Share on Facebook

Main News Page

ਲੋਕ ਸਭਾ ਚੋਣਾਂ ਲਈ ਬਣ ਸਕਦਾ ਹੈ ਬਾਦਲ ਵਿਰੋਧੀ ਸਾਂਝਾ ਮੋਰਚਾ
-: ਜਸਬੀਰ ਸਿੰਘ ਪੱਟੀ 09356024684

ਪਿਛਲੇ ਦਿਨੀ ਹੋਈਆਂ ਪੰਚਾਇਤੀ ਰਾਜ ਦੀਆ ਚੋਣਾਂ ਵਿੱਚ ਹੂੰਝਾ ਫੇਰ ਨੂੰ ਜਿੱਤ ਲੈ ਕੇ ਪੰਜਾਬ ਸਰਕਾਰ ਵੱਲੋ ਬੜੇ ਜੋਸ਼ੋ ਗਰੋਸ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਵਿਕਾਸ ਦੀ ਜਿੱਤ ਹੋਈ ਹੈ, ਪਰ ਜਿਸ ਸੂਬੇ ਵਿੱਚ ਮੁੱਢਲੀਆਂ ਤਿੰਨ ਚੀਜਾਂ ਰੋਟੀ, ਕੱਪੜਾ ਤੇ ਮਕਾਨ ਲੋਕਾਂ ਕੋਲ ਨਾ ਹੋਵੇ ਉਸ ਸੂਬੇ ਦੀ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਕਿ ਵਿਕਾਸ ਦੀਆ ਟਾਹਰਾਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰੇ। ਅੱਜ ਰੁਜਗਾਰ ਮੰਗਦੀਆ ਧੀਆ ਨੂੰ ਉਹ ਅਕਾਲੀ ਦਲ ਗੁੱਤਾਂ ਤੋ ਫੜ ਕੇ ਸੜਕਾਂ ਤੇ ਘਸੀਟ ਰਿਹਾ ਹੈ ਜਿਸ ਬਾਰੇ ਇਹ ਕਿਹਾ ਕਿ ਜਾਂਦਾ ਸੀ, ‘‘ਬੀਬੀ ਆਏ ਨੀ ਨਿਹੰਗ ਬੂਹਾ ਖੋਲ ਨਿਸੰਗ’’ ਭਾਵ ਇਹ ਅਕਾਲੀ ਭਾਈ ਤੇਰੀ ਰੱਖਿਆ ਲਈ ਆਏ ਹਨ ਇਹਨਾਂ ਨੂੰ ਘਰ ਦੇ ਅੰਦਰ ਆਉਣ ਤੋਂ ਰੋਕ ਨਾ ਸਗੋਂ ਇਹਨਾਂ ਦੀ ਸੇਵਾ ਕਰ ਤਾਂ ਕਿ ਇਹ ਤੇਰੀ ਰੱਖਿਆ ਕਰ ਸਕਣ। ਜਦੋਂ ਧੀਆ ਦੀ ਵਰਦੀਧਾਰੀ ਪੁਲੀਸ ਕੁੱਟਮਾਰ ਕਰਦੀ ਹੁੰਦੀ ਹੈ ਤਾਂ ਨੰਨ੍ਹੀਂ ਛਾਂ ਦੀ ਰੱਖਿਅਕ ਸਟੇਜ ਦੀ ਬੈਠੀ ਇਹ ਸਾਰਾ ਨਜਾਰਾ ਦੇਖ ਰਹੀ ਹੁੰਦੀ ਹੈ। ਪੰਚਾਇਤੀ ਰਾਜ ਦੀਆਂ ਚੋਣਾਂ ਨੂੰ ਵਿਕਾਸ ਦੀ ਜਿੱਤ ਕਹਿਣਾ ਕਿਸੇ ਵੀ ਤਰਾ ਵਾਜਬ ਨਹੀਂ ਹੈ ਅਤੇ ਇਹਨਾਂ ਚੋਣਾਂ ਨੂੰ ਸਹੀ ਅਰਥਾਂ ਵਿੱਚ ਜਿੱਤ ਨਹੀਂ ਸਗੋਂ ਕਬਜਾ ਕਹਿਣਾ ਚਾਹੀਦਾ ਹੈ।

ਪੰਜਾਬ ਜਿਸ ਨੂੰ ਦੇਸ ਦੀ ਖੜਗ ਭੁਜਾ ਮੰਨਿਆ ਜਾਂਦਾ ਹੈ ਅਤੇ ਇਥੋਂ ਦਾ ਕਿਸਾਨ ਵੀ ਆਪਣੀ ਮਿਹਨਤ ਮੁਸ਼ੱਕਤ ਕਰਕੇ ਪੂਰੇ ਦੇਸ ਵਿੱਚ ਸਿੱਕਾ ਜਮਾਈ ਬੈਠਾ ਹੈ, ਪਰ ਸਰਕਾਰ ਦੀਆ ਗਲਤ ਨੀਤੀਆਂ ਕਾਰਨ ਅੱਜ ਕਿਸਾਨ ਦਾ ਪੁੱਤ ਮੱਲਾਂ ਵਾਲੇ ਪੰਜਾਬ ਦਾ ਵਾਰਸ ਨਹੀਂ ਰਿਹਾ ਸਗੋਂ ਅਮਲੀਆ ਵਾਲੇ ਪੰਜਾਬ ਦਾ ਵਸਨੀਕ ਬਣ ਗਿਆ ਹੈ। ਪੰਜਾਬ ਜਿਸ ਨੂੰ ਪੰਜ ਦਰਿਆਵਾ ਦੀ ਧਰਤੀ ਕਿਹਾ ਜਾਂਦਾ ਸੀ ਅੱਜ ਇਥੇ ਪੰਜ ਦਰਿਆ ਤਾਂ ਨਹੀਂ ਵੱਗਦੇ ਪਰ ਛੇਵਾ ਨਸ਼ਿਆ ਦਾ ਦਰਿਆ ਜਰੂਰ ਛੂਕਾ ਮਾਰਦਾ ਵੱਗ ਰਿਹਾ ਹੈ, ਅਤੇ ਸਰਕਾਰ ਨੇ ਵੀ ਨਸ਼ਿਆ ਨੂੰ ਆਮਦਨ ਦਾ ਸਾਧਨ ਬਣਾ ਕੇ ਹਾਈਵੇ ਤੇ ਹਰ ਇੱਕ ਕਿਲੋਂਮੀਟਰ ਤੇ ਸਰਕਾਰੀ ਸ਼ਰਾਬ ਦਾ ਠੇਕਾ ਖੋਹਲ ਰੱਖਿਆ ਹੈ, ਜਦ ਕਿ ਦੂਸਰੇ ਪਾਸੇ ਸਰਕਾਰ ਵੱਲੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਸਟੇਜਾਂ ਤੋਂ ਲੱਛੇਦਾਰ ਤਕਰੀਰਾਂ ਕੀਤੀਆਂ ਜਾ ਰਹੀਆਂਹਨ। ਪੰਜਾਬ ਲਈ ਇਹ ਤਰਾਸਦੀ ਹੈ ਕਿ ਜਿਹੜੀਆ ਜਰੂਰੀ ਵਸਤਾਂ ਪੰਜਾਬੀਆਂ ਨੂੰ ਕੰਟਰੋਲ ਰੇਟ ਤੇ ਮਿਲਣੀਆਂ ਚਾਹੀਦੀਆਂ ਹਨ, ਉਹ ਬਲੈਕ ਵਿੱਚ ਮਿਲ ਰਹੀਆਂ ਹਨ ਅਤੇ ਨਸ਼ੇ ਜਿਥੋ ਮਰਜੀ ਖਰੀਦ ਸਕਦੇ ਹੋ। ਪੰਜਾਬ ਵਿੱਚ ਸਮੈਕ, ਅਫੀਮ ਅਤੇ ਹੈਰੋਇਨ ਆਦਿ ਤਾਂ ਸ਼ਰੇਆਮ ਮਿਲ ਰਹੇ ਹਨ ਜਦ ਕਿਂ ਰੇਤਾ, ਬੱਜਰੀ ਅਤੇ ਮਿੱਟੀ ਵਗੈਰਾ ਬਲੈਕ ਵਿੱਚ ਮਿਲ ਰਹੀਆਂ ਹਨ ਜਿਸ ਨਾਲ ਸਰਕਾਰ ਦੇ ਵਿਕਾਸ ਦੀ ਬਿੱਲੀ ਥੈਲਿਉ ਬਾਹਰ ਆਪਣੇ ਆਪ ਹੀ ਆ ਜਾਂਦੀ ਹੈ।

ਪੰਚਾਇਤੀ ਰਾਜ ਦੀਆਂ ਚੋਣਾਂ ਤੋ ਬਾਅਦ ਹੁਣ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਜਿਹੜੀਆਂ ਕੋਈ ਵੀ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਨਹੀਂ ਲੜਦੀ, ਸਗੋਂ ਇਹ ਚੋਣਾਂ ਵਿਅਕਤੀ ਦੇ ਆਪਣੇ ਨਿੱਜੀ ਰਸੂਖ ਦੀਆਂ ਹੁੰਦੀਆਂ ਹਨ, ਪਰ ਹਾਕਮ ਧਿਰ ਨਾਲ ਸਬੰਧਿਤ ਸਿਆਸੀ ਆਗੂਆਂ ਨੇ ਇਹਨਾਂ ਚੋਣਾਂ ਨੂੰ ਇੰਨਾ ਗੰਧਲਾ ਕਰ ਦਿੱਤਾ ਹੈ, ਕਿ ਹਲਕਾ ਵਿਧਾਇਕ ਵੱਲੋਂ ਦਿੱਤੀ ਗਈ ਲਿਸਟ ਦੇ ਆਧਾਰ 'ਤੇ ਚੋਣ ਅਧਿਕਾਰੀਆਂ ਵੱਲੋ ਚੋਣ ਕੀਤੀ ਜਾ ਰਹੀ ਹੈ ਤੇ ਹਾਕਮ ਧਿਰ ਨੂੰ ਸਲੂਟ ਮਾਰਨ ਵਾਲਾ ਪਿੰਡ ਦਾ ਮੋਹਤਬਰ ਹੋਵੇਗਾ, ਭਾਂਵੇ ਉਸ ਦੇ ਖਿਲਾਫ ਕਿੰਨੇ ਵੀ ਕੇਸ ਕਿਉ ਨਾ ਚੱਲਦੇ ਹੋਣ। ਬੀਤੇ ਕਲ ਇੱਕ ਅਖਬਾਰ ਵਿੱਚ ਖਬਰ ਛੱਪੀ ਸੀ ਕਿ ਇੱਕ ਪੰਜਾਬ ਪੁਲੀਸ ਦਾ ਭਗੌੜਾ ਹੀ ਪੁਲੀਸ ਦੀ ਹਾਜਰੀ ਵਿੱਚ ਆਪ੍ਵੇ ਕਾਗਜ ਦਾਖਲ ਕਰ ਗਿਆ। ਪੰਜਾਬ ਦੇ ਲੋਕਾਂ ਦਾ ਫਰਜੀ ਲੋਕਤੰਤਰ ਤੋਂ ਵਿਸ਼ਵਾਸ਼ ਉਠ ਚੁੱਕਾ ਹੈ ਤੇ ਉਹ ਬਦਲਾਅ ਚਾਹੁੰਦੇ ਹਨ, ਪਰ ਹਾਲ ਦੀ ਘੜੀ ਉਹਨਾਂ ਨੂੰ ਹਾਕਮ ਧਿਰ ਅਕਾਲੀ ਭਾਜਪਾ ਦਾ ਕੋਈ ਬਦਲ ਨਜਰ ਨਹੀਂ ਆ ਰਿਹਾ ਤੇ ਲੋਕ ਹੁਣ ਪੰਜਾਬ ਵਿੱਚ ਸਾਂਝੇ ਮੋਰਚੇ ਦੀ ਉਡੀਕ ਵਿੱਚ ਹਨ, ਕਿਉਕਿ ਪੰਚਾਇਤੀ ਰਾਜ ਦੀਆ ਚੋਣਾਂ ਦੌਰਾਨ ਜਿਥੇ ਵੀ ਕਾਂਗਰਸ, ਪੀਪੀਪੀ, ਕਾਮਰੇਡਾਂ ਤੇ ਬਸਪਾ ਨੇ ਸਾਂਝਾ ਮੋਰਚਾ ਬਣਾ ਕੇਚੋਣਾਂ ਲੜੀਆਂ ਹਨ ਉਥੇ ਸਿੱਟੇ ਹੈਰਾਨੀਜਨਕ ਰਹੇ ਹਨ ਜਾਂ ਫਿਰ ਜਬਰਦਸ਼ਤ ਟੱਕਰ ਹੋਈ ਹੈ। ਸਾਂਝੇ ਮੋਰਚੋ ਦੀ ਕਾਰਗੁਜਾਰੀ ਨੂੰ ਵੇਖ ਕੇ ਕਾਂਗਰਸ ਵੀ ਇਸ ਵਿੱਚ ਦਿਲਚਸਪੀ ਲੈ ਰਹੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾ ਸਾਂਝਾ ਮੋਰਚਾ ਬਣਾਇਆ ਜਾਵੇ ਕਿਉਕਿ ਕਾਂਗਰਸ ਨੂੰ ਇਹ ਭਲੀਭਾਂਤ ਜਾਣਕਾਰੀ ਹੈ ਕਿ ਉਹ ਅਕਾਲੀ ਭਾਜਪਾ ਗਠੋਜੜ ਨੂੰ ਇਕੱਲੀ ਟੱਕਰ ਨਹੀਂ ਦੇ ਸਕਦੀ।

ਤੀਸਰੇ ਮੋਰਚੇ ਦੇ ਕਨਵੀਨਰ ਸ੍ਰਂ ਮਨਪ੍ਰੀਤ ਸਿੰਘ ਬਾਦਲ ਵੀ ਕਾਂਗਰਸ ਨਾਲ ਸਾਝਾ ਮੋਰਚਾ ਬਣਾਉਣ ਦੇ ਸੰਕੇਤ ਦੇ ਚੁੱਕੇ ਹਨ ਜਿਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਆਪਣੀ ਵੱਖਰੀ ਪਾਰਟੀ ਪੰਜਾਬ ਪੀਪਲਜ਼ ਪਾਰਟੀ ਹੋਂਦ ਵਿੱਚ ਲਿਆਂਦੀ ਹੈ। ਸ੍ਰੀ ਮਨਪ੍ਰੀਤ ਸਿੰਘ ਬਾਦਲ ਬਾਰੇ ਤਾਂ ਉਦੋਂ ਤੋਂ ਹੀ ਇਹ ਕਿਆਸ ਅਰਾਈਆਂ ਲੱਗ ਰਹੀਆਂ ਹਨ ਕਿ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਣਗੇ ਅਤੇ ਅਜਿਹਾ ਇਸ਼ਾਰਾ ਉਹਨਾਂ ਵੱਲੋਂ ਖੁੱਦ ਵੀ ਕਈ ਵਾਰ ਦਿੱਤਾ ਗਿਆ ਪਰ ਪਿਛਲੇ ਸਮੇਂ ਤੋਂ ਸ. ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧੀ ਟੱਕਰ ਦੇਣ ਦੀ ਬਜਾਏ ਉਹ ਆਪਣੇ ਲਈ ਫਿਰੋਜ਼ਪੁਰ ਸੀਟ ਨੂੰ ਜ਼ਿਆਦਾ ਸੁਰੱਖਿਅਤ ਸਮਝਦੇ ਹਨ ਅਤੇ ਬਠਿੰਡਾ ਸੀਟ ਤੋਂ ਕਾਂਗਰਸ ਦੀ ਮੱਦਦ ਕਰਕੇ ਖੁਦ ਫਿਰੋਜਪੁਰ ਤੋ ਚੋਣ ਲੜਨਾ ਚਾਹੁੰਦੇ ਹਨ। ਕੁਝ ਸੂਤਰਾਂ ਤੋ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਬਠਿੰਡਾ ਸੀਟ ਤੋਂ ਚੋਣ ਲੜ ਸਕਦੇ ਹਨ ਜਿਸ ਦਾ ਇੱਕ ਕਾਰਨ ਇਹ ਵੀ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਇਹ ਆਦੇਸ਼ ਦਿੱਤਾ ਗਿਆ ਹੈ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਆਪ ਚੋਣ ਲੜਨ ਨਾ ਕਿ ਦੂਜੀ ਕਤਾਰ ਦੇ ਲੀਡਰਾਂ ਨੂੰ ਖੜਾ ਕਰਨ। ਕੈਪਟਨ ਨੂੰ ਕੇਂਦਰ ਵਿੱਚ ਲਿਜਾਣ ਲਈ ਉਹਨਾਂ ਨੂੰ ਬੀਤੇ ਦਿਨੀ ਕਾਂਗਰਸ ਦੀ ਕੇਂਦਰੀ ਕਮੇਟੀ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਹੈ। ਇਸ ਨਾਲ ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ, ਸ. ਪ੍ਰਤਾਪ ਸਿੰਘ ਬਾਜਵਾ, ਸ. ਸ਼ਮਸ਼ੇਰ ਸਿੰਘ ਦੂਲੋ, ਮਹਿੰਦਰ ਸਿੰਘ ਕੇ.ਪੀ., ਬੀਬੀ ਸੰਤੋਸ਼ ਚੌਧਰੀ, ਓਮ ਪ੍ਰਕਾਸ਼ ਸੋਨੀ ਅਤੇ ਰਾਣਾ ਗੁਰਜੀਤ ਸਿੰਘ ਵਰਗਿਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਲੋਕ ਸਭਾ ਚੋਣ ਖੁਦ ਲੜਕੇ ਹਾਕਮ ਧਿਰ ਨੂੰ ਕੜੀ ਟੱਕਰ ਹੀ ਨਾ ਦੇਣ ਸਗੋਂ ਅਜਿਹੀ ਰਣਨੀਤੀ ਤਿਆਰ ਕੀਤੀ ਜਾਵੇ ਜਿਸ ਨਾਲ ਸਾਂਝੇ ਮੋਰਚੇ ਦੀ ਹੂੰਝਾ ਫੇਰ ਜਿੱਤ ਹੋ ਸਕੇ।

ਜੇਕਰ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਆਦੇਸ਼ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੀ ਬਜਾਏ ਬਠਿੰਡਾ ਲੋਕ ਸਭਾ ਸੀਟ ਨੂੰ ਜ਼ਿਆਦਾ ਮਹੱਤਵ ਦੇਣਗੇ ਕਿਉਂਕਿ ਉਹ ਪਟਿਆਲੇ ਨੂੰ ਆਪਣੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਲਈ ਜ਼ਿਆਦਾ ਸੁਰੱਖਿਅਤ ਸਮਝਦੇ ਹਨ, ਜਿੱਥੋਂ ਮਹਾਰਾਣੀ ਪ੍ਰਨੀਤ ਕੌਰ ਲਗਾਤਾਰ ਤਿੰਨ ਵਾਰ ਜੇਤੂ ਰਹਿ ਚੁੱਕੇ ਹਨ ਅਤੇ ਕੇਂਦਰ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਹਨ। ਇਥੋਂ ਸ਼੍ਰੋਮਣੀ ਅਕਾਲੀ ਦਲ ਕੋਲ ਮਹਾਰਾਣੀ ਪ੍ਰਨੀਤ ਕੌਰ ਦੇ ਮੁਕਾਬਲੇ ਕੋਈ ਮਜ਼ਬੂਤ ਉਮੀਦਵਾਰ ਵੀ ਨਹੀਂ ਹੈ ਅਤੇ ਨਾ ਹੀ ਅਕਾਲੀ ਦਲ ਨੂੰ ਮਹਾਰਾਣੀ ਪਰਨੀਤ ਕੌਰ ਦਾ ਟਾਕਰਾ ਕਰਨ ਲਈ ਕੋਈ ਉਮੀਦਵਾਰ ਮਿਲਣ ਦੀ ਆਸ ਹੈ। ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਨ ਦਾ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਕਾਰਨ ਇਹ ਹੈ ਕਿ ਬਠਿੰਡਾ ਉਨ•ਾਂ ਦੇ ਪੁਰਖਿਆਂ ਦਾ ਜੱਦੀ-ਪੁਸ਼ਤੀ ਇਲਾਕਾ ਹੈ ਅਤੇ ਉਹਨਾਂ ਦਾ ਜੱਦੀ ਪਿੰਡ ਮਹਿਰਾਜ ਵੀ ਇਸ ਹਲਕੇ ਵਿੱਚ ਪੈਦਾ ਸੀ । ਇਸ ਇਲਾਕੇ ਵਿੱਚੋਂ ਹੀ ਉਹਨਾਂ ਦੇ ਪੁਰਖਿਆ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ‘‘ਮਹਾਰਾਜਾ’’ ਹੋਣ ਦਾ ਵਰ ਦਿੱਤਾ ਗਿਆ ਸੀ ਅਤੇ ਉਹਨਾਂ ਦੇ ਵਰ ਤੋ ਬਾਅਦ ਹੀ ਉਹਨਾਂ ਦੇ ਵੱਡ ਵਡੇਰੇ ਮਹਾਰਾਜਾ ਅਖਵਾਏ ਸਨ।

ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਲੜਕਾ ਰਣਇੰਦਰ ਸਿੰਘ ਬਠਿੰਡਾ ਹਲਕੇ ਤੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਕੋਲੋ ਚੋਣ ਹਾਰ ਗਿਆ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਹਾਰ ਦਾ ਬਦਲਾ ਲੈ ਕੇ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਹਿਸਾਬ ਕਿਤਾਬ ਵੀ ਬਰਾਬਰ ਕਰਨਾ ਚਾਹੁੰਦੇ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਦੇ ਹਨ ਤਾਂ ਸਾਂਝੇ ਮੋਰਚੇ ਦੀ ਕਾਇਮੀ ਦੀਆਂ ਸੰਭਾਵਨਾਵਾਂ ਹੋਰ ਵੀ ਵੱਧ ਜਾਂਦੀਆਂ ਹਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਠਿੰਡਾ ਸੀਟ ਜਿੱਤਣ ਲਈ ਆਪਣਾ ਸਾਰਾ ਜ਼ੋਰ ਹੀ ਨਹੀਂ ਲਗਾ ਦੇਣਗੇ ਸਗੋਂ ਸਿਆਸੀ ਸ਼ਤਰੰਜ ਦੀ ਸਾਰੀਆ ਗੋਟੀਆ ਦੀ ਵਰਤੋ ਵੀ ਬੜੀ ਸੂਝ ਬੂਝ ਨਾਲ ਕਰਨਗੇ ਕਿਉਕਿ ਉਹਨਾਂ ਦੇ ਸਾਹਮਣੇ ਜਿਸ ਨਾਲ ਉਹਨਾਂ ਦੀ ਟੱਕਰ ਹੋਵੇਗੀ ਉਹ ਵੀ ਸ੍ਰ. ਪਰਕਾਸ਼ ਸਿੰਘ ਬਾਦਲ ਸਿਆਸਤ ਦੀ ਪੀ.ਐਚ.ਡੀ ਕ ਚੁੱਕੇ ਹਨ ।ਇਸ ਹਲਕੇ ਵਿੱਚ ਕਾਮਰੇਡਾ ਦੀ ਬੱਝਵੀ ਵੋਟ ਹੈ ਕਿਉਕਿ ਇਥੋ ਕਾਮਰੇਡਾ ਦਾ ਮੈਬਰ ਪਾਰਲੀਮੈਂਟ ਤੇ ਵਿਧਾਇਕ ਵੀ ਬਣਦੇ ਰਹੇ ਹਨ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਨੂੰ ਵੀ ਯਕੀਨੀ ਬਣਾ ਸਕਦੀ ਹੈ।

ਭਾਂਵੇਂ ਪੰਜਾਬ ਕਾਂਗਰਸ ਦੀ ਵਾਂਗਡੋਰ ਹੁਣ ਸ. ਪ੍ਰਤਾਪ ਸਿੰਘ ਬਾਜਵਾ ਦੇ ਹੱਥ ਹੈ ਜਿਹੜੇ ਖੁਦ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਲੇਕਿਨ ਪੰਜਾਬ ਕਾਂਗਰਸ ਅੰਦਰ ਜਿਹੜੀ ਪਕੜ ਕੈਪਟਨ ਅਮਰਿੰਦਰ ਸਿੰਘ ਦੀ ਹੈ, ਉਹ ਸ. ਪ੍ਰਤਾਪ ਸਿੰਘ ਬਾਜਵਾ ਦੀ ਨਹੀਂ ਬਣ ਸਕੀ । ਕੈਪਟਨ ਅਮਰਿੰਦਰ ਸਿੰਘ ਦਾ ਬਾਦਲ ਪਰਿਵਾਰ ਅੰਦਰ ਖਾਸ ਕਰਕੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਅੰਦਰ ਜਿਹੜਾ ਡਰ ਹੈ ਉਹ ਕਾਂਗਰਸ ਦੇ ਕਿਸੇ ਹੋਰ ਲੀਡਰ ਦਾ ਨਹੀਂ। ਜਦੋਂ ਪੰਜਾਬ ਕਾਂਗਰਸ ਦੀ ਵਾਂਗਡੋਰ ਕੈਪਟਨ ਅਮਰਿੰਦਰ ਸਿੰਘ ਤੋਂ ਖੋਹ ਕੇ ਸ. ਪ੍ਰਤਾਪ ਸਿੰਘ ਬਾਜਵਾ ਨੂੰ ਫੜਾਈ ਗਈ ਸੀ ਤਾਂ ਉਦੋਂ ਸਭ ਤੋਂ ਵੱਧ ਖੁਸ਼ੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮਨਾਈ ਸੀ ਤੇ ਬਾਜਵਾ ਨੂੰ ਵਧਾਈ ਵੀ ਦਿੱਤੀ ਸੀ। ਇਸ ਦਾ ਅੰਦਾਜ਼ਾ ਸ੍ਰ ਬਾਦਲ ਦੇ ਉਸ ਬਿਆਨ ਤੋਂ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਉਹਨਾਂ ਕਿਹਾ ਸੀ ਕਿ ,‘‘ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਕਪਤਾਨੀ ਤੋ ਹਟਾਇਆ ਗਿਆ ਹੈ, ਉਸ ਤਰ੍ਹਾਂ ਤਾਂ ਦਰਜਾ ਚਾਰ ਮੁਲਾਜ਼ਮਾਂ ਨੂੰ ਵੀ ਨਹੀਂ ਹਟਾਇਆ ਜਾਂਦਾ।’’ ਇਸ ਬਿਆਨ ਤੋਂ ਬਾਦਲ ਦੀ ਕੈਪਟਨ ਪ੍ਰਤੀ ਹਮਦਰਦੀ ਨਹੀਂ ਝਲਕਦੀ, ਸਗੋਂ ਖੁਸ਼ੀ ਵਿੱਚ ਖੀਵੇ ਹੋਏ ਬਾਦਲ ਨੂੰ ਇਹ ਵੀ ਚੇਤੇ ਨਹੀਂ ਰਿਹਾ ਕਿ ਉਹ ਕਾਂਗਰਸ ਦੇ ਨਿੱਜੀ ਮਾਮਲਿਆ ਵਿੱਚ ਦਖਲ ਦੇ ਰਹੇ ਹਨ।

ਪੰਜਾਬ ਅੰਦਰ ਸਾਂਝੇ ਮੋਰਚੇ ਦੀਆਂ ਸੰਭਾਵਨਾਵਾਂ ਬਹੁਤ ਵੱਧ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਦੇ ਸਿੱਧਾ ਚੋਣ ਮੈਦਾਨ ਵਿੱਚ ਉਤਰਨ ਨਾਲ ਉਨਾਂ ਦੀ ਨਿੱਜੀ ਪਹੁੰਚ ਇਹ ਹੋਵੇਗੀ ਕਿ ਸਾਂਝਾ ਮੋਰਚਾ ਹਰ ਹਾਲ ਵਿੱਚ ਕਾਇਮ ਕੀਤਾ ਜਾਵੇ। ਦੂਜੇ ਪਾਸੇ ਸ. ਮਨਪ੍ਰੀਤ ਸਿੰਘ ਬਾਦਲ ਵੀ ਸਾਂਝੇ ਮੋਰਚੇ ਲਈ ਸੰਜੀਦਾ ਹਨ ਕਿਉਂਕਿ ਇਕੱਲੇਂ ਸ. ਮਨਪ੍ਰੀਤ ਸਿੰਘ ਬਾਦਲ ਅਤੇ ਤਾਇਆ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਵੱਡੇ ਭਰਾ ਸ. ਸੁਖਬੀਰ ਸਿੰਘ ਬਾਦਲ ਨੂੰ ਟੱਕਰ ਨਹੀਂ ਦੇ ਸਕਦਾ। ਸ. ਮਨਪ੍ਰੀਤ ਸਿੰਘ ਬਾਦਲ ਨਾਲ ਬਰਨਾਲਾ ਦਲ ਤੇ ਕਮਿਊਨਿਸਟ ਪਹਿਲਾਂ ਹੀ ਤੁਰੇ ਹੋਏ ਹਨ ਅਤੇ ਸਮਾਂ ਆਉਣ ਤੇ ਸ੍ਰ.ਰਵੀ ਇੰਦਰ ਸਿੰਘ ਵਾਲਾ ਅਕਾਲੀ ਦਲ 1920 ਵੀ ਨਾਲ ਚੱਲ ਸਕਦਾ ਹੈ।ਸਿਰਫ ਕਾਂਗਰਸ ਅਤੇ ਬਸਪਾ ਵੱਲੋਂ ਹੁੰਗਾਰੇ ਦੀ ਉਡੀਕ ਹੈ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਜੇਕਰ ਬਸਪਾ ਨੇ ਪੰਜਾਬ ਅੰਦਰ ਆਪਣਾ ਭਵਿੱਖ ਸੰਵਾਰਨਾ ਹੈ ਤਾਂ ਉਸ ਲਈ ਸਾਂਝੇ ਮੋਰਚੇ ਨਾਲ ਰਲਣ ਤੋਂ ਸਿਵਾਏ ਹੋਰ ਕੋਈ ਰਸਤਾ ਨਹੀਂ ਬੱਚਦਾ।

ਸਿਆਸੀ ਸਤਰੰਜ਼ ਦੇ ਮਹਾਂਰਥੀ ਸ. ਪ੍ਰਕਾਸ਼ ਸਿੰਘ ਬਾਦਲ ਜੇਕਰ ਬਸਪਾ ਵੱਲ ਹੱਥ ਵਧਾਉਂਦੇ ਹਨ ਤਾਂ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਇਸ ਵਿੱਚ ਅੜਿੱਕਾ ਬਣ ਸਕਦੀ ਹੈ। ਇਸ ਵੇਲੇ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਬੌਣੀ ਹੋਈ ਭਾਜਪਾ ਨੂੰ ਜੇਕਰ ਕੋਈ ਇਤਰਾਜ਼ ਨਾ ਵੀ ਹੋਵੇ ਤਾਂ ਸੀਟਾਂ ਦੀ ਵੰਡ ਨੂੰ ਲੈ ਕੇ ਰੇੜਕਾ ਖੜਾ ਹੋ ਸਕਦਾ ਹੈ। ਇਸ ਲਈ ਬਸਪਾ ਲਈ ਸਾਂਝੇ ਮੋਰਚੇ ਵੱਲ ਆਉਣਾ ਹੀ ਠੀਕ ਰਹੇਗਾ, ਕਿਉਂਕਿ ਜੇਕਰ ਬਸਪਾ ਇਕੱਲਿਆਂ ਪੰਜਾਬ ਅੰਦਰ ਚੋਣ ਲੜਦੀ ਹੈ ਤਾਂ ਇਸ ਦੇ ਹੇਠਲੇ ਕੇਡਰ ਦਾ ਕਾਂਗਰਸ ਵੱਲ ਝੁੱਕਣਾ ਯਕੀਨੀ ਹੋਵੇਗਾ । ਸਾਂਝੇ ਮੋਰਚੇ ਦੀ ਕਾਇਮੀ ਨਾਲ ਅਕਾਲੀ-ਭਾਜਪਾ ਗਠਜੋੜ ਅਤੇ ਸਾਂਝੇ ਮੋਰਚੇ ਵਿਚਾਲੇ ਪੂਰੀ ਤਰ੍ਹਾਂ ਫੱਸਵੇਂ ਮੁਕਾਬਲੇ ਹੋਣਗੇ। ਖਾਸ ਕਰਕੇ ਬਠਿੰਡਾ ਲੋਕ ਸੀਟ ਲਈ ਮੁਕਾਬਲਾ ਪੂਰੀ ਤਰਾ ਗਹਿਗੱਚ ਹੋਵੇਗਾ ਜਿਥੋ ਇਸ ਵਾਰੀ ਡੇਰਾ ਸਿਰਸਾ ਦੇ ਬਾਬਾ ਰਾਮ ਰਹੀਮ ਦੇ ਪ੍ਰੇਮੀ ਕਾਂਗਰਸ ਦੀ ਮਦਦ ਕਰ ਸਕਦੇ ਹਨ ਕਿਉਕਿ ਅਕਾਲੀ ਦਲ ਉਹਨਾਂ ਨਾਲ ਕੀਤੇ ਵਾਅਦਿਆ ਤੇ ਖਰਾ ਨਹੀਂ ਉਤਰਿਆ ਜਿਸ ਵਿੱਚ ਸ੍ਰੀ ਅਕਾਲ ਤਖਤ ਤੋ ਬਾਬਾ ਸਿਰਸੇ ਵਾਲੇ ਦੇ ਖਿਲਾਫ ਹੋਇਆ ਹੁਕਮਨਾਮਾ ਵਾਪਸ ਲੈਣਾ ਸ਼ਾਮਲ ਹੈ।ਹਾਲਾਤਾਂ ਮੁਤਾਬਕ ਤਾਂ ਸਾਂਝੇ ਮੋਰਚੇ ਦੀ ਕਾਇਮੀ ਲੱਗਭਗ ਤਹਿ ਹੈ ਪਰ ਖੱਬੀਆਂ ਧਿਰਾਂ ਦਾ ਰੋਸ ਵੀ ਕਾਂਗਰਸ ਨੂੰ ਦੂਰ ਕਰਨਾ ਪਵੇਗਾ ਕਿ ਪਹਿਲਾਂ ਵਾਂਗ ਖੱਬੀ ਧਿਰ ਦੇ ਜੇਤੂ ਰਹਿਣ ਵਾਲੇ ਉਮੀਦਵਾਰ ਨੂੰ ਕਾਂਗਰਸ ਆਪਣੇ ਵਿੱਚ ਸ਼ਾਮਲ ਨਹੀਂ ਕਰੇਗੀ ਅਤੇ ਨਾ ਹੀ ਖੱਬੀ ਧਿਰ ਦੋ ਮੁਕਾਬਲੇ ਆਪਣਾ ਕੋਈ ਬਾਗੀ ਖੜਾ ਕਰੇਗੀ। ਅਕਾਲੀ ਭਾਜਪਾ ਵਿਰੋਧੀ ਸਾਰੀਆ ਪਾਰਟੀ ਨੂੰ ਇਹ ਸੋਚਣਾ ਪਵੇਗਾ ਕਿ ਉਨ•ਾ ਨੇ ਵੱਖ ਵੱਖ ਡੱਫਲੀ ਵਜਾ ਕੇ ਹਾਰ ਦਾ ਮੂੰਹ ਦੇਖਣਾ ਹੈ ਜਾਂ ਫਿਰ ਸਿਰ ਜੋੜ ਕੇ ਚੋਣ ਲੜਨ ਤੋਂ ਬਾਅਦ ਜਿੱਤ ਦੀ ਖੁਸ਼ੀ ਵਿੱਚ ਬੈਂਡ ਵਾਜੇ ਵਜਾਉਣੇ ਹਨ। ਕੁਲ ਮਿਲਾ ਕੇ ਸਾਂਝਾ ਮੋਰਚਾ ਪੰਜਾਬ ਵਿੱਚੋ ਅਕਾਲੀ ਭਾਜਪਾ ਗਠਜੋੜ ਦਾ ਬੋਰੀਆ ਬਿਸਤਰਾ ਗੋਲ ਕਰ ਸਕਦਾ ਹੈ ਜਿਸ ਦੇ ਬਨਣ ਦੀਆ ਸੰਭਾਵਨਾ ਕਾਫੀ ਵੱਧ ਗਈ ਹੈ।

ਰੱਬ ਖੈਰ ਕਰੇ!


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top