Share on Facebook

Main News Page

ਰਾਗਮਾਲਾ ਗਿਆਨ (ਕਿੱਸਾ ਮਾਧਵ ਨਲ ਅਤੇ ਕਾਮ ਕੰਦਲਾ) ਭਾਗ ਤੀਜਾ
-:
ਪ੍ਰੋ. ਕਸ਼ਮੀਰਾ ਸਿੰਘ, ਯੂ.ਐਸ.ਏ.

ਲੜੀ ਜੋੜਨ ਲਈ : ਭਾਗ ਪਹਿਲਾ, ਦੂਜਾ

ਬੰਦ ਨੰਬਰ 62 ਤੋਂ 76:
ਕਾਮ ਕੰਦਲਾ ਤੋਂ ਅਗਲੇ ਦਿਨ ਮਾਧਵ ਨਲ ਦਾ ਵਿਛੋੜਾ
:
ਕਵੀ ਨੇ ਕਾਮ ਕੰਦਲਾ ਨੂੰ ਸਖੀਆਂ ਹੱਥੋਂ ਸਵੇਰੇ ਇਸ਼ਨਾਨ ਕਰਾਉਣ ਤੇ ਮੁੜ ਤਿਆਰ ਕਰਨ ਤੋਂ ਲੈ ਕੇ ਮਾਧਨ ਨਲ ਦੇ ਕਾਮ ਕੰਦਲਾ ਨੂੰ ਛੱਡ ਕੇ ਵਿਦਿਆ ਹੋਣ ਦਾ ਜ਼ਿਕਰ ਹੈ। ਕਾਮ ਕੰਦਲਾ ਵਿਛੋੜੇ ਵਿੱਚ ਸੰਭਲ਼ ਨਹੀਂ ਸਕੀ ਤੇ ਧਰਤੀ ਉੱਤੇ ਡਿਗ ਪੈਂਦੀ ਹੈ।

ਜਿਵੇਂ- ਕਾਮਾ ਮੁਰਛ ਧਰਨਿ ਪਰ ਪਰੀ। ਸਖੀਅਨ ਆਇ ਅੰਕ ਮਹਿ ਧਰੀ। ਅਧਰ ਸੂਕ ਤਨ ਰਹਿਓ ਨ ਸਾਸਾ। ਸਖੀਅਨ ਛਾਡੀ ਜੀਨ ਕੀ ਆਸਾ।76।

ਬੰਦ ਨੰਬਰ 77 ਤੋਂ 83:
ਸਖੀਆਂ ਕੰਨਾਂ ਵਿੱਚ ਮਾਧਵ ਨਲ ਮਾਧਵ ਨਲ ਕਹਿੰਦੀਆਂ ਹਨ ਤੇ ਕਾਮ ਕੰਦਲਾ ਅੱਖਾਂ ਖੋਲ੍ਹਦੀ ਹੈ। ਸਖੀਆਂ ਮ੍ਹ੍ਹੂੰਹ ਵਿੱਚ ਪਾਣੀ ਚੁਆਉਂਦੀਆਂ ਹਨ, ਪਰ ਵਿਛੋੜੇ ਨੇ ਕਾਮ ਕੰਦਲਾ ਦੀ ਸੁੱਧ ਬੁੱਧਿ ਗਵਾ ਦਿੱਤੀ ਹੈ। ਕਵੀ ਨੇ ਬਿਰਹ ਵਿੱਚ ਕਾਮ ਕੰਦਲਾ ਦੀ ਤਰਸਯੋਗ ਹਾਲਤ ਨੂੰ ਬਿਆਨ ਕੀਤਾ ਹੈ, ਜਿਵੇਂ- ਛਿਨ ਮਾਧਵ ਮਾਧਵ ਗੁਹਰਾਵੈ। ਛਿਨ ਬਾਹਰ ਛਿਨ ਭੀਤਰ ਆਵੈ। 80।

ਛੰਦ ਨੰਬਰ 84 ਤੋਂ 91:
ਮਾਧਵ ਨਲ ਦੀ ਵਿਆਕੁਲਤਾ ਅਤੇ ਉਸ ਦਾ ਉਜੈਨ ਪਹੁੰਚਣਾ:
ਕਾਮ ਕੰਦਲਾ ਦਾ ਵਿਛੋੜਾ ਮਾਧਵ ਨਲ ਨੂੰ ਵੀ ਸਤਾ ਰਿਹਾ ਹੈ, ਜਿਵੇਂ- ਬਿਛਰਤ ਕਾਮ ਕੰਦਲਾ ਨਾਰੀ।ਮਾਧਵ ਨਲਹਿ ਭਇਓ ਦੁਖ ਭਾਰੀ।84। ਅਬ ਕੋਊ ਖੋਜੈ ਉਪਕਾਰੀ। ਮਿਲਾਵੈ ਕਾਮ ਕੰਦਲਾ ਨਾਰੀ।87। ਬਿਰਹੇ ਦੀ ਹਾਲਤ ਵਿੱਚ ਮਾਧਵ ਨਲ ਰਾਜਾ ਬਿਕ੍ਰਮ ਦੇ ਨਗਰ ਉਜੈਨ ਪਹੁੰਚ ਗਿਆ, ਜਿਵੇਂ- ਮਾਰਗ ਚਲਤ ਹਸਤ ਦੁਖ ਲੈਨੀ।ਪਹੁੰਚਿਓ ਆਇ ਸੁ ਨਗਰ ਉਜੈਨੀ।89। ਰਾਜੇ ਨੂੰ ਆਪਣੀ ਵੇਦਨਾ ਦੱਸਣ ਲਈ ਮਾਧਵ ਨਲ ਨੇ ਉਸ ਮੰਦਰ ਵਿੱਚ ਇੱਕ ਦੋਹਾ ਲਿਖ ਦਿੱਤਾ ਜਿੱਥੇ ਰਾਜਾ ਮੱਥਾ ਟੇਕਣ ਜਾਇਆ ਕਰਦਾ ਸੀ। ਕਵੀ ਆਲਮ ਕਹਿੰਦਾ ਹੈ- ਮਨ ਉਦਾਸ ਮਾਧਵ ਜਬ ਭਇਓ। ਦੋਹਾ ਲਿਖ ਮੰਡਪ ਮੈ ਗਇਓ।ਕਹਾ ਕਰਉ ਕਤ ਜਾਉ ਹਉ, ਰਾਜਾ ਰਾਮ ਨ ਆਹਿ। ਸੀਆ ਬਿਉਗ ਸੰਤਾਪ ਦੁਖੁ, ਰਾਘੋ ਜਾਨਤ ਨਾਹਿ।91।

ਛੰਦ ਨੰਬਰ 92 ਤੋਂ 106
ਰਾਜਾ ਮੰਦਰ ਵਿੱਚ ਪੂਜਾ ਕਰਨ ਆਇਆ ਤਾਂ ਉਸ ਨੇ ਮਾਧਵ ਨਲ ਵਲੋਂ ਲਿਖਿਆ ਦੋਹਾ ਵੀ ਪੜ੍ਹਿਆ। ਰਾਜੇ ਨੇ ਅਜਿਹੇ ਬਿਰਹੀ ਪੁਰਖ ਨੂੰ ਢੂੰਡ ਕੇ ਲਿਆਉਣ ਲਈ ਜੰਤਾ ਨੂੰ ਕਿਹਾ, ਯਥਾ, ਕੋ ਜੋ ਪੁਰਖ ਢੂੰਡ ਕੇ ਲਿਆਵੈ।ਰਾਜਾ ਕਹੈ ਲੱਛ ਸੋ ਪਾਵੈ।94।ਰਾਜਾ ਅੰਨ ਪਾਨੁ ਨਹੀ ਖਾਈ।ਮਨ ਬਚ ਜਬ ਲਗੁ ਸੋ ਨ ਮਿਲਾਈ।ਨਰ ਨਾਰੀ ਸਭ ਢੂੰਢਿਨ ਧਾਏ।ਬਿਰਹੀ ਲਯਨ ਸਕਲ ਬਤਾਏ।95। ਗਿਆਨ ਮਤੀ ਇੱਕ ਦੂਤੀ ਨੇ ਮਾਧਵ ਨਲ ਨੂੰ ਲੱਭਿਆ ਜੋ ਖਿਨ ਖਿਨ ਕਾਮ ਕੰਦਲਾ ਕਾਮ ਕੰਦਲਾ ਰਟਦਾ ਸੀ। ਕਵੀ ਆਲਮ ਲਿਖਦਾ ਹੈ- ਗਿਆਨ ਮਤੀ ਤਿਹ ਸੁਨ ਦੁਖ ਬਾਨੀ।ਬਿਰਹ ਰੀਤ ਉਨ ਸਭ ਪਹਿਚਾਨੀ।ਕਾਮ ਕੰਦਲਾ ਬਿਰਹ ਬਿਓਗੀ।ਤਨ ਬਲ ਛਨਿ ਭਯੋ ਜਿਮ ਰੋਗੀ।96।

ਗਿਆਨ ਮਤੀ ਨੇ ਸਖੀਆਂ ਨੂੰ ਕਿਹਾ ਕੀ ਇਸ ਦੀਆਂ ਬਾਹਾਂ ਫੜ ਕੇ ਇਸ ਨੂੰ ਰਾਜੇ ਕੋਲ਼ ਲੈ ਚੱਲੀਏ ਤਾਂ ਕਿ ਉਸ ਨੂੰ ਵੀ ਚੈਨ ਆਵੇ। ਮਾਧਵ ਨਲ ਦੀ ਅਵਸਥਾ ਬਿਆਨ ਕਰਦਾ ਆਲਮ ਲਿਖਦਾ ਹੈ ਕਿ ਸਖੀਆਂ ਦੀਆਂ ਗੱਲਾਂ ਦਾ ਉੱਤਰ ਦਿੰਦਾ ਮਾਧਵ ਨਲ ਰੋਦਾਂ ਵੀ ਹੈ, ਜਿਵੇਂ – ਛਿਨੁ ਇਕੁ ਬਚਨੁ ਬੋਲਿ ਛਿਨ ਰੋਵੈ।98।

ਰਾਜੇ ਨਾਲ਼ ਮਾਧਵ ਨਲ ਦੀ ਭੇਂਟ:
ਰਾਜੇ ਨੇ ਉਸ ਤੋਂ ਨਾਂ ਪਤਾ ਪੁੱਛਿਆ ਤੇ ਹਰ ਤਰਾਂ ਸਹਾਇਤਾ ਕਰਨ ਨੂੰ ਕਿਹਾ। ਮਾਧਵ ਨਲ ਸਾਰੀ ਕਹਾਣੀ ਬਿਆਨ ਕਰਦਾ ਦੱਸਦਾ ਹੈ ਕਿ ਉਹ ਮਾਧਨ ਨਲ ਹੈ- ਕਰ ਮ੍ਰਿਦੰਗ ਗਤਿ ਬੀਨ ਵਜਾਵਉ।ਖਸਟ ਰਾਗ ਰਾਗਨੀ ਮਿਲਾਵਉ।103। ਮਾਧਵ ਨਲ ਕਹਿੰਦਾ ਹੈ ਕਿ ਉਸ ਨੂੰ ਪਹੁਵਤੀ ਨਗਰ ਦੇ ਰਾਜੇ ਗੋਬਿੰਦ ਚੰਦ ਨੇ ਦੇਸ਼ ਨਿਕਾਲ਼ਾ ਦੇ ਦਿੱਤਾ ਸੀ। ਫਿਰ ਉਹ ਕਾਮ ਸੈਨ ਰਾਜੇ ਦੀ ਕਾਮਾਵਤੀ ਨਗਰੀ ਚਲੇ ਗਿਆ। ਉਸ ਨੇ ਕਿਹਾ ਕਿ ਉਸ ਦੀ ਪਿਆਰੀ ਕਾਮ ਕੰਦਲਾ ਓਥੇ ਰਹਿੰਦੀ ਹੈ ਤੇ ਕਾਮ ਕੰਦਲਾ ਬਿਨਾ ਉਸ ਦੀ ਇਹ ਮਾੜੀ ਅਵਸਥਾ ਬਣੀ ਹੈ।106।

ਛੰਦ ਨੰਬਰ 107 ਤੋਂ 123:
ਬਿਕ੍ਰਮ ਰਾਜੇ ਅੱਗੇ ਮਾਧਵ ਨਲ ਦੀ ਮੰਗ:
ਰਾਜਾ ਮਾਧਵ ਨਲ ਨੂੰ ਸਮਝਾਉਂਦਾ ਹੈ ਕਿ ਉਹ ਕਾਮ ਕੰਦਲਾ ਦਾ ਮੋਹ ਤਿਆਗ ਦੇਵੇ ਪਰ ਮਾਧਵ ਨਲ ਕਹਿੰਦਾ ਹੈ- ਜਬ ਲਗ ਜੀਉ ਨ ਮਰਜੀਉ ਸਵਰਗ ਨਰਕ ਬਿਸ੍ਰਾਮ। ਤਬ ਲਗ ਰਟੋ ਬਿਹੰਗ ਜਿਮ ਕਾਮ ਕੰਦਲਾ ਨਾਮ।109।

ਰਾਜਾ ਮਾਧਵ ਨਲ ਨੂੰ ਮੰਦਰ ਲੈ ਗਿਆ ਤੇ ਉਸ ਦੀ ਵਿਦਵਤਾ ਤੋਂ ਬਹੁਤ ਪ੍ਰਭਾਵਤ ਹੋਇਆ। ਰਾਜੇ ਨੇ ਕਿਹਾ- ਮਾਗਹੁ ਜੋ ਮਨ ਇਛਾ ਹੋਈ।ਅਰਤ ਦਰਬ ਹਉ ਅਰਪੋ ਸੋਈ।113। ਮਾਧਵ ਨਲ ਇਉਂ ਮੰਗਦਾ ਹੈ- ਮਾਗਉ ਯਹੈ ਬਾਤ ਸੁਨਿ ਲੀਜੈ।ਲੈ ਮੁਹਿ ਕਾਮ ਕੰਦਲਾ ਦੀਜੈ।113।

ਰਾਜਾ ਬਿਕ੍ਰਮ ਫ਼ੌਜਾਂ ਲੈ ਕੇ ਕਾਮਾਵਤੀ ਨਗਰ ਤੇ ਚੜ੍ਹਾਈ ਕਰਦਾ ਹੈ:
ਰਾਜਾ ਚੁਹੰਦਾ ਹੈ ਕਿ ਕਾਮ ਕੰਦਲਾ ਲਿਆ ਕੇ ਮਾਧਵ ਨਲ ਨੂੰ ਦਿੱਤੀ ਜਾਵੇ। ਦਸ ਜੋਜਨ ਨਗਰੀ ਤੋਂ ਪਿੱਛੇ ਫ਼ੌਜਾਂ ਰੋਕ ਕੇ ਰਾਜਾ ਨਗਰ ਵਿੱਚ ਕਾਮ ਕੰਦਲਾ ਦਾ ਘਰ ਪੁੱਛ ਕੇ ਉਸ ਦੇ ਘਰ ਮੰਦਰ ਵਿੱਚ ਚਲੇ ਜਾਂਦਾ ਹੈ ਤਾਂ ਜੁ ਪਤਾ ਲਗ ਸਕੇ ਕਿ ਕਾਮ ਕੰਦਲਾ ਵਾਕਈ ਮਾਧਵ ਨਲ ਨਾਲ਼ ਦਿਲੋਂ ਪਿਆਰ ਕਰਦੀ ਹੈ। ਕਾਮ ਕੰਦਲਾ ਦੀ ਹਾਲਤ ਤਰਸ-ਯੋਗ ਹੈ ਰਾਜੇ ਨੂੰ ਕਹਿੰਦੀ ਹੈ - ਤਨੁ ਧਨੁ ਜੀਉ ਬਿਪ ਲੇ ਗਯੋ।ਤਿਹ ਬਿਨ ਸੂਨਾ ਜਗੁ ਸਭ ਭਯੋ।120।

ਰਾਜੇ ਨੂੰ ਵਿਸ਼ਵਾਸ ਹੋ ਗਿਆ ਕਿ ਮਾਧਵ ਨਲ ਅਤੇ ਕਾਮ ਕੰਦਲਾ ਦੀ ਪ੍ਰੀਤ ਸੱਚੀ ਹੈ।ਸਖੀਆਂ ਤੋਂ ਵੀ ਰਾਜੇ ਨੂੰ ਇਹੀ ਪਤਾ ਲੱਗਾ, ਜਿਵੇਂ- ਬਿਪੁ ਏਕੁ ਮਾਧਵ ਨਲ ਨਾਮਾ। ਤਿਹ ਕੋ ਬ੍ਰਿਹ ਦਹੀ ਯਹ ਕਾਮਾ।ਸੋ ਪੰਖੀ ਦੇ ਗਯੋ ਠਗੌਰੀ।ਤਨ ਮਨ ਲਾਇ ਪ੍ਰੇਮ ਕੀ ਡੋਰੀ।123।

ਛੰਦ ਨੰਬਰ 124 ਤੋਂ 130 :
ਕਾਮ ਕੰਦਲਾ ਦੀ ਰਾਜਾ ਬਿਕ੍ਰਮ ਸਾਮ੍ਹਣੇ ਮੌਤ:
ਰਾਜੇ ਬ੍ਰਿਮ ਨੇ ਕਾਮਕੰਦਲਾ ਦੇ ਮਾਧਵ ਨਲ ਨਾਲ਼ ਪ੍ਰੇਮ ਦੀ ਅਗਨੀ ਪ੍ਰੀਖਿਆ ਲੈਣ ਲਈ ਕਾਮ ਕੰਦਲਾ ਨੂੰ ਇਉਂ ਕਿਹਾ- ਮੈ ਦੇਖਿਓ ਮਾਧਵ ਨਲ ਜੋਗੀ।ਪੁਰ ਉਜੈਨ ਮੈ ਬਿਰਹ ਬਿਓਗੀ।ਨਾਰਿ ਬਿਓਗ ਤਾਹਿ ਦੁਖ ਭਇਓ।ਬ੍ਰਿਹ ਸੂਲ ਬਿਪ ਮਰਿ ਗਯੋ।125। ਰਾਜੇ ਕੋਲੋਂ ਇਹ ਖ਼ਬਰ ਸੁਣ ਕੇ ਕਿ ਮਾਧਵ ਨਲ ਉਸ ਦੇ ਵਿਯੋਗ ਵਿੱਚ ਮਰ ਗਿਆ ਹੈ ਤਾਂ ਕਾਮ ਕੰਦਲਾ ਵੀ ਗਸ਼ ਖਾ ਕੇ ਡਿਗੀ ਤੇ ਪ੍ਰਾਨ ਤਿਆਗ ਦਿੱਤੇ। ਆਲਮ ਕਵੀ ਲਿਖਦਾ ਹੈ- ਸੁਨ ਕੰਦਲਾ ਬਿਸਮੈ ਹੁਇ ਗਈ।ਧਰਨ ਪਛਾਰ ਖਾਇ ਮਰਿ ਗਈ।125।

ਕਵੀ ਕਹਿੰਦਾ ਹੈ ਕਿ ਰਾਜੇ ਨੂੰ ਇਸ ਪਾਪ ਦਾ ਬਹੁਤ ਪਛੁਤਾਵਾ ਹੋਇਆ। ਸਖੀਆਂ ਨੂੰ ਇਹ ਕਹਿ ਕੇ ਚਲੇ ਗਆ ਕਿ ਇਸ ਦੇ ਪ੍ਰਾਨ ਅਜੇ ਨਹੀਂ ਨਿਕਲੇ ਤੇ ਉਹ ਕੋਈ ਜੀਉਂਦੀ ਕਰਨ ਦਾ ਉਪਾਉ ਕਰੇਗਾ।

ਮਾਧਵ ਨਲ ਦੀ ਵਿਯੋਗ ਵਿੱਚ ਮੋਤ ਹੋ ਗਈ:
ਮਾਧਵ ਨਲ ਵਾਪਸ ਫ਼ੌਜਾਂ ਵਿੱਚ ਚਲੇ ਗਿਆ ਤੇ ਮਾਧਵ ਨਲ ਨੂੰ ਬੁਲਾ ਕੇ ਕਾਮ ਕੰਦਲਾ ਦੇ ਮਰ ਜਾਣ ਦੀ ਗੱਲ ਸੁਣਾ ਦਿੱਤੀ। ਇਹ ਸੁਣ ਕੇ ਮਾਧਵ ਨਲ ਨੇ ਵੀ ਪ੍ਰਾਨ ਤਿਆਗ ਦਿੱਤੇ। ਕਵੀ ਆਲਮ ਕਹਿੰਦਾ ਹੈ- ਸੁਨਤ ਬਚਨ ਦਿਜ ਬਿਸੁਰਤ ਭਯੋ।ਧਰਨਿ ਪਰਤ ਮਾਧਵ ਮਰਿ ਗਯੋ।130।

ਛੰਦ ਨੰਬਰ 131 ਤੋਂ 137:
ਰਾਜਾ ਬਿਕ੍ਰਮ ਦੋ ਪਾਪਾਂ ਕਾਰਣ ਆਤਮ ਦਾਹ ਕਰਨ ਲਈ ਤਿਆਰ ਹੋ ਗਿਆ:
ਆਲਮ ਕਵੀ ਲਿਖਦਾ ਹੈ- ਘੀਉ ਤੇਲ ਤਹਾ ਡਾਰ ਕੈ ਸਾਜੀ ਚਿਖਾ ਸਵਾਰ।ਗਊ ਹੋਮ ਸੰਕਲਪ ਕੈ ਰਾਜਾ ਕਰ ਲੈ ਵਾਰ।133। ਰਾਜੇ ਨੂੰ ਲੋਕਾਂ ਨੇ ਬਹੁਤ ਸਮਝਾਉਣਾ ਕੀਤਾ ਪਰ ਰਾਜਾ ਚਿਖਾ ਉੱਤੇ ਆ ਕੇ ਬੈਠ ਗਿਆ। ਰਾਜੇ ਨੂੰ ਪਛਤਾਵਾ ਸੀ ਕਿ ਉਸ ਕਾਰਣ ਹੀ ਕਾਮ ਕੰਦਲਾ ਅਤੇ ਮਾਧਵ ਨਲ ਦੀ ਮੌਤ ਹੋਈ ਹੈ। ਆਲਮ ਲਿਖਦਾ ਹੈ- ਨਮਸਕਾਰ ਕਰ ਸੂਰ ਕਉ ਚਿਤ ਪਰ ਬੈਠੇ ਆਏ।135।

ਚਿਤਾ ਨੂੰ ਅੱਗ ਦੇਣ ਸਮੇਂ ਬੀਰ ਬੇਤਾਲ ਦਾ ਮੱਦਦ ਲਈ ਪਹੁੰਚਣਾ:
ਰਾਜੇ ਨੇ ਚਿਤਾ ਨੂੰ ਅੱਗ ਦੇਣ ਲਈ ਕਿਹਾ ਹੀ ਸੀ ਕਿ ਬੀਰ ਬੈਤਾਲ ਨੇ ਆ ਕੇ ਰਾਜੇ ਦੀ ਬਾਂਹ ਫੜ ਲਈ। ਬੇਤਾਲ ਨੇ ਕਿਹਾ ਕਿ ਮਰਨ ਦੀ ਲੋੜ ਨਹੀਂ ਤੇ ਉਹ ਉਸ ਦੀ ਮੱਦਦ ਕਰੇਗਾ। ਉਸ ਨੇ ਕਿਹਾ ਕਿ ਉਹ ਅੰਮ੍ਰਿਤ ਦਾ ਇੱਕ ਘੜਾ ਲਿਆਵੇਗਾ ਜਿਸ ਨਾਲ਼ ਕਾਮ ਕੰਦਲਾ ਅਤੇ ਮਾਧਵ ਨਲ ਉਠ ਖੜਨਗੇ। ਆਲਮ ਲਿਖਦਾ ਹੈ- ਘਟ ਅੰਮ੍ਰਿਤ ਮੈਂ ਪਾਵਉਂ ਲਿਆਈ। ਬਿਪੁ ਨਾਰਿ ਤਹਿ ਦੇਊ ਜੀਆਈ।137।

ਛੰਦ ਨੰਬਰ 138 ਤੋਂ 153:
ਮਾਧਵ ਨਲ ਅਤੇ ਕਾਮ ਕੰਦਲਾ ਦਾ ਮੁੜ ਜੀਉਂਦੇ ਹੋ ਜਾਣਾ:
ਬੀਰ ਬੈਤਾਲਾ ਤੁਰੰਤ ਗਿਆ ਅਤੇ ਅੰਮ੍ਰਿਤ ਲੈ ਆਇਆ। ਪਹਿਲਾਂ ਮਾਧਵ ਨਲ ਨੂੰ ਜੀਉਂਦਾ ਕੀਤਾ ਤੇ ਉਹ ਕਾਮ ਕੰਦਲਾ ਕਾਮ ਕੰਦਲਾ ਕਹਿੰਦਾ ਹੋਇਆ ਉੱਠ ਗਿਆ।
ਕਵੀ ਲਿਖਦਾ ਹੈ- ਚਲਿਓ ਸੁਆਸ ਅਖੀਆਂ ਉਘਰ ਕੀਓ ਪ੍ਰਾਨ ਬਿਸ੍ਰਾਮ। ਕਾਮ ਕੰਦਲਾ ਕੰਦਲਾ ਲੇਤ ਉਠੋ ਮੁਖ ਨਾਮ ।138। ਰਾਜਾ ਅਤੇ ਫ਼ੌਜਾਂ ਖ਼ੁਸ਼ ਹੋ ਗਈਆਂ ਤੇ ਰਾਜੇ ਨੇ ਬਹੁਤ ਧਨ ਦਾਨ ਕੀਤਾ।

ਰਾਜਾ ਬਿਕ੍ਰਮ ਵੈਦ ਦੇ ਭੇਸ ਵਿੱਚ ਕਾਮ ਕੰਦਲਾ ਦੇ ਘਰ ਗਿਆ:
ਵੈਦ ਦਾ ਭੇਖ ਬਣਾ ਕੇ ਰਾਜਾ ਕਾਮ ਕੰਦਲਾ ਨੂੰ ਜੀਉਂਦਾ ਕਰਨ ਲਈ ਤਿਆਰ ਹੋ ਗਿਆ। ਕਾਮ ਕੰਦਲਾ ਦੇ ਮੂੰਹ ਵਿੱਚ ਅੰਮ੍ਰਿਤ ਪਾਇਆ ਤੇ ਉਹ ਵੀ ਜ਼ਿੰਦਾ ਹੋ ਗਈ। ਰਾਜੇ ਨੇ ਸਾਰੀ ਕਹਾਣੀ ਦੱਸ ਦਿੱਤੀ ਤੇ ਕਿਹਾ ਕਿ ਉਹ ਮਾਧਵ ਨਲ ਨਾਲ਼ ਜ਼ਰੂਰ ਮੇਲ਼ ਕਰਾਏਗਾ। ਆਲਮ ਲਿਖਦਾ ਹੈ- ਕਾਮ ਕੰਦਲਹਿ ਧੀਰਜੁ ਦੀਨਾ। ਰਾਜਾ ਜੀਉ ਕਟਕ ਮੈ ਦੀਨਾ।153।

ਛੰਦ ਨੰਬਰ 154 ਤੋਂ 176:
ਕਾਮ ਕੰਦਲਾ ਦੀ ਵਾਪਸੀ ਲਈ ਜੰਗ:
ਰਾਜੇ ਬਿਕ੍ਰਮ ਨੇ ਕਾਮਾਵਤੀ ਦੇ ਰਾਜੇ ਨੂੰ ਕਾਮ ਕੰਦਲਾ ਦੇਣ ਲਈ ਇੱਕ ਰਘੂਬੰਸ਼ੀ ਸ਼੍ਰੀ ਪਤੀ ਰਾਉ ਹੱਥ ਸੁਨੇਹਾ ਭੇਜਿਆ। ਕਾਮਾਵਤੀ ਦੇ ਰਾਜੇ ਨੇ ਇਹ ਕਿਹਾ- ਜਉ ਤੁਮ ਕਾਮ ਕੰਦਲਾ ਦੇਊਂ।ਸਭ ਰਾਜਨ ਮਹਿ ਅਪਜਸ਼ ਲੇਊਂ।157। ਕਾਮਸੈਨ ਰਾਜੇ ਨੇ ਕਾਮ ਕੰਦਲਾ ਦੇਣ ਤੋਂ ਨਾਹ ਕਰ ਦਿੱਤੀ ਤੇ ਜੰਗ ਲਈ ਤਿਆਰ ਹੋ ਗਿਆ। ਬਸੀਠ ਸ਼੍ਰੀ ਪਤੀ ਰਾਊ ਨੇ ਵਾਪਸ ਜਾ ਕੇ ਕਾਮਸੈਨ ਦਾ ਜਵਾਬ ਇਉਂ ਦਿੱਤਾ- ਸੁਨਹੁ ਸੁਰਪਤੀ ਬਿਕ੍ਰਮ ਰਾਈ।ਸੈਨ ਸਾਜ ਰਯ ਮੰਡਹੁ ਧਾਈ।159। ਦੋਹਾਂ ਰਾਜਿਆਂ ਦੀਆਂ ਫ਼ੌਜਾਂ ਵਿੱਚ ਘਮਸਾਨ ਦਾ ਯੁੱਧ ਮਚਿਆ। ਅਖ਼ੀਰ ਰਜਾ ਕਾਮਸੈਨ ਨੇ ਹਾਰ ਮੰਨ ਲਈ ਤੇ ਰਾਜੇ ਬਿਕ੍ਰਮ ਅੱਗੇ ਗੋਡੇ ਟੇਕ ਦਿੱਤੇ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top