Share on Facebook

Main News Page

ਸ਼ੇਸ਼-ਨਾਗ ਦੀ ਜੀਭ
-: ਤਰਲੋਕ ਸਿੰਘ ਹੁੰਦਲ

ਲਗਭਗ ਪੰਦਰਾਂ ਕੁ ਸਦੀਆਂ ਪੁਰਾਣਾ ‘ਬੋਧ-ਗਯਾ’,ਇੱਕ ਉੱਚਤਮ ਦਰਜੇ ਦਾ ਧਰਮ ਅਸਥਾਨ ਹੈ। ਕਿਹਾ ਜਾਂਦਾ ਹੈ ਕਿ ਬੁੱਧ ਧਰਮ ਦੇ ਬਾਨੀ,ਮਹਾਤਮਾ ਬੁੱਧ ਜੀ ਨੂੰ,ਇਥੇ ਦਿਓ-ਕੱਦ ਵਿਸ਼ਾਲ ਦਰੱਖਤ ਦੇ ਥੱਲੇ ਬੈਠਿਆਂ “ਈਸ਼ਵਰੀ ਗਿਆਨ” ਪ੍ਰਾਪਤ ਹੋਇਆ ਸੀ।ਯਾਦਗਾਰ ਵਜੋਂ,ਉਸੇ ਹੀ ਯਾਦਗਾਰੀ ਦਰੱਖਤ ਦੇ ਉਦਾਲੇ ਬੋਧ ਗਯਾ ਮੰਦਰ ਦੀ ਉਸਾਰੀ ਕੀਤੀ ਗਈ।ਪਿਛਲੇ ਦਿਨੀਂ ਬੋਧੀ ਭਿਕਸ਼ੂਆਂ ਦੇ ਇਸ ਪੱਵਿਤਰ ਅਸਥਾਨ ਵਿੱਚ ਲੜੀਵਾਰ ਕਈ ਬੰਬ ਧਮਾਕੇ ਹੋਏ।ਜਾਨੀ-ਮਾਲੀ ਨੁਕਸਾਨ ਕਾਫੀ ਹੋਇਆ।ਅਸੀਂ ਬੰਬ-ਧਮਾਕਿਆਂ ਦੀ ਪੁਰਜੋਰ ਨਿਖੇਧੀ ਕਰਦੇ ਹਾਂ ਅਤੇ ਬੰਬ-ਧਮਾਕਾਕਾਰੀਆਂ ਦੀ ਨਿੰਦਾ ਕਰਦੇ ਹੋਏ,ਭਿਕਸ਼ੂਆਂ ਨਾਲ ਹਮਦਰਦੀ ਜ਼ਾਹਰ ਕਰਦੇ ਹਾਂ।

ਭਾਰਤ,ਇੱਕ ਬਹੁ-ਧਰਮ ਦੇਸ਼ ਹੈ। ਕਿਸੇ ਮਜ਼ੱਹਬ ਦੇ ਵੀ ਧਾਰਮਿਕ ਅਸਥਾਨ ਨਾਲ ਖਿਲਵਾੜ ਨਹੀਂ ਹੋਣਾ/ਕਰਨਾ ਚਾਹੀਦਾ। ਸਰਕਾਰੀ ਦਮਨਕਾਰੀ-ਨੀਤੀ ਅਤੇ ਸਿੱਖ ਨਸਲਕੁਸ਼ੀ ਦੇ ਉਦੇਸ਼ ਨਾਲ ਜੂਨ-1984 ਵਿੱਚ,ਪੰਜਾਬ ਦੇ ਅੰਦਰ ਤੇ ਬਾਹਰ ਸਿੱਖਾਂ ਦੇ ਧਾਰਮਿਕ ਅਸਥਾਨਾਂ ਸਮੇਤ ਪ੍ਰਮੁੱਖ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੇ ‘ਸਾਕਾ ਨੀਲਾ ਤਾਰਾ’ਦੇ ਬੈਨਰ ਥੱਲੇ ਫੌਜੀ ਕਾਰਵਾਈ ਕੀਤੀ ਗਈ। ਸੰਨ 1992 ਵਿੱਚ ਬਾਬਰੀ ਮਸਜਿਦ ਢਾਹੀ ਗਈ।ਲੱਖਾਂ ਦੀ ਗਿੱਣਤੀ ਵਿੱਚ ਬੇਦੋਸੇ ਸਿੱਖਾਂ, ਮੁਸਲਮਾਨਾਂ ਅਤੇ ਅਭੋਲ ਭਾਰਤਵਾਸੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਅਸੀਂ ਨਿਹੱਕੇ ਮਾਰੇ ਗਏ ਸਾਰੇ ਵਿਅਕਤੀਆਂ ਅਤੇ ਪਿੱਛੇ ਪੀੜਤ ਪਰਿਵਾਰਾਂ ਨਾਲ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਇਹੋ ਗੁਜਾਰਸ਼ ਕਰਦੇ ਹਾਂ ਕਿ ਹਰੇਕ ਧਾਰਮਿਕ ਅਸਥਾਨ ਅਤੇ ਹਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦਾ ਬਰਾਬਰ ਸਤਿਕਾਰ ਹੋਣਾ ਚਾਹੀਦਾ ਹੈ।

ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਜਾਦੀ ਤੋਂ ਬਾਅਦ ਬੋਧ-ਗਯਾ ਦੀ ਕਾਰਜਕਾਰਨੀ ਕਮੇਟੀ ਦੀ ਸਥਾਪਨਾ ਸੰਨ 1949 ਈ:ਵਿੱਚ ਬੋਧ-ਗਯਾ ਮੰਦਰ ਪ੍ਰਬੰਧਕ ਕਮੇਟੀ ਕਾਨੂੰਨ-1949 ਅਧੀਨ ਹੋਈ।ਹਾਲਾਂਕਿ ਇਹ ਬੁੱਧ-ਮੱਤ ਦਾ ਪੱਵਿਤਰ ਅਸਥਾਨ ਸੀ ਅਤੇ ਚਾਹੀਦਾ ਇਹ ਸੀ ਕਿ ਉਸ ਦੇ ਪੈਰੋਕਾਰ ਹੀ ਇਸ ਅਸਥਾਨ ਦੀ ਮੁਕੰਮਲ ਦੇਖ-ਰੇਖ ਦੀ ਜਿੰਮੇਵਾਰੀ ਨਿਭਾਉਂਦੇ ਪਰ ਸ਼ਾਤਰ ਕਾਨੂੰਨਦਾਨਾਂ ਨੇ ਇਸ ਦੇ ਪ੍ਰਬੰਧਕੀ ਢਾਂਚੇ ਵਿੱਚ ਹਿੰਦੂਆਂ ਦੀ ਬਹੁ-ਗਿਣਤੀ ਨੂੰ ਵਿਸ਼ੇਸ਼ ਪ੍ਰਮੁੱਖਤਾ ਦੇ ਦਿੱਤੀ।1949 ਵਿੱਚ ਬਣਾਏ ਗਏ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਅਧੀਨ,ਚਾਰ ਹਿੰਦੂ ਅਤੇ ਚਾਰ ਬੋਧੀਆਂ ਦੀ ਅੱਠ ਮੈਂਬਰੀ ਕਮੇਟੀ ਵਿੱਚ ਇਕ ਚੇਅਰਮੈਂਨ ਨਿਰਧਾਰਤ ਕੀਤਾ ਗਿਆ, ਜੋ ਓਸ ਜਿਲ੍ਹੇ ਦਾ ਡੀ.ਸੀ ਹੋਏਗਾ। ਇਸ ਵਿੱਚ ਇੱਕ ਕੜਵੀਂ ਧਾਰਾ ਦੀ ਵਿਵਸਥਾ ਵੀ ਕਰ ਦਿੱਤੀ ਗਈ ਕਿ ਅਗਰ ਡੀ.ਸੀ ਗੈਰ-ਹਿੰਦੂ ਹੈ ਤਾਂ ਸਰਕਾਰ ਨੂੰ ਹੱਕ ਹੈ ਕਿ ਇੱਕ ਹੋਰ ਹਿੰਦੂ ਨੂੰ ਨਾਮਜਦ ਕਰਕੇ ਬੋਧ ਗਯਾ ਦੀ ਪ੍ਰਬੰਧਕੀ ਕਮੇਟੀ ਵਿੱਚ ਹਿੰਦੂ ਬਹੁ-ਮਤ ਬਰਕਰਾਰ ਰੱਖਿਆ ਜਾਏ, ਕਿਉਂਕਿ ਬੋਧ ਗਯਾ ਦੇ ਅਹਾਤੇ ਵਿੱਚ ਇੱਕ ਸ਼ਿਵ ਮੰਦਰ ਬਣਾਇਆ ਹੋਇਆ ਹੈ ਅਤੇ ਹਿੰਦੂਆਂ ਨੂੰ ਤੌਖਲਾ ਹੈ ਕਿ ਕਿਧਰੇ ਬੋਧੀ-ਭਿਕਸ਼ੂ, ਉਹਨਾਂ ਦੇ ‘ਸ਼ਿਵ-ਮੰਦਰ’ ਨੂੰ ਨੁਕਸਾਨ ਨਾ ਪਹੁੰਚਾ ਦੇਂਣ। ਬੋਧੀ, ਹਿੰਦੂਆਂ ਦੇ ਦਾਹਵੇਂ ਨੂੰ ਗਲਤ ਦਸਦੇ ਹਨ ਅਤੇ ਉਹਨਾਂ ਨੇ ਇਸ ਅਮਲ ਵਿੱਰੁਧ ਰੋਸ ਮੁਜਾਹਰੇ ਵੀ ਕੀਤੇ,ਹੜਤਾਲਾਂ ਵੀ ਕੀਤੀਆਂ,ਪਰ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ।ਤਨਾਉਪੂਰਨ ਸਥਿਤੀ ਜਿਉਂ-ਦੀ-ਤਿਉਂ ਬਣੀ ਰਹਿੰਦੀ ਹੈ।

ਉਕਤ ਲੰਮੀ ਚੌੜੀ ਭੁਮਿਕਾ ਤੋਂ ਬਾਅਦ ਆਉ! ਅਸਲ ਵਿਸ਼ੇ ਵੱਲ ਪਰਤੀਏ।ਸਿੱਖ ਸਰਦਾਰੋ!ਤੁਸੀਂ ਆਤਮਿਕ ਸ਼ਾਂਤੀ ਅਤੇ ਦਰਸ਼ਨਾਂ ਲਈ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਜਾਦੇ ਹੋ। ਦਰਸ਼ਨੀ ਡਿਉਢੀ ਤੋਂ ਦਾਖਲ ਹੁੰਦੇ ਸਾਰ ‘ਗੁਰੂ-ਹਜੂਰ’ ਨਤਮਸਤਕ ਹੋਣ ਉਪਰੰਤ ਪ੍ਰਕਰਮਾਂ ਕਰਦੇ ਹੋ। ਪ੍ਰਕਰਮਾਂ ਕਰਦੇ ਸਮੇਂ, ਪ੍ਰਕਰਮਾਂ ਵਿੱਚ ਹੀ ‘ਬਾਬਾ ਦੀਪ ਸਿੰਘ ਜੀ ਸ਼ਹੀਦ’ ਦਾ ਪਾਵਨ ਸਥਾਨ ਹੈ। ਸਿੱਖ ਹਲਕਿਆਂ ਦਾ ਮੰਨਣਾ ਹੈ ਕਿ ਮੁਗਲਾਂ ਨਾਲ ਲੜਦੇ ਹੋਏ ਜਦੋਂ ਬਾਬਾ ਦੀਪ ਸਿੰਘ ਜੀ ਦਾ ਸੀਸ,ਧੜ ਨਾਲੋਂ ਵੱਖ ਹੋ ਗਿਆ ਤਾਂ ਉਨ੍ਹਾਂ ਨੇ ਗੁਰੂ ਹਜੂਰ ਕੀਤੇ ਪ੍ਰਣ ਦੀ ਪੂਰਤੀ ਲਈ ਧੜ ਨਾਲੋਂ ਕੱਟਿਆ ਹੋਇਆ ਸੀਸ ਜੋਰ ਨਾਲ ਉਛਾਲਿਆ ਜੋ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿੱਚ ਇਸ ਅਸਥਾਨ ਤੇ ਡਿੱਗਾ-ਦੱਸਿਆ ਗਿਆ ਹੈ। ਬਾਬਾ ਜੀ ਦੀ ਅਲੌਕਿਕ ਸ਼ਹੀਦੀ ਨੂੰ ਸਮਰਪਤ ਸੰਗਤਾਂ ਇਥੇ ਨਮਸਕਾਰ ਜਰੂਰ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ। ਇਸ ਅਸਥਾਨ ਤੋਂ 100 ਕੁ ਕਦਮ ਅੱਗੇ, ਘੰਟਾ-ਘਰ ਡਿਉਢੀ ਦੇ ਦੂਸਰੇ ਪਾਸੇ,ਦਰਬਾਰ ਸਾਹਿਬ ਦੇ ਚਾਰ ਦਰਵਾਜਿਆਂ ਦੀ ਧਾਰਨਾ ਅਨੁਸਾਰ ਖੱਬੇ ਹੱਥ ਓਹੋ ਜਿਹੀ ਇਕ ਹੋਰ ਵਿਸ਼ਾਲ ਡਿਉਢੀ ਹੈ। ਇਸ ਰਸਤੇ ਬਾਹਰ ਨਿਕਲਦੇ-ਸਾਰ ਖੱਬੇ ਪਾਸੇ ਇੱਕ ਹਿੰਦੂ ਪ੍ਰਾਚੀਨ ਸ਼ਿਵਾਲਾ (ਗਲਿਆਰਾ) ਆਟਾ ਮੰਡੀ ਅੰਮ੍ਰਿਤਸਰ ਬਣਿਆ ਹੋਇਆ ਹੈ, ਜਿਸ ਦੀਆਂ ਕੰਧਾਂ, ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਅਸਥਾਨ ਦੇ ਬਰਾਮਦੇ ਦੀ ਉਸਾਰੀ ਦੇ ਪਿਛਵਾੜੇ ਨਾਲ ਜੁੜਦੀਆਂ ਹਨ। ਇਸ ਤੋਂ ਸ੍ਰੀ ਦਰਬਾਰ ਸਾਹਿਬ ਦੇ ਯੋਜਨਾਬੱਧ ਗਲਿਆਰੇ ਦੀ ਹੱਦ ਕੋਈ 30ਕੁ ਫੁੱਟ ਦੂਰ, ਬਾਹਰ ਹੈ। ਇਸ ਨੂੰ ਆਟਾ ਮੰਡੀ ਬਾਹੀ ਵੀ ਕਿਹਾ ਜਾਂਦਾ ਹੈ ਅਤੇ ਇਹ ਸ਼ਿਵਾਲਾ, ਗਲਿਆਰੇ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਵਿੱਚ ਜਾਹਰਾ ਸਥਿਤ ਕੀਤਾ ਗਿਆ ਸਾਬਤ ਹੁੰਦਾ ਹੈ।

(ਪ੍ਰਾਚੀਨ ਸ਼ਿਵਾਲਾ (ਗਲਿਆਰਾ) ਆਟਾ ਮੰਡੀ, ਸ੍ਰੀ ਅੰਮ੍ਰਿਤਸਰ ਦਾ ਦ੍ਰਿਸ਼, ਫੋਟੋ-ਜਨਵਰੀ, 2013)

ਸਿੱਖ ਜਗਤ ਅਤੇ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ,ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਬੇ-ਖ਼ਬਰ ਹੈ। ਹਿੰਦੂਤਵੀਆਂ ਨਾਲ ਸਿੱਖ ਸਿਆਸਤਦਾਨਾਂ ਦੀ ਡੂੰਘੀ ਸਾਂਝ ਤੇ ਉਹਨਾਂ ਦੀ ਬੇ-ਹਿਸਾਬੀ ਚੜ੍ਹਤ ਅਤੇ ਸਿੱਖ ਰਾਜਨੀਤਕ ਵਰਗ ਦੇ ਸਿੱਖ ਧਾਰਮਿਕ ਆਗੂਆਂ ਉੱਤੇ ਭਾਰੀ ਗਲਬੇ ਦਾ ਕਾਰਨ, ਬੋਧ ਗਯਾ ਦੀ ਸਥਿਤੀ ਨਾਲ ਮੇਲ ਕੇ ਵੇਖਿਆ ਜਾਏ ਤਾਂ ਕਦੇ, ਕਿਸੇ ਸਮੇਂ ਵੀ ਓਹੋ ਜਿਹਾ ਸੰਭਾਵੀ ਉਲਾਰ ਵੇਖਿਆ ਜਾ ਸਕਦਾ ਹੈ। ਉਲਟੀ ਚੱਕੀ ਫਿਰ ਸਕਦੀ ਹੈ ਕਿਉਂਕਿ ਇਸ ਵਰਗ ਦੀ ਅਕਿਰਤਘਣਤਾ ਦੇ ਸਿੱਟੇ ਵਜੋਂ, ਅਸਾਡੀਆਂ ਪਿਛਲੀਆਂ ਹੰਡਾਈਆਂ ਹਿਰਦੇ-ਵੇਧਕ ਘਟਨਾਵਾਂ ਅਤੇ ਆਮ ਪ੍ਰਚਲਿਤ ਵਾਕਫੀ ਭਰੀਆਂ ਬਾਤਾਂ ਇਹੋ ਦੱਸਦੀਆਂ ਹਨ ਕਿ ਦੋਂਹ ਧਰਮਾਂ ਦੀ ਸੋਚ ਦੇ ਪਾੜੇ ਦੇ ਸੰਦਰਭ ਵਿੱਚ,ਬੋਧ ਗਯਾ ਵਰਗਾ ਕਦੇ ਵੀ ਅਣ-ਕਿਆਸਿਆ ਰੱਫ਼ੜ ਖੜ੍ਹਾ ਹੋ ਸਕਦਾ ਹੈ।ਕਾਰ-ਸ਼ਤਾਨੀਆਂ ਦੇ ਦਾਉ-ਪੇਚ ਦੀ ਮਾਹਰ ਮੁੰਡੀਰ, ਕਦੇ ਵੀ ਉਤੇਜਤ ਹੋ ਕੇ ਖ਼ਰ-ਮਸਤੀਆਂ ਤੇ ਉਤਰ ਸਕਦੀ ਹੈ। ਜੇ ਆਈ ਤੇ ਆ ਗਈ,ਫਿਰ ਭਾਵੇਂ ਅਸਾਨੂੰ ਚਿੱਪ ਤਾਂ ਨਾ ਸਕੇ ਪਰ ਠੰਢੇ ਪਿੰਡੇ ਤ੍ਰੇਲੀਆਂ ਜਰੂਰ ਲਿਆ ਸਕਦੇ ਹਨ।ਸਾਡੇ ਧਾਰਮਿਕ ਆਗੂ ਤਾਂ ਭਜਨ-ਬੰਦਗੀ’ਚ ਲੀਨ ਰਾਮ ਗਊਆਂ ਹਨ।

ਇਹਨਾਂ ਲਈ ਬਾਬੇ ਨਜਮੀਂ ਦੇ ਕਹਿਣ ਅਨੁਸਾਰ ‘ਸਤ ਦਿਨ ਤੇ ਅੱਠ ਮੇਲੇ, ਫਿਰ ਵੇਹਲੇ ਦੇ ਵੇਹਲੇ’ਵਾਲੀ ਗੱਲ ਹੈ।ਇਹਨਾਂ ਕੋਲ ਸੋਚਣ ਸਮਝਣ ਅਤੇ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਦੇ ਸੰਦਰਭ’ਚ, ਲਸੂੜੀ ਦੀ ਗਿੱਟਕ ਵਾਂਗ ਚੰਬੜੇ ਸ਼ਿਵਾਲੇ ਦਾ ਮੁਲਾਂਕਣ ਕਰਨ ਦਾ ਸਮਾਂ ਹੀ ਨਹੀਂ? 19ਵੀਂ ਸਦੀ ਦੇ ਲੋਕ ਕਵਿ ‘ਸਦਾ ਰਾਮ’ ਦੇ ਸੱਚ ਉਗਲਦੇ ਬੋਲ ਹਨ ਕਿ ‘ਅਬ ਤੋਂ ਹਮ ਸਾਧ ਭਏ,ਰਹਿਤੇ ਰਮਤੇ ਰਾਮ’। ਇੱਥੇ ਮੰਦਰ’ਚ ਟੱਲ ਖੜਕਦੇ ਹਨ, ਸ਼ਿਵਾਲ਼ੀਏ ਸਾਡੇ ਕੌਲਿਆਂ ਤੇ ਤੇਲ ਚੋਈ ਰੱਖਦੇ ਹਨ ਅਤੇ ਤਿਲ-ਚੌਲ ਦੀ ਨਿਆਜ ਵੀ ਸਾਡੇ ਹੀ ਵੇਹੜੇ ਵਿੱਚ ਖਿਲਾਰਦੇ ਵੇਖੇ ਜਾ ਸਕਦੇ ਹਨ।ਅਸੀਂ ਤਾਂ ਮੰਗਲ-ਮਈ ਸਮਾਗਮ ਹੀ ਰਚਣ ਜੋਗੇ ਰਹਿ ਗਏ ਹਾਂ।

ਆਉ! ਕੁਝ ਸੋਚੀਏ,ਵੀਚਾਰੀਏ ਅਤੇ ਸੁਖਾਵੇਂ ਸਮਾਧਾਨ ਵੱਲ ਪਹਿਲ-ਕਦਮੀਂ ਕੀਤੀ ਜਾਏ। ਭਾਵੇ ਮਿੱਠੇ ਚੌਲ ਰਹੁ ਵਾਲੇ ਛਕਦੇ ਰਹੀਏ ਪਰ ਨਾਲ ਦੀ ਨਾਲ ਸਾੜ-ਸਤੀ ਦੀਆਂ ਕਾਂਗਾਂ ਨੂੰ ਵੀ ਪਹਿਚਾਣੀਏ। ਸ਼ੇਸ਼-ਨਾਗ ਦੇਵਤਾ ਕਦੇ ਵੀ ਜੀਭ ਕੱਢੀ ਫ਼ੱਨ ਖਲਾਰ ਸਕਦਾ ਹੈ। ਕਿਸੇ ਨੂੰ ਕੋਈ ਫਿਕਰ ਨਹੀਂ,ਚਿੰਤਾ ਨਹੀਂ ਕਿਉਂਕਿ ਪੰਡਿਤ ਮੇਘ ਰਾਜ ਭੋਡੀਪੁਰੀਏ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਲੋਂ ਯਾਦ ਕਰਦਿਆਂ ਕਿਹਾ ਹੈ:

ਏਥੇ ਪੰਥ ਬਣ ਬੈਠੇ ਬੇ-ਹਿਸਾਬ ਨੇ, ਭੁੱਖੇ ਚੌਧਰ ਦੇ ਲੀਡਰ ਪੰਜਾਬ ਦੇ,
ਭੁੱਲ ਗਏ ਕਾਰਨਾਮੇਂ ਗੁਰੂ ਸਾਹਿਬ ਦੇ, ਵਿੱਚ ਅਣਖ ਨਾ ਕਿਸੇ ਜਨਾਬ ਦੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top