ਜਪੁਜੀ ਦੇ ਹਰ ਰੋਜ਼ ਗਿਆਰਾਂ ਗਿਆਰਾਂ ਪਾਠ ਕਰਨ ਵਾਲਾ ਸਿੱਖ ਵੀ ਜੇ ਕਪਾਲ ਮੋਚਨ ਨਹਾਉਣ ਜਾਂਦਾ ਹੈ ਤਾਂ ਸਮਝੋ ਉਸ ਨੇ ਅਕਲ ਨਾਲ ਪਾਠ ਪੜ੍ਹਿਆ ਤੇ ਵੀਚਾਰਿਆ ਨਹੀਂ: ਭਾਈ ਪੰਥਪ੍ਰੀਤ ਸਿੰਘ

ਜੇ ਸਿੱਖਾਂ ਨੇ ਆਪਣਾ ਸਹਿਜ ਪਾਠ ਆਪ ਕਰਨੇ ਸ਼ੁਰੂ ਨਾ ਕੀਤੇ ਤੇ ਲੜੀਆਂ ਜਾਂ ਇਕੋਤਰੀਆਂ ਤੇ ਸੰਪਟ ਪਾਠਾਂ ਲਈ ਪੈਸੇ ਜਮ੍ਹਾਂ ਕਰਵਾਉਣੇ ਜਾਰੀ ਰੱਖੇ ਤਾਂ ਇਨ੍ਹਾਂ ਲੜੀਆਂ ਦਾ ਭੋਗ ਪਾਉਂਦੇ ਪਾਉਂਦੇ ਇਹ ਬੂਬਨੇ ਸਿੱਖੀ ਦਾ ਭੋਗ ਪਾ ਦੇਣਗੇ

ਬਠਿੰਡਾ, 9 ਜੁਲਾਈ (ਕਿਰਪਾਲ ਸਿੰਘ): ਜਪੁਜੀ ਸਾਹਿਬ ਦੇ ਹਰ ਰੋਜ਼ ਗਿਆਰਾਂ ਗਿਆਰਾਂ ਪਾਠ ਕਰਨ ਵਾਲਾ ਸਿੱਖ ਵੀ ਜੇ ਕਪਾਲ ਮੋਚਨ ਨਹਾਉਣ ਜਾਂਦਾ ਹੈ ਤਾਂ ਸਮਝੋ ਉਸ ਨੇ ਅਕਲ ਨਾਲ ਪਾਠ ਪੜ੍ਹਿਆ ਤੇ ਵੀਚਾਰਿਆ ਨਹੀਂ ਹੈ। ਇਹ ਸ਼ਬਦ ਇੱਥੋਂ ਤਕਰੀਬਨ 25 ਕਿਲੋਮੀਟਰ ਦੂਰ ਪਿੰਡ ਦਾਨ ਸਿੰਘ ਵਾਲਾ ਵਿਖੇ ਚੱਲੇ ਦੋ ਦਿਨਾਂ ਸਮਾਗਮ ਦੇ ਅਖੀਰਲੇ ਦੀਵਾਨ ਵਿੱਚ ਗੁਰਮਤਿ ਵਖਿਆਨ ਕਰਦਿਆਂ ਹੋਇਆਂ, ਬੀਤੀ ਦੇਰ ਰਾਤ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖਤੌਰ ਵਾਲਿਆਂ ਨੇ ਕਹੇ। ਉਨ੍ਹਾਂ ਕਿਹਾ ਗੁਰਬਾਣੀ ਦਾ ਫ਼ੳਮਪ;ੁਰਮਾਨ ਹੈ ‘ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜਿ੍ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥1॥’ {ਸਾਰੰਗ ਕੀ ਵਾਰ (ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 1245} । ਇਸ ਲਈ ਸਾਨੂੰ ਧਿਆਨ ਲਾ ਕੇ ਅਤੇ ਗੁਰੂ ਤੋਂ ਅਕਲ ਲੈ ਕੇ ਗੁਰਬਾਣੀ ਪੜ੍ਹਨੀ ਸਮਝਣੀ ਅਤੇ ਆਪਣੇ ਜੀਵਨ ਵਿੱਚ ਅਪਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਜੇ 11 ਪਾਠ ਕਰਨ ਦੀ ਬਜਾਏ ਇੱਕ ਤੁਕ ‘ਸੁਣਿਐ ਅਠਸਠਿ ਕਾ ਇਸਨਾਨੁ ॥’ ਵੀ ਆਪਣਾ ਧਿਆਨ ਲਾ ਕੇ ਅਤੇ ਗੁਰੂ ਦੀ ਅਕਲ ਵਰਤ ਕੇ ਪੜ੍ਹੀ ਹੁੰਦੀ ਤਾਂ ਉਸ ਨੂੰ ਸਮਝ ਆ ਜਾਂਦੀ ਕਿ ਅਕਾਲ ਪੁਰਖ ਦਾ ਨਾਮ ਸੁਣਨ ਅਤੇ ਉਸ ਵਿੱਚ ਸੁਰਤ ਜੋੜਨ ਨਾਲ ਮੰਨੇ ਗਏ ਸਾਰੇ ਹੀ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਇਸ ਲਈ ਕਿਸੇ ਕਪਾਲ ਮੋਚਨ ਦੇ ਤੀਰਥ ’ਤੇ ਇਸ਼ਨਾਨ ਕਰਨ ਜਾਣ ਦੀ ਕੋਈ ਲੋੜ ਨਹੀ ਸੀ ਪੈਣੀ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਈ ਵੀਰ ਇਹ ਹਠ ਕਰਦੇ ਹਨ ਕਿ ਗੁਰਬਾਣੀ ਜਿਵੇਂ ਲਿਖੀ ਹੈ ਉਸੇ ਤਰ੍ਹਾਂ ਹੀ ਪੜ੍ਹਨੀ ਚਾਹੀਦੀ ਹੈ। ਪਰ ਜਦ ਉਸ ਨੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰਨ ਸਮੇਂ ‘ਫ਼ਲਟ;ਫ਼ਗਟ; ’ ਦਾ ਪਾਠ ‘ਇੱਕ ਓਅੰਕਾਰ’ ਕੀਤਾ ਤਾਂ ਉਸ ਨੂੰ ਪੁੱਛਿਆ ਗਿਆ ਕਿ ਜਿਵੇਂ ਲਿਖਿਆ ਹੈ ਉਵੇਂ ਤਾਂ ਪਾਠ ਕੀਤਾ ਨਹੀਂ; ਫਿਰ ਕੀ ਇਹ ਪਾਠ ਤੂੰ ਅਕਲ ਨਾਲ ਸੋਚ ਸਮਝ ਕੇ ਕੀਤਾ ਹੈ ਜਾਂ ਜਿਵੇਂ ਲਿਖਿਆ ਹੈ ਉਵੇਂ ਕੀਤਾ ਹੈ? ਇਸ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਇਸ ਉਪ੍ਰੰਤ ‘ਸਤਿਨਾਮੁ’ ਦਾ ਪਾਠ ਕੀਤਾ ਤਾਂ ਫਿਰ ਇਸ ਦੇ ਪਿਛਲੇ ਅਖਰ ਨੂੰ ਲੱਗੀ ਔਕੜ ਦਾ ਉਚਾਰਣ ਨਾ ਕਰ ਸਕਿਆ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਦੋਂ ਅਸੀ ਗੁਰੂ ਤੋਂ ਅਕਲ ਲੈ ਕੇ ਸਮਝ ਨਾਲ ਪਾਠ ਕਰਾਂਗੇ ਤਾਂ ਸਾਨੂੰ ਇਸ ਗੱਲ ਦੀ ਸੋਝੀ ਆ ਜਾਵੇਗੀ ਕਿ ਨਾਂਵ ਸ਼ਬਦ ਦੇ ਮਗਰਲੇ ਅੱਖਰ ਨੂੰ ਲੱਗੀ ਔਂਕੜ ਉਚਾਰਣ ਲਈ ਨਹੀਂ ਬਲਕਿ ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਜਦੋਂ ਇਸ ਨਾਂਵ ਦੇ ਪਿੱਛੇ ਸਬੰਧਕੀ ਸ਼ਬਦ ਕਾ, ਕੇ, ਕੀ ਆਦਿ ਆ ਜਾਣ ਜਾਂ ਸਬੰਧਕ ਕਾਰਕੀ ਅਰਥਾਂ ਵਿੱਚ ਵਰਤਿਆ ਜਾਵੇ ਤਾਂ ਉਸ ਦੀ ਇਹ ਔਂਕੜ ਕੱਟੀ ਜਾਂਦੀ ਹੈ।

ਇਸੇ ਤਰ੍ਹਾਂ ‘ਮ: 2’ ਨੂੰ ਜਿਵੇਂ ਲਿਖਿਆ ਹੈ ਉਵੇਂ ਹੀ ‘ਮ ਦੋ ਬਿੰਦੀਆਂ 2’ ਪਾਠ ਨਹੀਂ ਕਰਾਂਗੇ ਬਲਕਿ ਇਸ ਦਾ ਸ਼ੁੱਧ ਪਾਠ ‘ਮਹਲਾ ਦੂਜਾ’ ਹੀ ਉਚਾਰਣ ਕਰਾਂਗੇ।

ਜੇਤਾ ਕੀਤਾ ਤੇਤਾ ਨਾਉ ॥’ ਅਤੇ ‘ਅੰਤਰਗਤਿ ਤੀਰਥਿ ਮਲਿ ਨਾਉ ॥’ {ਜਪੁ (ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 4} ਵਿੱਚ ਦੋਵਾਂ ਥਾਂਈ ਲਿਖਿਆ ਤਾਂ ਇੱਕੋ ਜਿਹੇ ਸ਼ਬਦ ਜੋੜਾਂ ਨਾਲ ‘ਨਾਉ’ ਹੀ ਹੈ ਪਰ ਪਹਿਲੀ ਤੁੱਕ ਵਿੱਚ ਇਹ ਅਕਾਲ ਪੁਰਖ਼ ਦੇ ਨਾਮ ਦੇ ਅਰਥਾਂ ਵਿੱਚ ਆਇਆ ਹੈ ਇਸ ਲਈ ਇਸ ਦਾ ਉਚਾਰਣ ‘ਨਾਉ’ ਹੀ ਹੋਵੇਗਾ ਪਰ ਦੂਜੀ ਤੁਕ ਵਿੱਚ ਨਹਾਉਣ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ ਇਸ ਲਈ ‘ਨ’ ਦੀ ਆਵਾਜ਼ ਨੂੰ ਭਾਰਾ ਕਰਨ ਲਈ ਇਸ ਦੇ ਨੀਚੇ ਹਲੰਤ ਜਾਂ ਅੱਧਾ ‘ਹ’ ਲਾ ਕੇ ਇਸ ਦਾ ਉਚਾਰਣ ਹੋਵੇਗਾ ‘ਨ੍ਾਓ’।

ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥’ {ਬਿਹਾਗੜਾ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 547

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥’ {ਬਿਹਾਗੜਾ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 547},

ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥’ {ਸੋਰਠਿ (ਭਗਤ ਕਬੀਰ) ਗੁਰੂ ਗ੍ਰੰਥ ਸਾਹਿਬ - ਪੰਨਾ 656}

ਉਕਤ ਤਿੰਨਾਂ ਹੀ ਤੁਕਾਂ ਵਿੱਚ ਆਇਆ ਸ਼ਬਦ ‘ਮੋਰੀ’ ਦੇ ਸ਼ਬਦ ਜੋੜ ਤਾਂ ਇੱਕ ਜਿਹੇ ਹੀ ਹਨ ਪਰ ਤਿੰਨੇ ਥਾਂਈ ਅਰਥ ਵੱਖਰੇ ਵੱਖਰੇ ਹਨ। ਪਹਿਲੀ ਤੁੱਕ ਵਿੱਚ ‘ਮੋਰੀ’ ਦੇ ਅਰਥ ਹਨ ‘ਮੇਰੀ’ ਇਸ ਦਾ ਉਚਾਰਣ ਹੋਵੇਗਾ ‘ਮੋਰੀ’। ਦੂਸਰੀ ਤੁੱਕ ਵਿੱਚ ‘ਮੋਰੀ’ ਦਾ ਅਰਥ ਹੈ ‘ਮੋਰਾਂ ਨੇ’ ਇਸ ਦਾ ਨਾਸਕੀ ਉਚਾਰਣ ਹੋਵੇਗਾ ‘ਮੋਰੀਂ’। ਤੀਜੀ ਤੁੱਕ ਵਿੱਚ ‘ਮੋਰੀ’ ਦੇ ਅਰਥ ਹਨ ਆਤਮਕ ਜਾਂ ਇਖਲਾਕੀ ਕਮਜੋਰੀ, ਇਸ ਦਾ ਉਚਾਰਣ ਬਿਨਾ ਬਿੰਦੀ ਤੋਂ ‘ਮੋਰੀ’ ਹੋਵੇਗਾ।

ਜਿਹੜੇ ਵਿਅਕਤੀ ਅਰਥਾਂ ਦੀ ਸਪਸ਼ਟਤਾ ਲਈ ਨਾਸਕੀ ਉਚਾਰਣ ਕਰਨ ਵਾਸਤੇ ‘ਬਿੰਦੀ’ ਲਾਉਣ ਦਾ ਵਿਰੋਧ ਕਰਦੇ ਹਨ ਉਹ ਇਸ ਗੱਲ ਦੀ ਵੀਚਾਰ ਕਰਨ ਕਿ ਜੇ ਉਨ੍ਹਾਂ ਦੇ ਹਿਸਾਬ ਨਾਲ ‘ਮਹਲਾ’ ਦਾ ‘ਦੁੱਤ’ ਉਚਾਰਣ ‘ਮਹੱਲਾ’ ਕਰਣਾ ਜਾਇਜ਼ ਹੈ ਤਾਂ ਨਾਸਕੀ ਉਚਾਰਣ ਕਰਨਾ ਜਾਇਜ਼ ਕਿਉਂ ਨਹੀਂ ਹੈ। ਇਸ ਤਰ੍ਹਾਂ ਜਿਵੇਂ ਲਿਖਿਆ ਹੈ ਉਵੇਂ ਪਾਠ ਕਰਨ ਵਾਲਿਆਂ ਦਾ ਹਠ ਤਾਂ ਹੋ ਸਕਦਾ ਹੈ ਪਰ ਉਨ੍ਹਾਂ ਕੋਲ ਸ਼ਬਦ ਦੀ ਵੀਚਾਰ ਨਹੀਂ ਹੈ।

ਭਾਈ ਪੰਥ ਪ੍ਰੀਤ ਸਿੰਘ ਨੇ ਕਿਹਾ ਜਿਨ੍ਹਾਂ ਕੋਲ ਸ਼ਬਦ ਦੀ ਵੀਚਾਰ ਨਹੀਂ ਉਹ ਸੇਵਾ ਦੇ ਵੀ ਬੜੇ ਉਲਟੇ ਅਰਥ ਕੱਢ ਰਹੇ ਹਨ। ਉਨ੍ਹਾਂ ਕਿਹਾ ਗੁਰਦੁਆਰਿਆਂ ਦੇ ਕਲਸਾਂ ’ਤੇ ਸੋਨੇ ਦੀ ਸੇਵਾ, ਸੋਨੇ ਦੀ ਪਾਲਕੀ ਤੇ ਸੋਨੇ ਦੇ ਖੰਡੇ ਦੀ ਸੇਵਾ ਕਰਨ ਵਾਲੇ ਵੀ ਬਹੁਤ ਹੀ ਪੁੱਠੇ ਰਾਹ ਪਏ ਹਨ। ਪਰ ਉਹ ਇਹ ਸੇਵਾ ਕਰ ਤਾਂ ਰਹੇ ਹਨ ਕਿਉਂਕਿ ਸੋਨੇ ਦੀ ਸੇਵਾ ਵਿੱਚ ਕੁੰਡੀ ਮੋਟੀ ਲੱਗ ਜਾਂਦੀ ਹੈ ਇਸ ਲਈ ਸੋਨਾ ਦੀ ਸੇਵਾ ਕਰਨ ਵਾਲਿਆਂ ਨੂੰ ‘ਅਕਲੀ ਕੀਚੈ ਦਾਨੁ ॥’ ਤੁਕ ਤੋਂ ਸੇਧ ਲੈਂਦੇ ਹੋਏ, ਕੋਈ ਵੀ ਪੈਸਾ ਨਹੀਂ ਦੇਣਾ ਚਾਹੀਦਾ।

ਦੂਜੀ ਗਲਤ ਸੇਵਾ ਚੱਲ ਰਹੀ ਹੈ ਲੰਗਰ ਦੀ ਸੇਵਾ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਲੰਗਰ ਤਿੰਨ ਤਰ੍ਹਾਂ ਦਾ ਹੁੰਦਾ ਪਰ ਸਿੱਖ ਦੋ ਤਰ੍ਹਾਂ ਦੇ ਲੰਗਰ ਤਾਂ ਭੁੱਲ ਹੀ ਚੁੱਕੇ ਹਨ ਤੇ ਸਾਰਾ ਜੋਰ ਪ੍ਰਸ਼ਾਦਿਆਂ, ਬ੍ਰੈੱਡ ਪਕੌੜਿਆਂ ਤੇ ਦੇਸੀ ਘਿਉ ਦੀਆਂ ਜਲੇਬੀਆਂ ਦੇ ਲੰਗਰਾਂ ’ਤੇ ਲਾ ਰਹੇ ਹਨ। ਉਨ੍ਹਾਂ ਕਿਹਾ ਲੰਗਰ ਭੁੱਖੇ ਦਾ ਪੇਟ ਭਰਨ ਲਈ ਹੁੰਦਾ ਹੈ ਪਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ 10-10 20-20 ਲੱਖ ਦੀਆਂ ਕਾਰਾਂ ਵਿੱਚ ਜਾ ਰਿਹਿਆਂ, ਨੂੰ ਜ਼ਬਰ ਦਸਤੀ ਸੜਕਾਂ ’ਤੇ ਰੋਕ ਕੇ ਬ੍ਰੈੱਡ ਪਕੌੜਿਆਂ ਤੇ ਜਲੇਬੀਆਂ ਦਾ ਲੰਗਰ ਛਕਾਉਣ ਵਾਲਿਆਂ ਨੂੰ ਨਹੀਂ ਪਤਾ ਕਿ ਇਨ੍ਹਾਂ ਨੂੰ ਲੰਗਰਾਂ ਦੀ ਕੀ ਲੋੜ ਹੈ; ਤੇ ਉਹ ਕਿਸ ਖ਼ੁਸੀ ਵਿੱਚ ਜਲੇਬੀਆਂ ਤੇ ਪਕੌੜਿਆਂ ਦੇ ਲੰਗਰ ਲਾ ਰਹੇ ਹਨ? ਇਸ ਲਈ ਅਜੇਹੀ ਸੇਵਾ ਕਰਨ ਵਾਲਿਆਂ ਨੂੰ ਵੀ ਕੋਈ ਪੈਸਾ ਨਹੀ ਦੇਣਾ ਚਾਹੀਦਾ।

ਉਨ੍ਹਾਂ ਕਿਹਾ ਗੁਰਬਾਣੀ ਵਿੱਚ ਦੂਜੀ ਕਿਸਮ ਦਾ ਲੰਗਰ ਹੈ, ਜਿਸ ਦਾ ਵਰਨਣ ਇਸ ਤਰ੍ਹਾਂ ਕੀਤਾ ਗਿਆ: ‘ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥’ {ਰਾਮਕਲੀ ਕੀ ਵਾਰ:3 (ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ - ਪੰਨਾ 967} ਭਾਵ ਪੇਟ ਦੀ ਭੁੱਖ ਦੂਰ ਕਰਨ ਲਈ ਲਾਏ ਲੰਗਰ ਦੇ ਨਾਲ ਨਾਲ ਲੋੜਵੰਦ ਗਰੀਬ ਵਿਅਕਤੀ ਦੀਆਂ ਕਪੜੇ, ਜੁਤੀ ਆਦਿਕ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਉਸ ਦੀ ਆਰਥਕ ਮੱਦਦ ਕਰਨੀ ਹੈ। ਤੀਜੀ ਕਿਸਮ ਦਾ ਲੰਗਰ ਹੈ: ‘ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥’ {ਰਾਮਕਲੀ ਕੀ ਵਾਰ:3 (ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ - ਪੰਨਾ 967} ਭਾਵ ਗੁਰਬਾਣੀ ਦੇ ਗੁਟਕੇ, ਸਟੀਕਾਂ ਤੇ ਗੁਰਮਤਿ ਦਾ ਪ੍ਰਚਾਰ ਕਰਨ ਵਿੱਚ ਸਹਾਈ ਹੋਣ ਵਾਲੇ ਲੇਖ ਛਪਵਾ ਕੇ ਵੰਡਣੇ। ਸਿੱਖ ਇਨ੍ਹਾਂ ਦੋ ਲੰਗਰਾਂ ਨੂੰ ਤਾਂ ਬਿਲਕੁਲ ਭੁੱਲ ਚੁੱਕੇ ਹਨ। ਸੋ ਜਲੇਬੀਆਂ ਤੇ ਪਕੌੜਿਆਂ ਦੇ ਵੰਨ ਸੁਵੰਨੇ ਲੰਗਰਾਂ ਵਿੱਚ ਪੈਸਾ ੳਜਾੜਨ ਦੀ ਥਾਂ ਗੁਰੂ ਤੋਂ ਸੇਧ ਅਤੇ ਅਕਲ ਲੈ ਕੇ ਇਨ੍ਹਾਂ ਦੋ ਤਰ੍ਹਾਂ ਦੇ ਲੰਗਰਾਂ ਵਿੱਚ ਗੁਰਸਿੱਖ ਨੂੰ ਆਪਣਾ ਦਸਵੰਧ ਖਰਚਣਾ ਚਾਹੀਦਾ ਹੈ।

ਇੱਕ ਹੋਰ ਸੇਵਾ ਦੇ ਨਾਮ ’ਤੇ ਪੈਸਾ ਉਜਾੜਿਆ ਜਾ ਰਿਹਾ ਹੈ; ਉਹ ਹੈ ਗੁਰੂ ਗ੍ਰੰਥ ਸੇਵਾ ਦੇ ਨਾਮ ’ਤੇ ਰੁਮਾਲੇ ਭੇਟ ਕਰਨ ਦੀ ਲੱਗੀ ਹੋੜ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਹਰ ਗੁਰੂ ਘਰ ਖਾਸ ਕਰਕੇ ਦਰਬਾਰ ਸਾਹਿਬ ਵਰਗੇ ਵੱਡੇ ਇਤਿਹਾਸਕ ਗੁਰਦੁਆਰਿਆਂ ਵਿੱਚ ਰੁਮਾਲੇ ਇਤਨੀ ਵੱਡੀ ਗਿਣਤੀ ਵਿੱਚ ਪਏ ਹਨ ਕਿ ਉਨ੍ਹਾਂ ਦ ਸੇਵਾ ਸੰਭਾਲ ਕਰਨੀ ਬਹੁਤ ਮੁਸ਼ਕਲ ਹੋਈ ਪਈ ਹੈ। ਕਈ ਥਾਂਈ ਇਨ੍ਹਾਂ ਰੁਮਾਲਿਆਂ ਨੂੰ ਚੋਰੀਓਂ ਵੇਚਣ ਦੇ ਸਕੈਂਡਲ ਸਾਹਮਣੇ ਆ ਰਹੇ ਹਨ ਤੇ ਕਈ ਥਾਂਈ ਲੱਖਾਂ ਰੁਪਿਆਂ ਦੇ ਰੁਮਾਲੇ ਸਾੜੇ ਜਾ ਰਹੇ ਹਨ। ਉਨ੍ਹਾਂ ਕਿਹਾ ਰੁਮਾਲੇ ਭੇਟ ਕਰਨ ਸਮੇਂ ਗ੍ਰੰਥੀ ‘ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥’ {ਗੂਜਰੀ ਕੀ ਵਾਰ:2 (ਮ: 5) ਗੁਰੂ ਗ੍ਰੰਥ ਸਾਹਿਬ - ਪੰਨਾ 520} ਪੜ੍ਹ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਰੁਮਾਲਿਆਂ ਨਾਲ ਗੁਰੂ ਦੀ ਪਤ ਢੱਕਣ ਵਾਲੇ ਅਸੀਂ ਕੌਣ ਹੁੰਦੇ ਹਾਂ? ਸਗੋਂ ਗੁਰੂ ਆਪਣੀ ਕ੍ਰਿਪਾ ਦ੍ਰਿਸ਼ਟੀ ਕਰਕੇ ਸਾਡੀ ਨਿਰਗੁਣਿਆਂ ਦੀ ਪਤ ਢਕਦਾ ਹੈ ਤੇ ਉਸ ਨੂੰ ਸਾਡੀ ਪਤ ਢੱਕਣ ਲਈ ਇਨ੍ਹਾਂ ਰੁਮਾਲਿਆਂ ਦੀ ਲੋੜ ਨਹੀਂ ਬਲਕਿ ਗੁਰੂ ਨਾਲ ਸਾਡਾ ਪ੍ਰੇਮ ਤੇ ਗੁਰੂ ਦੀ ਸਾਡੇ ਉਪਰ ਕ੍ਰਿਪਾਦ੍ਰਿਸ਼ਟੀ ਦੀ ਲੋੜ ਹੈ।

ਅਖੀਰ ’ਤੇ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਪੈਸੇ ਦੇ ਕੇ ਕਰਾਏ (ਅਣਸੁਣੇ) ਪਾਠ ਦਾ ਕੋਈ ਲਾਭ ਨਹੀਂ ਹੈ। ਲੜੀਆਂ ਤੇ ਇਕੋਤਰੀਆਂ ਕਰਾਉਣੀਆਂ ਬਾਣੀ ਤੋਂ ਸੇਧ ਲੈਣ ਦੀ ਬਜਾਏ ਇਸ ਨੂੰ ਕਮਾਈ ਸਾਧਣ ਬਣਾਉਣ ਲਈ ਰਚਿਆ ਗਿਆ ਇੱਕ ਢੌਂਗ ਹੈ ਜਿਸ ਨੂੰ ਗੁਰੂ ਸਾਹਿਬ ਜੀ ਨੇ ‘ਹੋਰਿ ਗਲਾਂ ਸੈਤਾਨੁ’ ਕਿਹਾ ਹੈ ਭਾਵ ਮਿਹਨਤ ਕਸ਼ਾਂ ਦੀ ਕਮਾਈ ਲੁੱਟਣ ਲਈ ਇਹ ਸ਼ੈਤਾਨਾਂ ਦੀਆਂ ਚਾਲਾਂ ਹਨ। ਇਸ ਲਈ ਕਿਸੇ ਇਤਿਹਾਸਕ ਥਾਂ ਜਾਂ ਚੱਲ ਰਹੀਆਂ ਪਾਠਾਂ ਦੀਆਂ ਲੜੀਆਂ ਵਿੱਚ ਜਿਥੇ ਨਾ ਪਾਠ ਸੁਣਾਇਆਂ ਜਾਂਦਾ ਤੇ ਨਾ ਹੀ ਕੋਈ ਪਾਠ ਸੁਣ ਸਕਦਾ ਹੈ; ਵਿੱਚ ਪਾਠ ਕਰਾਉਣ ਲਈ ਕਿਸੇ ਵੀ ਥਾਂ, ਚਾਹੇ ਉਹ ਕੋਈ ਡੇਰਾ, ਠਾਠ ਹੋਵੇ ਜਾਂ ਸ਼੍ਰੋਮਣੀ ਕਮੇਟੀ ਹੋਵੇ; ਕੋਈ ਵੀ ਪੈਸਾ ਜਮ੍ਹਾਂ ਨਹੀਂ ਕਰਵਾਉਣਾ ਚਾਹੀਦਾ ਤੇ ਗੁਰਬਾਣੀ ਵੀਚਾਰ ਸਹਿਤ ਸਹਿਜ ਪਾਠ ਖ਼ੁਦ ਕਰਨਾ ਚਾਹੀਦਾ ਹੈ ਭਾਵੇਂ ਇਸ ਸਹਿਜ ਪਾਠ ਦਾ ਭੋਗ ਸਾਲ ਜਾਂ ਦੋ ਸਾਲ ਵਿੱਚ ਹੀ ਕਿਉਂ ਨਾ ਪਵੇ। ਜੇ ਸਿੱਖਾਂ ਨੇ ਆਪਣਾ ਸਹਿਜ ਪਾਠ ਆਪ ਕਰਨੇ ਸ਼ੁਰੂ ਨਾ ਕੀਤੇ ਤੇ ਲੜੀਆਂ ਜਾਂ ਇਕੋਤਰੀਆਂ ਤੇ ਸੰਪਟ ਪਾਠਾਂ ਲਈ ਪੈਸੇ ਜਮ੍ਹਾਂ ਕਰਵਾਉਣੇ ਜਾਰੀ ਰੱਖੇ ਤਾਂ ਇਨ੍ਹਾਂ ਲੜੀਆਂ ਦਾ ਭੋਗ ਪਾਉਂਦੇ ਪਾਉਂਦੇ ਇਹ ਬੂਬਨੇ ਸਿੱਖੀ ਦਾ ਭੋਗ ਪਾ ਦੇਣਗੇ।