Share on Facebook

Main News Page

ਹਿਕਾਇਤਾਂ - 4
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 17

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ


ਹਿਕਾਇਤ 9 ਵੀਂ ਦੇ 44 ਬੰਦ ਹਨ ਜਿਨ੍ਹਾਂ ਦਾ ਸੰਖੇਪਕੀ ਵੇਰਵਾ ਇਹ ਹੈ ਕਿ ਫਿਰੰਗਦੇਸ਼ ਦੇ ਬਾਦਸ਼ਾਹ ਦੀ ਰਾਣੀ ਆਪਣੇ ਯਾਰ ਨੂੰ ਬੁਲਾ ਕੇ ਇੱਕ ਨਾਈ (ਹਜ਼ਾਮ) ਕੋਲੋਂ ਮੋਚਨੇ ਨਾਲ ਉਸ ਦੀ ਦਾੜ੍ਹੀ ਦੇ ਵਾਲ ਪੁੱਟਵਾ ਕੇ ਜ਼ਨਾਨੇ ਕੱਪੜਿਆਂ ਵਿੱਚ ਗੋਲੀ ਦੇ ਰੂਪ ਵਿੱਚ ਆਪਣੇ ਕੋਲ ਵਿਭਚਾਰ ਹਿੱਤ ਰੱਖਦੀ ਹੈ।

ਇੱਕ ਦਿਨ ਬਾਦਸ਼ਾਹ ਉਸ ਨੂੰ ਖੂਬਸੂਰਤ ਔਰਤ ਸਮਝ ਕੇ ਕਾਮ-ਵਾਸ਼ਨਾ ਅਧੀਨ ਇੱਕ ਨੌਕਰਾਣੀ ਭੇਜ ਕੇ ਬੁਲਾਉਂਦਾ ਹੈ ਜਿਸ ਦਾ ਉੱਤਰ ਦਿੱਤੇ ਬਿਨਾ ਚੁੱਪ-ਚਾਪ ਰਾਣੀ ਕੋਲ ਜਾ ਕੇ ਕਹਿੰਦਾ ਹੈ ਕਿ ਮੈਨੂੰ ਸੱਚ-ਮੁੱਚ ਦੀ ਇਸਤਰੀ ਸਮਝ ਕੇ ਬਾਦਸ਼ਾਹ ਨੇ ਬੁਲਾਇਆ ਹੈ, ਕਿਹਾ ਚੰਗਾ ਹੋਵੇ ਕਿ ਮੈਂ ਇਥੋਂ ਚਲਾ ਜਾਵਾਂ, ਨਹੀਂ ਤੇ ਭੇਦ ਖੁੱਲ੍ਹ ਜਾਣ ਤੇ ਤੂੰ ਅਤੇ ਮੈ ਦੋਵੇਂ ਹੀ ਮਾਰੇ ਜਾਵਾਂਗੇ… ਰਾਣੀ ਕਹਿੰਦੀ ਹੈ ਕਿ ਡਰ ਨਹੀਂ, ਮੈਂ ਤੈਨੂੰ ਚਾਰ ਮਹੀਨੇ ਹੋਰ ਵੀ ਆਪਣੇ ਕੋਲ ਰਖ ਕੇ ਰੰਗ-ਰਲੀਆਂ… ਰਾਤ ਨੂੰ ਬਾਦਸ਼ਾਹ ਕਾਮਵੱਸ ਹੋ ਕੇ ਨਵੀਂ ਬਣੀ ਗੋਲੀ ਕੋਲ ਆਉਂਦਾ ਹੈ… ਰਾਣੀ ਉਸ ਨੂੰ ਆਪਣੇ ਕੋਲ ਸੁਵਾ ਲੈਂਦੀ ਹੈ।

ਬਾਦਸ਼ਾਹ ਸਮਝਦਾ ਹੈ ਕਿ ਇਸ ਗੋਲੀ ਨੇ ਰਾਣੀ ਨੂੰ ਮੇਰੇ ਬਾਬਤ ਦੱਸ ਦਿੱਤਾ ਹੋਣਾ ਹੈ, ਜਿਸ ਲਈ ਰਾਣੀ ਨੇ ਖਬਰਦਾਰ ਹੋ ਕੇ ਇਸ ਨੂੰ ਆਪਣੇ ਕੋਲ ਸੁਵਾ ਲਿਆ ਹੈ, ਬਾਦਸ਼ਾਹ ਵਾਪਸ ਚਲਾ ਜਾਂਦਾ ਹੈ।
ਦੂਜੀ ਰਾਤ ਨੂੰ ਫਿਰ ਆਉਂਦਾ ਹੈ ਤਾਂ ਉਸ ਨੂੰ ਰਾਣੀ ਕੋਲ ਸੁੱਤਿਆਂ ਵੇਖ ਵਾਪਸ ਮੁੜ ਜਾਂਦਾ ਹੈ… ਇਸੇ ਤਰ੍ਹਾਂ ਪੰਜ-ਛੇ ਰਾਤਾਂ ਫੇਰ ਗੇੜਾ ਮਾਰ ਕੇ ਮੁੜਦਾ ਹੋਇਆ ਕਾਮਾਤੁਰ ਹੋ ਕੇ ਕਚੀਚੀਆਂ ਵੱਟਦਾ-ਵੱਟਦਾ ਆਪਣੇ ਆਪ ਇਹੋ ਜਿਹੀਆਂ ਬੇਸ਼ਰਮ ਗੱਲਾਂ ਕਰਦਾ ਹੈ, ਜੋ ਲਿਖਣ ਤੋਂ ਕਲਮ ਰੁਕਦੀ ਹੈ ਅਤੇ ਵਿਚਾਰ ਸ਼ਕਤੀ ਵੀ ਲਿਖਣ ਦੀ ਆਗਿਆ ਦੇਣ ਤੋਂ ਅਸਮਰੱਥ ਹੈ,ਜਿਵੇਂ ਕਿ ਸ੍ਰੀ ਮਾਨ ਮਹੰਤ ਸਾਹਿਬ ਜੀ ਨੇ ਆਪ ਵੀ ਆਪਣੇ ਕੀਤੇ ਹੋਏ ਟੀਕੇ ਦੇ ਫੁੱਟ-ਨੋਟ ਵਿੱਚ ਦਰਸਾਇਆ ਹੈ।

ਭਾਵੇਂ ਮਹੰਤ ਸਾਹਿਬ ਜੀ ਨੇ ਆਪਣੇ ਵਲੋਂ ਕਿਤਨੀ ਹੀ ਚੋਪੜੀ-ਚਾਪੜੀ ਸ਼ਬਦਾਵਲੀ ਵਰਤਣ ਦਾ ਯਤਨ ਕੀਤਾ ਹੈ ਤਾਂ ਭੀ ਇਤਨੀ ਅਸ਼ਲੀਲਕ (ਗੰਦੀ ਬੇਸ਼ਰਮ) ਹਿਕਾਇਤ ਹੈ, ਜਿਸਨੂੰ ਸੁਣਨ ਵਾਲਾ ਸ਼ਰਮ ਨਾਲ ਪਾਣੀ-ਪਾਣੀ ਹੋ ਜਾਂਦਾ ਹੈ।

ਸ਼ੋਕ ਕਿ ਸਤਿਕਾਰਯੋਗ ਮਹੰਤ ਸਾਹਿਬ ਜੀ ਨੇ ਇਹੋ ਜਿਹੀਆਂ ਗੰਦ ਭਰੀਆਂ ਅਤੇ ਨਿਰੋਲ ਝੂਠੀਆਂ ਹਿਕਾਇਤਾਂ ਵੀ ਕਲਗੀਧਰ ਪਾਤਸ਼ਾਹ ਵਲੋਂ ਔਰੰਗਜ਼ੇਬ ਨੂੰ ਲਿਖੀਆਂ ਦੱਸਣ ਦਾ ਜਤਨ ,ਰੱਬ ਜਾਣੇ ਕਿਸ ਵਿਚਾਰ ਨੂੰ ਮੁੱਖ ਰੱਖ ਕੇ ਕੀਤਾ ਹੈ।

ਕੁਝ ਵੀ ਹੋਵੇ ਇਹ ਜਰੂਰ ਮੰਨਣਾ ਪਵੇਗਾ ਕਿ ਇਹ ਹਿਕਾਇਤਾਂ ਅਤੇ ਚਰਿਤ੍ਰ ਅਸੰਭਵ ਤੋਂ ਵੀ ਅਸੰਭਵ ਹਨ, ਜਿਨ੍ਹਾਂ ਨੂੰ ਦਸਮ ਪਿਤਾ ਜੀ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣਾ ਸਹੇ ਦੇ ਸਿੰਗਾਂ ਵਾਗੂੰ ਤ੍ਰੈਣ ਕਾਲ ਅਸੰਭਵ ਹੈ।

ਹੋਰ ਵਧੇਰੇ ਕੁਫਰ

ਸਤਿਕਾਰ ਯੋਗ ਮਹੰਤ ਸਾਹਿਬ ਜੀ ਆਪਣੇ ਜ਼ਫਰਨਾਮੇ ਅਤੇ ਹਿਕਾਇਆਤ ਸਟੀਕ ਪੰਨਾ 266, ਸਤਰ 20 ਉੱਤੇ ਲਿਖਦੇ ਹਨ ਕਿ ਔਰੰਗਜ਼ੇਬ ਪ੍ਰਾਣਯਾਮ ਦਾ ਅਭਿਆਸ਼ੀ ਸੀ ਜਿਸ ਦੇ ਬਲ’ ਨਾਲ ਰੋਜ਼ ਸਵੇਰੇ ਦੀ ਨਿਮਾਜ਼ ਗੁਪਤ ਰੂਪ ਵਿੱਚ ਮੱਕੇ ਜਾ ਕੇ ਪੜ੍ਹਦਾ ਸੀ।

ਇੱਕ ਦਿਨ ਸਤਿਗੁਰੂ ਜੀ ਘੋੜ ਸਵਾਰ ਹੋ ਕੇ ਨਿਮਾਜ਼ ਪੜ੍ਹ ਕੇ ਵਾਪਸ ਆਉਂਦੇ ਔਰੰਗਜ਼ੇਬ ਦਾ ਰਸਤਾ ਰੋਕ ਕੇ ਗਰਜ਼ਵੀਂ ਅਵਾਜ਼ ਵਿੱਚ ਕਹਿੰਦੇ ਹਨ ਕਿ ਹੁਣ ਦੱਸ ਕਿ ਇਸ ਵੇਲੇ ਤੇਰੀ ਕੌਣ ਰੱਖਿਆ ਕਰ ਸਕਦਾ… ਔਰੰਗਜ਼ੇਬ ਘਬਰਾ ਕੇ ਜਾਨ ਬਖਸ਼ੀ ਲਈ ਤਰਲੇ ਲੈਂਦਾ ਹੈ… ਗੁਰੂ ਜੀ ਕਹਿੰਦੇ ਹਨ ਕਿ ਸਾਡਾ ਸਿੱਖ ਦਇਆ ਸਿੰਘ ਚਿੱਠੀ (ਜ਼ਫਰਨਾਮਹ) ਲੈ ਕੇ ਛੇ ਮਹੀਨੇ ਤੋਂ ਤੇਰੇ ਕੋਲ ਗਿਆ ਹੋਇਆ ਹੈ ਪਰ ਤੇਰੇ ਕਰਮਚਾਰੀਆਂ ਨੇ ਉਸ ਨੂੰ ਤੇਰੇ ਕੋਲ ਆਉਣ ਤੋਂ ਰੋਕਿਆ ਹੋਇਆ ਹੈ… ਬਾਦਸ਼ਾਹ ਹੱਥ ਜੋੜ ਕੇ ਕਹਿੰਦਾ ਹੈ ਕਿ ਹੁਣ ਮੈਂ ਜਾਂਦਿਆਂ ਹੀ ਉਸ ਨੂੰ ਬੁਲਵਾ ਲਵਾਂਗਾ… ਦਸ਼ਮੇਸ਼ ਜੀ ਔਰੰਗਜ਼ੇਬ ਨੂੰ ਨਿਸ਼ਾਨੀ ਮਾਤਰ ਛੋਟੀ ਕ੍ਰਿਪਾਨ ਦੇ ਕੇ ਤਾਗੀਦ ਕਰਦੇ ਹਨ ਕਿ ਇਹ ਵੀ ਭਾਈ ਦਇਆ ਸਿੰਘ ਨੂੰ ਦੇ ਦੇਣੀ।

ਬਾਦਸ਼ਾਹ ਦੇ ਬੁਲਾਉਣ ਉੱਤੇ ਭਾਈ ਦਇਆ ਸਿੰਘ ਜੀ ਅੰਦਰ ਵੜਦਿਆਂ ਹੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਹ ਬੁਲਾਉਂਦੇ ਹਨ… ਬਾਦਸ਼ਾਹ ਪੁੱਛਦਾ ਹੈ ਕਿ ਖਾਲਸਾ ਪੈਦਾ ਹੋ ਗਿਆ ਹੈ, ਜਿਸਦਾ ਉੱਤਰ ਭਾਈ ਦਇਆ ਸਿੰਘ ਹਾਂ ਵਿੱਚ ਦਿੰਦਾ ਹੈ… ਤਦ ਕਾਜ਼ੀਆਂ ਵਲੋਂ ਬਾਦਸ਼ਾਹ ਉੱਤੇ ਇਹ ਫਤਵਾ ਲਾਇਆ ਜਾਂਦਾ ਹੈ ਕਿ ਹਜ਼ੂਰ ਆਪਦਾ ਹੁਕਮ ਸੀ ਕਿ ਜਿਹੜਾ ਖਾਲਸਾ ਲਫਜ਼ ਕਹੇਗਾ, ਉਸਦੀ ਜ਼ਬਾਨ ਕੱਟ ਦਿੱਤੀ ਜਾਵੇਗੀ… ਹੁਣ ਆਪ ਨੇ ਆਪਣੀ ਜ਼ਬਾਨ ਨਾਲ ਖਾਲਸਾ ਕਿਹਾ ਹੈ… ਬਾਦਸ਼ਾਹ ਪੁੱਛਦਾ ਹੈ ਕਿ ਕੋਈ ਐਸਾ ਤਰੀਕਾ ਹੈ ਕਿ ਮੈਂ ਸ਼ਰਿਓਂ ਵੀ ਝੂਠਾ ਨਾ ਹੋਵਾਂ ਅਤੇ ਜ਼ਬਾਨ ਵੀ ਨਾ ਕਟਾਉਣੀ ਪਵੇ,ਤਾਂ ਕਾਜ਼ੀ ਕਹਿੰਦਾ ਹੈ ਕਿ ਇੱਕ ਸੋਨੇ ਦੀ ਜਿਬ੍ਹ (ਜ਼ਬਾਨ) ਬਣਵਾ ਕੇ ਆਪਣੀ ਜਿੱਭ ਉੱਤੇ ਰੱਖੋ,ਫਿਰ ਉਹ ਕਟਵਾ ਕੇ ਫਕੀਰਾਂ ਨੂੰ ਦਾਨ ਵਜੋਂ ਦੇ ਦਿਉ… ਇਸੇ ਤਰ੍ਹਾਂ ਕਰਨ ਪਿੱਛੋਂ ਔਰੰਗਜ਼ੇਬ ਮਰਨ-ਮਰਾਂਦ ਹੋ ਜਾਂਦਾ ਹੈ, ਪਰ ਉਸਦੀ ਜਿੰਦ ਨਹੀਂ ਨਿਕਲਦੀ ਜਿਸਨੂੰ ਦੁਖੀ ਵੇਖ ਕੇ ਜ਼ੇਬਲਨਿਸ਼ਾ (ਉਸ ਦੀ ਬੇਟੀ) ਕਹਿੰਦੀ ਹੈ ਆਪ ਨੇ ਖਾਲਸਾ ਲਫਜ਼ ਆਪਣੀ ਜ਼ਬਾਨ ਨਾਲ ਕਿਹਾ ਹੈ ਪਰ ਫਤਹ (ਵਾਹਿਗੁਰੂ ਜੀ ਕੀ ਫਤਹ ) ਨਹੀਂ ਕਹੀ, ਤਾਂ ਹੀ ਇਤਨੀ ਤਕਲੀਫ ਪਾ ਰਹੇ ਹੋ। ਇਸ ਲਈ ਫਤਹ ਸ਼ਬਦ ਆਪਣੀ ਜ਼ਬਾਨ ਨਾਲ ਕਹੋ ਤਾਂ ਸੁਖੈਲੀ ਜਾਨ ਨਿਕਲੇਗੀ… ਬਾਦਸ਼ਾਹ ਸ਼ਰਾਅ ਤੋਂ ਡਰਦਾ ਚੁੱਪ ਕਰ ਜਾਂਦਾ ਹੈ… ਜ਼ੇਬੁਲਨਿਸਾ ਕਹਿੰਦੀ ਹੈ ਕਿ ਜ਼ਬਾਨੀ ਬੋਲਣਾ ਸ਼ਰਾਅ ਦੇ ਉਲਟ ਗੁਨਾਹ ਸਮਝਦੇ ਹੋ ਤਾਂ ਕਲਮ-ਦਵਾਤ ਲੈ ਕੇ ਕਾਗਜ਼ ਉੱਤੇ ਹੀ ਫਤਹ ਲਿਖ ਛੱਡੋ… ਅੰਤ ਕਾਗਜ਼ ਉੱਤੇ ਲਿਖਿਆ ਹੋਇਆ ਬਾਦਸ਼ਾਹ ਦੀ ਜਿੰਦ ਨਿਕਲਦੀ ਹੈ, ਇਤਿਆਦਿਕ।

ਹੋ ਸਕਦਾ ਹੈ ਉੱਤੇ ਲਿਖੀ ਵਿਥਿਆ ਪੜ੍ਹ ਕੇ ਸਤਿਵਚਨੀਏ ਸ਼ਰਧਾਲੂ ਵੀਰ ਤਾਂ ਭਾਵੇਂ ‘ਸਤਿਬਚਨ’ ਦੀਆਂ ਗੂਜਾਂ ਪਾ ਦੇਣ ਪਰ ਸੂਝ-ਬੂਝ ਵਾਲੇ ਸਿਦਕਵਾਨ ਖੋਜੀਆਂ ਦੀ ਦ੍ਰਿਸ਼ਟੀ ਵਿੱਚ ਇਹ ਕੇਵਲ ਸੂਰਜ ਪ੍ਰਕਾਸ ਦੇ ਕਰਤਾ ਦਾ ਮਨੋਕਲਪਤ ਮਿਥਿਆਵਾਦ ਹੈ ਜਿਸ ਦੀ ਪੁਸ਼ਟੀ ਕਿਸੇ ਵੀ ਪ੍ਰਾਮਾਣੀਕ ਇਤਿਹਾਸ ਦੁਆਰਾ ਨਹੀਂ ਹੋ ਸਕਦਾ।

ਕੋਈ ਪੁੱਛੇ ਕਿ ਔਰੰਗਜ਼ੇਬ ਵਰਗਾ ਇੱਕ ਕੱਟੜ ਮੁਤਅੱਸਬੀ ਮੁਸਲਮਾਨ ਹਿੰਦੂ ਕਰਮਕਾਂਡੀਆਂ ਵਾਂਗੂ ਪ੍ਰਾਣਾਯਾਮੀ ਕਿਵੇਂ ਹੋ ਸਕਦਾ ਹੈ ਤਾਂ ਕੀ ਉੱਤਰ ਦਿੱਤਾ ਜਾਵੇਗਾ। ਬਸ, ਚੁੱਪ।

ਕਦੇ ਥੋੜ੍ਹੇ ਚਿਰ ਵਾਸਤੇ ਉਸਨੂੰ ਪ੍ਰਾਣਾਯਾਮੀ ਮਿਥ ਵੀ ਲਿਆ ਜਾਵੇ ਤਾਂ ਵੀ ਰੋਜ਼ ਮੱਕੇ ਪੁੱਜਣ ਵਾਲੀ ਆਤਮ-ਸ਼ਕਤੀ ਦਾ ਮਾਲਕ ਉਹ ਕਿਵੇਂ ਹੋ ਸਕਦਾ ਹੈ।

ਸ੍ਰੀ ਮਾਨ ਮਹੰਤ ਸਾਹਿਬ ਜੀ ਆਪ ਹੀ ਦੱਸਣ ਕਿ ਤਖਤ ਦੇ ਲਾਲਚ ਵੱਸ ਹੋ ਆਪਣੇ ਬਾਪ ਸ਼ਾਹਜਹਾਨ ਨੂੰ ਕੈਦ ਕਰ ਕੇ ਪਾਣੀ ਖੁਣੋ ਵੀ ਤਰਸਾ-ਤਰਸਾ ਕੇ ਮਾਰਨ ਅਤੇ ਸੱਕੇ ਭਰਾਵਾਂ ਨੂੰ ਕਤਲ ਕਰਨ, ਫਿਰ ਲੱਖਾਂ ਸੋਹਾਗਣੀਆਂ ਦੇ ਸੋਹਾਗ ਲੁੱਟਣ, ਭੈਣਾਂ ਦੇ ਵੀਰ ਡੱਕਰੇ-ਡੱਕਰੇ ਕਰਨ ਮਾਵਾਂ ਦੀਆਂ ਗੋਦੀਆਂ ਖਾਲੀ ਕਰਨ, 'ਚੇ ਯਤੀਮ ਕਰਨ, ਫਿਰ ਧਰਮ ਅਸਥਾਨਾਂ ਨੂੰ ਸਾੜ ਫੂਕ ਕੇ ਮਿੱਟੀ ਵਿੱਚ ਮਿਲਾਉਣ ਬਲਕਿ ਕੁਰਾਨ ਮੁਜੀਦ ਦੀਆਂ ਝੂਠੀਆਂ ਕਸਮਾਂ ਖਾਣ ਵਾਲੇ ਕਠੋਰ ਚਿੱਤ ਔਰੰਗਜ਼ੇਬ ਦੇ ਮਲੀਨ ਹਿਰਦੇ ਵਿੱਚ ਹਰ-ਰੋਜ਼ ਮੱਕੇ ਆਦਿਕ ਪੁੱਜਣ ਵਾਲੀ ਆਤਮ-ਸ਼ਕਤੀ ਦਾ ਮੰਨਣਾ ਬੁੱਧਮਤਾ ਹੈ ਜਾਂ ਮਹਾਨ ਅਗਿਆਨਤਾ ਦਾ ਪ੍ਰਤੱਖ ਸਬੂਤ ਹੈ।

ਹਾਲਾਂਕਿ ਉਪਰੋਕਤ ਵਿਚਾਰ ਸਬੰਧੀ ਸੂਰਜ ਪ੍ਰਕਾਸ਼ ਐਨ 1 ਅੰਸ 31 ਦੇ ਫੁੱਟਨੋਟ ਵਿੱਚ ਭਾਈ ਵੀਰ ਸਿੰਘ ਜੀ ਨੇ ਵੀ ਸਪਸ਼ਟ ਕੀਤਾ ਹੈ ਕਿ ਇਹੋ ਜਿਹੀਆਂ ਗੱਲਾਂ ‘ਸ਼ਾਹ’ ਦੀ ਰੂਹਾਨੀ ਤਾਕਤ ਦੀਆਂ ਮੌਲਾਣਿਆਂ ਨੇ ਘੜ ਕੇ ਸਰਬ ਸਾਧਾਰਨ ਵਿੱਚ ਫੈਲਾਈਆਂ ਕਿ ਸਾਡਾ ਸ਼ਾਹ ਇਤਨਾ ਬਲੀ ਹੈ ਜੋ ਮੱਕੇ ਜਾ ਕੇ ਨਿਮਾਜ਼ ਪੜ੍ਹਦਾ ਹੈ, ਇਹ ਗੱਲ ਕਵੀ ਜੀ ਨੇ ਆਮ ਲੋਕਾਂ ਵਿੱਚ ਫੈਲੀ ਹੋਈ ਤੇ ਕੁਝ ਅਰਸਾ ਮਗਰੋਂ ਟੁਰੀ ਰਹੀ ਸੁਣ ਕੇ ਲਿਖੀ ਹੈ।ਐਸੇ ਜ਼ਾਲਮ ਨਿਰਦਈ ਵਿੱਚ ਇਤਨੀ ਰੂਹਾਨੀ ਇਕਾਗਰਤਾ ਕਿੱਥੋਂ ਸੀ।

ਕਿਹਾ ਚੰਗਾ ਹੁੰਦਾ ਜੋ ਮਹੰਤ ਸਾਹਿਬ ਜੀ ਹੋਰ ਨਹੀਂ ਤਾਂ ਸੂਰਜ ਪ੍ਰਕਾਸ਼ ਵਿਚਲੇ ਉੱਤੇ ਦਰਸਾਏ ਹਵਾਲੇ ਦੇਣ ਲੱਗਿਆਂ ਇਸੇ ਸੂਰਜ ਪ੍ਰਕਾਸ਼ ਦੇ ਐਨ 1 ਅੰਸੂ 31 ਦੇ ਫੁੱਟ ਨੋਟ ਵਿੱਚ ਭਾਈ ਵੀਰ ਸਿੰਘ ਜੀ ਵਲੋਂ ਉੱਤੇ ਲਿਖੇ ਫੈਸਲੇ ਨੂੰ ਹੀ ਵੇਖ ਲੈਂਦੇ ਤਾਂ ਇਸ ਬਿਰਥਾ ਕਲਪਨਾ ਦਾ ਆਸਰਾ ਕਦਾਚਿੱਤ ਨਾ ਲੈਂਦੇ ਤੇ ਨਾ ਹੀ ਗੁਰਮਤਿ ਅਵਲੰਬੀ ਪਾਰਖੂ ਗੁਰਸਿੱਖਾਂ ਦੇ ਹਿਰਦੇ ਦੁਖਿਤ ਕਰਨ ਦੇ ਭਾਗੀ ਬਣਦੇ।
ਪਿੱਛੇ ਰਿਹਾ, ਮੱਕਿਓਂ ਮੁੜਦੇ ਹੋਏ ਔਰੰਗਜ਼ੇਬ ਨੂੰ ਰਸਤੇ ਵਿੱਚ ਦਸ਼ਮੇਸ਼ ਜੀ ਦਾ ਲਲਕਾਰਨਾ।

ਜੇ ਗੁਰਦੇਵ ਜੀ ਸੱਚ-ਮੁੱਚ ਹੀ ਉਸ ਨੂੰ ਲਲਕਾਰਦੇ ਜਾਂ ਵੰਗਾਰਦੇ ਤਾਂ ਇੰਨ੍ਹੇ ਵੱਡੇ ਬਜ਼ਰ ਪਾਪੀ ਘੋਰ ਅਪਰਾਧੀ ਨੂੰ ਉਨ੍ਹਾਂ ਜਿਉਂਦਿਆਂ ਕਿੱਥੇ ਛੱਡਣਾ ਸੀ ਬਲਕਿ ਇਹੋ ਜਿਹੇ ਖੂਨੀ ਦਰਿੰਦੇ ਨੂੰ ਖਤਮ ਕਰਕੇ ਸਮੂੰਹ ਸ੍ਰਿਸ਼ਟੀ ਉੱਤੇ ਇੱਕ ਵੱਡਾ ਭਾਰੀ ਉਪਕਾਰ ਕਰਨਾ ਸੀ।

ਦੂਜਾ- ਦਇਆ ਸਿੰਘ ਜੀ ਹੱਥੀਂ ਭੇਜੀ ਚਿੱਠੀ (ਜ਼ਫਰਨਾਮਹ) ਪੜ੍ਹਣ ਦੀ ਤਾਕੀਦ ਕਰਨ ਦੀ ਥਾਵੇਂ ਇਸ ਸਮੇਂ ਸਗੋਂ ਰੂ-ਬ-ਰੂ ਹੁੰਦਿਆਂ ਆਪਣੀ ਜ਼ਬਾਨੀ ਸਭ ਕੁਝ ਆਪ ਹੀ ਦੱਸ ਦੇਣਾ ਸੀ।

ਤੀਜਾ- ਮੁਲਾਕਾਤ ਸਮੇਂ ਬਾਦਸ਼ਾਹ ਨੇ ਭਾਈ ਦਇਆ ਸਿੰਘ ਤੋਂ ਇਹ ਪੁੱਛਣਾ ਕਿ ਖਾਲਸਾ ਪੈਦਾ ਹੋ ਗਿਆ ਹੈ ?

ਕੀ ਸੰਮਤ 1756 ਵਾਲੀ ਵਿਸਾਖੀ ਤੋਂ ਲੱਗਭੱਗ ਇਸ 1762 ਤੱਕ ਪੂਰੇ 6 ਸਾਲਾਂ ਵਿੱਚ ਔਰੰਗਜ਼ੇਬ ਨੂੰ ਉਸ ਖਾਲਸੇ ਦੇ ਪੈਦਾ ਹੋਣ ਦਾ ਪਤਾ ਨਹੀਂ ਲੱਗਾ ਸੀ ਜਿਸ ਨੂੰ ਖਤਮ ਕਰਨ ਲਈ ਇਸ ਨੇ ਆਪ ਹੀ ਫੌਜ਼ਾਂ ਭੇਜਣ ਅਤੇ ਝੂਠੀਆਂ ਕਸਮਾਂ ਖਾਣ ਆਦਿਕ ਅਨੇਕਾਂ ਪਾਪੜ ਵੇਲੇ ਸਨ ਤਾਂ ਕੀ ਉਸਨੂੰ ਭਾਈ ਦਇਆ ਸਿੰਘ ਜੀ ਤੋਂ ਖਾਲਸਾ ਪੈਦਾ ਹੋਣ ਵਾਲੀ ਪੁੱਛ ਕਰਨ ਦੀ ਕੀ ਲੋੜ ਸੀ ?

ਕੀ ਕੋਈ ਬੰਦਾ ਦਿਨ ਦੋਪਹਿਰੀ ਕਿਸੇ ਕੋਲੋਂ ਇਹ ਪੁੱਛ ਸਕਦਾ ਹੈ ਕਿ ਸੂਰਜ ਚੜ੍ਹਿਆ ਹੈ ਜਾਂ ਨਹੀਂ।ਤਾਂ ਤੇ ਇਸ ਝੂਠੀ ਗੱਪ ਨੂੰ ਸੱਚ ਮੰਨ ਲੈਣਾ ਮਹਾਨ ਅਗਿਆਨਤਾ ਦਾ ਪ੍ਰਤੱਖ ਸਬੂਤ ਹੈ।

ਕਦੇ ਦੁਰਜਨ ਤੋਸ਼ ਨਯਾਇ ਅਨੁਸਾਰ ਉਪਰੋਕਤ ਮਿਥਿਆਵਾਦ ਨੂੰ ਮੰਨ ਵੀ ਲਿਆ ਜਾਵੇ ਤਾਂ ਕਾਜ਼ੀ, ਮੌਲਾਣਿਆਂ ਵਲੋਂ ਔਰੰਗਜ਼ੇਬ ਉੱਤੇ ਜ਼ਬਾਨ ਕਟਾੳੇਣ ਵਾਲਾ ਫਤਵਾ ਲਾਉਣਾ ਉਤਲੇ ਝਠ ਨੂੰ ਵੀ ਮਾਤ ਪਾ ਦੇਣ ਵਾਲਾ ਝੂਠ ਸਿੱਧ ਹੋਵੇਗਾ। ਕਾਰਨ ਇਹ ਕਿ ਆਪਣੇ ਬਾਪ ਅਤੇ ਸਕੇ ਭਰਾਵਾਂ ਨੂੰ ਵੀ ਤਸੀਹੇ ਦੇ-ਦੇ ਕੇ ਮਾਰਨ ਵਾਲੇ ਸੰਗਦਿਲ ਔਰੰਗਜ਼ੇਬ ਅੱਗੇ ਜਿਹੜੇ ਮੌਲਾਣੇ ਅਤੇ ਕਾਜ਼ੀ ਉੱਚਾ ਸਾਹ ਲੈਣ ਲੱਗੇ ਵੀ ਥਰ-ਥਰ ਕੰਬਦੇ ਹੋਣ,ਉਹ ਉਸ ਬਾਦਸ਼ਾਹ ਦੀ ਜਿੱਭ (ਜ਼ਬਾਨ) ਕੱਟਣ ਦਾ ਫੈਸਲਾ ਦੇਣ ਦੀ ਕੀ ਜੁਅਰਤ ਰਖਦੇ ਸਨ।

ਮੰਨਿਆਂ ਕਿ ਜਮਾਨੇ ਸਾਜ ਔਰੰਗਜ਼ੇਬ ਸ਼ਰਹ ਦੀ ਆੜ ਲੈ ਕੇ ਸ਼ਰੱਈ ਮੁਸਲਮਾਨਾਂ ਦੀ ਅੱਖੀਂ ਘੱਟਾ ਪਾਉਣ ਲਈ ਕਿਸੇ ਨਾ ਕਿਸੇ ਵੇਲੇ ਉਨ੍ਹਾਂ ਨਾਲ ਸਲਾਹ ਮਸ਼ਵਰੇ ਤਾਂ ਭਾਵੇਂ ਕਰ ਲੈਂਦਾ ਹੋਵੇਗਾ ਪਰ ਕਾਜ਼ੀ ਆਦਿਕਾਂ ਨੂੰ ਉਸਨੁ ਇਤਨੇ ਅਧਿਕਾਰ ਨਹੀਂ ਦਿੱਤੇ ਹੋਏ ਸਨ ਜੋ ਝੱਟ ਹੀ ਉਸਦੀ ਜ਼ਬਾਨ ਕੱਟਣ ਤੱਕ ਪੁੱਜ ਜਾਣ।

ਸੂਰਜ ਪ੍ਰਕਾਸ਼ ਐਨ 1 ਅੰਸੂ 31 ਦੇ ਫੁੱਟ-ਨੋਟ ਵਿੱਚ ਭਾਈ ਵੀਰ ਸਿੰਘ ਜੀ ਨੇ ਵੀ ਲਿਖਿਆ ਹੈ ਕਿ ਔਰੰਗਜ਼ੇਬ ਪੱਕਾ ਦੀਨ-ਦਾਰ ਵੀ ਨਹੀਂ ਸੀ, ਨਿਮਾਜ਼ ਰੋਜ਼ੇ ਦੀਨ ਦੇ ਕੰਮ ਸਭ ਇੱਕ ਬੁਰਕਾ ਮਾਤਰ ਸਨ,ਅੰਦਰਲੀਆਂ ਰਾਜਸੀ ਕਪਟ ਨੀਤੀਆਂ ਦੇ ਢੱਕਣ ਲਈ।

ਸਭ ਤੋਂ ਵਧੇਰੇ ਇਹ ਗਪੌੜਾ ਕਿ ਸੋਨੇ ਦੀ ਜ਼ਬਾਨ ਬਣਵਾ ਕੇ ਬਾਦਸ਼ਾਹ ਦੀ ਜ਼ਬਾਨ ਉੱਤੇ ਰੱਖ ਕੇ ਕੱਟੀ ਗਈ।

ਇਥੇ ਹੀ ਬੱਸ ਨਹੀਂ, ਉਤਲੇ ਕਥਨ ਅਨੁਸਾਰ ਔਰੰਗਜ਼ੇਬ ਦੀ ਜਿੰਦ ਸੁਖੱਲੀ ਨਿਕਲਣ ਲਈ ਜ਼ੇਬਲਨਿਸਾ ਵਲੋਂ ਆਪਣੇ ਬਾਪ ਨੂੰ ‘ਵਾਹਿਗੁਰੂ ਦੀ ਫਤਹ’ ਬੁਲਾਉਣੀ ਜਾਂ ਕਾਗਜ਼ ਉਤੇ ਫਤਹ ਸ਼ਬਦ ਲਿਖਣ ਦਾ ਸਲਾਹ ਦੇਣ ਵਾਲੀ ਸਭ ਤੋਂ ਵਧੇਰੇ ਇੱਕ ਹਾਸੋ-ਹੀਣੀ ਉਹ ਗੱਪ ਹੈ ਜਿਸਦਾ ਕੋਈ ਮੁਸਲਮਾਨੀ ਤਾਰੀਖ ਜਾਂ ਕੋਈ ਵਿਦੇਸ਼ੀ ਲਿਖਾਰੀ ਅਥਵਾ ਹਿੰਦੂ ਸਿੱਖ ਪ੍ਰਾਮਾਣੀਕ ਪੁਸ਼ਟੀ ਨਹੀਂ ਕਰਦਾ।

ਜੇ ਸੱਚ-ਮੁੱਚ ਹੀ ਉਪਰੋਕਤ ਲਿਖਤਾਂ ਸੱਚੀਆਂ ਹੁੰਦੀਆਂ ਤਾਂ ਮੁਸਲਮਾਨਾਂ ਦਾ ਰਵੱਈਆ ਉਸ ਵੇਲੇ ਬਦਲ ਕੇ ਹੋਰ ਦਾ ਹੋਰ ਹੋ ਜਾਣਾ ਸੀ, ਬਲਕਿ ਉਨ੍ਹਾਂ ਹਮੇਸ਼ਾਂ ਲਈ ਗੁਰੂ ਖਾਲਸੇ ਦੀ ਸ਼ਰਣ ਲੈ ਲੈਣੀ ਸੀ,ਕਾਰਣ ਇਹ ਕਿ ਮੁਸਲਮਾਨ ਲੋਕ ਉਪਰੋਕਤ ਮੁਅਜਜ਼ਿਆਂ (ਕਰਾਮਾਤਾਂ) ਦੇ ਹੱਦੋਂ ਕਾਇਲ ਹੁੰਦੇ ਹਨ।

ਕੁਝ ਵੀ ਹੋਵੇ, ਇਹ ਮੰਨਣਾ ਪਵੇਗਾ ਕਿ ਉੱਤੇ ਦਰਸਾਈਆਂ ਲਿਖਤਾਂ ਮਨੋ-ਕਲਪਤ ਜਾਂ ਸੁਣੀਆਂ-ਸੁਣਾਈਆਂ ਅਥਵਾ ਸੂਰਜ ਪ੍ਰਕਾਸ਼ ਦੇ ਕਰਤਾ ਵਲੋਂ ਲਿਖੀਆਂ ਹੋਈਆਂ ਹਨ ਜੋ ਕੱਚੇ-ਪਿੱਲੇ ਅੰਧਵਿਸ਼ਵਾਸ਼ੀਆਂ ਵਾਸਤੇ ਤਾਂ ਭਾਵੇਂ ਅਤੀ ਰੌਚਕ (ਰੁਚੀ ਦਾ ਕਾਰਣ) ਹੋਣ ਪਰ ਵਾਸਤਵ ਵਿੱਚ ਇਹ ਅਤਿ-ਕਥਨੀਆਂ ਹੀ ਨਹੀਂ ਸਗੋਂ ਸਾਰੇ ਦਾ ਸਾਰਾ ਉਹ ਮਿਥਿਆਵਾਦ ਹੈ ਜੋ ਕਈ ਵੇਰਾਂ ਸੱਚ ਨੂੰ ਵੀ ਸੰਦੇਹ ਯੁਕਤ ਕਰਕੇ ਸਮੁੱਚੇ ਪੰਥ ਲਈ ਲਾਭਦਾਇਕ ਹੋਣ ਦੀ ਥਾਵੇਂ ਉਲਟਾ ਹਾਨੀਕਾਰਕ ਬਲਕਿ ਹਮੇਸ਼ਾਂ ਲਈ ਵਿਤੰਡਾਵਾਦ ਦਾ ਰੂਪ ਧਾਰ ਕੇ ਝੂਠੇ ਝਗੜੇ-ਝੇੜਿਆਂ ਦਾ ਕਾਰਣ ਵੀ ਬਣ ਜਾਂਦਾ ਹੈ।

ਮੁੱਕਦੀ ਗੱਲ ਇਹ ਕਿ ਔਰੰਗਜ਼ੇਬ ਅਤੇ ਦਸਮ ਪਿਤਾ ਤਥਾ ਕਾਜ਼ੀ ਆਦਿਕਾਂ ਵਾਲਾ ਉੱਤੇ ਦਰਸਾਇਆ ਵਾਰਤਾਲਾਪ ਨਿਰੋਲ ਮਿਥਿਆਵਾਦ ਹੈ, ਜੋ ਮਹੰਤ ਸਾਹਿਬ ਜੀ ਉਨ੍ਹਾਂ ਦੀ ਆਪਣੀ ਲਿਖਤ ਅਨੁਸਾਰ (ਸ੍ਰੀ ਮਾਨ 108 ਬ੍ਰਹਮ ਗਿਆਨੀ ਸੰਤ ਕ੍ਰਿਪਾਲ ਸਿੰਘ ਜੀ ਮਹੰਤ) ਵਰਗੀ ਮਹਾਨ ਵਿਅਕਤੀ ਵਲੋਂ ਦਰਸਾਉਣਾ ਅਨੁਕੂਲ ਨਹੀਂ, ਸਗੋਂ ਉਨ੍ਹਾਂ ਦੀ ਉੱਚੀ-ਸੁੱਚੀ ਸ਼ਾਨ ਦੇ ਉਕਾ ਹੀ ਪ੍ਰਤੀਕੂਲ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top