਪਈ ਕਿਉਂਕਿ ਜਦ ਮੈਂ ਇਤਿਹਾਸ ਦੀਆਂ ਪੁਸਤਕਾਂ ਅਤੇ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ’ਤੇ ਵੇਖਿਆ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦੀ ਤਰੀਖ - ਹਾੜ ਵਦੀ 7, 21 ਹਾੜ ਸੰਮਤ 1652 ਮੁਤਾਬਕ 19 ਜੂਨ 1695 ਲਿਖਿਆ ਹੋਇਆ ਹੈ। ਪਰ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ (ਕੁ)ਸੋਧੇ ਕੈਲੰਡਰ ਨੂੰ ਵੇਖਿਆ ਤਾਂ ਉਸ ਮੁਤਾਬਕ ਕੱਲ੍ਹ ਨੂੰ ਤਾਂ 22 ਹਾੜ, 5 ਜੁਲਾਈ ਅਤੇ ਹਾੜ ਵਦੀ 13 ਹੈ। ਇਸ ਲਈ ਸੋਚਿਆ ਕਿ ਪ੍ਰਚਾਰਕ ਹੋਣ ਦੇ ਨਾਤੇ ਤੁਹਾਥੋਂ ਹੀ ਤਸਦੀਕ ਕਰ ਲਿਆ ਜਾਵੇ ਕਿ ਅਸਲੀ ਤਰੀਖ ਕਿਹੜੀ ਹੈ?

‘ਇਹ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੁੱਛੋ’ ਕਹਿੰਦੇ ਹੋਏ ਭਾਈ ਕਿਸ਼ਨ ਸਿੰਘ ਜੀ ਨੇ ਫ਼ੋਨ ਕੱਟ ਦਿੱਤਾ।

ਇਸ ਤੋਂ ਪਿੱਛੋਂ ਸੰਤ ਸਮਾਜ ਦੇ ਉੱਘੇ ਆਗੂ ਬਾਬਾ ਸੁਖਚੈਨ ਸਿੰਘ ਧਰਮਪੁਰੇ ਵਾਲੇ (ਜਿਨ੍ਹਾਂ ਨਾਲ ਪਹਿਲਾਂ ਵੀ ਨਾਨਕਸ਼ਾਹੀ ਕੈਲੰਡਰ ਅਤੇ ਇਸ ਵਿੱਚ ਪਾਏ ਗਏ ਵਿਗਾੜ ਸਬੰਧੀ ਗੱਲਬਾਤ ਹੋਈ ਸੀ) ਨੂੰ ਗੁਰਪੁਰਬ ਦੀਆਂ ਵਧਾਈਆਂ ਦੇਣ ਉਪ੍ਰੰਤ ਪੁੱਛਿਆ ਗਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਅਸਲੀ ਤਰੀਖ ਕੀ ਹੈ?

ਬੇਸ਼ੱਕ ਅਸਲੀ ਤਰੀਖ ਤਾਂ ਉਹ ਨਾ ਦੱਸ ਸਕੇ ਪਰ ਪਹਿਲਾਂ ਹੋਈ ਗੱਲਬਾਤ ਦਾ ਚੇਤਾ ਕਰਵਾਉਣ ਸਦਕਾ, ਉਨ੍ਹਾਂ ਕਿਹਾ ਕਿ ਜਿਹੜੀ ਤਰੀਖ ਨੂੰ ਅਸੀਂ ਕੱਲ੍ਹ ਮਨਾ ਰਹੇ ਹਾਂ ਉਹ ਤਰੀਖ ਗਲਤ ਹੈ।

ਸਵਾਲ: ਜੇ ਗਲਤ ਹੈ ਤਾਂ ਇਹ ਮੰਨ ਲਵੋ ਕਿ ਕੈਲੰਡਰ ਵਿੱਚ ਸੋਧ ਨਹੀਂ ਕੀਤੀ ਬਲਕਿ ਵਿਗਾੜਿਆ ਗਿਆ ਹੈ। ਜੇ ਮੰਨਦੇ ਹੋ ਕਿ ਸੋਧ ਦੇ ਨਾਮ ’ਤੇ ਕੈਲੰਡਰ ਜਿਆਦਾ ਵਿਗੜ ਗਿਆ ਹੈ ਤਾਂ ਹੁਣ ਹੀ, ਹੋਈ ਭੁੱਲ ਨੂੰ ਸੁਧਾਰਣ ਲਈ ਕੋਈ ਉਪ੍ਰਾਲਾ ਕਰਨਾ ਚਾਹੀਦਾ ਹੈ।

ਬਾਬਾ ਸੁਖਚੈਨ ਸਿੰਘ: ਇਹ ਤਾਂ ਅਸੀਂ ਮੰਨਦੇ ਹੀ ਹਾਂ ਕਿ ਸੋਧ ਗਲਤ ਹੋਈ ਹੈ। ਅਸੀਂ ਕਈ ਵਾਰ ਸੋਧ ਕਰਨ ਲਈ ਕਿਹਾ ਵੀ ਹੈ, ਪਰ ਸਾਡੀ ਕੋਈ ਸੁਣਦਾ ਹੀ ਨਹੀਂ।

ਸਵਾਲ: ਤੁਸੀਂ ਸੁਣਾਉਣਾ ਹੀ ਨਹੀਂ ਚਾਹੁੰਦੇ। ਜੇ ਸੁਣਾਉਣਾ ਚਾਹੋ ਤਾਂ ਐਸੀ ਗੱਲ ਨਹੀਂ ਹੈ ਕਿ ਤੁਹਾਡੀ ਕੋਈ ਨਾ ਸੁਣੇ। ਜੇ ਸੰਤ ਸਮਾਜ ਦੇ ਕਹਿਣ ’ਤੇ ਕੈਲੰਡਰ ਵਿਗਾੜ ਦਿੱਤਾ ਹੈ ਤਾਂ ਸੁਧਾਰਿਆ ਵੀ ਜਾ ਸਕਦਾ ਹੈ। ਪਰ ਤੁਸੀਂ ਆਪਣੀ ਪਹਿਲੀ ਗਲਤੀ ਨੂੰ ਸੁਧਾਰਣ ਦੀ ਥਾਂ ਦੂਸਰੀ ਗਲਤੀ ਕਰਨ ਲਈ ਜੋਰ ਪਾ ਰਹੇ ਹੋ ਕਿ ਨਾਨਕਸ਼ਾਹੀ ਕੈਲੰਡਰ ਨੂੰ ਮੂਲੋਂ ਰੱਦ ਕਰਕੇ ਪਹਿਲਾਂ ਦੀ ਤਰ੍ਹਾਂ ਬਿਕ੍ਰਮੀ ਕੈਲੰਡਰ ਅਨੁਸਾਰ ਹੀ ਦਿਨ ਦਿਹਾੜੇ ਮਨਾਏ ਜਾਣ। ਬਿਕ੍ਰਮੀ ਸਾਲ ਦਾ ਚੰਦਰ ਸਾਲ ਤਾਂ ਜੇ ਇਸ ਸਾਲ 354 ਦਿਨਾਂ ਦਾ ਹੈ ਤਾਂ ਆਉਣ ਵਾਲਾ ਸਾਲ 383 ਜਾਂ 384 ਦਿਨਾਂ ਦਾ ਵੀ ਹੋ ਸਕਦਾ ਹੈ। ਇਸ ਲਈ ਇਸ ਬਿਕ੍ਰਮੀ ਕੈਲੰਡਰ ਨਾਲ ਤਾਂ ਵੇਖ ਹੀ ਚੁੱਕੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਕਦੀ ਦਸੰਬਰ ਵਿੱਚ ਆ ਜਾਂਦਾ ਹੈ ਤੇ ਕਦੀ 18-19 ਦਿਨਾਂ ਦੇ ਫਰਕ ਨਾਲ ਅਗਲੇ ਸਾਲ ਜਨਵਰੀ ਵਿੱਚ। ਕਦੀ ਇਕ ਸਾਲ ਵਿੱਚ ਜਨਵਰੀ ਤੇ ਦਸੰਬਰ ਵਿੱਚ ਦੋ ਵਾਰ ਆ ਜਾਂਦਾ ਹੈ ਤੇ ਕਿਸੇ ਸਾਲ ਵਿੱਚ ਆਉਂਦਾ ਹੀ ਨਹੀਂ। 18-19 ਦਿਨ ਅੱਗੇ ਪਿੱਛੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਹੀ ਨਹੀਂ ਆਉਂਦਾ ਬਲਕਿ ਸਾਰੇ ਦਿਹਾੜੇ ਇਸੇ ਤਰ੍ਹਾਂ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ। ਜੇ ਬਿਕ੍ਰਮੀ ਸਾਲ ਦੇ ਸੂਰਜੀ ਮਹੀਨਿਆਂ ਅਨੁਸਾਰ ਵੀ ਮਨਾ ਲਏ ਜਾਣ ਤਾਂ ਵੀ ਇਹ ਕਦੀ ਸਥਿਰ ਨਹੀਂ ਰਹਿੰਦੇ ਕਿਉਂਕਿ ਇਸ ਸਾਲ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹਰ ਸਾਲ ਹੀ ਵੱਖ ਵੱਖ ਹੋ ਸਕਦੀ ਹੈ। ਜਿਵੇਂ ਕਿ (ਕੁ)ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੇ ਸੰਮਤ 543, ਸੰਮਤ 544 ਅਤੇ 545 ਦੇ ਕੈਲੰਡਰ ਵੇਖਣ ਤੋਂ ਪਤਾ ਲਗਦਾ ਹੈ ਕਿ:

ਚੇਤ ਮਹੀਨਾ ਸੰਮਤ 543 ਵਿੱਚ 31 ਦਿਨ ਪਰ 544 ਅਤੇ 545 ਵਿੱਚ 30-30 ਦਿਨ ਦਾ ਹੈ।
ਹਾੜ ਮਹੀਨਾ ਸੰਮਤ 543 ਵਿੱਚ 31 ਦਿਨ ਪਰ 544 ਅਤੇ 545 ਵਿੱਚ 32-32 ਦਿਨ ਦਾ ਹੈ।
ਸਾਉਣ ਮਹੀਨਾ ਸੰਮਤ 543 ਵਿੱਚ 32 ਦਿਨ ਪਰ 544 ਅਤੇ 545 ਵਿੱਚ 31-31 ਦਿਨ ਦਾ ਹੈ।
ਅੱਸੂ ਮਹੀਨਾ ਸੰਮਤ 543 ਅਤੇ 544 ਵਿੱਚ 30-30 ਦਿਨ ਪਰ 545 ਵਿੱਚ 31 ਦਿਨ ਦਾ ਹੈ।
ਮੱਘਰ ਮਹੀਨਾ ਸੰਮਤ 543 ਅਤੇ 544 ਵਿੱਚ 30-30 ਦਿਨ ਪਰ 545 ਵਿੱਚ 29 ਦਿਨ ਦਾ ਹੈ।
ਪੋਹ ਮਹੀਨਾ ਸੰਮਤ 543 ਅਤੇ 544 ਵਿੱਚ 29-29 ਦਿਨ ਪਰ 545 ਵਿੱਚ 30 ਦਿਨ ਦਾ ਹੈ।
ਮਾਘ ਮਹੀਨਾ ਸੰਮਤ 543 ਅਤੇ 544 ਵਿੱਚ 30-30 ਦਿਨ ਪਰ 545 ਵਿੱਚ 29 ਦਿਨ ਦਾ ਹੈ।

ਇਸ ਤਰ੍ਹਾਂ ਜਿਸ ਬਿਕ੍ਰਮੀ ਕੈਲੰਡਰ ਦੇ ਨਾ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਨਿਸਚਤ ਹੈ ਅਤੇ ਨਾ ਹੀ ਸਾਲ ਦੇ ਦਿਨਾਂ ਦੀ। ਸੂਰਜੀ ਸਿਧਾਂਤ ਵਾਲੇ ਬਿਕ੍ਰਮੀ ਸਾਲ ਦੀ ਲੰਬਾਈ ਵੀ ਗੁਰੂ ਕਾਲ ਵੇਲੇ ਮੌਸਮੀ ਸਾਲ ਤੋਂ ਤਕਰੀਬਨ 24 ਮਿੰਟ ਵੱਧ ਅਤੇ 1964 ਵਿੱਚ ਸੋਧੇ ਦ੍ਰਿੱਕ ਗਣਿਤ ਸਿਧਾਂਤ ਵਾਲੇ ਕੈਲੰਡਰ ਦੇ ਸਾਲ ਦੀ ਲੰਬਾਈ ਮੌਸਮੀ ਸਾਲ ਦੀ ਲੰਬਾਈ ਨਾਲੋ ਤਕਰੀਬਨ 20 ਮਿੰਟ ਹੋਣ ਕਰਕੇ ਇਹ ਹਰ ਸਾਲ ਪਛੜ ਰਿਹਾ ਹੈ; ਤਾਂ ਉਸ ਕੈਲੰਡਰ ਅਨੁਸਾਰ ਕੋਈ ਦਿਹਾੜਾ ਹਮੇਸ਼ਾ ਲਈ ਸਥਿਰ ਤਰੀਖਾਂ ਨੂੰ ਕਿਵੇਂ ਹੋ ਸਕਦਾ ਹੈ? ਸੋ ਸਾਰੀ ਦੁਨੀਆਂ ਵਿੱਚ ਵੱਖ ਵੱਖ ਦੇਸ਼ਾਂ ਜਿਥੇ ਸਿੱਖ ਵਸੇ ਹੋਏ ਹਨ; ਵਿੱਚ ਸਾਂਝਾ ਕੈਲੰਡਰ (ਈਸਵੀ) ਪ੍ਰਚਲਤ ਹੋਣ ਕਰਕੇ ਸਿੱਖਾਂ ਦੀ ਸੁਵਿਧਾ ਇਸੇ ਵਿੱਚ ਹੈ ਕਿ ਗੁਰਪੁਰਬ ਦੀਆਂ ਤਰੀਖਾਂ ਇਸ ਹਿਸਾਬ ਨਾਲ ਨਿਸਚਤ ਕੀਤੀਆਂ ਜਣ ਕਿ ਜਾਂ ਤਾਂ ਉਹ ਈਸਵੀ ਸੰਨ ਅਨੁਸਾਰ ਹੋਣ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 22 ਦਸੰਬਰ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ 19 ਜੂਨ, ਤੇ ਇਸੇ ਤਰ੍ਹਾਂ ਬਾਕੀ ਦੇ ਦਿਹਾੜੇ ਨਿਸਚਤ ਕੀਤੇ ਜਾ ਸਕਦੇ ਹਨ। ਜਾਂ ਫਿਰ ਸ: ਪੁਰੇਵਾਲ ਵੱਲੋਂ ਤਿਆਰ ਕੀਤੇ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ 21 ਹਾੜ ਨਿਸਚਤ ਕੀਤੇ ਜਾਣ ਜਿਹੜੇ ਹਮੇਸ਼ਾਂ ਹੀ ਕਰਮਵਾਰ 5 ਜਨਵਰੀ ਅਤੇ 5 ਜੁਲਾਈ ਨੂੰ ਆਉਣਗੇ। ਇਸ ਤਰ੍ਹਾਂ ਹਰ ਸਾਧਾਰਣ ਸਿੱਖ ਲਈ ਇਹ ਯਾਦ ਰੱਖਣੇ ਬਹੁਤ ਹੀ ਆਸਾਨ ਹੋ ਜਾਣਗੇ।

ਬਾਬਾ ਸੁਖਚੈਨ ਸਿੰਘ ਨੇ ਕਿਹਾ ਇਸ ਸਬੰਧੀ ਆਪਾਂ ਬਹਿ ਕੇ ਵੀਚਾਰ ਕਰਾਂਗੇ।

ਬਾਬਾ ਹਰਨਾਮ ਸਿੰਘ ਧੁੰਮਾ ਦੇ ਵੀਚਾਰ ਜਾਨਣ ਲਈ ਦੁਪਹਿਰ ਸਾਢੇ ਬਾਰਾਂ ਤੋਂ ਸ਼ਾਮੀ ਸਾਢੇ ਪੰਜ ਘੰਟੇ ਤੱਕ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਕਦੀ ਵੀ ਫ਼ੋਨ ਹੀ ਨਹੀਂ ਚੁੱਕਿਆ। ਇੱਕ ਵਾਰ ਸ਼ਾਮੀ ਤਿੰਨ ਕੁ ਬਜੇ ਉਨ੍ਹਾ ਦੇ ਇੱਕ ਸੇਵਾਦਰ ਵੱਲੋਂ ਬੈਕ ਕਾਲ ਆ ਗਈ ਤੇ ਗੱਲ ਕਰਨ ਦਾ ਮਕਸਦ ਪੁੱਛਿਆ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨਾਲ ਨਾਨਕਸ਼ਾਹੀ ਕੈਲੰਡਰ ਸਬੰਧੀ ਕੁਝ ਵੀਚਾਰ ਸਾਂਝੀ ਕਰਨਾ ਚਾਹੁੰਦਾ ਹਾਂ ਤਾਂ ਉਨ੍ਹਾਂ ਨੇ ਬੈਕ ਕਾਲ ਕਰਕੇ ਗੱਲ ਕਰਵਾਉਣ ਦਾ ਯਕੀਨ ਦਿਵਾਇਆ। ਕਾਫੀ ਉਡੀਕ ਪਿੱਛੋਂ ਜਦੋਂ ਫਿਰ ਉਨ੍ਹਾਂ ਨਾਲ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਤਾਂ ਇੱਕ ਵਾਰ ਸਾਢੇ ਪੰਜ ਕੁ ਵਜੇ ਉਨ੍ਹਾਂ ਦੇ ਉਸੇ ਸੇਵਾਦਾਰ ਨੇ ਮੇਰਾ ਫ਼ੋਨ ਸੁਣਿਆ ਤੇ ਦੱਸਿਆ ਕਿ ਬਾਬਾ ਜੀ ਸਿੰਘ ਸਾਹਿਬ ਨਾਲ ਮੀਟਿੰਗ ਕਰ ਰਹੇ ਹਨ ਜਦ ਵਿਹਲੇ ਹੋਏ ਗੱਲ ਕਰਵਾ ਦਿੱਤੀ ਜਾਵੇਗੀ। ਪਰ ਸਾਰਾ ਦਿਨ ਉਮੀਦ ਵਿੱਚ ਹੀ ਗੁਜਰ ਗਿਆ ਤੇ ਉਨ੍ਹਾਂ ਵੱਲੋਂ ਨਾ ਕੋਈ ਕਾਲ ਆਈ ਤੇ ਨਾ ਹੀ ਉਨ੍ਹਾਂ ਮੇਰਾ ਫ਼ੋਨ ਹੀ ਚੁੱਕਿਆ।

ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਜਦੋਂ ਤੱਕ ਸੰਗਰਾਂਦ (ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ); ਪੂਰਨਮਾਸ਼ੀ (ਜਿਸ ਰਾਤ ਨੂੰ ਚੰਦਰਮਾ ਆਪਣੇ ਪੂਰੇ ਜੋਬਨ ਵਿੱਚ ਸਾਰੀ ਰਾਤ ਚਮਕਦਾ ਹੈ) ਅਤੇ ਮੱਸਿਆ (ਜਿਹੜੀ ਰਾਤ ਚੰਦਰਮਾ ਦੇ ਬਿਲਕੁਲ ਅਲੋਪ ਰਹਿਣ ਕਰਕੇ ਸਾਰੀ ਰਾਤ ਘੁੱਪ ਹਨੇਰਾ ਰਹਿੰਦਾ ਹੈ) ਨੂੰ ਪਵਿੱਤਰ ਜਾਣ ਕੇ ਪੂਜਦੇ ਰਹਿਣਗੇ ਓਨੀ ਦੇਰ ਤੱਕ ਇਹ ਡੇਰੇਦਾਰ ਨਾ ਤਾਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਨਗੇ ਤੇ ਨਾ ਹੀ ਸਾਂਝੇ ਈਸਵੀ ਸਾਲ ਨੂੰ। ਜਿਨ੍ਹਾਂ ਬਾਬਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਇਨ੍ਹਾਂ ਬਚਨਾ: ‘ਆਪੇ ਪੂਰਾ ਕਰੇ, ਸੁ ਹੋਇ ॥ ਏਹਿ ਥਿਤੀ ਵਾਰ, ਦੂਜਾ ਦੋਇ ॥ ਸਤਿਗੁਰ ਬਾਝਹੁ, ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥ ਨਾਨਕ, ਗੁਰਮੁਖਿ ਬੂਝੈ; ਸੋਝੀ ਪਾਇ ॥ ਇਕਤੁ ਨਾਮਿ, ਸਦਾ ਰਹਿਆ ਸਮਾਇ ॥10॥2॥’ {ਬਿਲਾਵਲੁ ਸਤ ਵਾਰ (ਮ: 3) ਪੰਨਾ 843} ਦੀ ਸਮਝ ਨਹੀਂ ਆਉਂਦੀ ਜਾਂ ਸਮਝਣਾਂ ਨਹੀਂ ਚਾਹੁੰਦੇ ਉਨ੍ਹਾਂ ਨੂੰ ਮੇਰੇ ਵਰਗਾ ਬੰਦਾ ਕੁਝ ਸਮਝਾ ਸਕੇ ਇਹ ਬਿਲਕੁਲ ਅਸੰਭਵ ਹੈ।


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top