Share on Facebook

Main News Page

ਸ. ਪ੍ਰਭਦੀਪ ਸਿੰਘ, ਟਾਈਗਰ ਜੱਥਾ ਯੂ.ਕੇ. ਨੇ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ, ਕੈਨੇਡਾ ਵਿਖੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ

ਪਿਛਲੇ ਦਿਨੀਂ ਬਾਲਟੀਮੋਰ, ਅਮਰੀਕਾ ਵਿਖੇ ਹੋਏ ਇਤਿਹਾਸਿਕ "ਪਹਿਲੇ ਸਿੱਖ ਜਾਗਰੂਕਤਾ ਸੈਮੀਨਾਰ" 'ਚ ਸ਼ਾਮਿਲ ਹੋਣ ਤੋਂ ਬਾਅਦ ਸ. ਪ੍ਰਭਦੀਪ ਸਿੰਘ ਇੱਕ ਦਿਨਾ ਫੇਰੀ 'ਤੇ ਮੰਗਲਵਾਰ 09 ਜੁਲਾਈ 2013 ਨੂੰ ਬਰੈਂਪਟਨ ਵਿਖੇ ਗੁਰੁਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ (ਪੀਟਰ ਰੌਬਰਟਸਨ ਅਤੇ ਡਿਕਸੀ ਰੋਡ ਇੰਟਰਸੈਕਸ਼ਨ) ਵਿਖੇ ਸ਼ਾਮ 07:30 ਤੋਂ 08:30 ਵਜੇ ਤੱਕ ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਉਨ੍ਹਾਂ ਨੇ "ਗੁਰਦੁਆਰਿਆਂ ਦਾ ਸਿੱਖੀ ਵਿੱਚ ਕੀ ਰੋਲ ਹੈ" ਵਿਸ਼ੇ 'ਤੇ ਸਲਾਈਡ ਸ਼ੋ ਰਾਹੀਂ ਆਪਣੇ ਵੀਚਾਰ ਪੇਸ਼ ਕੀਤੇ।

ਉਨ੍ਹਾਂ ਭਾਈ ਕਾਹਨ ਸਿੰਘ ਨਾਭਾ ਦੁਆਰਾ ਦਿੱਤੀ ਗਈ ਗੁਰਦੁਆਰੇ ਦੀ ਪਰੀਭਾਸ਼ਾ ਨੂੰ ਵਿਸਥਾਰ ਪੂਰਵਕ ਸੰਗਤਾਂ ਸਾਹਮਣੇ ਰਖਿਆ।

1) ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ ਹੈ
2) ਗੁਰਦੁਆਰਾ ਆਤਮ ਜਿਗਿਆਸੂਆਂ ਲਈ ਗਿਆਨ ਉਪ੍ਦੇਸਕ ਆਚਾਰਿਆ ਹੈ
3) ਗੁਰਦੁਆਰਾ ਰੋਗੀਆਂ ਲਈ ਸਫਾਖਾਨਾ ਹੈ
4) ਭੁਖਿਆਂ ਲਈ ਅੰਨਪੂਰਣਾ ਹੈ
5) ਇਸਤਰੀ ਜਾਤੀ ਦੀ ਪੱਤ ਰਖਣ ਲਈ ਲੋਹਮਈ ਦੁਰਗ ਹੈ
6) ਮੁਸਾਫਰਾਂ ਲਈ ਵਿਸ਼ਰਾਮ ਘਰ

ਉਨ੍ਹਾਂ ਕਿਹਾ ਕਿ ਗੁਰਦੁਆਰਾ ਇਕ ਦੁਆਰ ਹੈ ਜਿਥੇ ਆ ਕੇ ਸਾਨੂੰ ਸੰਸਾਰ ਰੂਪੀ ਵੱਡੇ ਦੁਆਰ 'ਚ ਕਿਸ ਤਰ੍ਹਾਂ ਜੀਵਨ ਬਤੀਤ ਕਰਨਾ ਹੈ, ਬਾਰੇ ਪਤਾ ਚਲਦਾ ਹੈ। ਗੁਰਦੁਆਰਾ ਇਕ ਪਾਠਸ਼ਾਲਾ ਹੈ, ਸਕੂਲ ਹੈ, ਜਿਥੇ ਆ ਕੇ ਅਸੀਂ ਗੁਰੂ ਵਲੋਂ ਦੱਸੇ ਮਾਰਗ 'ਤੇ ਚਲਕੇ ਆਪਣਾ ਜੀਵਨ ਵਧੀਆ ਬਣਾਉਂਦੇ ਹਾਂ। ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧ 'ਚ ਆਈ ਗਿਰਾਵਟ ਬਾਰੇ ਵੀ ਚਾਨਣਾ ਪਾਇਆ, ਅਤੇ ਆਸ ਕੀਤੀ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖੀ ਦਾ ਬੂਟਾ ਲਾਇਆ ਸੀ, ਗੁਰਦੁਆਰੇ ਇਸ ਬੂਟੇ ਨੂੰ ਸੰਭਾਲ ਸਕਣਗੇ। ਉਨ੍ਹਾਂ ਨੇ ਸਲਾਈਡ ਸ਼ੋ ਦਾ ਅੰਤ ਭਾਈ ਗੁਰਦਾਸ ਜੀ ਦੇ ਕਬਿੱਤ ਨਾਲ ਕੀਤਾ:

ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ ।
ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ, ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ ।
ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ ।
ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ, ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ


ਥੋੜੇ ਸਮੇਂ 'ਚ ਉਲੀਕੇ ਗਏ ਸਮਾਗਮ ਵਿੱਚ ਸੰਗਤਾਂ ਹੁੰਮਹੁਮਾ ਕੇ ਪੁੱਜੀਆਂ, ਅਤੇ ਸ. ਪ੍ਰਭਦੀਪ ਸਿੰਘ ਨੂੰ ਫਿਰ ਖੁੱਲਾ ਸਮਾਂ ਕੱਢ ਕੇ ਆਉਣ ਲਈ ਬੇਨਤੀ ਕੀਤੀ। ਇਸ ਸਮਾਗਮ ਨੂੰ ਸਫਲ ਬਣਾਉਣ 'ਚ ਸ. ਗੁਰਦੇਵ ਸਿੰਘ ਸੱਧੇਵਾਲੀਆ, ਸ. ਬਲਵਿੰਦਰ ਸਿੰਘ ਬਾਲਟੀਮੋਰ ਅਤੇ ਸਾਥੀਆਂ ਨੇ, ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਬਹੁਤ ਸਾਥ ਦਿੱਤਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top