Share on Facebook

Main News Page

ਕੈਲੰਡਰ ਕੋਈ ਗੁਰਬਾਣੀ ਨਹੀਂ, ਇਸ ਨੂੰ ਹੁਣ ਦੁਬਾਰਾ ਵੀ ਸੋਧਿਆ ਜਾ ਸਕਦਾ ਹੈ
-: ਗਿਆਨੀ ਗੁਰਬਚਨ ਸਿੰਘ

* ਐਸਾ ਕੈਲੰਡਰ ਤਿਆਰ ਕੀਤਾ ਜਾਵੇ ਜਿਸ ਵਿੱਚ ਗੁਰਪੁਰਬ ਅਤੇ ਸੰਗ੍ਰਾਂਦਾਂ ਹਮੇਸ਼ਾਂ ਹੀ ਸਥਿਰ ਤਰੀਖਾਂ ਨੂੰ ਆਉਣ ਤਾ ਕਿ ਸਾਨੂੰ ਯਾਦ ਰੱਖਣੀਆਂ ਆਸਾਨ ਹੋ ਜਾਣ : ਰਜਿੰਦਰ ਸਿੰਘ ਸਿੱਧੂ
* 2010 ਵਿੱਚ ਕੀਤੀਆਂ ਸੋਧਾਂ ਦਾ ਤਜਰਬਾ ਫੇਲ੍ਹ ਹੋ ਜਾਣ ਪਿੱਛੋਂ ਇਨ੍ਹਾਂ ਸੋਧਾਂ ਨੂੰ ਰੱਦ ਕਰਕੇ, ਭਾਈ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕੀਤਾ ਜਾਵੇ: ਕਿਰਪਾਲ ਸਿੰਘ

ਬਠਿੰਡਾ, 16 ਜੁਲਾਈ (ਕਿਰਪਾਲ ਸਿੰਘ): ਕੈਲੰਡਰ ਕੋਈ ਗੁਰਬਾਣੀ ਨਹੀਂ ਇਹ ਵਿਦਵਾਨਾਂ ਨੇ ਬਣਾਇਆ ਹੈ ਇਸ ਲਈ ਇਸ ਵਿੱਚ ਸੋਧਾਂ ਹੁਣ ਦੁਬਾਰਾ ਵੀ ਹੋ ਸਕਦੀਆਂ ਹਨ। ਇਹ ਸ਼ਬਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਇੱਥੇ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸ਼ਹਿਰ ਦੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਦੇ ਨੁੰਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਪੁਰੇਵਾਲ ਵਾਲ ਵਾਲੇ ਕੈਲੰਡਰ ਵਿੱਚ ਵੀ ਕੁਝ ਊਣਤਾਈਆਂ ਸਨ; ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 1 ਜਨਵਰੀ ਨੂੰ ਬਣਦਾ ਸੀ ਪਤਾ ਨਹੀਂ ਕਿਸ ਤਰ੍ਹਾਂ ਖਿੱਚ ਧੂਅ ਕਰਕੇ ਇਹ 5 ਜਨਵਰੀ ਕਰ ਦਿੱਤਾ ਗਿਆ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੁਰੇਵਾਲ ਵੱਲੋਂ ਤਿਆਰ ਕੀਤਾ ਗਿਆ ਕੈਲੰਡਰ ਇਸ ਮਕਸਦ ਲਈ ਬਣਾਈ ਕਮੇਟੀ ਦੇ ਮੈਂਬਰਾਂ ਨੂੰ ਵਿਖਾਇਆ ਤੱਕ ਨਹੀਂ ਗਿਆ ਤੇ ਇਹ ਆਪ ਹੁਦਰੇ ਢੰਗ ਨਾਲ ਲਾਗੂ ਕਰ ਦਿੱਤਾ ਗਿਆ। ਜੇ ਉਸ ਵੇਲੇ ਇਹ ਸਾਰਿਆਂ ਦੀ ਸਲਾਹ ਨਾਲ ਲਾਗੂ ਕੀਤਾ ਗਿਆ ਹੁੰਦਾ ਤਾਂ ਅੱਜ ਵਾਲਾ ਇਹ ਵਿਵਾਦ ਖੜ੍ਹਾ ਨਾ ਹੁੰਦਾ। ਉਨ੍ਹਾਂ ਕਿਹਾ ਕਿ 2010 ਵਿੱਚ ਕੀਤੀ ਗਈ ਸੋਧ ਵੀ ਕੋਈ ਅੰਤਿਮ ਸੋਧ ਨਹੀਂ ਹੈ ਤੇ ਹੋਰ ਸੁਝਾਉ ਆਉਣ ’ਤੇ ਇਸ ਵਿੱਚ ਹੁਣ ਵੀ ਸੋਧ ਹੋ ਸਕਦੀ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਧਾਰਮਕ ਜਥੇਬੰਦੀਆਂ ਦੇ ਨੁੰਮਾਇੰਦਆਂ ਨੇ ਬੀਤੀ 9 ਜੁਲਾਈ ਨੂੰ ਇਸੇ ਸਥਾਨ 'ਤੇ ਇਕੱਤਰ ਹੋ ਕੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਸੀ ਕਿ ਸੋਧਾਂ ਵਾਲੇ ਕੈਲੰਡਰ ਸਦਕਾ ਤਕਰੀਬਨ ਸਾਰੇ ਹੀ ਗੁਰਪੁਰਬਾਂ ਅਤੇ ਹੋਰ ਇਤਿਹਾਸਕ ਦਿਹਾੜਿਆਂ ਦੀ ਤਰੀਖਾਂ ਅੱਗੇ ਪਿੱਛੇ ਹੋਣ ਕਰਕੇ ਇਤਿਹਾਸ ਵਿੱਚ ਕਾਫੀ ਵਿਗਾੜ ਪੈਦਾ ਹੋ ਰਿਹਾ ਹੈ ਇਸ ਲਈ ਇਹ ਸੋਧਾਂ ਰੱਦ ਕਰਕੇ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕੀਤਾ ਜਾਵੇ ਅਤੇ ਇਸ ਵਿੱਚ ਤਿੰਨ ਦਿਹਾੜੇ- 1. ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, 2. ਬੰਦੀਛੋੜ ਦਿਵਸ ਅਤੇ 3. ਹੋਲਾ ਮਹੱਲਾ ਜੋ ਉਸ ਸਮੇਂ ਪੁਰਾਤਨ ਮਰਿਆਦਾ ਅਨੁਸਾਰ ਚੰਦਰ ਸਾਲ ਦੀਆਂ ਤਿਥਾਂ ਮੁਤਾਬਕ ਹੀ ਰੱਖੇ ਗਏ ਸਨ ਨੂੰ ਵੀ ਨਾਨਕਸ਼ਾਹੀ ਦੀਆਂ ਤਰੀਖਾਂ ਅਨੁਸਾਰ ਨਿਸਚਤ ਕੀਤਾ ਜਾਵੇ। ਬਠਿੰਡਾ ਦੀਆਂ ਸੰਗਤਾਂ ਵੱਲੋਂ ਇਹ ਮਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਣ ਲਈ ਉਨ੍ਹਾਂ ਤੋਂ ਸਮਾ ਮੰਗਿਆ ਸੀ ਤਾਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਖੁਲ੍ਹਦਿਲੀ ਵਿਖਾਉਂਦੇ ਹੋਏ ਕਿਹਾ ਸੀ ਕਿ ਸੰਗਤ ਨੂੰ ਅੰਮ੍ਰਿਤਸਰ ਵਿਖੇ ਆਉਣ ਦੀ ਲੋੜ ਨਹੀਂ, ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਮੈਂਬਰ (ਸੰਤ) ਗੁਰਮੀਤ ਸਿੰਘ ਤਿਲੋਕੇ ਵਾਲਿਆਂ ਵੱਲੋਂ ਰੱਖੇ ਧਾਰਮਕ ਸਮਾਗਮ ਵਿੱਚ ਸੰਗ੍ਰਾਂਦ ਵਾਲੇ ਦਿਨ ਸ਼ਮੂਲੀਅਤ ਕਰਨ ਲਈ ਆਉਣਾ ਹੈ ਤੇ ਬਠਿੰਡਾ ਸ਼ਹਿਰ ਵਿੱਚੋਂ ਹੀ ਲੰਘਣਾ ਹੈ ਇਸ ਲਈ ਉਹ ਖ਼ੁਦ ਹੀ ਸੰਗਤ ਨਾਲ ਵੀਚਾਰ ਕਰਨ ਅਤੇ ਮਤਾ ਪ੍ਰਾਪਤ ਕਰਨ ਲਈ ਇਥੇ ਪਹੁੰਚ ਜਾਣਗੇ।

ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਇਥੇ ਪਹੁੰਚਣ 'ਤੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਨੇ ਜੀ ਆਇਆਂ ਕਿਹਾ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਉਪ੍ਰੰਤ ਸ: ਸਿੱਧੂ, ਗੁਰਦੁਆਰਾ ਭਾਈ ਮਤੀਦਾਸ ਨਗਰ ਦੇ ਸਰਪ੍ਰਸਤ ਆਤਮਾ ਸਿੰਘ ਚਾਹਲ, ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਦੇ ਪ੍ਰਧਾਨ ਹਰਮਿੰਦਰ ਸਿੰਘ ਸਮਾਘ, ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਦੇ ਪ੍ਰਧਾਨ ਮਨੋਹਰ ਸਿੰਘ, ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਬਠਿੰਡਾ ਦੇ ਪ੍ਰਬੰਧਕੀ ਮੈਂਬਰ ਮਹੇਸ਼ਇੰਦਰ ਸਿੰਘ, ਸੇਵਾ ਪੰਥੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਦੇ ਮੁਖੀ ਮਹੰਤ ਬਾਬਾ ਕਾਹਨ ਸਿੰਘ ਵੱਲੋਂ ਭੇਜੇ ਗਏ ਉਨ੍ਹਾਂ ਦੇ ਨੁੰਮਾਇੰਦੇ ਭਾਈ ਇੰਦਰਜੀਤ ਸਿੰਘ, ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਮੈਨੇਜਰ ਸੁਰਿੰਦਰ ਸਿੰਘ ਮਾਨ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਭਲਿਆਣ ਦੇ ਕੇਂਦਰੀ ਪੰਚਾਇਤ ਮੈਂਬਰ ਸੁਖਦੇਵ ਸਿੰਘ ਐੱਸਐੱਮ ਬੈਟਰੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ, ਸਾਬਕਾ ਪ੍ਰਧਾਨ ਬੀਰਦਵਿੰਦਰ ਸਿੰਘ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਬਠਿੰਡਾ ਸਰਕਲ ਦੇ ਮਲਕੀਤ ਸਿੰਘ, ਗੁਰਦਦਿਆਲ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਜ਼ੋਨ ਇੰਚਾਰਜ ਬਲਵੰਤ ਸਿੰਘ ਮਾਨ, ਏਕਸ ਕੇ ਬਾਰਕ ਜਥੇਬੰਦੀ ਜਿਲ੍ਹਾ ਬਠਿੰਡਾ ਦੇ ਮੁਖੀ ਮਹਿੰਦਰ ਸਿੰਘ ਖਾਲਸਾ, ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥੇ ਦੇ ਪ੍ਰਧਾਨ ਕਿੱਕਰ ਸਿੰਘ, ਗੁਰਮਤਿ ਪ੍ਰਚਾਰ ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ, ਬਲਦੇਵ ਸਿੰਘ, ਸ਼ਹੀਦ ਭਾਈ ਮਤੀਦਾਸ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਦੇ ਪ੍ਰਧਾਨ ਸਿਮਰਨਜੋਤ ਸਿੰਘ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਬਾਲਿਆਂਵਾਲੀ, ਸ਼ਹਿਰੀ ਪ੍ਰਧਾਨ ਹਰਫੂਲ ਸਿੰਘ ਅਤੇ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਦੇ ਕੇਂਦਰੀ ਪੰਚਾਇਤ ਮੈਂਬਰ ਕਿਰਪਾਲ ਸਿੰਘ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਜਿਨ੍ਹਾਂ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਸਕੱਤਰ ਜਥੇਦਾਰ ਰਣਜੀਤ ਸਿੰਘ, ਹੈੱਡਮਾਟਰ ਬਚਿੱਤਰ ਸਿੰਘ, ਭਾਈ ਜੀਤ ਸਿੰਘ ਖੰਡੇਵਾਲਾ, ਭਾਈ ਹਰਸਿਮਰਨਜੀਤ ਸਿੰਘ ਕਥਾਵਾਚਕ, ਸੂਰਤਾ ਸਿੰਘ, ਸੂਬੇਦਾਰ ਬਲਦੇਵ ਸਿੰਘ, ਪੀ.ਐੱਸ. ਰੰਧਾਵਾ, ਗੁਰਨਾਮ ਸਿੰਘ ਆਦਕ ਨੇ ਬਠਿੰਡਾ ਦੀ ਸਮੁੱਚੀ ਸਿੱਖ ਸੰਗਤ ਵੱਲੋਂ ਗਿਆਨੀ ਗੁਰਬਚਨ ਸਿੰਘ ਜੀ ਨੂੰ ਗੁਰੂਘਰ ਦੀ ਬਖਸ਼ਿਸ਼ ਸਿਰੋਪਾ, ਇੱਕ ਸ਼ਾਲ ਅਤੇ ਸ਼੍ਰੀ ਸਾਹਿਬ ਦੇ ਕੇ ਸਨਮਾਨਤ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਸੰਗਤ ਦੀ ਹਾਜਰੀ ਵਿੱਚ ਪਹਿਲਾਂ ਤੋਂ ਪਾਸ ਕੀਤਾ ਮਤਾ ਸੌਂਪਿਆ।

ਇਸ ਮੌਕੇ ਬੋਲਦਿਆਂ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਪਹਿਲਾਂ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਸਥਿਰ ਤਰੀਖਾਂ ਨੂੰ ਨਾ ਆਉਣ ਕਰਕੇ ਸਿੱਖ ਸੰਗਤਾਂ ਨੂੰ ਯਾਦ ਨਹੀਂ ਸੀ ਰਹਿੰਦੇ। ਭਾਈ ਪਾਲ ਸਿੰਘ ਪੁਰੇਵਾਲ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ 2003 ਵਿੱਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨਾਲ ਇਹ ਸਮੱਸਿਆ ਹੱਲ ਹੋ ਗਈ ਸੀ ਪਰ 2010 ਵਿੱਚ ਕੀਤੀਆਂ ਸੋਧਾਂ ਨਾਲ ਸਥਿਤੀ ਸਿਰਫ ਪਹਿਲਾਂ ਵਾਲੀ ਹੀ ਨਹੀ ਹੋਈ ਸਗੋਂ ਪਹਿਲਾਂ ਨਾਲੋਂ ਵੀ ਉਲਝ ਗਈ ਹੈ ਇਸ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕੀਤਾ ਜਾਵੇ ਅਤੇ ਜੇ ਇਸ ਵਿੱਚ ਕੋਈ ਊਣਤਾਈ ਹੈ ਤਾਂ ਸ: ਪੁਰਵੇਵਾਲ ਅਤੇ ਉਨ੍ਹਾਂ ਦੇ ਪੱਧਰ ਦੇ ਹੋਰ ਵਿਦਵਾਨਾਂ ਦੀ ਸਲਾਹ ਨਾਲ ਐਸਾ ਕੈਲੰਡਰ ਤਿਆਰ ਕੀਤਾ ਜਾਵੇ ਜਿਸ ਵਿੱਚ ਗੁਰਪੁਰਬ ਅਤੇ ਸੰਗ੍ਰਾਂਦਾਂ ਹਮੇਸ਼ਾਂ ਹੀ ਸਥਿਰ ਤਰੀਖਾਂ ਨੂੰ ਆਉਣ ਤਾ ਕਿ ਸਾਨੂੰ ਯਾਦ ਰੱਖਣੀਆਂ ਆਸਾਨ ਹੋ ਜਾਣ।

ਕਿਰਪਾਲ ਸਿੰਘ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਬਣਾਉਣ ਪਿੱਛੇ ਦੋ ਮੁੱਖ ਮੰਤਵ ਸਨ। ਪਹਿਲਾ ਤਾਂ ਇਹ ਕਿ ਗੁਰਪੁਰਬ ਤੇ ਹੋਰ ਦਿਹਾੜੇ ਸਾਰੇ ਵਿਸ਼ਵ ਵਿੱਚ ਪ੍ਰਚੱਲਤ ਸਾਂਝੇ ਕੈਲੰਡਰ (ਈਸਵੀ) ਮੁਤਾਬਕ ਹਮੇਸ਼ਾਂ ਲਈ ਸਥਿਰ ਤਰੀਖਾਂ ਨੂੰ ਹੀ ਆਉਣ ਤਾਂ ਕਿ ਇਹ ਯਾਦ ਰੱਖਣੇ ਆਸਾਨ ਹੋ ਜਾਣ। ਦੂਸਰਾ ਮੰਤਵ ਸੀ ਕਿ ਗੁਰੂ ਕਾਲ ਸਮੇਂ ਪ੍ਰਚਲਤ ਬਿਕ੍ਰਮੀ ਕੈਲੰਡਰ ਮੌਸਮੀ ਸਾਲ ਤੋਂ ਤਕਰੀਬਨ 24 ਮਿੰਟ ਵੱਡਾ ਹੋਣ ਕਰਕੇ ਇਹ 60 ਸਾਲਾਂ ਵਿੱਚ ਇੱਕ ਦਿਨ ਪਿੱਛੇ ਰਹਿ ਜਾਂਦਾ ਸੀ। ਪੰਡਤ ਵਿਦਵਾਨਾਂ ਵੱਲੋਂ 1964 ਵਿੱਚ ਸੋਧੇ ਕੈਲੰਡਰ ਵਿੱਚ ਸਾਲ ਦੀ ਲੰਬਾਈ ਘਟਾ ਦਿੱਤੀ ਤੇ ਹੁਣ ਦ੍ਰਿੱਕ ਗਣਿਤ ਅਨੁਸਾਰ ਇਹ ਸੋਧਿਆ ਸਾਲ ਮੌਸਮੀ ਸਾਲ ਨਾਲੋਂ 20-21 ਮਿੰਟ ਵੱਡਾ ਹੋਣ ਕਰਕੇ ਤਕਰੀਬਨ 71 ਸਾਲਾਂ ਵਿੱਚ ਇੱਕ ਦਿਨ ਪਿੱਛੇ ਰਹਿ ਜਾਂਦਾ ਹੈ। ਇਸ ਦਾ ਪ੍ਰਤੱਖ ਅਸਰ ਅਸੀਂ ਵੇਖ ਰਹੇ ਹਾਂ ਕਿ 1699 ਦੀ ਵੈਸਾਖੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਚੋਣ ਕਰਕੇ ਅੰਮ੍ਰਿਤ ਛਕਾਇਆ ਸੀ ਉਸ ਦਿਨ 29 ਮਾਰਚ ਸੀ ਪਰ ਅੱਜ ਇਹ 13 ਜਾਂ 14 ਅਪ੍ਰੈਲ ਨੂੰ ਆ ਰਹੀ ਹੈ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ 13000 ਸਾਲ ਪਿੱਛੋਂ ਇਹ ਵੈਸਾਖੀ ਅਕਤੂਬਰ ਦੇ ਅੱਧ ਵਿੱਚ ਆਵੇਗੀ ਤੇ ਇਸ ਤਰ੍ਹਾਂ ਗੁਰਬਾਣੀ ਵਿੱਚ ਦਰਜ ਬਾਰਹ ਮਾਹਾਂ ਅਤੇ ਰੁਤੀ ਸਲੋਕ ਵਿੱਚ ਵਰਣਤ ਮਹੀਨਿਆਂ ਦੀਆਂ ਰੁੱਤਾਂ ਦਾ ਸਬੰਧ ਮੌਸਮ ਨਾਲੋਂ ਬਿਲਕੁਲ ਕੱਟਿਆ ਜਾਵੇਗਾ। ਇਸ ਲਈ ਜਰੂਰੀ ਸੀ ਕਿ ਐਸਾ ਕੈਲੰਡਰ ਤਿਆਰ ਕੀਤਾ ਜਾਵੇ ਜਿਹੜਾ ਹਮੇਸ਼ਾਂ ਲਈ ਗੁਰਬਾਣੀ ਵਿੱਚ ਵਰਣਿਤ ਰੱਤਾਂ ਨਾਲ ਵੀ ਜੁੜਿਆ ਰਹੇ ਅਤੇ ਗੁਰਪੁਰਬ ਵੀ ਹਮੇਸ਼ਾਂ ਲਈ ਪੱਕੇ ਤੌਰ 'ਤੇ ਨਿਸਚਤ ਕੀਤੀਆਂ ਸਥਿਰ ਤਰੀਖਾਂ ਨੂੰ ਆਉਣ। ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਕੈਲੰਡਰ ਇਹ ਦੋਵੇਂ ਮੁੱਖ ਮੰਤਵ ਪੂਰੇ ਕਰਦਾ ਸੀ। ਇਸ ਦੇ ਸਾਲ ਦੀ ਲੰਬਾਈ ਜਿਥੇ ਸਾਂਝੇ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਿਲਕੁਲ ਬਰਾਬਰ ਕਰ ਦਿੱਤੀ ਹੈ ਉਥੇ ਮੌਸਮੀ ਸਾਲ ਦੇ ਬਹੁਤ ਹੀ ਨਜ਼ਦੀਕ ਹੈ ਭਾਵ ਸਿਰਫ 26 ਸੈਕੰਡ ਲਗਪਗ ਵੱਧ ਹੈ ਜਿਸ ਸਦਕਾ 3300 ਸਾਲ ਵਿੱਚ ਮੌਸਮੀ ਸਾਲ ਨਾਲੋਂ ਸਿਰਫ ਇਕ ਦਿਨ ਦਾ ਫਰਕ ਪਏਗਾ ਜਦੋਂਕਿ ਇਸੇ ਹੀ ਸਮੇਂ ਵਿੱਚ ਬਿਕ੍ਰਮੀ ਕੈਲੰਡਰ ਲਗਪਗ 45-46 ਦਿਨ ਪਿੱਛੇ ਰਹਿ ਜਾਵੇਗਾ। ਪਰ 2010 ਵਿੱਚ ਕੀਤੀਆਂ ਸੋਧਾਂ ਨੇ ਇਹ ਦੋਵੇਂ ਮੰਤਵ ਖਤਮ ਕਰ ਦਿੱਤੇ ਹਨ। ਅਸੀਂ ਪਿਛਲੇ ਤਿੰਨ ਸਾਲਾਂ ਦੇ ਤਜਰਬੇ ਤੋਂ ਵੇਖ ਲਿਆ ਹੈ ਕਿ ਸੋਧਾਂ ਦਾ ਤਜਰਬਾ ਬਿਲਕੁਲ ਫੇਲ੍ਹ ਹੋ ਚੁੱਕਾ ਹੈ ਇਸ ਲਈ ਸਿਆਣਪ ਇਸ ਵਿੱਚ ਹੀ ਹੈ ਕਿ ਜਿੰਨਾ ਜਲਦੀ ਹੋ ਸਕੇ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਕੇ ਆਪਣੀ ਇਹ ਗਲਤੀ ਸੁਧਾਰ ਲਈ ਜਾਵੇ।

ਗਿਆਨੀ ਗੁਰਬਚਨ ਸਿੰਘ ਨੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਅਤੇ ਕਿਰਪਾਲ ਸੁਣਨ ਅਤੇ ਮਤਾ ਪ੍ਰਾਪਤ ਕਰਨ ਉਪ੍ਰੰਤ ਭਰੋਸਾ ਦਿਵਾਇਆ ਕਿ ਪੰਜਾਂ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵੀਚਾਰ ਕਰਕੇ ਕੈਲੰਡਰ ਨੂੰ ਮੁੜ ਸੋਧਣ ਲਈ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇਗੀ।

ਇਸ ਉਪ੍ਰੰਤ ਗੁਰਦੁਆਰਾ ਸਾਹਿਬ ਦੇ ਦਫਤਰ ਵਿੱਚ ਮਤਾ ਸੌਂਪਣ ਵਾਲੇ ਨੁੰਮਾਇੰਦਿਆਂ ਨਾਲ ਹੋਈ ਨਿਜੀ ਗੱਲਬਾਤ ਦੌਰਾਨ ਜਦੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਇਹ ਚੇਤਾ ਕਰਵਾਇਆ ਗਿਆ ਕਿ ਤੁਹਾਡਾ ਇਹ ਕਥਨ ਠੀਕ ਨਹੀਂ ਜਾਪਦਾ ਕਿ ਪੁਰੇਵਾਲ ਵਾਲਾ ਕੇਲੰਡਰ ਇਸ ਦੇ ਕਮੇਟੀ ਮੈਂਬਰਾਂ ਨੂੰ ਵਿਖਾਇਆ ਤੱਕ ਨਹੀਂ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ 2003 ਤੋਂ 2010 ਤੱਕ ਸ਼੍ਰੋਮਣੀ ਕਮੇਟੀ ਵੱਲੋਂ ਛਪੇ ਨਾਨਕਸ਼ਾਹੀ ਕੈਲੰਡਰਾਂ ਵਿੱਚ ਇਸ ਦੇ ਮੁੱਢ ਵਿੱਚ 8-9 ਪੰਨਿਆਂ ’ਤੇ ‘‘ਨਾਨਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ?’’ ਸਿਰਲੇਖ ਹੇਠ ਲਗਾਤਾਰ ਲੇਖ ਛਪਦਾ ਰਿਹਾ ਹੈ ਜਿਸ ਵਿੱਚ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਕੈਲੰਡਰ ਸਬੰਧੀ ਕਿਹੜੀਆਂ ਵੱਖ ਵੱਖ ਕਮੇਟੀਆਂ ਦੇ ਮੈਂਬਰਾਂ ਵਿੱਚ ਖੁਲ੍ਹੀ ਵੀਚਾਰ ਚਰਚਾ ਹੋਈ ਤੇ ਕਿਸ ਤਰ੍ਹਾਂ ਅੰਤਿਮ ਨਤੀਜੇ ’ਤੇ ਪਹੁੰਚੇ। ਪਰ ਇਸ ਦੇ ਉਲਟ ਤੁਹਾਡੇ ਵੱਲੋਂ ਕੀਤੀਆਂ ‘ਸੋਧਾਂ ਕਿਉਂ ਤੇ ਕਿਵੇਂ ?’ ਸਬੰਧੀ ਤੁਸੀਂ ਕੋਈ ਜਾਣਕਾਰੀ ਦੇਣ ਤੋਂ ਅਸਮਰਥ ਹੋ। ਜੇ ਤੁਹਾਡੇ ਵੱਲੋਂ ਕੀਤੀਆਂ ਸੋਧਾਂ ਨੂੰ ਜਾਇਜ਼ ਠਹਿਰਾਉਣ ਲਈ ਤੁਹਾਡੇ ਕੋਲ ਕੋਈ ਠੋਸ ਦਲੀਲਾਂ ਹੁੰਦੀਆਂ ਤਾਂ ਤੁਸੀਂ ਜਰੂਰ ਹੀ ਕੈਲੰਡਰ ਛਾਪਣ ਸਮੇਂ ਉਸੇ ਤਰ੍ਹਾਂ ‘ਸੋਧਾਂ ਕਿਉਂ ਤੇ ਕਿਵੇਂ?’ ਸਿਰਲੇਖ ਹੇਠ ਕੋਈ ਲੇਖ ਛਾਪਦੇ ਜਿਵੇਂ ਕਿ ਪਹਿਲਾਂ ‘‘ਨਾਨਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ?’’ ਸਿਰਲੇਖ ਹੇਠ ਲੇਖ ਛਪਦਾ ਰਿਹਾ ਹੈ। ਜਿਹੜੀ ਧਿਰ ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਨਾਲ ਸਹਿਮਤ ਨਹੀਂ ਉਹ ਤਾਂ ਬ੍ਰਾਹਮਣ ਵੱਲੋਂ ਚੰਗੇ ਮੰਦੇ ਦਿਨਾਂ ਦੀ ਪਾਈ ਵੀਚਾਰ ਅਧੀਨ ਸੰਗ੍ਰਾਂਦਾਂ, ਮੱਸਿਆ ਤੇ ਪੂਰਨਮਾਸ਼ੀਆਂ ਨੂੰ ਪਵਿਤਰ ਦਿਹਾੜੇ ਮੰਨ ਕੇ ਇਨ੍ਹਾਂ ਨਾਲ ਜੁੜੇ ਰਹਿਣ ਦੀ ਜਿਦ ਕਰ ਰਹੇ ਹਨ। ਪਰ ਬਿਕ੍ਰਮੀ ਕੈਲੰਡਰ ਦੀਆਂ ਸੰਗ੍ਰਾਂਦਾਂ ਨਾਲ ਜੁੜੇ ਰਹਿ ਕੇ ਸਾਂਝੇ ਸਾਲ ਕਿਸੇ ਹਾਲਤ ਵਿੱਚ ਵੀ ਜੁੜਿਆ ਨਹੀਂ ਜਾ ਸਕਦਾ ਤੇ ਨਾਨਕਸ਼ਾਹੀ ਕੈਲੰਡਰ ਦਾ ਮਕਸਦ ਕਦੀ ਵੀ ਪੂਰਾ ਨਹੀਂ ਹੋ ਸਕਦਾ। ਗਿਆਨੀ ਗੁਰਬਚਨ ਸਿੰਘ ਜੀ ਦਾ ਕੋਈ ਸਪਸ਼ਟ ਉੱਤਰ ਨਾ ਦੇ ਸਕੇ ਤਾਂ ਇੱਕ ਰਾਇ ਆਈ ਕਿ ਜੇ ਕੋਈ ਸੋਧ ਕਰਨੀ ਹੀ ਸੀ ਤਾਂ ਸ: ਪਾਲ ਸਿੰਘ ਪੁਰੇਵਾਲ ਜਿਸ ਨੇ ਇਹ ਕੈਲੰਡਰ ਬਣਾਇਆ ਸੀ ਉਸ ਦੀ ਸਲਾਹ ਲੈ ਕੇ ਹੀ ਕਰਨੀ ਚਾਹੀਦੀ ਸੀ। ਇਸ ਦੇ ਜਵਾਬ ’ਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੁਰੇਵਾਲ ਨੂੰ ਬੁਲਾਉਂਦੇ ਹਾਂ ਪਰ ਉਹ ਆਉਂਦਾ ਹੀ ਨਹੀਂ। ਜਥੇਦਾਰ ਜੀ ਦੇ ਇਸ ਕਥਨ ਦਾ ਤੁਰੰਤ ਜਵਾਬ ਦਿੰਦੇ ਹੋਏ ਕਿਰਪਾਲ ਸਿੰਘ ਨੇ ਕਿਹਾ ਕਿ ਤੁਸੀਂ ਪੁਰੇਵਾਲ ਜੀ ਨੂੰ ਹੁਣੇ ਹੀ ਲਿਖਤੀ ਸੱਦਾ ਦੇਵੋ ਤਾਂ ਸਤੰਬਰ ਦੇ ਅੱਧ ਤੱਕ ਉਨ੍ਹਾਂ ਨੂੰ ਇੱਥੇ ਬੁਲਾਉਣ ਦੀ ਜਿੰਮੇਵਾਰੀ ਮੇਰੀ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਉਨ੍ਹਾਂ ਨੂੰ ਸੱਦਾ ਦੇਣ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵੀਚਾਰ ਕਰਨ ਉਪ੍ਰੰਤ ਹੀ ਕੋਈ ਫੈਸਲਾ ਕੀਤਾ ਜਾਵੇਗਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top