Share on Facebook

Main News Page

ਸ਼੍ਰੋਮਣੀ ਕਮੇਟੀ ਨੂੰ ਆਪਹੁਦਰੇ ਢੰਗ ਨਾਲ ਕੌਮ ਦਾ ਕੈਲੰਡਰ ਬਦਲਣ ਦਾ ਕੋਈ ਹੱਕ ਨਹੀਂ ਹੈ
-: ਭਾਈ ਪੰਥਪ੍ਰੀਤ ਸਿੰਘ

* ਹੈਰਾਨੀ ਹੈ ਕਿ ਗਾਂਧੀ, ਨਹਿਰੂ ਦਾ ਜਨਮ ਦਿਨ ਤਾਂ ਬੱਚੇ ਬੱਚੇ ਨੂੰ ਯਾਦ ਹੈ ਪਰ ਗੁਰਪੁਰਬ ਕਿਸੇ ਸਿੱਖ ਨੂੰ ਯਾਦ ਨਹੀਂ ਹਨ
* ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਬਹਾਲ ਕਰਨ ਲਈ ਪੰਜਾਬ ਦੇ ਤਿੰਨੇ ਜਥੇਦਾਰਾਂ ਨੂੰ ਉਨ੍ਹਾਂ ਦੀ ਜਥੇਬੰਦੀ ਵੱਲੋਂ ਭੇਜੇ ਗਏ ਮਤੇ
* ਗਿਆਨੀ ਨੰਦਗੜ੍ਹ ਨੇ ਭਾਈ ਪੰਥਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੀ ਗੁਰਮਤਿ ਸੇਵਾ ਲਹਿਰ ਵੱਲੋਂ ਭੇਜਿਆ ਗਿਆ ਮਤਾ ਮਿਲ ਜਾਣ ਦੀ ਪੁਸ਼ਟੀ ਕੀਤੀ

ਬਠਿੰਡਾ, 9 ਜੁਲਾਈ (ਅਵਤਾਰ ਸਿੰਘ ਤੁੰਗਵਾਲੀ): ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦਾ ਸੁਚੱਜਾ ਪ੍ਰਬੰਧ ਕਰਨ ਲਈ ਹੈ, ਇਸ ਨੂੰ ਆਪਹੁਦਰੇ ਢੰਗ ਨਾਲ ਕੌਮ ਦਾ ਕੈਲੰਡਰ ਬਦਲਣ ਦਾ ਕੋਈ ਹੱਕ ਨਹੀਂ ਹੈ। ਇਹ ਸ਼ਬਦ ਇੱਥੋਂ ਤਕਰੀਬਨ 25 ਕਿਲੋਮੀਟਰ ਦੂਰ ਮਾਲਵੇ ਦੇ ਜਰਨੈਲ ਭਾਈ ਦਾਨ ਸਿੰਘ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਚੱਲੇ ਦੋ ਦਿਨਾਂ ਗੁਰਮਤਿ ਸਮਾਗਮ ਦੇ ਅਖੀਰਲੇ ਸਮਾਗਮ ਦੌਰਾਨ ਬੀਤੀ ਰਾਤ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖਤੌਰ ਵਾਲੇ ਨੇ ਕਹੇ।

ਉਨ੍ਹਾਂ ਉਦਾਹਰਣ ਦਿੱਤੀ ਕਿ ਹਸਪਤਾਲ ਦਾ ਸੁਚੱਜਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਮੈਨੇਜਰ ਦੀ ਹੈ ਪਰ ਸਰੀਰ ਦੇ ਵੱਖ ਵੱਖ ਅੰਗਾਂ ਅਤੇ ਉਨ੍ਹਾਂ ਦੀਆਂ ਵੱਖ ਵੱਖ ਬੀਮਾਰੀਆਂ ਵਾਲੇ ਮਰੀਜਾਂ ਦਾ ਇਲਾਜ ਕਰਨਾ ਤੇ ਉਨ੍ਹਾਂ ਨੂੰ ਦੁਆਈ ਦੇਣ ਦਾ ਕੰਮ ਉਸ ਬੀਮਾਰੀ ਦੇ ਮਾਹਰ ਡਾਕਟਰ ਦਾ ਹੈ। ਪਰ ਜੇ ਮੈਨੇਜਰ ਹੀ ਆਪਣੀ ਮਰਜੀ ਨਾਲ ਮਰੀਜ ਦੀ ਦੁਆਈ ਬਦਲਣ ਲੱਗ ਪਏ ਤਾਂ ਮਰੀਜ ਦਾ ਜੋ ਹਸ਼ਰ ਹੋਏਗਾ ਉਹ ਕਿਸੇ ਤੋਂ ਗੁੱਝਾ ਹੋਇਆ ਨਹੀਂ ਹੈ। ਇਸੇ ਤਰ੍ਹਾਂ ਗੁਰਦੁਆਰੇ ਦਾ ਸੁਚੱਜਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨੁਸਾਰ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਜਿੰਮੇਵਾਰੀ ਗ੍ਰੰਥੀ ਅਤੇ ਪ੍ਰਚਾਰਕ ਦੀ ਹੈ ਅਤੇ ਕੌਮ ਦਾ ਕੈਲੰਡਰ ਬਣਾਉਣ ਦਾ ਕੰਮ ਵਿਦਵਾਨਾਂ ਦਾ ਹੈ। ਸੁਚੱਜਾ ਪ੍ਰਬੰਧ ਉਸੇ ਨੂੰ ਕਿਹਾ ਜਾ ਸਕਦਾ ਹੈ ਜੇ ਇਹ ਸਾਰੇ ਈਮਾਨਦਾਰੀ ਨਾਲ ਆਪੋ ਆਪਣੇ ਫਰਜ ਸਹੀ ਢੰਗ ਨਾਲ ਨਿਭਾਉਣ। ਪਰ ਜੇ ਪ੍ਰਬੰਧਕ ਗ੍ਰੰਥੀ ਤੇ ਪ੍ਰਚਾਰਕ ਨੂੰ ਕਹਿਣ ਤੂੰ ਉਹ ਪ੍ਰਚਾਰ ਨਹੀਂ ਕਰਨਾ ਜੋ ਗੁਰੂ ਕਹਿੰਦਾ ਹੈ ਕਿਉਂਕਿ ਇਸ ਨਾਲ ਪਤਿਤ/ ਮਨਮਤੀ ਸਿੱਖਾਂ ਅਤੇ ਗੁਰੂਘਰ ਦੇ ਵਿਰੋਧੀ ਡੇਰਿਆਂ ਨਾਲ ਜੁੜੀਆਂ ਸਾਡੀਆਂ ਵੋਟਾਂ ਟੁੱਟ ਸਕਦੀਆਂ ਹਨ। ਇਸ ਲਈ ਤੂੰ ਪ੍ਰਚਾਰ ਉਹ ਕਰਨਾ ਹੈ ਜੋ ਅਸੀਂ ਕਹਿੰਦੇ ਹਾਂ। ਇਸੇ ਤਰ੍ਹਾਂ ਵੋਟਾਂ ਨੂੰ ਧਿਆਨ ਵਿੱਚ ਰੱਖ ਕੇ ਵਿਦਵਾਨਾਂ ਦੀ ਰਾਇ ਲਏ ਬਿਨਾਂ ਪ੍ਰਬੰਧਕ ਕੈਲੰਡਰ ਆਪ ਹੀ ਬਦਲਣ ਲੱਗ ਪੈਣ ਤਾਂ ਗੁਰਮਤਿ ਸਿਧਾਂਤਾਂ ਅਤੇ ਸਿੱਖ ਇਤਿਹਾਸ ਦਾ ਜੋ ਹਾਲ ਹੋਇਗਾ ਉਹ ਉਸੇ ਤਰ੍ਹਾਂ ਦਾ ਹੀ ਹੋਵੇਗਾ ਜਿਸ ਤਰ੍ਹਾਂ ਡਾਕਟਰ ਦੀ ਬਜਾਏ ਮੈਨੇਜਰ ਵੱਲੋਂ ਦਿੱਤੀ ਦੁਆਈ ਨਾਲ ਮਰੀਜ ਦਾ ਹੋਣਾ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਮੈਨੂੰ ਕੈਲੰਡਰ ਵਿਗਿਆਨ ਤੇ ਭੁਗੋਲ ਖ਼ੁਗੋਲ ਦਾ ਕੋਈ ਗਿਆਨ ਨਹੀਂ ਹੈ ਪਰ ਇਨ੍ਹਾਂ ਤਾਂ ਪਤਾ ਹੈ ਕਿ ਜੇ ਕੋਈ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦਾ ਹੈ ਤਾਂ ਉਹ ਉਸ ਦੇ ਜਨਮ ਦਿਨ ਵਾਲੀ ਨਿਸਚਤ ਤਰੀਖ ਨੂੰ ਹੀ ਮਨਾਉਂਦਾ ਹੈ ਨਾ ਕਿ ਕਿਸੇ ਸਾਲ ਮਨਾਉਂਦਾ ਹੀ ਨਹੀਂ ਤੇ ਕਿਸੇ ਸਾਲ ਵਿੱਚ ਦੋ ਵਾਰ ਮਨਾ ਲੈਂਦਾ ਹੈ। ਪਰ ਸੁਦੀਆਂ ਵਦੀਆਂ ਦੀਆਂ ਤਿਥਾਂ ਵਿੱਚ ਉਲਝੇ ਅਨਮੱਤੀ ਤੇ ਮਨਮੱਤੀ ਲੋਕਾਂ ਦੀਆਂ ਵੋਟਾਂ ਖਾਤਰ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਆਪਣੇ ਵੱਲੋਂ ਸੋਧੇ ਹੋਏ ਕੈਲੰਡਰ, ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਇੱਕ ਸਾਲ ਵਿੱਚ ਦੋ ਵਾਰ ਜਨਵਰੀ ਅਤੇ ਦਸੰਬਰ ਵਿੱਚ ਮਨਾਉਣ ਅਤੇ ਕਿਸੇ ਸਾਲ ਗੁਰਪੁਰਬ ਮਨਾੳਣਾ ਹੀ ਨਾ; ’ਤੇ ਜੋਰ ਦੇਣ ਵਾਲਿਆਂ ਲਈ ਕੀ ਗੁਰਪੁਰਬ ਦੀ ਮਹੱਤਤਾ ਇਨ੍ਹਾਂ ਦੇ ਬੱਚਿਆਂ ਦੇ ਜਨਮ ਦਿਨਾਂ ਜਿੰਨੀ ਵੀ ਨਹੀਂ ਹੈ? ਉਨ੍ਹਾਂ ਕਿਹਾ ਉਸ ਸਮੇਂ ਤਾਂ ਹਾਲਤ ਹੋਰ ਵੀ ਹਾਸੋਹੀਣੀ ਹੋ ਜਾਂਦੀ ਹੈ ਜਦੋਂ ਕਿਸੇ ਸਾਲ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ 18-20 ਦਿਨ ਪਹਿਲਾਂ ਆ ਜਾਂਦਾ ਹੈ ਤੇ ਕਿਸੇ ਸਾਲ ਕੁਝ ਦਿਨ ਪਿੱਛੋਂ ਆਉਂਦਾ ਹੈ। ਕੈਲੰਡਰ ਬਦਲਣ ਵਾਲੇ ਜਿਹੜੇ ਪ੍ਰਬੰਧਕਾਂ ਨੂੰ ਇਹ ਨਹੀਂ ਪਤਾ ਕਿ ਇਤਿਹਾਸ ਮੁਤਾਬਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦੀ ਜਿੰਮੇਵਾਰੀ ਸੌਂਪਣ ਤੋਂ ਪਿੱਛੋਂ ਜਹਾਂਗੀਰ ਦੇ ਹੁਕਮ ਨਾਲ ਲਗਾਤਰ 5 ਦਿਨ ਸਖਤ ਤਸੀਹੇ ਦੇਣ ਉਪ੍ਰੰਤ ਗੁਰੂ ਅਰਜੁਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ; ਉਹ ਕੀ ਹੱਕ ਰਖਦੇ ਹਨ ਕਿ ਆਰਐੱਸਐੱਸ ਤੇ ਡੇਰਾਵਾਦੀਆਂ ਨੂੰ ਖੁਸ਼ ਰੱਖਣ ਲਈ ਕੌਮ ਦਾ ਕੈਲੰਡਰ ਬਦਲ ਕੇ ਸਿੱਖ ਇਤਿਹਾਸ ਨੂੰ ਖਤਮ ਕਰਨ ਦਾ ਬੀੜਾ ਆਪਣੇ ਸਿਰ ਚੁੱਕ ਲੈਣ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਅੱਜ ਗੁਰੂ ਦੇ ਸਿੱਖ ਕਹਾਉਣ ਵਾਲਿਆਂ ਨੂੰ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਅਗਲਾ ਗੁਰਪੁਰਬ ਕਿਹੜੀ ਤਾਰੀਖ ਨੂੰ ਆਉਣਾ ਹੈ ਪਰ ਇਹ ਸਭ ਨੂੰ ਪਤਾ ਹੈ ਕਿ ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਦਾ ਹੈ, ਨਹਿਰੂ ਦਾ ਜਨਮ 14 ਨਵੰਬਰ ਦਾ ਹੈ, ਭਗਤ ਸਿੰਘ ਦੀ ਸ਼ਹੀਦੀ 23 ਮਾਰਚ ਨੂੰ ਹੋਈ ਸੀ। ਉਨ੍ਹਾਂ ਕਿਹਾ ਇਹ ਇਸ ਕਾਰਣ ਹੈ ਕਿ ਇਹ ਦਿਨ ਹਰ ਸਾਲ ਨਿਸਚਤ ਤਰੀਖਾਂ ਨੂੰ ਆਉਣ ਕਰਕੇ ਬੱਚੇ ਬੱਚੇ ਨੂੰ ਯਾਦ ਹੋ ਗਏ ਹਨ ਪਰ ਗੁਰਪੁਰਬ ਹਰ ਸਾਲ ਹੀ ਬਦਲਵੀਆਂ ਤਰੀਖਾਂ ਨੂੰ ਆਉਣ ਕਰਕੇ ਸਾਨੂੰ ਕਿਸੇ ਨੂੰ ਵੀ ਯਾਦ ਨਹੀਂ ਰਹਿੰਦੇ। ਭਾਈ ਪੰਥਪ੍ਰੀਤ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਕਿ ਸੰਗਰਾਂਦਾਂ, ਮੱਸਿਆ, ਪੂਰਨਮਾਸ਼ੀਆਂ ਮੰਨਣ ਵਾਲੇ ਗਾਂਧੀ, ਨਹਿਰੂ ਦੇ ਜਨਮ ਦਿਨ ਤਾਂ ਇਨ੍ਹਾਂ ਤਿਥਾਂ ਤਰੀਖਾਂ ਨੂੰ ਰੱਦ ਕਰਕੇ ਅੰਗਰੇਜੀ ਮਹੀਨਿਆਂ ਦੀਆਂ ਨਿਸਚਤ ਤਰੀਖਾਂ ਨੂੰ ਮਨਾਏ ਜਾ ਰਹੇ ਹਨ ਪਰ ‘ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥’ ਦਾ ਉਪਦੇਸ਼ ਦੇਣ ਵਾਲੇ ਸਤਿਗੁਰਾਂ ਦੇ ਦਿਹਾੜੇ ਇਨ੍ਹਾਂ ਤਿਥਾਂ ਅਨੁਸਾਰ ਮਨਾਉਣ ਦੀ ਜ਼ਿਦ ਕਰਨ ਵਾਲੇ ਆਪਣੇ ਆਪ ਨੂੰ ਮੂਰਖ਼ ਹੋਣ ਦਾ ਸਬੂਤ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਪ੍ਰਸਿੱਧ ਸਿੱਖ ਵਿਦਵਾਨ ਭਾਈ ਪਾਲ ਸਿੰਘ ਪੁਰੇਵਾਲ ਨੇ ਬੜੀ ਮਿਹਨਤ ਨਾਲ ਨਾਨਕਸ਼ਾਹੀ ਕੈਲੰਡਰ ਬਣਾਇਆ ਸੀ ਜਿਸ ਨੂੰ ਪੰਥ ਵੱਲੋਂ ਲੰਬੀ ਸੋਚ ਵੀਚਾਰ ਉਪ੍ਰੰਤ ਆਰਐੱਸਐੱਸ ਤੇ ਡੇਰਾਵਾਦੀਆਂ ਦੇ ਵਿਰੋਧ ਦੇ ਬਾਵਯੂਦ 2003 ਵਿੱਚ ਲਾਗੂ ਕੀਤਾ ਗਿਆ ਸੀ ਤੇ ਉਹ 14 ਮਾਰਚ 2011 ਤੱਕ ਲਾਗੂ ਰਿਹਾ; ਵਿੱਚ ਸਾਰੇ ਹੀ ਗੁਰਪੁਰਬ ਨਿਸਚਤ ਤਰੀਖਾਂ ਨੂੰ ਆਉਂਦੇ ਸਨ ਇਸ ਲਈ ਸਭ ਨੂੰ ਯਾਦ ਹੋ ਰਹੇ ਸਨ। ਸਭ ਨੂੰ ਯਾਦ ਹੈ ਕਿ ਉਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ 5 ਜਨਵਰੀ ਨੂੰ ਆਉਂਦਾ ਸੀ। ਪਰ ਸ਼੍ਰੋਮਣੀ ਕਮੇਟੀ ਵੱਲੋਂ ਸੋਧਾਂ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤੇ ਜਾਣ ਪਿੱਛੋਂ ਜੋ ਜੋ ਵਿਗਾੜ ਪੈ ਗਿਆ ਹੈ ਇਸ ਨੂੰ ਮੰਨਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਮਜ਼ਬੂਰ ਹੋਣਾ ਪਿਆ ਹੈ ਤੇ ਉਸ ਨੂੰ ਇਹ ਕਹਿਣਾ ਪਿਆ ਹੈ ਕਿ ਜੇ ਪੰਥਕ ਜਥੇਬੰਦੀਆਂ ਸੁਝਾਉ ਦੇਣ ਤਾਂ ਇਸ ਵਿੱਚ ਹੁਣ ਵੀ ਸੋਧ ਹੋ ਸਕਦੀ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਖ਼ੁਸ਼ੀ ਦੀ ਗੱਲ ਹੈ ਕਿ ਭਾਈ ਕਿਰਪਾਲ ਸਿੰਘ ਬਠਿੰਡਾ ਦੇ ਯਤਨਾ ਸਦਕਾ ਬਠਿੰਡੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਤੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ 2003 ਵਾਲਾ ਅਸਲੀ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕਰਨ ਲਈ ਮਾਤ ਪਾਸ ਕਰ ਰਹੀਆਂ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਬਠਿੰਡਾ ਵਾਲਿਆਂ ਤੋਂ ਸੇਧ ਲੈਂਦੇ ਹੋਏ ਸਮੂਹ ਪਿੰਡਾਂ ਤੇ ਸ਼ਹਿਰਾਂ ਦੀਆਂ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮਤੇ ਪਾਸ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੂੰ ਭੇਜਣ ਤਾਂ ਕਿ ਉਹ ਇਹ ਨਾ ਕਹਿ ਸਕਣ ਕਿ ਸਾਨੂੰ ਕੋਈ ਸੁਝਾਉ ਹੀ ਨਹੀਂ ਆਇਆ ਨਹੀਂ ਤਾਂ ਅਸੀਂ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕਰ ਦੇਣਾ ਸੀ। ਭਾਈ ਪੰਥਪ੍ਰੀਤ ਸਿੰਘ ਦੀ ਅਪੀਲ ’ਤੇ ਆਈਆਂ 10 ਤੋਂ ਵੱਧ ਪਿੰਡ ਪੰਚਾਇਤਾਂ ਅਤੇ ਗੁਰਦੁਆਰਾ ਕਮੇਟੀਆਂ ਨੇ ਉਨ੍ਹਾਂ ਤੋਂ ਮਤੇ ਦੇ ਖਰੜੇ ਦੀ ਇੱਕ ਇੱਕ ਕਾਪੀ ਪ੍ਰਾਪਤ ਕੀਤੀ ਤੇ ਇਸ ’ਤੇ ਸਬੰਧਤ ਪੰਚਾਂ ਸਰਪੰਚਾਂ ਤੇ ਕਮੇਟੀ ਮੈਂਬਰਾਂ ਦੇ ਦਸਤਖਤ ਕਰਵਾ ਕੇ ਭੇਜਣ ਦਾ ਵਾਅਦਾ ਕੀਤਾ।

ਬਾਅਦ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਿਛਲੇ ਇੱਕ ਹਫਤੇ ਤੋਂ ਰਾਜਸਥਾਨ ਵਿੱਚ ਹੋਏ ਗੁਰਮਤਿ ਸਮਾਗਮਾਂ ਦੌਰਾਨ ਨਾਨਕਸ਼ਾਹੀ ਕੈਲੰਡਰ ਸਬੰਧੀ ਜਾਣਕਾਰੀ ਦੇ ਕੇ ਸਿੱਖ ਜਥੇਬੰਦੀਆਂ ਨੂੰ ਮਤੇ ਪਾਸ ਕਰਕੇ ਤਿੰਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਭੇਜਣ ਲਈ ਪ੍ਰੇਰਦੇ ਰਹੇ ਹਨ ਤੇ ਦੀਵਾਨਾਂ ਵਿੱਚ ਪਹੁੰਚੇ ਸਾਰੇ ਹੀ ਪ੍ਰਬੰਧਕ ਤੇ ਜਥੇਬੰਦੀਆਂ ਦੇ ਨੁੰਮਾਇੰਆਂ ਨੇ ਬੜੇ ਉਤਸ਼ਾਹ ਨਾਲ ਉਨ੍ਹਾਂ ਤੋਂ ਮਤੇ ਦੇ ਖਰੜੇ ਦੀਆਂ ਕਾਪੀਆਂ ਲਈਆਂ ਤੇ ਦਸਤਖ਼ਤ ਕਰਵਾਉਣ ਉਪ੍ਰੰਤ ਜਥੇਦਾਰਾਂ ਨੂੰ ਭੇਜਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਸੰਗਤਾਂ ਵੱਲੋਂ ਵਿਖਾਏ ਜਾ ਰਹੇ ਉਤਸ਼ਾਹ ਤੋਂ ਇਹ ਗੱਲ ਸਾਬਤ ਹੋ ਰਹੀ ਹੈ ਕਿ ਡੇਰਾਵਾਦੀਆਂ ਤੋਂ ਬਿਨਾਂ; ਗੁਰਮਤਿ ਤੇ ਸਿੱਖ ਇਤਿਹਾਸ ਨੂੰ ਸਮਝਣ ਵਾਲੇ ਕਿਸੇ ਵੀ ਸਿੱਖ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਗਲਤ ਤੌਰ ’ਤੇ ਕੀਤੀਆਂ ਸੋਧਾਂ ਪ੍ਰਵਾਨ ਨਹੀਂ ਹਨ ਪਰ ਅਕਾਲ ਤਖ਼ਤ ਦੇ ਡੰਡੇ ਨਾਲ ਲਾਗੂ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਝੂਠੇ ਤੌਰ ’ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਮੁੱਚੇ ਪੰਥ ਨੇ ਉਨ੍ਹਾਂ ਵੱਲੋਂ ਕੀਤੀਆਂ ਸੋਧਾਂ ਨੂੰ ਪ੍ਰਵਾਨ ਕਰ ਲਿਆ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ, ਜਿਸ ਦੀ ਰੈਗੂਲਰ ਮੈਂਬਰਸ਼ਿੱਪ ਦੇਣ ਵਾਲੇ 5000 ਤੋਂ ਵੱਧ ਪੱਕੇ ਮੈਂਬਰ ਹਨ ਤੇ ਦੇਸ਼ ਵਿਦੇਸ਼ਾਂ ਵਿੱਚ ਲੱਖਾਂ ਹੋਰ ਸਿੱਖ ਉਨ੍ਹਾਂ ਦੀ ਵੀਚਾਰਧਾਰਾ ਨਾਲ ਸਹਿਮਤ ਹਨ; ਨੇ 2003 ਵਾਲਾ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਨ ਅਤੇ ਉਸ ਵਿੱਚ ਤਿੰਨ ਦਿਹਾੜੇ ਜੋ ਉਸ ਸਮੇਂ ਡੇਰਾਵਾਦੀਆਂ ਦਾ ਦਬਾਅ ਹੇਠ ਪੁਰਾਤਨ ਮਰਿਆਦਾ ਅਨੁਸਾਰ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਰੱਖੇ ਗਏ ਸਨ; ਨੂੰ ਵੀ ਨਾਨਕਸ਼ਾਹੀ ਦੀਆਂ ਪੱਕੀਆਂ ਤਰੀਖਾਂ ਅਨੁਸਾਰ ਨਿਸਚਤ ਕਰਨ ਲਈ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਦੇ ਤਿੰਨੇ ਜਥੇਦਾਰਾਂ ਨੂੰ ਰਜਿਸਟਰਡ ਡਾਕ ਰਾਹੀਂ ਭੇਜੇ ਜਾ ਚੁੱਕੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨਾਲ ਤਾਂ ਸੰਪਰਕ ਨਹੀਂ ਹੋ ਸਕਿਆ ਪਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਨੰਦਗੜ੍ਹ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਭਾਈ ਪੰਥਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੀ ਗੁਰਮਤਿ ਸੇਵਾ ਲਹਿਰ ਵੱਲੋਂ ਭੇਜਿਆ ਗਿਆ ਮਤਾ ਮਿਲ ਜਾਣ ਦੀ ਪੁਸ਼ਟੀ ਕੀਤੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top