Share on Facebook

Main News Page

‘ਕਬਿਯੋ ਬਾਚ ਬੇਨਤੀ ਚੌਪਈ’ ਸ਼ਬਦ ਗੁਰੂ ਦੀ ਚੋਟ ਅੱਗੇ ਨਹੀਂ ਟਿਕਦੀ ! ਭਾਗ - ਤੀਜਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1}; {ਭਾਗ-2}

ਚੌਪਈ ਜਿਹੀ ਰਚਨਾ ਨੂੰ ਗੁਰੂ ਨਾਲ਼ ਜੋੜਨ ਵਾਲ਼ੇ ਪ੍ਰਚਾਰਕਾਂ ਦੇ ਮੂੰਹ ਉਂਤੇ ਗੁਰਬਾਣੀ ਇਉਂ ਕਰਾਰੀ ਚਪੇੜ ਮਾਰ ਕੇ ਸਮਝਾਉਂਦੀ ਹੈ:

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ (ਗਗਸ 1102/10)
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਮਰਣੈ ਕੀ ਚਿੰਤਾ ਨਹੀਂ ਜੀਵਣ ਕੀ ਨਹੀ ਆਸ॥ (ਗਗਸ 20/18)
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥ (ਗਗਸ 1429/4) ਅਰਥ- ਉਸ ਮੌਤ ਦੀ ਕੀ ਚਿੰਤਾ ਕਰਨੀ ਹੈ, ਜੋ ਹੋਣੀ ਹੀ ਹੈ?
ਮਰਣੁ ਨ ਮੰਦਾ ਲੋਕਾ ਆਖੀਐ ਕੇ ਕੋਈ ਮਰਿ ਜਾਣੈ॥ (ਗਗਸ 579/19)

ਬੰਦ ਨੰਬਰ 382:
ਰਾਖਿ ਲੇਹੁ ਮੁਹਿ ਰਾਖਨਹਾਰੇ ॥ ਸਾਹਿਬ ਸੰਤ ਸਹਾਇ ਪਿਯਾਰੇ ॥ ਦੀਨ ਬੰਧੁ ਦੁਸ਼ਟਨ ਕੇ ਹੰਤਾ ॥ ਤੁਮਹੋ ਪੁਰੀ ਚਤੁਰਦਸ ਕੰਤਾ ॥੩੮੨॥

ਅਰਥ:- ਹੇ ਮਹਾਂਕਾਲ਼ ਅਸਿਧੁਜ ਅਸਿਕੇਤ ਜੀ! ਤੁਸੀਂ ਦੇਵਤਿਆਂ ਦੀ ਸਹਾਇਤਾ ਕਰਦੇ ਹੋ, ਮੇਰੀ ਵੀ ਰਾਖੀ ਕਰੋ। ਤੁਸੀਂ ਦੈਂਤਾਂ ਨੂੰ ਮਾਰਦੇ ਹੋ ਅਤੇ 14 ਭਵਨਾਂ ਦੇ ਮਾਲਕ ਹੋ। ਨੋਟ: ਗੁਰਮਤਿ ਅਨੁਸਾਰ ਅਕਾਲਪੁਰਖ ਹੀ ਤਿੰਨਾਂ ਭਵਨਾਂ ਅਤੇ 14 ਲੋਕਾਂ ਦਾ ਮਾਲਕ ਹੈ ਪਰ ਕਵੀ ਨੂੰ ਇਹ ਪ੍ਰਵਾਨ ਨਹੀਂ ਕਿਉਂਕਿ ਕਵੀ ਅਕਾਲਪੁਰਖ ਨੂੰ ਨਹੀਂ ਮੰਨਦਾ। ਕਵੀ ਦੇ ਇਸ਼ਟ ਦੁਰਗਾ/ਮਹਾਂਕਾਲ਼ ਹੀ ਹਨ।

ਬੰਦ ਨੰਬਰ 383:
ਕਾਲ ਪਾਇ ਬ੍ਰਹਮਾ ਬਪੁ ਧਰਾ ॥ ਕਾਲ ਪਾਇ ਸ਼ਿਵ ਜੂ ਅਵਤਰਾ ॥ਕਾਲ ਪਾਇ ਕਰਿ ਬਿਸ਼ਨ ਪ੍ਰਕਾਸ਼ਾ ॥ ਸਕਲ ਕਾਲ ਕਾ ਕੀਯਾ ਤਮਾਸ਼ਾ ॥੩੮੩॥

ਅਰਥ:- ਮਹਾਂਕਾਲ਼ ਨੇ ਬ੍ਰਹਮਾ, ਸ਼ਿਵ, ਬਿਸ਼ਨੂੰ ਅਤੇ ਸਾਰਾ ਸੰਸਾਰ ਬਣਾਇਆ ਹੈ। ਕਵੀ ਨੇ ‘ਕਾਲ਼’ ਸ਼ਬਦ ‘ਮਹਾਂਕਾਲ਼’ ਲਈ ਵੀ ਤ੍ਰਿਅ ਚਰਿੱਤ੍ਰ ਵਿੱਚ ਵਰਤਿਆ ਹੈ (ਦੇਖੋ ਉਂਪਰ ਬੰਦ ਨੰਬਰ 255)। ਨੋਟ: ਗੁਰਮਤਿ ਇਸ ਨੂੰ ਨਹੀਂ ਮੰਨਦੀ ਕਿ ਕੋਈ ਕਾਲ਼ ਜਾਂ ਮਹਾਂਕਾਲ਼ ਵੀ ਜਗਤ ਦਾ ਕੋਈ ਕਰਤਾ ਹੈ। ਗੁਰਮਤਿ ਅਨੁਸਾਰ ਉਹ ਸ਼ਕਤੀ ‘ਅਕਾਲ’ ਹੈ ਪਰ ਕਵੀ ਗੁਰਮਤਿ ਦੀ ਇਹ ਗੱਲ ਨਹੀਂ ਮੰਨਦਾ ਕਿਉਂਕਿ ਉਹ ਕਾਲ਼/ਮਹਾਂਕਾਲ਼ ਦਾ ਪੁਜਾਰੀ ਜੁ ਹੈ। ਕਾਲ਼( ਮੌਤ/ਸਮਾਂ ) ਵਿੱਚ ਜਗਤ ਪੈਦਾ ਕਰਨ ਦੀ ਕੋਈ ਸ਼ਕਤੀ, ਗੁਰਮਤਿ ਅਨੁਸਾਰ, ਨਹੀਂ ਹੈ।

ਬੰਦ ਨੰਬਰ 384:
ਜਵਨ ਕਾਲ ਜੋਗੀ ਸ਼ਿਵ ਕੀਯੋ ॥ ਬੇਦ ਰਾਜ ਬ੍ਰਹਮਾ ਜੂ ਥੀਯੋ ॥ ਜਵਨ ਕਾਲ ਸਭ ਲੋਕ ਸਵਾਰਾ ॥ ਨਮਸ਼ਕਾਰ ਹੈ ਤਾਹਿ ਹਮਾਰਾ ॥
੩੮੪॥

ਅਰਥ:- ਕਵੀ ਨੇ ਫਿਰ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਦੇ ਪਿਆਰੇ ਇਸਟ ਕਾਲ਼/ਮਹਾਂਕਾਲ਼ ਨੇ ਸ਼ਿਵ ਅਤੇ ਬ੍ਰਹਮਾ ਨੂੰ ਬਣਾਇਆ ਜੋ ਗੁਰਮਤਿ ਦੇ ਪ੍ਰਤੀਕੂਲ ਹੈ। ਕਵੀ ਨੇ ਮਹਾਂਕਾਲ਼ ਨੂੰ ਨਮਸਕਾਰ ਕੀਤੀ ਹੈ ਜਦੋਂ ਕਿ ਗੁਰਮਤਿ ਕੇਵਲ ਗੁਰ ਪਰਮੇਸ਼ਰ ਨੂੰ ਹੀ ਨਮਸਕਾਰ ਕਰਨ ਲਈ ਕਹਿੰਦੀ ਹੈ। ਨੋਟ: ਕਵੀ ਨੂੰ ਗੁਰਮਤਿ ਨਾਲ਼ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਉਹ ਮਹਾਂਕਾਲ਼/ਕਾਲ਼ ਦਾ ਪੁਜਾਰੀ ਹੈ।

ਬੰਦ ਨੰਬਰ 385:
ਜਵਨ ਕਾਲ ਸਭ ਜਗਤ ਬਨਾਯੋ ॥ ਦੇਵ ਦੈਤ ਜੱਛਨ ਉਪਜਾਯੋ ॥ ਆਦਿ ਅੰਤਿ ਏਕੈ ਅਵਤਾਰਾ ॥ ਸੋਈ ਗੁਰੂ ਸਮਝਿਯਹੁ ਹਮਾਰਾ ॥੩੮੫॥

ਅਰਥ:- ਇਸ ਬੰਦ ਵਿੱਚ ਫਿਰ ਕਵੀ ਆਪਣੀ ਗੱਲ ਜਾਰੀ ਰੱਖਦਾ ਕਹਿੰਦਾ ਹੈ - ਜਿਸ ਕਾਲ਼/ਮਹਾਂਕਾਲ਼ ਨੇ ਸਾਰਾ ਜਗਤ ਬਣਾਇਆ ਹੈ, ਦੇਵਤੇ , ਯਕਸ਼ ਅਤੇ ਦੈਂਤ ਬਣਾਏ ਹਨ ਉਹ ਹੀ ਅਸਲੀ ਸਦਾ ਰਹਿਣ ਵਾਲ਼ਾ ਅਵਤਾਰ ਹੈ ਜੋ ਮੇਰਾ ਗੁਰੂ ਹੈ। ਨੋਟ: ਗੁਰਮਤਿ ਕਿਸੇ ਕਾਲ਼/ਮਹਾਂਕਾਲ਼ ਨੂੰ ਗੁਰ ਪਰਮੇਸ਼ਰ ਅਤੇ ਜਗਤ ਦਾ ਕਰਤਾ ਨਹੀਂ ਮੰਨਦੀ, ਭਾਵੇਂ ਕਵੀ ਇਹ ਗੱਲ ਜ਼ਰੂਰ ਮੰਨਦਾ ਹੈ ਕਿਉਂਕਿ ਉਹ ਕਾਲ਼/ਮਹਾਂਕਾਲ਼ ਦਾ ਪੁਜਾਰੀ ਹੈ। ਕੇਵਲ ਨੂੰ ਨੂੰ ਹੀ ਸਿੱਖੀ ਮੰਗਲਾਚਰਣ ਵਿੱਚ ‘ਕਰਤਾ’ , ਭਾਵ, ਸੰਸਾਰ ਦਾ ਰਚਨਹਾਰਾ ਕਿਹਾ ਹੈ। ਜਗਤ ਦਾ ਕਰਤਾ ਕਾਲ਼/ਮਹਾਂਕਾਲ਼ ਨਹੀਂ ਹੈ।

ਬੰਦ ਨੰਬਰ 386:
ਨਮਸ਼ਕਾਰ ਤਿਸ ਹੀ ਕੋ ਹਮਾਰੀ ॥ ਸਕਲ ਪ੍ਰਜਾ ਜਿਨ ਆਪ ਸਵਾਰੀ ॥ ਸਿਵਕਨ ਕੋ ਸਿਵਗੁਨ ਸੁਖ ਦੀਯੋ ॥ ਸ਼ੱਤ੍ਰੁਨ ਕੋ ਪਲ ਮੋ ਬਧ ਕੀਯੋ ॥

ਅਰਥ:- ਕਵੀ ਮਹਾਂਕਾਲ਼ ਦੀ ਸਿਫ਼ਤਿ ਕਰਦਾ ਫਿਰ ਕਹਿੰਦਾ ਹੈ - ਜਿਸ ਮਹਾਂਕਾਲ਼ ਨੇ ਸਾਰੀ ਦੁਨੀਆਂ ਕੰਨ ਦੀ ਮੈਲ਼ ਵਿੱਚੋਂ ਪੈਦਾ ਕੀਤੀ ਹੈ, ਜਿਸ ਮਹਾਂਕਾਲ਼ ਨੇ ਆਪਣੇ ਪੁਜਾਰੀਆਂ ਨੂੰ ਗੁਣ ਤੇ ਸੁੱਖ ਦਿੱਤੇ ਹਨ ਅਤੇ ਦੁਸ਼ਟਾਂ (ਦੈਂਤਾਂ) ਦਾ ਪਲ ਭਰ ਵਿੱਚ ਨਾਸ਼ ਕੀਤਾ ਹੈ ਉਸ ਨੂੰ ਮੇਰੀ ਨਮਸਕਾਰ ਹੈ।

ਨੋਟ: ਗੁਰਮਤਿ ਵਿੱਚ ਗੁਰ ਪਰਮੇਸ਼ਰ ਨੂੰ ਹੀ ਨਮਸਕਾਰ ਕਰਨ ਦਾ ਵਿਧਾਨ ਹੈ, ਕਿਸੇ ਕਾਲ਼/ਮਹਾਂਕਾਲ਼ ਨੂੰ ਨਹੀਂ।

ਜਿਵੇਂ:- ਕਰਿ ਨਮਸਕਾਰ ਪੂਰੇ ਗੁਰਦੇਦ॥ ਸਫਲ ਮੂਰਤਿ ਸਫਲ ਜਾ ਕੀ ਸੇਵ॥ ਗੁਰੁ ਗੋਬਿੰਦ ਗੁਰੂ ਗੋਪਾਲ॥ ਅਪਨੇ ਦਾਸ ਕਉ ਰਾਖਨਹਾਰ॥ (ਗਗਸ 869/9)।
ਹਰਏ ਨਮਸਤੇ ਹਰਏ ਨਮਹ॥ ਹਰਿ ਹਰਿ ਕਰਤ ਨਹੀ ਦੁਖੁ ਜਮਹ॥ (ਗਗਸ 874/8)।

ਕਵੀ ਮਹਾਂਕਾਲ਼ ਨੂੰ ਨਮਸਕਾਰ ਕਰਦਾ ਹੈ ਕਿਉਂਕਿ ਕਵੀ ਦਾ ਇਸਟ ਹੀ ਸ਼ਿਵ ਜੀ ਦਾ ਇੱਕ ਜੋਤ੍ਰਿਲਿੰਗਮ ਮਹਾਂਕਾਲ਼ ਹੈ ਜਿਸ ਦਾ ਮੰਦਰ ਉਜੈਨ ਵਿੱਚ ਬਣਿਆਂ ਹੋਇਆ ਹੈ ਅਤੇ ਮਹਾਂਕਾਲ਼ ਦੇ ਭਗਤ ਓਥੇ ਜਾ ਕੇ ਮਹਾਂਕਾਲ਼ ਦੀ ਪੂਜਾ ਕਰਦੇ ਹਨ। ‘ਸਿਵਕਨ’ ਅਤੇ ‘ਸਿਵਗੁਣ’ ਆਦਿਕ ਸ਼ਬਦ ਹੋਰ ਅਨੇਕਾਂ ਸ਼ਬਦਾਂ ਦੀ ਤਰ੍ਹਾਂ ਗੁਰਮਤਿ ਗੁਰਬਾਣੀ ਦੀ ਲੈਅਕਾਰੀ ਅਨੁਸਾਰ ਨਹੀਂ ਹਨ।

ਬੰਦ ਨੰਬਰ 387:
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥ ਚੀਟੀ ਤੇ ਕੁੰਚਰ ਅਸਥੂਲਾ ॥ ਸਭ ਪਰ ਕ੍ਰਿਪਾ ਦ੍ਰਿਸ਼ਟਿ ਕਰਿ ਫੂਲਾ ॥

ਅਰਥ:- ਹੇ ਦੂਲਹ ਦੇਈ ਦੇ ਪਤੀ ਮਹਾਂਕਾਲ਼ ਜੀ! ਤੁਸੀਂ ਚੰਗੇ ਮਾੜੇ ਹਰ ਇੱਕ ਦੀ ਹਾਲਤ ਜਾਣਦੇ ਹੋ ਅਤੇ ਕੀੜੀ ਤੋਂ ਲੈ ਕੇ ਵੱਡੇ ਹਾਥੀ ਤਕ ਸਾਰੇ ਜੀਵਾਂ ਉਂਤੇ ਕਿਰਪਾ ਦ੍ਰਿਸ਼ਟੀ ਕਰ ਕੇ ਫੁੱਲਦੇ ਰਹਿੰਦੇ ਹੋ। ਨੋਟ: ਗੁਰਮਤਿ ਅਨੁਸਾਰ ਕੇਵਲ ਅਕਾਲਪੁਰਖ ਪ੍ਰਭੂ ਹੀ ਸੱਭ ਦੇ ਦਿਲਾਂ ਦੀ ਜਾਣ ਸਕਦਾ ਹੈ ਕੋਈ ਕਾਲ਼ ਜਾਂ ਮਹਾਂਕਾਲ਼ ਨਹੀਂ, ਜਿਵੇਂ- ਅੰਤਰਜਾਮੀ ਸੋ ਪ੍ਰਭੁ ਪੂਰਾ॥ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ॥ (ਗਗਸ 13/18) । ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ॥ (ਗਗਸ 107/11) । ਕਰਣ ਕਰਾਵਣਹਾਰ ਸੁਆਮੀ॥ ਸਗਲ ਘਟਾ ਕੇ ਅੰਤਰਜਾਮੀ॥ (ਗਗਸ 108/3)। ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥ (ਗਗਸ 1427/3)

ਬੰਦ ਨੰਬਰ 388:
ਸੰਤਨ ਦੁਖ ਪਾਏ ਤੇ ਦੁਖੀ ॥ ਸੁਖ ਪਾਏ ਸਾਧਨ ਕੇ ਸੁਖੀ ॥ ਏਕ ਏਕ ਕੀ ਪੀਰ ਪਛਾਨੈ ॥ ਘਟ ਘਟ ਕੇ ਪਟ ਪਟ ਕੀ ਜਾਨੈ ॥੩੮੮॥

ਅਰਥ:- ਹੇ ਦੂਲਹ ਦੇਈ ਨੂੰ ਬਰਨ ਵਾਲ਼ੇ ਮਹਾਂਕਾਲ਼! ਦੇਵਤਿਆਂ ਨੂੰ ਦੁੱਖ ਮਿਲਣ ਤੇ ਤੁਸੀਂ ਵੀ ਦੁਖੀ ਹੋ ਜਾਂਦੇ ਹੋ ਅਤੇ ਉਨ੍ਹਾਂ ਦੇ ਸੁੱਖ ਪਾਉਣ ਨਾਲ਼ ਤੁਹਾਨੂੰ ਵੀ ਸੁੱਖ ਹੁੰਦਾ ਹੈ। ਤੁਸੀਂ ਤਾਂ ਹਰ ਇੱਕ ਦੇ ਦਿੱਲ ਦੀ ਜਾਣਦੇ ਹੋ।

ਬੰਦ ਨੰਬਰ 389:
ਜਬ ਉਦਕਰਖ ਕਰਾ ਕਰਤਾਰਾ ॥ ਪ੍ਰਜਾ ਧਰਤ ਤਬ ਦੇਹ ਅਪਾਰਾ ॥ ਜਬ ਆਕਰਖ ਕਰਤ ਹੋ ਕਬਹੂੰ ॥ ਤੁਮ ਮੈ ਮਿਲਤ ਦੇਹ ਧਰ ਸਭਹੂੰ ॥

ਅਰਥ:- ਏਥੇ ਕਵੀ ਨੇ ਮਹਾਂਕਾਲ਼ ਦੇਵਤੇ ਦੀ ਉਦਕਰਖ ਅਤੇ ਆਕਰਖ ਕਰਨ ਦੀ ਸ਼ਕਤੀ ਦਾ ਬਿਆਨ ਕੀਤਾ ਹੈ ਜਿਸ ਦੀ ਉਹ ਯੁੱਧ ਵਿੱਚ ਦੈਂਤਾਂ ਵਿਰੁਂਧ ਵਰਤੋਂ ਕਰਦਾ ਹੈ। ਸ਼ਬਦ-ਗੁਰੂ ਦੇ ਸਿਧਾਂਤ ਤੋਂ ਮਹਾਂ ਅਗਿਆਨੀ ਪ੍ਰਚਾਰਕ ‘ਉਦਕਰਖ’ ਅਤੇ ‘ਆਕਰਖ’ ਸ਼ਬਦਾਂ ਦੇ ਅਰਥਾਂ ਨੂੰ ਅਗਿਆਨਤਾ ਦੇ ਧੱਕੇ ਨਾਲ਼ ਅਕਾਲਪੁਰਖ ਨਾਲ਼ ਜੋੜ ਕੇ ਸਿੱਖ ਸੰਗਤਾਂ ਨੂੰ , ਨਵੇਂ ਬਣਾਏ ਗੁਰੂ ਦੇ ਸ਼ਰੀਕ ਬਚਿੱਤ੍ਰ ਨਾਟਕ/ਅਖੌਤੀ ਦਸ਼ਮ ਗ੍ਰੰਥ ਨਾਲ਼ ਜੋੜ ਕੇ ਦੁਬਿਧਾ ਅਤੇ ਅਗਿਆਨਤਾ ਦੀ ਡੂੰਘੀ ਖਾਈ ਵਿੱਚ ਧੱਕਾ ਦੇ ਰਹੇ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਇੱਕ ਗੁਰੂ ਨਾਲੋਂ ਤੋੜ ਕੇ ਦੂਜੇ ਨਕਲੀ ਗ੍ਰੰਥ ਦੇ ਪੈਰਾਂ ਵਿੱਚ ਸੁੱਟ ਰਹੇ ਹਨ। ਮਹਾਂਕਾਲ਼ ਦੇਵਤਾ ਇਉਂ ਆਕਰਖਨ ਕਰਦਾ ਹੈ:-

ਪਵਨਾ ਕਰਖ ਕਰਾ ਤਬ ਕਾਲਾ। ਘਟੇ ਬਢਨ ਤੇ ਅਰਿ ਬਿਕਰਾਲਾ। ਲੜਦਾ ਲੜਦਾ ਮਹਾਂਕਾਲ਼ ਦੇਵਤਾ ‘ਆਕਰਖਨ’ ਸ਼ਬਦ ਦੀ ਵਰਤੋਂ ਇਉਂ ਕਰਦਾ ਹੈ:-
ਜਾਤੇ ਜੋਤਿ ਕਰਤ ਆਕਰਖਨ। ਤਾਕਹ ਰਹਤ ਮ੍ਰਿਤਕ ਜਗ ਕੇ ਜਨ।96।

ਇਹ ਬਿਧਿ ਜਬ ਆਕਰਖਨ ਕੀਆ। ਸਭ ਬਲ ਹਰਿ ਅਸੁਰਨ ਕਾ ਲੀਆ।301। ਸਰਬਾ ਕਰਖਨ ਕਿਯ ਅਸਿਧੁਜ ਜਬ। ਉਪਜਤ ਤੇਂ ਰਹਿ ਗਏ ਅਸੁਰ ਤਬ। 364।

ਬੰਦ ਨੰਬਰ 390:
ਜੇਤੇ ਬਦਨ ਸ੍ਰਿਸ਼ਟਿ ਸਭ ਧਾਰੈ ॥ ਆਪੁ ਆਪੁਨੀ ਬੂਝਿ ਉਚਾਰੈ ॥ ਤੁਮ ਸਭ ਹੀ ਤੇ ਰਹਤ ਨਿਰਾਲਮ ॥ ਜਾਨਤ ਬੇਦ ਭੇਦ ਅਰੁ ਆਲਮ ॥੩੯੦॥

ਅਰਥ:- ਹੇ ਸ਼ਿਵ ਜੀ ਦੇ ਜੋਤ੍ਰਿਲਿੰਗਮ ਮਹਾਂਕਾਲ਼ ਦੇਵਤਾ ਜੀ! ਜਿੰਨੇ ਮੂੰਹ ਬਣੇ ਹਨ ਸਾਰੇ ਆਪਣੀ ਮਤਿ ਨਾਲ਼ ਬੋਲ ਰਹੇ ਹਨ। ਮਹਾਂਕਲ਼ ਜੀ ਤੁਸੀਂ ਸੱਭ ਤੋਂ ਨਿਰਲੇਪ ਰਹਿੰਦੇ ਹੋ ਜਿਸ ਨੂੰ ਬੇਦ ਅਤੇ ਜਗਤ ਜਾਣਦਾ ਹੈ। ਨੋਟ : ਲਿਖਾਰੀ ਨੂੰ ਸ਼ਬਦ ਜੋੜਾਂ ਦੀ ਜ਼ਰਾ ਮਾਤ੍ਰ ਵੀ ਸੋਝੀ ਨਹੀਂ ਹੈ। ਲਿਖਾਰੀ ਨੂੰ ਇਹ ਨਹੀਂ ਪਤਾ ਕਿ ‘ਆਪਿ’ ਅਤੇ ‘ਆਪੁ’ ਸ਼ਬਦਾਂ ਦਾ ਕੀ ਅੰਤਰ ਹੈ ਅਤੇ ਇਨ੍ਹਾਂ ਦੀ ਵਰਤੋਂ ਕਿਵੇਂ ਕਰਨੀ ਹੈ। ਗੁਰਬਾਣੀ ਦੀ ਲਿਖਣ ਸ਼ੈਲੀ ਵਲੋਂ ਲਿਖਾਰੀ ਕੋਰਾ ਹੈ। ਮਹਾਂਕਾਲ਼ ਇੱਸ ਚਰਿੱਤ੍ਰ ਵਿੱਚ ਦੈਂਤਾਂ ਨਾਲ਼ ਲੜਦਾ ਨਿਰਲੇਪ ਨਹੀਂ ਰਹਿੰਦਾ। ਇਹ ਗੁਣ ਕੇਵਲ ਰੱਬ ਵਿੱਚ ਹੈ। ਮਹਾਂਕਾਲ਼ ਰੱਬ ਨਹੀਂ ਹੈ।

ਬੰਦ ਨੰਬਰ 391:
ਨਿਰੰਕਾਰ ਨ੍ਰਿਬਿਕਾਰ ਨ੍ਰਿਲੰਭ ॥ ਆਦਿ ਅਨੀਲ ਅਨਾਦਿ ਅਸੰਭ ॥ ਤਾਕਾ ਮੂੜ੍ਹ ਉਚਾਰਤ ਭੇਦਾ ॥ ਜਾਕੋ ਭੇਵ ਨ ਪਾਵਤ ਬੇਦਾ ॥੩੯੧॥

ਅਰਥ:- ਮਹਾਂਕਾਲ਼ ਅਤੇ ਦੁਰਗਾ ਦਾ ਪੁਜਾਰੀ ਕਵੀ ਮਹਾਂਕਾਲ਼ ਨੂੰ ਰੱਬ ਨਾਲ਼ ਤੁਲਨਾ ਦੇ ਰਿਹਾ ਹੈ ਜੋ ਮਨਮਤਿ ਹੈ। ਸਿੱਖ ਲਈ ਰੱਬ ਤੋਂ ਪਰੇ ਕੋਈ ਹੋਰ ਨਹੀਂ। ਲਿਖਾਰੀ ਮਹਾਂਕਾਲ਼ ਨੂੰ ਹੀ ਰੱਬ ਸਮਝ ਕੇ ਉਸ ਦੀ ਸਿਫ਼ਤਿ ਵਿੱਚ ਰੱਬ ਦੇ ਵਿਸ਼ੇਸ਼ਣ ਵਰਤ ਕੇ ਰੱਬ ਦੀ ਨਿਰਾਦਰੀ ਕਰ ਰਿਹਾ ਹੈ। ਹਰ ਇਕ ਨੂੰ ਪਤਾ ਹੈ ਕਿ ਮਹਾਂਕਾਲ਼ ਦੇਹਧਾਰੀ ਦੇਵਤਾ ਹੈ ਜੋ ਦੂਲਹ ਦੇਈ ਸੰਦਰੀ ਵਾਸਤੇ ਦੈਂਤਾਂ ਨਾਲ਼ ਯੁੱਧ ਕਰਦਾ ਹੈ। ਇਹ ਮਹਾਂਕਾਲ਼ ਸਿੱਖ ਲਈ ਰੱਬ ਨਹੀਂ ਹੈ। ਮਹਾਂਕਾਲ਼ ਲਈ ਵਰਤੇ ਸ਼ਬਦ ਨਿਰੰਕਾਰ, ਨ੍ਰਿਬਿਕਾਰ, ਨ੍ਰਿਲੰਭ, ਆਦਿ, ਅਨੀਲ, ਅਨਾਦਿ, ਅਸੰਭ( ਅਜੂਨੀ) ਮਹਾਂਕਾਲ਼ ਦੇ ਪੁਜਾਰੀ ਲਈ ਭਾਵੇਂ ਠੀਕ ਹੋਣ ਪਰ ਸਿੱਖ ਇਨ੍ਹਾਂ ਨੂੰ ਨਹੀਂ ਮੰਨਦਾ।ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਪ੍ਰਭੂ ਪ੍ਰਮੇਸ਼ਰ ਲਈ ਹੀ ਵਰਤੇ ਹਨ। ਮਹਾਂਕਾਲ਼ ਪ੍ਰਭੂ ਪ੍ਰਮੇਸ਼ਰ ਨਹੀਂ ਹੈ। ਮਹਾਂਕਾਲ਼ ਅਜੂਨੀ ਨਹੀਂ ਹੈ, ਮਹਾਂਕਾਲ਼ ਆਦਿ (ਸੱਭ ਦਾ ਮੁੱਢ) ਨਹੀਂ ਹੈ, ਮਹਾਂਕਾਲ਼ ਅਨੀਲੁ ਨਹੀਂ ਹੈ, ਮਹਾਂਕਾਲ਼ ਅਨਾਦਿ ਨਹੀਂ ਹੈ ਕਿਉਂਕਿ ਮਹਾਂਕਾਲ਼ ਦੇਹਧਾਰੀ ਦੇਵਤਾ ਹੈ ਜਿਸ ਨੂੰ ਰੱਬ ਨੇ ਬਣਾਇਆ ਹੈ ਤੇ ਰੱਬ ਹੀ ਸੱਭ ਦਾ ਮੁੱਢ , ਅਨਾਦਿ, ਅਜੂਨੀ, ਆਦਿਕ ਹੈ। ਦੇਹਧਾਰੀ ਦੇਵਤਾ ਅਜੂਨੀ ਨਹੀਂ ਹੋ ਸਕਦਾ ਤੇ ਕਵੀ ਨੇ ਇੱਸ ਬੰਦ ਵਿੱਚ ਰੱਬ ਦੀ ਨਿਰਾਦਰੀ ਕੀਤੀ ਹੈ ਅਤੇ ਮਹਾਂਕਾਲ਼ ਦੀ ਕੂੜੀ ਸਿਫ਼ਤਿ ਕੀਤੀ ਹੈ।

ਨੋਟ: ਬੰਦ ਨੰਬਰ 390 ਵਿੱਚ ਲਿਖਾਰੀ ਕਹਿੰਦਾ ਹੈ ਕਿ ਬੇਦ ਮਹਾਂਕਲ਼ ਦਾ ਭੇਦ ਜਾਣਦੇ ਹਨ। ਬੰਦ ਨੰਬਰ 391 ਵਿੱਚ ਲਿਖਾਰੀ ਕਹਿੰਦਾ ਹੈ ਕਿ ਬੇਦ ਵੀ ਮਹਾਂਕਾਲ਼ ਦਾ ਭੇਦ ਨਹੀਂ ਜਾਣਦੇ। ਕਵੀ ਬਹੁਤ ਭੁਲੱਕੜ ਹੈ।

ਬੰਦ ਨੰਬਰ 392:
ਤਾਕੌ ਕਰਿ ਪਾਹਨ ਅਨੁਮਾਨਤ ॥ ਮਹਾਂ ਮੂੜ੍ਹ ਕਛੁ ਭੇਦ ਨ ਜਾਨਤ ॥ ਮਹਾਂਦੇਵ ਕੌ ਕਹਤ ਸਦਾ ਸ਼ਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥

ਅਰਥ:- ਇਹ ਗੱਲ ਚੇਤੇ ਰੱਖਣ ਵਾਲ਼ੀ ਹੈ ਕਿ ਬੰਦ ਨੰਬਰ 391 ਵਿੱਚ ਲਿਖਾਰੀ ਨੇ ਮਹਾਂਕਾਲ਼ ਨੂੰ ਨਿਰੰਕਾਰ ਦਾ ਦਰਜਾ ਦਿੱਤਾ ਹੋਇਆ ਹੈ, ਭਾਵੇਂ, ਗੁਰਮਤਿ ਇਸ ਨੂੰ ਨਹੀਂ ਮੰਨਦੀ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top