Share on Facebook

Main News Page

ਬਠਿੰਡਾ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਨੇ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਬਹਾਲ ਕਰਵਾਉਣ ਲਈ ਸਰਬਸੰਮਤੀ ਨਾਲ ਕੀਤਾ ਮਤਾ ਪਾਸ

* ਸਿੱਖ ਇਤਿਹਾਸ ਤੇ ਸਿਧਾਂਤਾਂ ਵਿੱਚ ਰਲਾਵਟ ਕਰਨ ਦੀ ਮੁੱਖ ਸੂਤਰਧਾਰ ਆਰ.ਐੱਸ.ਐੱਸ ਹੈ
* ਨਾਨਕਸ਼ਾਹੀ ਕੈਲੰਡਰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮਨਜੂਰੀ ਉਪ੍ਰੰਤ ਲਾਗੂ ਕੀਤਾ ਸੀ ਇਸ ਲਈ ਜਨਰਲ ਹਾਊਸ ਦੇ ਫੈਸਲੇ ਨੂੰ ਕਾਰਜਕਾਰਣੀ ਕਮੇਟੀ ਬਦਲ ਨਹੀਂ ਸਕਦੀ: ਭਾਈ ਸਿਰਸਾ
* ਜੇ ਡੇਰਵਾਦੀ ਸੋਚ ਵਾਲੇ ਸਿੱਖਾਂ ਨੂੰ 1964 ਵਿੱਚ ਪੰਡਿਤ ਵਿਦਵਾਨਾਂ ਵੱਲੋਂ ਕੀਤੀਆਂ ਸੋਧਾਂ ਪ੍ਰਵਾਨ ਹਨ ਤਾਂ 1999 ਵਿੱਚ ਸਿੱਖ ਵਿਦਵਾਨਾਂ ਵੱਲੋਂ ਕੀਤੀਆਂ ਸੋਧਾਂ ਕਿਉਂ ਪ੍ਰਵਾਨ ਨਹੀਂ ਹਨ? : ਕਿਰਪਾਲ ਸਿੰਘ

ਬਠਿੰਡਾ, 10 ਜੁਲਾਈ (ਕਿਰਪਾਲ ਸਿੰਘ): ਬੀਤੀ ਦੇਰ ਸ਼ਾਮ ਬਠਿੰਡਾ ਸ਼ਹਿਰ ਦੀਆਂ 40 ਤੋਂ ਵੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਨੇ ਸਥਾਨਕ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਬੀਤੀ ਦੇਰ ਸ਼ਾਮ ਇੱਕ ਭਰਵੀਂ ਮੀਟਿੰਗ ਕੀਤੀ ਜਿਸ ਵਿੱਚ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ: ਰਜਿੰਦਰ ਸਿੰਘ ਸਿੱਧੂ ਨੇ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਬਹਾਲ ਕਰਵਾਉਣ ਲਈ ਮਤਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮਤੇ ਵਿੱਚ ਕਿਹਾ ਗਿਆ ਕਿ ਸੋਧਾਂ ਵਾਲਾ ਕੈਲੰਡਰ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦਾ ਮਿਲਗੋਭਾ ਹੈ ਜਿਸ ਕਾਰਣ ਤਕਰੀਬਨ ਸਾਰੀਆਂ ਹੀ ਇਤਿਹਾਸਕ ਤਰੀਖਾਂ ਅੱਗੇ ਪਿੱਛੇ ਹੋ ਜਾਣ ਕਾਰਣ ਜਿੱਥੇ ਇਤਿਹਾਸ ਵਿੱਚ ਵੱਡੇ ਪੱਧਰ ’ਤੇ ਵਿਗਾੜ ਪੈਦਾ ਹੋ ਰਿਹਾ ਹੈ ਉਥੇ ਇਹ ਤਰੀਖਾਂ ਸਥਿਰ ਨਾ ਰਹਿਣ ਕਾਰਣ ਯਾਦ ਰੱਖਣੀਆਂ ਵੀ ਬਹੁਤ ਮੁਸ਼ਕਲ ਹਨ। ਇਸ ਲਈ ਇਤਿਹਾਸ ਨੂੰ ਸੰਭਾਲਣ ਅਤੇ ਯਾਦ ਰੱਖਣ ਦੀ ਸਹੂਲਤ ਲਈ ਇਹ ਜਰੂਰੀ ਹੈ ਕਿ ਸੋਧਾਂ ਵਾਪਸ ਲੈ ਕੇ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਵੇ ਅਤੇ ਇਸ ਵਿੱਚ ਰਹਿ ਗਏ ਤਿੰਨ ਦਿਹਾੜੇ ਵੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਿਸਚਤ ਕੀਤੇ ਜਾਣ। ਹਾਜਰ ਨੁੰਮਾਇੰਆਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਮਤੇ ਨੂੰ ਪ੍ਰਵਾਨਗੀ ਦਿੱਤੀ। ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਵਿੱਚ ਸਥਿਤ ਤਿੰਨੇ ਜਥੇਦਾਰ ਸਾਹਿਬਾਨ ਤੋਂ ਅਗਾਊਂ ਸਮਾ ਲੈ ਕੇ ਉਨ੍ਹਾਂ ਤਿੰਨਾ ਨੂੰ ਹੀ ਵਾਰੀ ਵਾਰੀ ਮਤੇ ਦੀ ਕਾਪੀ ਦਸਤੀ ਸੌਂਪੀ ਜਾਵੇਗੀ।

ਇਸ ਤੋਂ ਪਹਿਲਾਂ ਕਿਰਪਾਲ ਸਿੰਘ ਨੇ ਕੈਲੰਡਰਾਂ ਸਬੰਧੀ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਕ੍ਰਮੀ ਕੈਲੰਡਰ ਜੋ ਗੁਰੂ ਸਾਹਿਬਾਨ ਦੇ ਸਮੇਂ ਲਾਗੂ ਸੀ ਉਹ ਸੂਰਜੀ ਸਿਧਾਂਤ ਅਨੁਸਾਰ ਸੀ, ਜਿਸ ਮੁਤਾਬਕ ਉਸ ਦੇ ਸਾਲ ਦੀ ਲੰਬਾਈ ਮੌਸਮੀ ਸਾਲ ਨਾਲੋਂ ਲਗਪਗ 24 ਮਿੰਟ ਵੱਧ ਹੋਣ ਕਰਕੇ ਇਹ ਮੌਸਮੀ ਸਾਲ ਨਾਲੋਂ 60 ਸਾਲਾਂ ਵਿੱਚ 1 ਦਿਨ ਪਿੱਛੇ ਰਹਿ ਜਾਂਦਾ ਹੈ। ਇਸ ਕੈਲੰਡਰ ਵਿੱਚ ਉਤਰੀ ਭਾਰਤ ਦੇ ਪੰਡਿਤ ਵਿਦਵਾਨਾਂ ਨੇ 1964 ਵਿੱਚ ਸੋਧ ਕਰਕੇ ਇਸ ਦੇ ਸਾਲ ਦੀ ਲੰਬਾਈ ਘਟਾ ਦਿਤੀ ਤੇ ਹੁਣ ਇਹ ਮੌਸਮੀ ਸਾਲ ਨਾਲੋਂ ਲਗਪੱਗ 20-21 ਮਿੰਟ ਵੱਡਾ ਹੋਣ ਕਰਕੇ 71-72 ਸਾਲਾਂ ਵਿੱਚ ਇੱਕ ਦਿਨ ਪਿੱਛੇ ਰਹਿ ਜਾਂਦਾ ਹੈ। ਹੁਣ ਇਸ ਨੂੰ ਦ੍ਰਿੱਕ ਗਣਿਤ ਸਿਧਾਂਤ ਕਿਹਾ ਜਾਂਦਾ ਹੈ। ਪੁਰਾਣੇ ਜਮਾਨੇ ਵਿੱਚ ਚੰਦਰਮਾ ਵਾਲੇ ਕੈਲੰਡਰ ਦੇ ਦਿਨਾਂ ਅਤੇ ਮਹੀਨਿਆਂ ਦੀ ਗਿਣਤੀ ਅਨਪੜ੍ਹ ਲੋਕਾਂ ਲਈ ਯਾਦ ਰੱਖਣੀ ਸੌਖੀ ਸੀ ਕਿਉਂਕਿ ਮੱਸਿਆ ਜਾਂ ਪੂਰਨਮਾਸ਼ੀ ਤੋਂ ਤਿਥਾਂ ਗਿਣਦਿਆਂ 15 ਦਿਨਾਂ ਬਾਅਦ ਫਿਰ ਗਿਣਤੀ 1 ਤੋਂ ਸ਼ੁਰੂ ਹੋ ਜਾਂਦੀ ਸੀ ਤੇ ਇਸ ਤਰ੍ਹਾਂ ਇੱਕ ਚਾਨਣਾ ਪੱਖ ਤੇ ਇੱਕ ਹਨੇਰੇ ਪੱਖ ਨੂੰ ਜੋੜ ਕੇ ਇੱਕ ਮਹੀਨਾ ਹੋ ਜਾਂਦਾ ਸੀ। ਇਸ ਲਈ ਸ਼ੁਰੂਆਤੀ ਸਮੇਂ ਵਿੱਚ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਚੰਦਰ ਕੈਲੰਡਰ ਪ੍ਰਚਲਤ ਹੋ ਗਿਆ ਪਰ ਹੁਣ ਪੰਡਿਤਾਂ ਵੱਲੋਂ ਪਾਈ ਗਈ ਚੰਗੇ ਮਾੜੇ ਦਿਨਾਂ ਦੀ ਵੀਚਾਰ ਵਿਚ ਫਸੇ ਸਿੱਖ ਇਸ ਨੂੰ ਛੱਡਣਾ ਨਹੀਂ ਚਾਹੁੰਦੇ ਬਾਵਯੂਦ ਇਸ ਗੱਲ ਦੇ ਕਿ ਚੰਦਰ ਸਾਲ ਦਾ ਮਹੀਨਾ 29 ਦਿਨਾਂ ਦਾ ਹੋਣ ਕਰਕੇ ਇਸ ਦੇ 12 ਮਹੀਨਿਆਂ ਦੇ ਸਾਲ ਵਿੱਚ 354 ਦਿਨ ਬਣਦੇ ਹਨ ਜਿਸ ਕਾਰਣ ਅਗਲੇ ਸਾਲ ਆਉਣ ਵਾਲੇ ਸਾਰੇ ਇਤਿਹਾਸਕ ਦਿਹਾੜੇ ਤੇ ਗੁਰਪੁਰਬ 11 ਦਿਨ ਪਹਿਲਾਂ ਆ ਜਾਂਦੇ ਹਨ।

ਸੂਰਜੀ ਕੈਲੰਡਰ ਦੇ ਨੇੜੇ ਤੇੜੇ ਰੱਖਣ ਲਈ ਤੀਸਰੇ ਜਾਂ ਦੂਸਰੇ ਸਾਲ ਚੰਦਰ ਸਾਲ ਵਿੱਚ ਇੱਕ ਮਹੀਨਾ ਫਾਲਤੂ ਜੋੜ ਦਿੱਤਾ ਜਾਂਦਾ ਹੈ ਜਿਸ ਨੂੰ ਮਲਮਾਸ ਜਾਂ ਲੌਂਦ ਦਾ ਮਹੀਨਾ ਕਹਿੰਦੇ ਹਨ। ਬ੍ਰਾਹਮਣੀ ਵਿਸ਼ਵਾਸ਼ ਅਨੁਸਾਰ ਮਲਮਾਸ ਦਾ ਮਹੀਨਾ ਅਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਵਿੱਚ ਕੋਈ ਵੀ ਧਾਰਮਿਕ ਜਾਂ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਇਸ ਲਈ ਇਸ ਪਿੱਛੋਂ ਆਉਣ ਵਾਲੇ ਸਾਰੇ ਦਿਹਾੜੇ ਪਿਛਲੇ ਸਾਲ ਨਾਲੋਂ 29 ਦਿਨ ਬਾਅਦ ਵਿੱਚ ਆਉਂਦੇ ਹਨ। ਚੰਦਰ/ ਸੂਰਜੀ ਕੈਲੰਡਰ ਵਿੱਚ ਹੋਰ ਵੱਡਾ ਦੋਸ਼ ਇਹ ਹੈ ਕਿ ਇਸ ਦੇ ਸਾਲ ਵਿੱਚ ਮਹੀਨਿਆਂ ਦੀ ਗਿਣਤੀ (12 ਜਾਂ 13) ਅਤੇ ਮਹੀਨਿਆਂ ਵਿੱਚ ਦਿਨਾਂ ਦੀ ਗਿਣਤੀ (29 ਤੋਂ 32 ਤੱਕ) ਵਧਦੀ ਘਟਦੀ ਰਹਿੰਦੀ ਹੈ। ਭਾਵ ਇਕੋ ਨਾਮ ਦੇ ਮਹੀਨੇ ਦੇ ਦਿਨਾਂ ਦੀ ਗਣਤੀ ਵੱਖ ਵੱਖ ਸਾਲਾਂ ਵਿੱਚ ਵੱਖ ਵੱਖ ਹੋ ਸਕਦੀ ਹੈ ਜਿਸ ਕਾਰਣ ਬਿਕ੍ਰਮੀ ਕੈਲੰਡਰ ਦੀਆਂ ਤਿਥਾਂ ਤਰੀਖਾਂ ਸਾਂਝੇ ਸਾਲ ਦੀ ਤਰੀਖਾਂ ਨਾਲ ਕਦੇ ਵੀ ਸਥਿਰ ਨਹੀਂ ਰਹਿ ਸਕਦੀਆਂ ਸਿੱਟੇ ਵਜੋ ਇਹ ਯਾਦ ਰੱਖਣੀਆਂ ਬਹੁਤ ਹੀ ਮੁਸ਼ਕਲ ਹਨ। 2011 ਵਿੱਚ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਜੋ ਸੋਧਾਂ ਕੀਤੀਆਂ ਹਨ ਉਹ ਦ੍ਰਿੱਕ ਗਣਿਤ ਸਿਧਾਂਤ ਵਾਲੇ ਕੈਲੰਡਰ ਅਨੁਸਾਰ ਹਨ ਇਸ ਲਈ ਬਿਕ੍ਰਮੀ ਕੈਲੰਡਰ ਵਲੇ ਸਾਰੇ ਦੋਸ਼ ਇਸ ਸੋਧੇ ਕੈਲੰਡਰ ਵਿੱਚ ਤਾਂ ਹੈ ਹੀ ਹਨ ਜਦੋਂ ਕਿ ਕੁਝ ਦਿਹਾੜੇ ਨਾਨਕਸ਼ਾਹੀ ਕੈਲੰਡਰ ਦੀ ਤਰੀਖਾਂ ਅੁਨਸਾਰ ਰੱਖਣ ਪਰ ਮਹੀਨੇ ਦਾ ਅਰੰਭ ਬਦਲ ਕੇ ਬਿਕ੍ਰਮੀ ਕੈਲੰਡਰ ਨਾਲ ਮਿਲਾਏ ਜਾਣ ਕਰਕੇ ਸਾਰੀਆਂ ਹੀ ਇਤਹਾਸਕ ਤਰੀਖਾਂ ਬਿਲਕੁਲ ਬਦਲ ਗਈਆਂ ਹਨ। ਇਸ ਦੇ ਉਲਟ ਸ: ਪਾਲ ਸਿੰਘ ਪੁਰੇਵਾਲ ਵੱਲੋਂ ਬਣਾਏ ਕੈਲੰਡਰ ਜੋ 2003 ਵਿੱਚ ਲਾਗੂ ਕੀਤਾ ਗਿਆ ਸੀ ਉਸ ਦੇ ਸਾਲ ਦੀ ਲੰਬਾਈ ਦੁਨੀਆਂ ਭਰ ਵਿੱਚ ਪ੍ਰਚਲਤ ਸਾਂਝੇ ਸਾਲ (ਈਸਵੀ ਸੰਨ) ਨਾਲ ਮਿਲਾ ਦਿੱਤੀ ਗਈ ਹੈ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਅਤੇ ਹਰ ਮਹੀਨੇ ਦਾ ਅਰੰਭ ਸਾਂਝੇ ਸਾਲ ਦੀ ਤਰੀਖਾਂ ਨਾਲ ਪੱਕੇ ਤੌਰ ’ਤੇ ਜੋੜੇ ਜਾਣ ਕਰਕੇ ਇਹ ਹਮੇਸ਼ਾਂ ਲਈ ਸਥਿਰ ਤਰੀਖਾਂ ਨੂੰ ਹੀ ਹਹਿਣਗੀਆਂ ਜੋ ਕਿ ਯਾਦ ਰੱਖਣੀਆਂ ਬਹੁਤ ਹੀ ਆਸਾਨ ਹਨ। ਪਰ ਆਰ.ਐੱਸ.ਐੱਸ ਜੋ ਨਾਨਕਸ਼ਾਹੀ ਕੈਲੰਡਰ ਦਾ ਪਹਿਲੇ ਹੀ ਦਿਨ ਤੋਂ ਵਿਰੋਧ ਕਰਦੀ ਆ ਰਹੀ ਹੈ ਨੇ ਆਖਰ ਸ: ਬਾਦਲ ਅਤੇ ਆਪਣੇ ਏਜੰਟਾਂ ਦੇ ਤੌਰ ’ਤੇ ਵਿਚਰ ਰਹੇ ਸੰਤ ਸਮਾਜ ਦਾ ਚੋਣ ਗੱਠਜੋੜ ਕਰਵਾ ਕੇ ਸੋਧਾਂ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਦੀ ਰੂਹ ਹੀ ਕਤਲ ਕਰ ਦਿੱਤੀ ਹੈ ਤੇ ਹੁਣ ਇਹ ਸਿਰਫ ਨਾਮ ਦਾ ਹੀ ਨਾਨਕਸ਼ਾਹੀ ਕੈਲੰਡਰ ਰਹਿ ਗਿਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਡੇਰਵਾਦੀ ਸੋਚ ਵਾਲੇ ਸਿੱਖਾਂ ਨੂੰ 1964 ਵਿੱਚ ਪੰਡਿਤ ਵਿਦਵਾਨਾਂ ਵੱਲੋਂ ਕੀਤੀਆਂ ਸੋਧਾਂ ਪ੍ਰਵਾਨ ਹਨ ਤਾਂ 1999 ਵਿੱਚ ਸਿੱਖ ਵਿਦਵਾਨਾਂ ਵੱਲੋਂ ਕੀਤੀਆਂ ਸੋਧਾਂ ਕਿਉਂ ਪ੍ਰਵਾਨ ਨਹੀਂ ਹਨ? ਇਸ ਲਈ ਚੰਗੇ ਮੰਦੇ ਦਿਨਾਂ ਦੀ ਵੀਚਾਰ ਦਾ ਤਿਆਗ ਕਰਕੇ ਆਪਣਾ ਇਤਿਹਾਸ ਬਚਾਉਣ ਲਈ ਕੌਮੀ ਹਿੱਤ ਇਹ ਹੀ ਮੰਗ ਕਰਦੇ ਹਨ ਕਿ ਸੋਧਾਂ ਵਾਪਸ ਲੈ ਕੇ 2003 ਵਾਲਾ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕੀਤਾ ਜਾਵੇ।

ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉਪ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਆਰ.ਐੱਸ.ਐੱਸ ਦੇ ਗੁਪਤ ਏਜੰਡੇ ਦੀ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਇਤਿਹਾਸ ਨੂੰ ਵਿਗਾੜਨ ਤੇ ਕਲੰਕਤ ਕਰਨ ਲਈ ਹੀ ਇਸ ਨੇ 1999 ਵਿੱਚ ਸ਼੍ਰੋਮਣੀ ਕਮੇਟੀ ਤੋਂ ਸਿੱਖ ਇਤਿਹਾਸ (ਹਿੰਦੀ) ਛਪਵਾਈ ਤੇ 1999 ਵਿੱਚ 7 ਸਾਲਾਂ ਤੋਂ ਸਰਬ ਪ੍ਰਵਾਨਤ ਨਾਨਕਸ਼ਾਹੀ ਕੈਲੰਡਰ ਕਤਲ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਹੀ ਮੁੱਦਿਆਂ ਸਬੰਧੀ ਉਨ੍ਹਾਂ ਦੀ ਪਾਰਟੀ ਵੱਲੋਂ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਅੱਗੇ ਕੇਸ ਦਾਇਰ ਕੀਤੇ ਸਨ। ਸਿੱਖ ਇਤਿਹਾਸ (ਹਿੰਦੀ) ਵਾਲਾ ਕੇਸ ਤਾਂ ਕਮਿਸ਼ਨ ਨੇ ਤਕਨੀਕੀ ਨੁਕਸਾਂ ਦੇ ਅਧਾਰ ’ਤੇ ਖਾਰਜ ਕਰ ਦਿੱਤਾ ਹੈ ਪਰ ਨਾਨਕਸ਼ਾਹੀ ਕੈਲੰਡਰ ਸਬੰਧੀ ਕੇਸ ਹਾਲੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਕੇਸ ਦੇ ਕਾਨੂੰਨ ਦੇ ਇਸ ਪੱਖ ’ਤੇ ਜੋਰ ਦਿੱਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮਨਜੂਰੀ ਉਪ੍ਰੰਤ ਲਾਗੂ ਕੀਤਾ ਸੀ ਇਸ ਲਈ ਜਨਰਲ ਹਾਊਸ ਦੇ ਫੈਸਲੇ ਨੂੰ ਕਾਰਜਕਾਰਣੀ ਕਮੇਟੀ ਬਦਲ ਨਹੀਂ ਸਕਦੀ। ਸੋ ਇਸ ਅਧਾਰ ’ਤੇ ਗੈਰਸੰਵਿਧਾਨਕ ਤੌਰ ’ਤੇ ਕੀਤੀਆਂ ਸੋਧਾਂ ਰੱਦ ਕਰਨੀਆਂ ਬਣਦੀਆਂ ਹਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਜੇ ਅੱਜ ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਬਚਾ ਨਾ ਸਕੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੀਆਂ ਕਿ ਜੇ ਸੋਧਾਂ ਵਾਲਾ ਕੈਲੰਡਰ ਗਲਤ ਹੈ ਤਾਂ ਉਸ ਸਮੇਂ ਸਾਡੇ ਬਜੁਰਗਾਂ ਨੇ ਇਸ ਦਾ ਵਿਰੋਧ ਕਿਉਂ ਨਾ ਕੀਤਾ। ਇਸ ਲਈ ਪਾਰਟੀ ਪੱਧਰ ਤੋਂ ਉਪਰ ਉਠ ਕੇ ਸਾਨੂੰ ਸਾਰਿਆਂ ਨੂੰ ਇੱਕ ਜੁਟ ਹੋ ਕੇ ਸੋਧਾਂ ਰੱਦ ਕਰਵਾ ਕੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਹਾਲ ਕਰਵਾਉਣ ਲਈ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਕਿਕਰ ਸਿੰਘ ਨੇ ਵੀ ਆਪਣੇ ਵੀਚਾਰ ਪ੍ਰਗਟ ਕਰਦਿਆਂ ਕਿਹਾ ਕਿ ਆਮ ਤੌਰ ਤੇ ਇਕ ਵਾਰ ਭਖਦੇ ਮਸਲਿਆਂ ’ਤੇ ਅਵਾਜ਼ ਉਠਾਈ ਜਾਂਦੀ ਹੈ ਪਰ ਫਿਰ ਮੱਧਮ ਪੈਂਦੀ ਪੈਂਦੀ ਦਬ ਜਾਂਦੀ ਹੈ ਪਰ ਹੁਣ ਆਪਾਂ ਨੂੰ ਚਾਹੀਦਾ ਹੈ ਕਿ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਹਾਲ ਕੀਤੇ ਜਾਣ ਤੱਕ ਇਸ ਅਵਾਜ਼ ਨੂੰ ਮੱਧਮ ਨਾ ਪੈਣ ਦਿੱਤਾ ਜਾਵੇ। ਸਾਰੇ ਹੀ ਬੁਲਾਰਿਆਂ ਨੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ, ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਦੇ ਪ੍ਰਧਾਨ ਹਰਿਮੰਦਰ ਸਿੰਘ ਸਮਾਘ, ਗੁਰਦੁਆਰਾ ਸ਼ਹੀਦ ਭਾਈ ਮਤੀਦਾਸ ਦੇ ਸਰਪ੍ਰਸਤ ਆਤਮਾ ਸਿੰਘ ਚਾਹਲ, ਪ੍ਰਧਾਨ ਬਿੱਕ੍ਰਮ ਸਿੰਘ ਸਮੇਤ ਹੋਰ ਗੁਰਦੁਆਰਿਆਂ ਦੇ ਪ੍ਰਧਾਨ ਜਿਹੜੇ ਬਾਦਲ ਨਾਲ ਸਬੰਧਤ ਹੋਣ ਦੇ ਬਾਵਯੂਦ ਪਾਰਟੀ ਪੱਧਰ ਤੋਂ ਉਪਰ ਉਠ ਕੇ ਨਾਨਕਸ਼ਾਹੀ ਕੈਲੰਡਰ ਵਰਗੇ ਕੌਮੀ ਮਸਲੇ ਨੂੰ ਹੱਲ ਕਰਵਾਉਣ ਲਈ ਆਪਣਾ ਵਧਚੜ੍ਹ ਕੇ ਸਹਿਯੋਗ ਪਾ ਰਹੇ ਹਨ; ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ਼ਹਿਰ ਦੀਆਂ 40 ਤੋਂ ਵੱਧ ਗੁਰਦੁਆਰਾ ਕਮੇਟੀਆਂ, ਧਾਰਮਕ ਜਥੇਬੰਦੀਆਂ ਅਤੇ ਰਾਜਨੀਤਕ ਪਾਰਟੀਆਂ ਦੇ 200 ਤੋਂ ਵੱਧ ਨੁੰਮਾਇੰਦਿਆਂ ਤੋਂ ਇਲਾਵਾ ਪੰਚ ਪ੍ਰਧਾਨੀ ਦਲ ਦੇ ਮੀਤ ਪ੍ਰਧਾਨ ਭਾਈ ਸਿਰਸਾ ਅਤੇ ਬਾਬਾ ਹਰਦੀਪ ਸਿੰਘ ਤੇ ਉਨ੍ਹਾਂ ਦੇ ਸਾਥੀ ਵਿਸ਼ੇਸ਼ ਤੌਰ’ਤੇ ਪਹੁੰਚੇ ਹੋਏ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top