Share on Facebook

Main News Page

ਜੀਵਨ ਵਿਚ ਅਕਾਲਪੁਰਖ ਵਾਲੇ ਗੁਣ ਭਗੌਤੀ ਨਾਂ ਦੀ ਦੇਵੀ ਅੱਗੇ ਅਰਦਾਸ ਕਰਕੇ ਕਦੇ ਵੀ ਨਹੀਂ ਆ ਸਕਦੇ ?
-: ਸੁਰਿੰਦਰ ਸਿੰਘ ਫਰੀਦਾਬਾਦ

• ਚੰਗੇ ਗੁਣਾਂ ਦਾ ਧਾਰਣੀ ਹੋਣਾ ਹੈ ਤਾਂ ਉਸ ਲਈ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਨਿਰਭਉ ਨਿਰਵੈਰ ਅਕਾਲਪੁਰਖ ਦੇ ਗੁਣਾਂ ਨੂੰ ਅਪਣਾਉਂਦੇ ਹੋਏ ਉਸ ਅਗੇ ਅਰਦਾਸ ਕਰਣ ਦੀ ਲੋੜ

(ਜਸਪ੍ਰੀਤ ਕੌਰ ਫਰੀਦਾਬਾਦ 14 ਜੁਲਾਈ 2013)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰ ਮਹੀਨੇ ਦੀ 13 ਨੂੰ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਦੇ ਵਿਰੋਧ ਵਿਚ ਮਨਾਏ ਜਾਣ ਵਾਲੇ ਕਾਲੇ ਦਿਵਸ ਮੌਕੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਵਾਰ ਭਗੌਤੀ ਨੂੰ ਸਿੱਖ ਸਮਾਜ ਵਿਚ ਅਰਦਾਸ ਦਾ ਨਾਂ ਦੇ ਕੇ ਪੜਿਆ ਜਾ ਰਿਹਾ ਹੈ, ਅਸਲ ਵਿਚ ਉਹ ਅਰਦਾਸ ਅਕਾਲਪੁਰਖ ਅੱਗੇ ਨਹੀਂ ਸਗੋਂ ਭਗੌਤੀ ਨਾਂ ਦੀ ਦੇਵੀ ਅੱਗੇ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਵਿਚ ਵਾਰ ਭਗੌਤੀ ਦੀਆਂ ਸਾਰੀਆਂ ਪਉੜੀਆਂ ਦੁਰਗਾ ਪਾਠ ਹਨ। ਕੇਵਲ ਪਹਿਲੀ ਪਉੜੀ ਵਿਚ ਬੜੀ ਚਲਾਕੀ ਨਾਲ ਕਵੀ ਨੇ ਸਿੱਖਾਂ ਨੂੰ ਗੁਮਰਾਹ ਕਰਣ ਲਈ ਪਹਿਲੇ ਨੌਂ ਗੁਰੂ ਸਾਹਿਬਾਨਾਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਵੱਖ ਵੱਖ ਦਾਤਾਂ ਦੇਣ ਵਾਲਾ ਦਰਸਾ ਕੇ ਸ਼ਬਦ ਗੁਰੂ ਦੇ ਸਿਧਾਂਤ ਬਾਣੀ ਗੁਰੂ ਅਤੇ ਵਿਚਿ ਬਾਣੀ ਅੰਮ੍ਰਿਤ ਸਾਰੇ ਤੋਂ ਦੂਰ ਕਰਨ ਦੀ ਗੰਦੀ ਖੇਡ ਖੇਡੀ ਹੈ, ਜੋ ਕਿ ਵਾਰ ਭਗੌਤੀ ਦੀ 55ਵੀਂ ਪਉੜੀ “ਦੁਰਗਾ ਪਾਠ ਬਣਾਇਆ ਸਭੇ ਪਉੜੀਆ ਫਿਰਿ ਨਾ ਜੂਨੀ ਆਇਆ ਜਿਨਿ ਇਹ ਗਾਇਆ’ ਵਿਚੋਂ ਸਾਫ ਝਲਕਦੀਆਂ ਹਨ।

ਇਸ ਰਚਨਾ ਦੇ ਕਵੀ ਦਾ ਨਾਮ ਸਿਆਮ ਹੈ ਕਵੀ ਸਿਆਮ ਕਹਿੰਦਾ ਹੈ ਕਿ ਹੇ ਦੇਵੀ ਦੁਰਗਾ ਮੈਨੂੰ ਤਾਂ ਤੇਰਾ ਆਸਰਾ ਹੈ (ਤੇਰਾ ਸਾਮ ਤਕਾਈ ਦੇਵੀ ਦੁਰਗਸ਼ਾਹ) । ਇੰਨ੍ਹਾਂ ਸਪਸ਼ਟ ਹੋਣ ਅਤੇ ਕਵੀ ਛਾਪ ਲਿਖੇ ਹੋਣ ਦੇ ਬਾਵਜੂਦ ਵੀ ਜੇ ਕੋਈ ਸਿਆਮ ਕਵੀ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਾਬਤ ਕਰਣ ਲਈ ਬਜਿਦ ਹੈ ਤਾਂ ਉਹ ਅਪਣੇ ਆਪ ਨੂੰ ਸ਼ਬਦ ਗੁਰੂ ਦਾ ਸਿੱਖ ਅਖਵਾਉਣ ਦਾ ਹਕਦਾਰ ਨਹੀਂ।

ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿਚ ਭਗੌਤੀ ਨੂੰ ਸ਼ਿਵਾ, ਦੁਰਗਾ, ਛਿਮਾ, ਤੋਤਲਾ, ਕਾਲੀ, ਕਪਾਲਿਨੀ, ਚੰਡੀ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਹੈ, ਜੋ ਕਿ ਅਕਾਲਪੁਰਖ ਨੂੰ ਸੰਬੋਧਤ ਨਾਂ ਨਹੀਂ, ਸਗੋਂ ਭਗੌਤੀ/ਦੁਰਗਾ ਦੇਵੀ ਨੂੰ ਸੰਬੋਧਨ ਕਰਦਿਆਂ ਦੇਵੀ ਭਗਤ ਸਿਆਮ ਦੀ ਰਚਨਾ ਹੈ। ਇਸ ਗੱਲ ਦੀ ਹਾਮੀ ਮਹਾਨ ਕੋਸ਼ ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ ਵੀ ਕਰਦੇ ਹਨ।

ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਵਿਚ ਦੇਵੀ ਨੂੰ ਅਯਾਸ਼ ਰਾਜੇ ਇੰਦਰ ਦੀ ਮਦਦ ਕਰਣ ਵਾਲੀ, ਗੁੱਸੇ ਵਾਲੀ, ਨਸ਼ਿਆਂ ਦਾ ਸੇਵਨ ਕਰਨ ਵਾਲੀ ਦਰਸਾਉਣ ਤੋਂ ਬਾਦ ਵੀ ਉਸ ਵਰਗਾ ਬਣਨ ਦੀ ਹਮਾਇਤ ਕੀਤੀ ਹੈ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਗੁਰਬਾਣੀ ਦੇ ਸਿਧਾਂਤ “ਜੈਸਾ ਸੇਵੈ ਤੈਸੋ ਹੋਇ ॥” ਮੁਤਾਬਕ ਜੀਵਨ ਵਿਚ ਜੇ ਚੰਗੇ ਗੁਣਾਂ ਦਾ ਧਾਰਣੀ ਹੋਣਾ ਹੈ, ਤਾਂ ਉਸ ਲਈ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਨਿਰਭਉ ਨਿਰਵੈਰ ਅਕਾਲਪੁਰਖ ਦੇ ਗੁਣਾਂ ਨੂੰ ਅਪਣਾਉਂਦੇ ਹੋਏ, ਉਸ ਅਗੇ ਅਰਦਾਸ ਕਰਣ ਦੀ ਲੋੜ ਹੈ, ਨਾ ਕਿ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਕ੍ਰੋਧ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਇਸ਼ਟ ਨੂੰ ਪ੍ਰਿਥਮ ਭਗੌਤੀ ਸਿਮਰਿ…ਆਖ ਕੇ।


ਟਿੱਪਣੀ:

ਖ਼ਾਲਸਾ ਨਿਊਜ਼ ਸ. ਸੁਰਿੰਦਰ ਸਿੰਘ ਫਰੀਦਾਬਾਦ ਦੇ ਭਗੌਤੀ ਬਾਰੇ ਦਿੱਤੇ ਬਿਆਨ ਅਤੇ ਖੁਲਾਸੇ ਬਾਰੇ ਪੂਰੀ ਤਰ੍ਹਾਂ ਸਹਿਮਤ ਹੈ। ਜੇ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਇਸ ਨੂੰ ਗੁਰੂ ਸਾਹਿਬ ਦੀ ਬਾਣੀ ਕਹਿੰਦੇ ਹਨ, ਤਾਂ ਉਨ੍ਹਾਂ ਨੂੰ ਕਿਸਨੇ ਹੱਕ ਦਿੱਤਾ ਕਿ "ਵਾਰ ਦੁਰਗਾ ਕੀ" ਨੂੰ "ਵਾਰ ਸ੍ਰੀ ਭਗੌਤੀ ਜੀ ਕੀ" 'ਚ ਬਦਲਣ? ਇਸ ਤੋਂ ਵੀ ਸਾਬਿਤ ਹੁੰਦਾ ਹੈ ਕਿ ਇਹ ਗੁਰੂ ਸਾਹਿਬ ਦੀ ਰਚਨਾ ਨਹੀਂ। ਜੇ "ਭਗੌਤੀ" ਦਾ ਅਰਥ ਇੱਕ ਸੈਕਿੰਡ ਲਈ ਮੰਨ ਲਿਆ ਜਾਵੇ ਕਿ "ਅਕਾਲਪੁਰਖ" ਹੈ, ਤਾਂ ਫਿਰ ਕਿਉਂ ਨਾ ਅਸੀਂ "ਪ੍ਰਿਥਮ ਅਕਾਲਪੁਰਖ ਸਿਮਰ ਕੈ" ਕਹਿ ਕੇ ਅਰਦਾਸ ਕਰ ਲਇਆ ਕਰੀਏ, ਜਿਸ ਤਰ੍ਹਾਂ ਪਹਿਲਾਂ ਹੀ ਕਈ ਜਾਗਰੂਕ ਸਿੱਖ ਕਰਨ ਲੱਗ ਪਏ ਹਨ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top