ਬਾਬਾ ਜੀ ਬੜੇ ਵਜੂਦ ਵਿੱਚ ਆਕੇ ਗੁਰੁ ਕੀਆਂ ਸਾਖੀਆਂ ਸੁਣਾ
ਰਹੇ ਸਨ ਕਿ ਕਿਵੇਂ ਗੁਰੁ ਸਾਹਿਬਾਨਾਂ ਨੇ ਉਚ-ਨੀਚ ਦਾ ਭਿੰਨ-ਭੇਦ ਮਿਟਾ ਕੇ ਸਾਰੀ
ਮਨੁੱਖਤਾ ਨੂੰ ਇਕੇ ਧਾਗੇ ਵਿੱਚ ਪਰੋਇਆ। ਫਿਰ ਬਾਬਾ ਜੀ ਨੇ ਹਰਿਮੰਦਰ ਸਾਹਬ ਦੀ
ਮਿਸਾਲ ਦਿੰਦਿਆਂ ਦੱਸਿਆ ਕਿ ਉਥੇ ਦੇ ਚਾਰ ਦਰਵਾਜਿਆਂ ਦਾ ਮੱਤਲਬ, ਕਿਸੇ ਵੀ ਜਾਤ
ਮ੍ਹਜਹਬ ਦਾ ਕੋਈ ਵੀ ਮਨੁੱਖ ਆ ਸਕਦਾ ਹੈ ਸਭ ਲਈ ਹਮੇਸ਼ਾਂ ਲਈ ਦਰਵਾਜੇ ਖੁਲ੍ਹੇ
ਹਨ। ਉਸ ਤੋਂ ਬਾਅਦ ਉਹਨੀਂ ਗੁਰੁ ਕੇ ਲੜ ਲਗਣ ਦੀ ਪ੍ਰੇਰਨਾ ਕੀਤੀ ਅਤੇ ਅਗਲੇ
ਭਲਕ ਅੰਮ੍ਰਿਤ ਦੀ ਇਲਾਹੀ ਦਾਤ ਵੰਡੇ ਜਾਣ ਦਾ ਐਲਾਨ ਕੀਤਾ ਅਤੇ ਸਭ ਮਾਈ-ਭਾਈ
ਨੂੰ ਕੇਸਾਂ ਸਮੇਤ ਇਸ਼ਨਾਨ ਕਰਕੇ ਵਕਤ ਸਿਰ ਆਉਂਣ ਦੀ ਅਪੀਲ ਕੀਤੀ।
ਅਗਲੇ
ਦਿਨ ਅੰਮ੍ਰਿਤ ਛਕਾਇਆ ਜਾਣਾ ਸੀ ਪੰਜ ਪਿਆਰੇ ਬਰਦੀਆਂ ਵਿੱਚ ਤਿਆਰ ਸੋਭ ਰਹੇ ਸਨ।
ਬਾਬਿਆਂ ਦੀ ਪ੍ਰੇਰਨਾ ਸਦਕਾ ਵਿਹੜੇ ਵਾਲਿਆਂ ਦੀ ਸ਼ੀਬੋ ਵੀ ਆਪਦੇ ਬੱਚਿਆਂ ਨੂੰ
ਤਿਆਰ ਕਰਕੇ ਸਵੇਰ ਦੀ ਹੀ ਗੁਰੂ ਦਰਬਾਰ ਆਣ ਹਾਜਰ ਹੋਈ। ਉਸ ਦੇ ਮਨ ਅੰਦਰ ਬੜਾ
ਚਾਅ ਸੀ ਕਿ ਮੈਂ ਵੀ ਗੁਰੂ ਵਾਲੀ ਬਣ ਕੇ ਅਪਣਾ ਜਨਮ ਸਵਾਰ ਲਵਾਂਗੀ।
ਅੰਮ੍ਰਿਤ ਤਿਆਰ ਹੋਇਆ। ਬਾਬਾ ਜੀ ਖੁਦ ਅਗੇ ਲੱਗ ਕੇ ਇਹ ਸੇਵਾ ਨਿਭਾ ਰਹੇ ਸਨ।
ਜਦ ਸ਼ੀਬੋ ਦੀ ਵਾਰੀ ਆਈ ਤਾਂ ਬਾਬਿਆਂ ਉਸਨੂੰ ਬੱਚਿਆਂ ਸਮੇਤ ਪਿੱਛੇ ਹੋ ਕੇ
ਬੈਠਣ ਦਾ ਹੁਕਮ ਦੇ ਦਿੱਤਾ। ਪਰ ਲਾਗੇ ਬੈਠੇ ਇੱਕ ਹੋਰ ਗੁਰੁ ਕੇ ਸਿੱਖ ਨੇ
ਦੱਸਿਆ ਕਿ ਬਾਬਾ ਜੀ ਇਹ ਬੀਬੀ ਬਹੁਤ ਸਵੇਰੇ ਦੀ ਹੀ ਆਈ ਬੈਠੀ ਹੈ ਇਸ ਦੀ ਵਾਰੀ
ਵੀ ਪਹਿਲਾਂ ਹੈ। ਬਾਬੇ ਇੱਕ ਦਮ ਅੱਗ-ਬਬੂਲਾ ਹੋ ਗਏ’
“ਹੱਦ ਹੋ ਗਈ ਫਿਰ ਪੁੱਛਦੇ ਬਾਬਾ ਜੀ ਕਲਯੁੱਗ ਕੀ ਹੁੰਦਾ! ਇਹੀ ਕਲਯੁੱਗ ਹੈ ਹੋਰ
ਕੱਲਯੁਗ ਦੇ ਸਿੰਗ ਲਗੇ ਹੁੰਦੇ? ਇਹਨਾ ਚੂਹੜਿਆਂ-ਚੱਪੜਿਆਂ ਨੂੰ ਬਾਕੀਆਂ ਨਾਲ
ਕਿਵੇਂ ਛਕਾ ਦਿਆਂ? ਆ ਗਿਆ ਵੱਡਾ ਸਿਆਣਾ”?
ਰੋਣ ਹਾਕੀ ਹੋਈ ਸ਼ੀਬੋ ਬਾਬਿਆਂ ਵਲ ਦੇਖਦੀ ਬਾਬਿਆਂ ਦੇ ਹਰਿਮੰਦਰ ਸਾਹਿਬ ਦੇ
ਚਾਰ ਦਰਵਾਜਿਆਂ ਵਾਲੀ ਕਹਾਣੀ ਯਾਦ ਕਰਦੀ ਵਿਚੋਂ ਹੀ ਉਠ ਕੇ ਚਲੀ ਗਈ। ਬਾਬਾ ਫੌਜਾ
ਸਿੰਘ ਪਿੰਡ ਦੀ ਫਿਰਨੀ 'ਤੇ ਨਵੇਂ ਬਣੇ ਗਿਰਜੇ ਵਲ ਵੇਖ ਬਾਬਿਆਂ ਨੂੰ ਲਾਹਨਤਾਂ
ਪਾ ਰਿਹਾ ਸੀ।