Share on Facebook

Main News Page

ਮੇਰੀ ਤਮੰਨਾਂ ਹੈ ਕਿ ਸਿੱਖ ਬੱਚੇ ਆਈ.ਏ.ਐਸ, ਪੀ.ਸੀ.ਐਸ, ਜੱਜ ਤੇ ਹੋਰ ਅਫਸਰ ਬਣਨ
-: ਭਾਈ ਜਸਵਿੰਦਰ ਸਿੰਘ

* ਕਿਉਂ ਲਿਖਣਾ ਪੈਂਦੈ ‘ਪੁੱਤ ਸਰਦਾਰਾਂ ਦੇ’
* ਗੁਰੂ ਨਾਨਕ ਮਲਟੀਵਰਸਿਟੀ ਦੁਆਰਾ ਅਪਣਾਏ ਬੱਚਿਆਂ ਨੇ ਸੰਗਤਾਂ ਦੀਆਂ ਅੱਖਾਂ ਨਮ ਕੀਤੀਆਂ

ਬਠਿੰਡਾ, 7 ਜੁਲਾਈ (ਅਵਤਾਰ ਸਿੰਘ ਤੁੰਗਵਾਲੀ): ਸੁਕ੍ਰਿਤ ਟਰੱਸਟ (ਗੁਰੂ ਨਾਨਕ ਮਲਟੀਵਰਸਿਟੀ) ਦੇ ਸੰਸਥਾਪਕ, ਪੰਥ ਰਤਨ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੀ ਚਲਾਈ ਗਰੀਬ ਬੱਚਿਆਂ ਨੂੰ ਸਿੱਖਿਆ ਦੇਣ ਦੀ ਲਹਿਰ ਨੂੰ ਅੱਗੇ ਤੋਰਦੇ ਹੋਏ ਭਾਈ ਜਸਵਿੰਦਰ ਸਿੰਘ ਯੂ.ਕੇ. ਵਾਲਿਆਂ ਨੇ ਅੱਜ ਸਥਾਨਕ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਜਿਸ ਵਿੱਚ ਸੰਸਥਾ ਦੁਆਰਾ ਅਪਣਾਏ ਬੱਚਿਆਂ ਨੇ ਕੀਰਤਨ, ਕਥਾ, ਕਵਿਤਾਵਾਂ ਆਦਿ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਾਈ ਜਸਵਿੰਦਰ ਸਿੰਘ ਯੂਕੇ ਨੇ ਦੱਸਿਆ ਕਿ ਕੀ ਕਾਰਨ ਹੈ ਕਿ ਅੱਜ ਅੰਗਰੇਜ਼ ਸਿੱਖੀ ਧਾਰਨ ਕਰ ਰਹੇ ਹਨ ਪਰ ਸਿੱਖੀ ਦਾ ਘਰ ਪੰਜਾਬ ਸਿੱਖੀ ਤੋਂ ਵਿਰਵਾ ਹੋ ਰਿਹਾ ਹੈ? ਉਨ੍ਹਾਂ ਆਪਣੀ ਵਿੱਥਿਆ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਵੀ ਬਹੁਤ ਗਰੀਬੀ ਸੀ ਪਰ ਉਸਦੀ ਮਾਂ ਨੇ ਉਸ ਨੂੰ ਸਿੱਖੀ ਦੀ ਗੁੜ੍ਹਤੀ ਦਿੱਤੀ ਸੀ ਜਿਸ ਕਾਰਨ ਉਸਨੂੰ ਆਪਣੇ ਗੁਰੂ ਉੱਪਰ ਪੂਰਨ ਭਰੋਸਾ ਹੋਣ ਕਾਰਨ ਗੁਰਬਾਣੀ ਨਾਲ ਜੁੜਿਆ ਰਿਹਾ ਤੇ ਅੱਜ ਉਸਦੀ ਯੂਕੇ ਵਿਖੇ ਇੱਕ ਦਿਨ ਦੀ ਕਮਾਈ 3 ਲੱਖ ਰੁਪੈ ਹੈ। ਉਸਦੇ ਬੱਚੇ ਵੀ ਉੱਚ ਅਹੁਦਿਆਂ ਉੱਪਰ ਕੰਮ ਕਰਦੇ ਹਨ ਤੇ ਅੰਗਰੇਜ਼ ਵੀ ਉਨ੍ਹਾਂ ਦਾ ਜੀਵਨ ਦੇਖਕੇ ਸਿੱਖ ਬਣ ਰਹੇ ਹਨ। ਅੱਜ ਵਿਦੇਸ਼ ਵਿੱਚ ਢਾਈ ਤਿੰਨ ਲੱਖ ਅੰਗਰੇਜ਼ ਸਿੱਖੀ ਧਾਰਨ ਕਰ ਚੁੱਕੇ ਹਨ ਤੇ ਗੁਰਮੁਖੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਬਾਣੀ ਨਾਲੋਂ ਟੁੱਟ ਚੁੱਕੇ ਹਾਂ ਇਸ ਲਈ ਹੀ ਖੁਆਰ ਹੋ ਰਹੇ ਹਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਦੁਸ਼ਵਾਰੀਆਂ ਝੱਲ ਰਹੇ ਹਾਂ।

ਉਨ੍ਹਾਂ ਕਿਹਾ ਕਿ ਅੱਜ ਸਾਡੇ ਬਹੁਤੇ ਪ੍ਰਚਾਰਕ ਤੇ ਬਾਬੇ ਸਾਨੂੰ ਗੁਰਬਾਣੀ ਤੋਂ ਦੂਰ ਰੱਖਣ ਲਈ ਪਾਪ ਲੱਗਣ ਦਾ ਡਰ ਦਿੰਦੇ ਹਨ ਪਰ ਉਨ੍ਹਾਂ ਦੱਸਿਆ ਕਿ ਕੋਈ ਪਾਪ ਨਹੀਂ ਲਗਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਦਰਸ਼ਨ ਭਾਵ ਇੱਕ ਇੱਕ ਅੱਖਰ ਪੜ੍ਹਨ, ਸਮਝਣ ਅਤੇ ਆਪਣੇ ਜੀਵਨ ਵਿੱਚ ਢਾਲਣ ਤੋਂ ਬਿਨ੍ਹਾਂ ਗੁਜ਼ਾਰਾ ਨਹੀਂ ਹੋਣਾ। ਇਸ ਤੋਂ ਪਹਿਲਾਂ ਸੰਸਥਾ ਦੇ ਬੱਚਿਆਂ ਨਵਜੋਤ ਕੌਰ, ਮਨਜੀਤ ਕੌਰ ਅਤੇ ਪ੍ਰਦੀਪ ਸਿੰਘ ਨੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਜਗਜੋਤ ਕੌਰ ਜਗਰਾਉਂ ਨੇ ਆਪਣੇ ਘਰ ਦੀਆਂ ਦੁਸ਼ਵਾਰੀਆਂ ਦੱਸੀਆਂ ਅਤੇ ਦੱਸਿਆ ਕਿ ਘਰ ਵਿੱਚ ਅਤਿ ਦੀ ਗਰੀਬੀ ਦੇ ਬਾਵਜ਼ੂਦ ਉਸਨੇ ਗੁਰਬਾਣੀ ਨਾਲ ਜੁੜਨ ਤੋਂ ਬਾਅਦ ਉੱਚ ਵਿਦਿਆ ਵੀ ਪ੍ਰਾਪਤ ਕੀਤੀ ਤੇ ਅੱਜ ਉਹ ਵਿਦੇਸ਼ ਵੀ ਜਾ ਆਈ ਹੈ ਜਿਸ ਨਾਲ ਸੰਗਤਾਂ ਦੀਆਂ ਅੱਖਾਂ ਨਮ ਹੋ ਗਈਆਂ। ਇੱਕ ਬੱਚੇ ਗੁਰਤੇਜ ਸਿੰਘ ਪਟਿਆਲਾ ਨੇ ਕਵਿਤਾ ਪੜ੍ਹੀ ‘ਕਿਉਂ ਲਿਖਣਾ ਪੈਂਦਾ ਪੁੱਤ ਸਰਦਾਰਾਂ ਦੇ’ ਜਿਸ ਨੇ ਅੱਜ ਦੀ ਸਿੱਖੀ ਦੀ ਸੂਰਤ ਸਾਹਮਣੇ ਰੱਖੀ ਤੇ ਸੰਗਤਾਂ ਦੇ ਦਿਲ ਹਲੂਣ ਦਿੱਤੇ। ਭਾਈ ਜਸਵਿੰਦਰ ਸਿੰਘ ਨੇ ‘ਐਜੂਕੇਟ ਪੰਜਾਬ ਪ੍ਰੋਜੈਕਟ’ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤੇ ਕਿਹਾ ਕਿ ਜੋ ਗਰੀਬ ਬੱਚੇ ਉੱਚ ਵਿਦਿਆ ਹਾਸਲ ਕਰਨਾ ਚਾਹੁੰਦੇ ਹਨ ਤੇ ਫੀਸ ਨਹੀਂ ਭਰ ਸਕਦੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਕਰਨ ਤੇ ਸਿੱਖੀ ਸਰੂਪ ਧਾਰਨ ਕਰਨ, ਗੁਰੂ ਉਨ੍ਹਾਂ ਉਪਰ ਕਿਰਪਾ ਕਰੇਗਾ ਤੇ ਸੰਸਥਾ ਵੱਲੋਂ ਸਹਿਯੋਗ ਕਰਕੇ ਉਨ੍ਹਾਂ ਦਾ ਮਨੋਰਥ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਮੌਕੇ ਸ਼ਹਿਰ ਦੇ ਕਈ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੇ ਸਮਾਗਮ ਦਾ ਆਨੰਦ ਮਾਣਿਆ ਤੇ ਸ਼੍ਰੀ ਸਹਿਜ ਪਾਠ ਆਰੰਭ ਕਰਨ ਦੀ ਇੱਛਾ ਪ੍ਰਗਟ ਕੀਤੀ ਜਿਨ੍ਹਾਂ ਦੇ ਨਾਮ ਦਰਜ਼ ਕਰ ਲਏ ਹਨ ਤੇ ਭਾਈ ਜਸਵਿੰਦਰ ਸਿੰਘ ਨੇ ਉਨ੍ਹਾਂ ਨੂੰ ਜਲਦ ਹੀ ਪੋਥੀਆਂ ਭੇਜਣ ਦਾ ਭਰੋਸਾ ਦਿੱਤਾ।

ਇਸ ਮੌਕੇ ਉਘੇ ਲੇਖਕ ਭਾਈ ਕਿਰਪਾਲ ਸਿੰਘ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸ਼ੁੱਧ ਸਹਿਜ ਪਾਠ ਸਿੱਖਣ ਤੇ ਸੰਥਿਆ ਲੈਣ ਲਈ ਵੈਬਸਾਈਟ ‘ਏਕਤੂਹੀ.ਕਾਮ’ http://www.ektuhi.com ਤੋਂ ਟਿਊਟਰ ਵੀਡੀਓ ਦੀ ਸਾਫਟਵੇਅਰ ਡਾਊਨਲੋਡ ਕਰਕੇ ਆਪਣੇ ਕੰਪਿਊਟਰ ’ਚ ਇੰਸਟਾਲ ਕੀਤਾ ਜਾ ਸਕਦੀ ਹੈ। ਇਸ ਸਾਫਟਵੇਅਰ ਦਾ ਵਾਧਾ ਇਹ ਹੈ ਕਿ ਇਹ ਚਲਾਉਣ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਪੰਨਾ ਤੇ ਉਸ ਉਪਰ ਅੰਕਿਤ ਪਾਠ ਕੰਪਿਊਟਰ ਦੀ ਸਕਰੀਨ ’ਤੇ ਵਿਖਾਈ ਦਿੰਦਾ ਹੈ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਤੇ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੀ ਅਵਾਜ਼ ਵਿੱਚ ਸ਼ੁੱਧ ਪਾਠ ਦਾ ਉਚਾਰਣ ਸ਼ੁਰੂ ਹੋ ਜਾਂਦਾ ਹੈ। ਜਿਸ ਸ਼ਬਦ ਦਾ ਉਚਾਰਣ ਹੋ ਰਿਹਾ ਹੁੰਦਾ ਹੈ ਉਹ ਵਿਸ਼ੇਸ਼ ਤੌਰ ’ਤੇ ਨਾਲੋ ਨਾਲ ਹਾਈ ਲਾਈਟ ਹੁੰਦਾ ਹੈ ਜਿਸ ਨਾਲ ਇੱਕੋ ਸਮੇਂ ਸ਼ਬਦਜੋੜਾਂ ਅਤੇ ਉਚਾਰਣ ਦੀ ਸੋਝੀ ਹੋ ਜਾਂਦੀ ਹੈ। ਦੋ ਤਿੰਨ ਵਾਰ ਧਿਆਨ ਨਾਲ ਇਹ ਪਾਠ ਸੁਣਨ ਨਾਲ ਸਿਖਿਆਰਥੀ ਸਹਿਜੇ ਹੀ ਸ਼ੁੱਧ ਪਾਠ ਸਿੱਖ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ‘ਲਾਈਵਸਿੱਖਵਰਲਡ.ਕਾਮ’ http://www.livesikhworld.com ’ਤੇ ਉੱਘੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਦੀ ਅਵਾਜ਼ ਵਿੱਚ ਸੰਪੂਰਣ ਸਹਿਜ ਪਾਠ ਦੀ ਐੱਮਪੀ-3 ਆਡੀਓ ਰੀਕਾਰਡਿੰਗ ਔਨਲਾਈਨ ਸੁਣੀ ਜਾ ਸਕਦੀ ਹੈ ਅਤੇ ਇਸ ਨੂੰ ਡਾਊਨਲੋਡ ਕਰਕੇ ਪੈੱਨ ਡਰਾਈਵ ਵਿੱਚ ਪਾ ਕੇ ਐੱਲਸੀਡੀ ਜਾਂ ਕਾਰਾਂ ਵਿੱਚ ਲੱਗੇ ਆਡੀਓ ਸਿਸਟਮ ਤੋਂ ਸੁਣਿਆ ਜਾ ਸਕਦਾ ਹੈ। ਕੰਪਿਊਟਰ ਦੀ ਮੱਦਦ ਰਾਹੀਂ ਇਹ ਰੀਕਾਰਡਿੰਗ ਮੋਬਾਈਲ ਦੀ ਚਿੱਪ ਵਿੱਚ ਪਾ ਕੇ ਚਲਦੇ ਫਿਰਦੇ ਤੇ ਸ਼ੈਰ ਕਰਨ ਸਮੇਂ ਵੀ ਸਹਿਜ ਪਾਠ ਸੁਣਿਆ ਜਾ ਸਕਦਾ ਹੈ। ਇਸ ਤਰ੍ਹਾਂ ‘ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ ਚਲਤ ਹਰੇ ਹਰਿ ਗਾਈਐ ॥1॥’ (ਆਸਾ ਮ: 5, ਗੁਰੂ ਗ੍ਰੰਥ ਸਾਹਿਬ ਪੰਨਾ 386) ਗੁਰੂ ਦਾ ਹੁਕਮ ਕਮਾਇਆ ਜਾ ਸਕਦਾ ਹੈ।

ਇਸ ਮੌਕੇ ਹੋਰ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ। ਬਾਅਦ ਵਿੱਚ ਹੈੱਡ ਗ੍ਰੰਥੀ ਭਾਈ ਭਗਵੰਤ ਸਿੰਘ ਨੇ ਭਾਈ ਜਸਵਿੰਦਰ ਸਿੰਘ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਉਪਰੰਤ ਬਰੈੱਡ ਤੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top