Share on Facebook

Main News Page

ਸਾਖੀਆਂ ਦੇ ਸਿੱਟੇ ਬਾਰੇ ਸੋਚਿਓ ਸੱਜਣ ਜੀ !
-: ਤਰਲੋਚਨ ਸਿੰਘ ‘ਦੁਪਾਲਪੁਰ’

ਕੋਈ ਲੰਮੇ-ਚੌੜੇ ਜੰਤਰਾਂ-ਮੰਤਰਾਂ ਜਾਂ ਜਪਾਂ-ਤਪਾਂ ਦੀ ਥਾਂ ਸਿਰਫ਼ ਅੱਠ ਨੁਕਤਿਆਂ ਵਾਲਾ ‘ਅਸ਼ਟਾਂਗ ਮਾਰਗ’ ਦੱਸਣ ਵਾਲੇ ਮਹਾਤਮਾ ਬੁੱਧ ਦੇ ਇਰਦ-ਗਿਰਦ ਗਿਣਤੀ ਦੇ ਹੀ ਜਗਿਆਸੂ ਬੈਠੇ ਦੇਖ ਕੇ ਉਹਨਾ ਦਾ ਪਰਮ ਸੇਵਕ ਆਨੰਦ ਕਹਿਣ ਲੱਗਾ : ‘‘ਮਹਾਰਾਜ, ਤੁਹਾਡੀ ਸਾਰੀ ਉਮਰ ਬੀਤ ਗਈ ਹੈ ਗਿਆਨ ਵੰਡਦਿਆਂ ਦੀ। ਤੁਹਾਡੇ ਬਚਨ ਸੁਣਨ ਵਾਸਤੇ ਬੱਸ ਉਂਗਲਾਂ ’ਤੇ ਗਿਣਨ ਜੋਗੇ ਅਭਿਲਾਸ਼ੀ ਹੀ ਆਉਂਦੇ ਨੇ, ਜਦੋਂ ਕਿ ਔਹ ਫਲਾਣਾ ਜੋਗੀ ਤੁਹਾਥੋਂ ਉਮਰ ਵਿੱਚ ਕਿਤੇ ਛੋਟਾ ਹੈ, ਪਰ ਉਹਦੇ ਡੇਰੇ ’ਤੇ ਸੈਂਕੜੇ-ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ। ਕੀ ਉਸ ਦੀ ਸਾਧਨਾ ਤੁਹਾਡੇ ਨਾਲੋਂ ਵਧ ਕੇ ਹੈ?’’

ਆਨੰਦ ਨੂੰ ਸ਼ਾਂਤ ਕਰਦਿਆਂ ਬੁੱਧ ਜੀ ਨੇ ਫ਼ਰਮਾਇਆ : ‘‘ਹੇ ਆਨੰਦ, ਚੰਗੇ ਬੰਦਿਆਂ ਦੀਆਂ ਕਦੀ ਭੀੜਾਂ ਨਹੀਂ ਜੁੜਦੀਆਂ ਹੁੰਦੀਆਂ। ਇਹ ਵੀ ਯਾਦ ਰੱਖੀਂ ਕਿ ਭੀੜਾਂ ਵਿੱਚ ਸਦਾ ਚੰਗੇ ਬੰਦੇ ਨਹੀਂ ਹੁੰਦੇ।’’

ਜੇ ਮਹਾਤਮਾ ਬੁੱਧ ਜੀ ਅੱਜ ਦੇ ਸਮੇਂ ਹੁੰਦੇ ਤਾਂ ਆਨੰਦ ਨੂੰ ਦਿੱਤੇ ਗਏ ਉਪਦੇਸ਼ ਵਿੱਚ ਇਹ ਸਤਰਾਂ ਵੀ ਸ਼ਾਮਲ ਹੋਣੀਆਂ ਸਨ : ‘‘ਆਨੰਦ ਪਿਆਰਿਆ, ਜਿੱਥੇ ਭੀੜਾਂ ਦਾ ਜਮਘਟਾ ਲੱਗਾ ਹੋਇਆ ਹੋਵੇ, ਉੱਥੇ ਥਾਂ-ਥਾਂ ਚਿਤਾਵਨੀਆਂ ਦੇ ਬੋਰ ਟੰਗੇ ਹੁੰਦੇ ਹਨ, ‘ਜੇਬ ਕਤਰਿਆਂ ਤੋਂ ਸਾਵਧਾਨ।’...‘ਆਪੋ ਆਪਣੇ ਸਮਾਨ ਦੀਆਂ ਗਠੜੀਆਂ ਹੱਥੋਂ ਨਾ ਛੱਡੋ।’...‘ਬੇ-ਪਛਾਣ ਵਿਅਕਤੀਆਂ ਪਾਸੋਂ ਕੋਈ ਚੀਜ਼ ਲੈ ਕੇ ਨਾ ਖਾਉ।’... ਨਾਲੇ ਆਨੰਦ ਭਾਈ, ਸੂਝਵਾਨ ਸਿਆਣੇ ਲੋਕ ਕਦੇ ਭੀੜ ਦਾ ਹਿੱਸਾ ਨਹੀਂ ਬਣਦੇ। ਉਹ ਜਾਣਦੇ ਹੁੰਦੇ ਨੇ ਕਿ ਵੱਧ ਤੋਂ ਵੱਧ ’ਕੱਠੀਆਂ ਹੋਈਆਂ ਭੀੜਾਂ ਵੱਲ ਦੇਖ ਕੇ ਸਿਰਫ਼ ਸਿਆਸਤਦਾਨਾਂ ਨੂੰ ਹੀ ਲਾਲੀਆਂ ਚੜ•ਦੀਆਂ ਹਨ, ਕਿਉਂਕਿ ਉਹਨਾਂ ਨੇ ਆਪਣੀ ‘ਜ਼ਿੰਦਾਬਾਦ’ ਅਤੇ ਵਿਰੋਧੀਆਂ ਦੀ ‘ਮੁਰਦਾਬਾਦ’ ਕਰਵਾਉਣੀ ਹੁੰਦੀ ਹੈ। ਬਿਨਾਂ ਸੋਚਿਆਂ-ਵਿਚਾਰਿਆਂ ਕਿਸੇ ਦੀ ਜ਼ਿੰਦਾਬਾਦ ਜਾਂ ਕਿਸੇ ਦੀ ਮੁਰਦਾਬਾਦ ਕੇਵਲ ਭੀੜਾਂ ਹੀ ਕਰ ਸਕਦੀਆਂ ਹਨ। ਅਕਲ ਵਾਲੇ ਬੰਦੇ ਕਦੇ ਅਜਿਹਾ ਕੁਫ਼ਰ ਨਹੀਂ ਤੋਲ ਸਕਦੇ।’’

ਗ੍ਰੰਥ-ਕਾਰਾਂ ਮੁਤਾਬਕ ਇੱਕ ਸਮੇਂ ਕਸ਼ਮੀਰ ਦੀ ਸੰਗਤ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਨੂੰ ਪੰਜਾਬ ਵੱਲ ਆ ਰਹੀ ਸੀ। ਉਹਨਾਂ ਸਫ਼ਰ ਦੌਰਾਨ ਰਾਹ ਵਿੱਚ ਕੱਟੂ ਸ਼ਾਹ ਨਾਂਅ ਦੇ ਵਿਅਕਤੀ ਘਰੇ ਪੜਾਅ ਕੀਤਾ, ਜੋ ਗੁਰੂ ਘਰ ਦਾ ਹੀ ਪ੍ਰੇਮੀ ਸੀ। ਰਾਤ ਕੱਟ ਕੇ ਜਦੋਂ ਸਵੇਰੇ ਕਾਫ਼ਲਾ ਤੁਰਨ ਲੱਗਿਆ ਤਾਂ ਸੰਗਤ ’ਚੋਂ ਇੱਕ ਦੇ ਸਿਰ ਪ੍ਰੇਮ ਨਾਲ ਚੁੱਕੇ ਹੋਏ ਇੱਕ ਭਾਂਡੇ ਵੱਲ ਇਸ਼ਾਰਾ ਕਰ ਕੇ ਭਾਈ ਕੱਟੂ ਨੇ ਪੁੱਛਿਆ ਕਿ ਇਹਦੇ ਵਿੱਚ ਕੀ ਸ਼ੈਅ ਹੈ? ਸੰਗਤ ਨੇ ਦੱਸਿਆ ਕਿ ਬਹੁਤ ਸ¤ੁਚਮ ਨਾਲ ਚੋਇਆ ਹੋਇਆ ਸ਼ਹਿਦ ਹੈ, ਜੋ ਅਸੀਂ ਪੰਜਾਬ ਪਹੁੰਚ ਕੇ ਗੁਰੂ ਜੀ ਨੂੰ ਸ਼ਰਧਾ ਨਾਲ ਛੁਕਾਉਣਾ ਹੈ। ਕੱਟੂ ਸ਼ਾਹ ਭੋਲੇ ਭਾਅ ਬੋਲਿਆ, ‘‘ਸ਼ਹਿਦ ਸੁਣ ਕੇ ਤਾਂ ਮੇਰੇ ਮੂੰਹ ’ਚ ਪਾਣੀ ਆ ਗਿਐ, ਥੋੜ•ਾ ਜਿਹਾ ਮੈਨੂੰ ਵੀ ਖਾਣ ਨੂੰ ਦੇ ਦਿਉ?’’ ਸੁਣਨ ਵਾਲਿਆਂ ਨੂੰ ਬੜਾ ਬੁਰਾ ਲੱਗਿਆ, ‘ਕੈਸਾ ਬੇ-ਅਕਲਾ ਸਿੱਖ ਹੈ?’ ਉਹਨਾਂ ਠੋਕ ਕੇ ਨਾਂਹ ਕਰ ਦਿੱਤੀ ਤੇ ਸਫ਼ਰ ’ਤੇ ਤੁਰ ਪਏ।
ਅੰਮ੍ਰਿਤਸਰ ਪਹੁੰਚ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕਰ ਕੇ ਚਾਈਂ-ਚਾਈਂ ਸ਼ਹਿਦ ਵਾਲੇ ਭਾਂਡੇ ਦਾ ਢੱਕਣ ਖੋਲਿ•ਆ ਤਾਂ ਉਹ ਹੈਰਾਨ ਹੀ ਰਹਿ ਗਏ। ਸ਼ਹਿਦ ’ਚੋਂ ਬਦਬੂ ਆ ਰਹੀ ਸੀ। ਪ੍ਰੇਸ਼ਾਨ ਹੁੰਦਿਆਂ ਉਹਨਾਂ ਗੁਰੂ ਜੀ ਨੂੰ ਰਾਹ ਵਾਲਾ ਵਾਕਿਆ ਸੁਣਾਉਂਦਿਆਂ ਪੁੱਛਿਆ ਕਿ ਸਾਡੇ ਚੰਗੇ-ਭਲੇ ਸ਼ਹਿਦ ਨੂੰ ਕੀ ਹੋ ਗਿਆ? ਗੁਰੂ ਸਾਹਿਬ ਨੇ ਮੁਸਕੁਰਾ ਕੇ ਆਖਿਆ :

ਜੋ ਮਮ ਸਿਖਨ ਕੇ ਮੁਖ ਪਰੇ।
ਸੋ ਮੁਝ ਕੇ ਪਹੁਚਹਿ ਹਿਤ ਧਰੇ।

‘‘ਮੇਰੇ ਸਿੱਖ ਦੇ ਮੂੰਹ ’ਚ ਪਈ ਚੀਜ਼ ਮੈਨੂੰ ਪ੍ਰਾਪਤ ਹੋ ਜਾਂਦੀ ਹੈ। ਤੁਸੀਂ ਕੱਟੂ ਨੂੰ ਸ਼ਹਿਦ ਤੋਂ ਇਨਕਾਰ ਕਰ ਕੇ ਚੰਗਾ ਨਹੀਂ ਕੀਤਾ।’’ ‘‘ਮਹਾਰਾਜ, ਹੁਣ ਫਿਰ ਕੀ ਕੀਤਾ ਜਾਏ?’’ ਸ਼ਰਧਾਲੂਆਂ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਗੁਰੂ ਜੀ ਨੇ ਉਹਨਾਂ ਨੂੰ ਮੁੜ ਭਾਈ ਕੱਟੂ ਕੋਲ ਵਾਪਸ ਭੇਜਿਆ। ਮੁੜਦੇ ਪੈਰੀਂ ਉਹ ਭਾਈ ਕੱਟੂ ਦੇ ਘਰੇ ਪਹੁੰਚੇ :

ਮਾਨ ਬਚਨ ਕੋ ਬਹੁਰ ਪਧਾਰੇ।
ਲੇ ਮਧੁ ਬਾਸਨ ਬਿਲਮ ਨਿਵਾਰੇ।

‘ਸੂਰਜ ਪ੍ਰਕਾਸ਼’ ਵਿੱਚ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਸੋਨ-ਸੁਨਹਿਰੀ ਭਾਅ ਮਾਰਦਾ ਸੁਗੰਧੀਦਾਰ ਸ਼ਹਿਦ ਛਕ ਕੇ ‘ਕੱਟੂ ਸ਼ਾਹ ਹੇਰਿ ਮੁਸਕਾਇ।’

ਪਾਕਿਸਤਾਨ ਦੇ ਕਸਬੇ ਸੈਦਪੁਰ (ਜੋ ਹੁਣ ਐਮਨਾਬਾਦ ਸਦੀਂਦਾ ਹੈ) ਦਾ ਅਮੀਰ ਤੇ ਸਰਕਾਰੇ-ਦਰਬਾਰੇ ਅਸਰ-ਰਸੂਖ ਰਖਾਉਂਦਾ ਮਲਿਕ ਭਾਗੋ ਆਪਣੇ ਘਰ ਲੰਗਰ ਲਾਈ ਬੈਠਾ ਹੈ, ਜਿਸ ਵਿੱਚ ਛੱਤੀ ਪ੍ਰਕਾਰ ਦੇ ਭੋਜਨ ਬਣੇ ਹੋਏ ਨੇ। ਦੁਨੀਆ ਭਰ ਦੇ ਲਗੜ-ਬੱਗ ਸਾਧ ਬੂਬਨੇ ਉਹਦੇ ਮਹਿਲਾਂ ਵਿੱਚ ਰੱਜ-ਰੱਜ ਡੰਝਾਂ ਲਾਹ ਰਹੇ ਨੇ। ਸੈਦਪੁਰ ਨੂੰ ਆਉਂਦੇ ਰਸਤੇ ਵੀ ਭੀੜਾਂ ਨਾਲ ਭਰੇ ਪਏ ਨੇ। ਚੋਟੀ ਦੇ ਹਲਵਾਈਆਂ ਵੱਲੋਂ ਬਣਾਏ ਹੋਏ ਬਹੁ-ਭਾਂਤੇ ਪਕਵਾਨ ਖਾ-ਖਾ ਲੋਕੀਂ ਭਾਗੋ ਦੀ ਅਮੀਰੀ ਦੇ ਸੋਹਿਲੇ ਗਾਉਂਦੇ ਤੁਰੇ ਜਾਂਦੇ ਨੇ। ਕਈ ਸੰਨਿਆਸੀ-ਜੋਗੀ ਦਾਨ-ਦੱਛਣਾ ਕੱਛੇ ਮਾਰ ਕੇ ਭਾਗੋ ਦੀ ਅਮੀਰੀ ਹੋਰ ਵਧਣ-ਫੁੱਲਣ ਦੀਆਂ ਗਜ਼-ਗਜ਼ ਲੰਬੀਆਂ ਅਰਦਾਸਾਂ ਕਰ ਰਹੇ ਨੇ।

ਭਗਵਿਆਂ ਕੱਪੜਿਆਂ ਅਤੇ ਹੱਥ ’ਚ ਫੜੀਆਂ ਜਪ-ਮਾਲੀਆਂ, ਲੰਮੀਆਂ ਜਟਾਵਾਂ ਵਾਲੇ ਜੋਗੀ-ਜੰਗਮਾਂ ਜਾਂ ਹੋਰ ਨਿੱਕੀ-ਨੰਨੀ ਦੀ ਬੇਥਾਹ ਭੀੜ ਦੇਖ ਕੇ ਆਮ ਲੋਕਾਂ ਦੀ ਨਜ਼ਰ ਵਿੱਚ ਲਹੂ-ਪੀਣਾ ਭਾਗੋ ਇੱਕ ਦਾਨੀ ਤੇ ਧਰਮੀ ਬਣਿਆ ਦਿਖਾਈ ਦੇ ਰਿਹਾ ਹੈ, ਪਰ ਧਰਮ ਦਾ ਰਹਿਬਰ ਕਿਸੇ ਕਸਬੇ ਦੀ ਇੱਕ ਨੁੱਕਰੇ ਆਪਣੇ ਗ਼ਰੀਬੜੇ ਜਿਹੇ ਕਿਰਤੀ ਸਾਥੀ ਭਾਈ ਲਾਲੋ ਦੀ ਆਰਨਹਾਲੀ ਕੋਲ ਬੈਠਾ ਬਾਜਰੇ ਦੀ ਸੁੱਕੀ ਰੋਟੀ ਖਾ ਰਿਹਾ ਹੈ। ਬਾਬਾ ਗੁਰੂ ਨਾਨਕ ਨਾਲ ਉਮਰ ’ਚ 17 ਸਾਲ ਵੱਡਾ ਭਾਈ ਲਾਲੋ ਆਪਣੇ ਮਹਿਮਾਨ ਕੋਲ ਬੈਠਾ ਮਾਲਾ ਨਹੀਂ ਫੇਰ ਰਿਹਾ। ਨਾ ਉਹ ਅੱਖਾਂ ਮੀਚ ਕੇ ਕੋਈ ਪਾਠ ਕਰ ਰਿਹਾ ਹੈ ਤੇ ਨਾ ਹੀ ਉਸ ਸਮਾਧੀ ਲਾਈ ਹੋਈ ਹੈ। ਉਹ ਤਾਂ ਤੇਸਾ-ਆਰੀ ਚਲਾਉਂਦਿਆਂ ਹੋਇਆਂ ਗੁਰੂ ਬਾਬੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰ ਰਿਹਾ ਐ ਕਿ ਭਾਗੋ ਜਿਹੇ ਸਰਮਾਏਦਾਰ ਹੈਣ ਤਾਂ ਖ਼ੂਨ-ਪੀਣੀਆਂ ਜੋਕਾਂ, ਪਰ ਇਹ ਦਿਖਾਵਾ ਕਰ ਰਹੇ ਨੇ ਦਾਨ-ਪੁੰਨ ਕਰਨ ਵਾਲੇ ਧਰਮੀ ਜਿਊੜੇ ਹੋਣ ਦਾ।

ਇਨਕਲਾਬੀ ਪੈਗ਼ਾਮ ਦੇਣ ਵਾਲੇ ਇਸ ਇਤਿਹਾਸਕ ਬ੍ਰਿਤਾਂਤ ਨੂੰ ਅਸੀਂ ਇੱਕ ਕਰਾਮਾਤ ਤੱਕ ਹੀ ਸੀਮਤ ਕਰ ਦਿੱਤਾ ਹੈ। ਇਸ ਦੇ ਅਰਥਾਂ ਦਾ ਗਹਿਰ-ਗੰਭੀਰ ਮੁਤਾਲਿਆ ਕਰਨ ਦੀ ਥਾਵੇਂ ਅਸੀਂ ਭਾਗੋ ਦੀ ਰੋਟੀ ’ਚੋਂ ਲਹੂ ਤੇ ਲਾਲੋ ਦੀ ਰੋਟੀ ’ਚੋਂ ਦੁੱਧ ਚੁਆ ਰਹੇ ਗੁਰੂ ਨਾਨਕ ਜੀ ਨੂੰ ‘ਕਰਾਮਾਤੀ’ ਬਣਾ ਕੇ ਪੂਜਣਾ ਜ਼ਰੂਰੀ ਸਮਝ ਲਿਆ, ਬਜਾਏ ਇਸ ਦੇ ਕਿ ਉਹਨਾ ਦੇ ਫਲਸਫੇ ਨੂੰ ਜੀਵਨ ਦਾ ਆਧਾਰ ਬਣਾਇਆ ਜਾਂਦਾ। ਅਸੀਂ ਭੀੜਾਂ ਦਾ ਹਿੱਸਾ ਬਣ ਕੇ ਗੁਰੂ ਬਾਬੇ ਦੀ ਬਖਸ਼ੀ ਜੀਵਨ-ਜੁਗਤਿ ਨੂੰ ਪਾਸੇ ਹੀ ਕਰ ਦਿੱਤਾ। ਸਾਖੀ ਦੇ ਕੰਨ-ਰਸ ਵਾਲੇ ਗੀਤ ਬਣਾ ਕੇ ਗਾਉਣੇ ਸ਼ੁਰੂ ਕਰ ਦਿੱਤੇ।

ਸਮੇਤ ਜਨਮ-ਸਾਖੀਆਂ ਜਾਂ ਹੋਰ ਗ੍ਰੰਥਾਂ ਵਿੱਚ, ਜਿਨ੍ਹਾਂ ਵਿੱਚ ਗੁਰੂ ਨਾਨਕ-ਭਾਈ ਲਾਲੋ ਮਿਲਣੀ ਦਾ ਉਕਤ ਉਲੇਖ ਮਿਲਦਾ ਹੈ, ਇਹ ਕਿਤੇ ਦਰਜ ਨਹੀਂ ਕਿ ਗੁਰੂ ਨਾਨਕ ਜੀ ਨੇ ਭਾਈ ਲਾਲੋ ਨੂੰ ਇਹ ਹਦਾਇਤ ਦਿੱਤੀ ਹੋਵੇ ਕਿ ਤੂੰ ਭਾਈ ਸਿੱਖਾ, ਆਪਣਾ ਕੰਮ-ਕੁੰਮ ਛੱਡ ਕੇ ਹਰ ਸੰਗਰਾਂਦੇ ਮੈਨੂੰ ਮਿਲਣ ਆਇਆ ਕਰ, ਜਾਂ ਮੱਸਿਆ-ਪੁੰਨਿਆ ’ਤੇ ਮੈਨੂੰ ਦਾਨ-ਦੱਛਣਾ ਦੇਣ ਪਹੁੰਚਿਆ ਕਰ। ਨਾ ਹੀ ਉਸ ਨੂੰ ਇਹ ਕਸ਼ਟ ਦਿੱਤਾ ਕਿ ਤੂੰ ਮੇਰੇ ਪਹਿਲੇ ਜਨਮਾਂ ਵਿੱਚ ਕੀਤੀ ਤਪੱਸਿਆ ਵਾਲਾ ਅਸਥਾਨ ਢੂੰਡ ਕੇ ਹਰ ਹਾਲ ਡਿੱਗਦਾ-ਢਹਿੰਦਾ ਜ਼ਿਆਰਤ ਕਰਨ ਜ਼ਰੂਰ ਪੁੱਜਿਆ ਕਰ। ਹਾਂ, ਉਸ ਨੂੰ ਦੂਰ-ਦੁਰਾਡੇ ਕਿਤੇ ਟੱਕਰਾਂ ਮਾਰਨ ਨਾਲੋਂ ਇਹ ਆਖਿਆ ਕਿ ‘ਘਰਿ ਘਰਿ ਅੰਦਰ ਧਰਮਸਾਲ॥

ਇਨ੍ਹਾਂ ਸਤਰਾਂ ਦੇ ਲੇਖਕ ਦੀ ਤੁੱਛ ਬੁੱਧੀ ਅਨੁਸਾਰ ਘਰ ਵਿੱਚ ‘ਧਰਮਸਾਲ ਬਣਾਉਣ’ ਦਾ ਕੇਵਲ ਇਹੋ ਮੰਤਵ ਨਹੀਂ ਹੋ ਸਕਦਾ ਕਿ ਗ੍ਰਹਿਸਤੀ ਆਪਣੇ ਘਰ ਵਿੱਚ ਢੋਲਕੀਆਂ-ਛੈਣੇ ਵਜਾ ਕੇ ਬਾਣੀ ਗਾਈ ਜਾਣ। ਦਰਅਸਲ ਇਹ ਤਜਰਬੇ ਵਾਲੀ ਗੱਲ ਹੈ ਕਿ ਜਦੋਂ ਮਾਂ-ਬਾਪ ਧੀਆਂ-ਪੁੱਤਰ ਸਾਰੇ ਇਕੱਠੇ ਹੋ ਕੇ ਟਿਕਾਉ ਵਿੱਚ ਬੈਠੇ ਹੋਣ ਤਾਂ ਉੱਥੇ ਪ੍ਰਲੋਕ ਨਾਲੋਂ ਇਸ ਲੋਕ ਦੀ ਵਧੇਰੇ ਚਰਚਾ ਹੁੰਦੀ ਹੈ। ਜਿਵੇਂ ਗੁਰੂ ਨਾਨਕ ਤੇ ਭਾਈ ਲਾਲੋ ਨੇ ਨੇੜੇ-ਨੇੜੇ ਹੋ ਕੇ ਸਮੇਂ ਦੇ ਹੰਕਾਰੀ ਸਰਮਾਏਦਾਰ ਭਾਗੋ ਦਾ ਗਰੂਰ ਤੋੜਨ ਦੀਆਂ ਗੱਲਾਂ ਕੀਤੀਆਂ ਸਨ, ਇਵੇਂ ਬਾਬਾ ਗੁਰੂ ਨਾਨਕ ਜੀ ਦਾ ਸੰਦੇਸ਼ ਹੈ ਕਿ ਆਪਣੇ ‘ਸਮਿਆਂ ਦੇ ਬਾਬਰਾਂ’ ਦੀ ਹੈਂਕੜ ਤੋੜ ਕੇ ਸੱਚੇ-ਸੁੱਚੇ ਕਿਰਤੀਆਂ ਨੂੰ ਵਡਿਆਇਆ ਜਾਵੇ। ਉਹਨਾਂ ਦੇ ਸਾਥੀ ਬਣਿਆ ਜਾਵੇ। ਉਹਨਾਂ ਨਾਲ ਹਿੱਕ ਤਾਣ ਕੇ ਸੱਚ ਦਾ ਪੱਖ ਪੂਰਿਆ ਜਾਵੇ।

ਗੁਰੂ ਨਾਨਕ ਦੇ ਅਜੋਕੇ ਪੈਰੋਕਾਰ ਕਹਾਉਣ ਵਾਲਿਆਂ ਨੂੰ ਇਸ ਲੋਕ ਦੀ ਨਹੀਂ, ਸਗੋਂ ਪ੍ਰਲੋਕ ਸੁਧਾਰਨ ਦੀ ਚਿੰਤਾ ਪਈ ਹੋਈ ਹੈ। ਗੁਰੂ ਨਾਨਕ ਜੀ ਤਾਂ ਸਪੱਸ਼ਟ ਆਖਦੇ ਨੇ ਕਿ ਹੋਰ ਅਗਲੇ-ਪਿਛਲੇ ਜਨਮਾਂ ਦੀ ਚਿੰਤਾ ਨਾਲੋਂ ਇਸ ਜੀਵਨ ਨੂੰ ਸੁਚੱਜਾ ਤੇ ਸੁਹਾਵਣਾ ਬਣਾਉਣ ਦਾ ਉੱਦਮ ਕਰ-‘ਜੀਵਨ ਤਲਬ ਨਿਵਾਰਿ’-ਅੱਗੇ ਗੁਰੂ ਜੀ ਤੀਰਥ ਭ੍ਰਮਣ ਦਾ ਖੰਡਨ ਕਰਦਿਆਂ ਫਰਮਾਉਂਦੇ ਨੇ :

ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ॥
ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ॥

‘ਅੰਜਨ ਮਾਹਿ ਨਿਰੰਜਨ’ ਰਹਿ ਕੇ ਸਾਵੀਂ-ਪੱਧਰੀ ਜ਼ਿੰਦਗੀ ਜਿਊਣ ਦੀ ਥਾਂ ਮਾਡਰਨ ਧਰਮੀ ਔਖੇ ਹੋ ਕੇ ਕਸ਼ਟ ਭੋਗਦਿਆਂ ਮਨ-ਘੜਤ ਤੀਰਥਾਂ ’ਤੇ ਜਾ ਕੇ ਪਤਾ ਨਹੀਂ ਕਿਹੜੇ ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਨੇ?

# ਸੰਪਰਕ : 001-408-915-1268


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top