Share on Facebook

Main News Page

ਦਸਮ ਗ੍ਰੰਥ, ਦਸਵੇਂ ਗੁਰੂ ਜੀ ਦਾ ਗ੍ਰੰਥ ਨਹੀਂ
ਦਸਮ ਗ੍ਰੰਥ ਰਸਤੇ ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 2


ਉਪਰੋਕਤ ਗ੍ਰੰਥ ਦਸਵੇਂ ਗੁਰੂ ਜੀ ਦਾ ਨਹੀਂ, ਇਹ ਕੇਵਲ ਨਾਮਧਰੀਕ ਹੀ ਦਸਮ ਗ੍ਰੰਥ ਹੈ। ਇਸ ਹਿੱਤ ਇਸ ਨੂੰ ‘ਦਸਮ ਗੁਰੂ ਗ੍ਰੰਥ ਸਾਹਿਬ ਜੀ’ ਜਾਂ ‘ਦਸਮ ਗੁਰੂ ਗ੍ਰੰਥ’ ਆਦਿਕ ਕਹਿਣਾ ਤਾਂ ਕਿਤੇ ਰਿਹਾ ਸਿਰਫ ‘ਦਸਮ ਗ੍ਰੰਥ’ ਆਖਣਾ ਵੀ ਇੱਕ ਵੱਡੀ ਭੁੱਲ ਹੈ, ਕਾਰਣ ਇਹ ਕਿ ਇਸ ਦੀ ਸੰਪਾਦਨਾ ਦਸਮ ਗੁਰੂ ਜੀ ਨੇ ਆਪ ਨਹੀਂ ਕੀਤੀ ਤੇ ਨਾ ਹੀ ਕਰਨੀ ਚਾਹੁੰਦੇ ਸਨ, ਬਲਕਿ ਉਨ੍ਹਾਂ ਤਾਂ ਸਮੁੱਚੇ ਪੰਥ ਨੂੰ ਵੀ ਇਸ ਕੰਮੋਂ ਵਰਜ ਦਿੱਤਾ ਸੀ ‘ਭਾਵ’ ਉਹ ਆਪਣੀ ਬਾਣੀ ਕੇਵਲ ਸੈਂਚੀਆਂ (ਪੋਥੀਆਂ) ਦੇ ਰੂਪ ਵਿੱਚ ਹੀ ਲੋੜਦੇ ਸਨ, ਜਿਵੇਂ ਕਿ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਨਿਵਾਸ 36 ਅੰਕ 19 ਵਿੱਚ ਲਿਖਿਆਂ ਹੈ ਯਥਾਂ-

ਜੋ ਅਬ ਗਰੰਥ ਦਸਮ ਗੁਰ ਕੇਰਾ। ਕਹਿਲਾਵਤ ਮੱਧ ਪੰਥ ਵਡੇਰਾ।
ਗੁਰ ਕੇ ਸਮੇਂ ਬੀੜ ਨਹਿ ਤਾਂ ਕੀ। ਭਈ ਬਾਣੀਆਂ ਰਹੀ ਇਕਾਂਕੀ।
ਅਨਿਕੈ ਠੋਰ ਪੋਥੀਆਂ ਮਾਹਿ। ਬਾਣੀ ਰਹੀ ਦਸਮ ਗੁਰ ਵਾਹਿ।
ਭਲਕਿ ਇਕ ਬਿਰ ਸਿੰਘਨ ਬਖੱਯਾਤ। ਗੁਰ ਢਿੱਗ ਬਿਨੈ ਕਰੀ ਇਸ ਭਾਂਤ।
ਹੇ ਸਤਿਗੁਰ ਜੋ ਤੁਮਰੀ ਬਾਨੀ। ਚਹੀਏ ਇਕਠਾ ਬੀੜ ਬਨਾਨੀ।
ਆਦਿ ਗਰੰਥ ਸਾਹਿਬ ਸਮਗਰੰਥ। ਇਹ ਭੀ ਬਨ ਹੈ ਮਾਨੇ ਪੰਥ।
ਇਹ ਸੁਣ ਦਸਮੇਂ ਗੁਰੂ ਉਚਾਰੀ। ਗੁਰੂ ਅਰਜੁਨ ਬਡ ਭਏ ਉਪਕਾਰੀ।
ਤਿੰਨ ਕੀ ਨਹਿ ਬਰਾਬਰੀ ਚਹੀਏ। ਨਾ ਹਮ ਕਰੇਂ ਨਾ ਤੁਮ ਫਿਰ ਕਹੀਏ।
ਇਤਿਆਦਿਕ ਸੁਣ ਸਤਿਗੁਰ ਬੈਨ। ਮੋਨ ਭਏ ਤਬ ਸਭ ਸਿੰਘ ਐਨ।

ਉਪਰੋਕਤ ਹਵਾਲੇ ਤੋਂ ਸਪਸ਼ਟ ਹੋਇਆ ਕਿ ਦਸ਼ਮੇਸ਼ ਜੀ ਨੇ ਇਸ ਦਸਮ ਗਰੰਥ ਦੀ ਸੰਪਾਦਨਾ ਨਹੀਂ ਕੀਤੀ ਤੇ ਨਾ ਹੀ ਇਸ ਵਿਚਲੀ ਸਾਰੀ ਰਚਣਾ ਦਸ਼ਮੇਸ਼ ਆਗਿਆ ਅਨੁਕੂਲ ਹੈ, ਬਲਕਿ ਕੁਝ ਉਂਗਲੀਆਂ ਉੱਤੇ ਗਿਣਵੀਆਂ ਦਸ਼ਮੇਸ਼ ਬਾਣੀਆਂ ਤੋਂ ਬਿਨਾਂ ਬਾਕੀ ਅਨੇਕਾਂ ਕ੍ਰਿਤੀਆਂ ਸਾਕਤ ਮੱਤ ਆਦਕਿ ਕਵੀਆਂ ਦੀਆਂ ਗੁਰ ਆਸ਼ਿਆਂ ਪ੍ਰਤੀਕੂਲ ਕੇਵਲ ਭੰਗ, ਸ਼ਰਾਬ ਆਦਿਕ ਨਸ਼ਿਆਂ ਦੀਆਂ ਪ੍ਰੇਰਕ ਵਿਭਚਾਰਕ ਸਿੱਖਿਆਵਾਂ ਹਨ।

ਨੋਟ:- ਇਹ ਗੱਲ ਤਾਂ ਦਸਮ ਗਰੰਥ ਦੇ ਹਾਮੀ ਆਪ ਵੀ ਮੰਨਦੇ ਹਨ ਕਿ ਇਸ ਗਰੰਥ ਦੀ ਸੰਪਾਦਨਾ ਦਸ਼ਮੇਸ਼ ਜੀ ਨੇ ਆਪਣੀ ਹੱਥੀਂ ਜਾਂ ਆਪਣੀ ਹਜ਼ੂਰੀ ਵਿੱਚ ਨਹੀਂ ਕੀਤੀ ਤੇ ਨਾ ਹੀ ਕਰਾਈ ਹੈ, ਬਲਕਿ ਉਨ੍ਹਾਂ ਦੇ ਜੋਤੀ ਜੋਤਿ ਸਮਾਉਣ ਤੋਂ ਪੂਰੇ 13 ਸਾਲਾਂ ਪਿੱਛੋਂ ਸੰਮਤ 1778 (ਕਈਆਂ ਦੀ ਮਨੌਤ ਅਨੁਸਾਰ ਸੰਮਤ 1782 ਵਿੱਚ ਭਾਵ ਦਸਮ ਪਾਤਸ਼ਾਹ ਜੀ ਦੇ ਜੋਤੀ ਜੋਤਿ ਸਮਾਵਨ ਤੋਂ 17 ਸਾਲ ਪਿੱਛੋਂ) ਭਾਈ ਮਨੀ ਸਿੰਘ ਜੀ ਨੇ ਖਿੰਡੀਆਂ ਪੁੰਡੀਆਂ ਕਵੀ ਆਦਿਕਾਂ ਦੀਆਂ ਰਚਨਾਵਾਂ ਇਧਰੋਂ ਉਧਰੋਂ ਇਕੱਠੀਆਂ ਕਰਕੇ ਅਤੇ ਦਸ਼ਮੇਸ਼ ਬਾਣੀ ‘ਬਚਿਤਰ ਨਾਟਕ’ਸਿਰਲੇਖ ਹੇਠ ਇੱਕ ਸੈਂਚੀ ਦਾ ਰੂਪ ਦਿੱਤਾ ਸੀ, ਜਿਸ ਨੂੰ ਬਹੁਤ ਸਮੇਂ ਉਪਰੰਤ ਅੱਡੋ-ਅੱਡ ਲਿਖਾਰੀਆਂ ਨੇ ਆਪੋ ਆਪਣੀ ਸੂਝ ਅਨੁਸਾਰ ਦਸਮ ਗਰੰਥ ਅਤੇ ਸ੍ਰੀ ਗੁਰੂ ਦਸਮ ਗਰੰਥ ਆਦਿਕ ਸਿਰਲੇਖ ਦਿੱਤੇ।
ਸ਼ੋਕ! ਕਿ ਉਪਰੋਕਤ ਮਨੌਤ ਦੇ ਹੁੰਦਿਆਂ ਭੀ ਸੰਪੂਰਨ ਦਸਮ ਗਰੰਥ ਨੂੰ ਦਸ਼ਮੇਸ਼ ਰਚਣਾ ਕਹੀ ਜਾਣਾ ਕਿਤਨੀ ਅਣਗਹਿਲੀ ਹੈ।

ਕਰਤਾ (ਗੁਰਪੁਰ ਨਿਵਾਸੀ) ਗਿਆਨੀ ਭਾਗ ਸਿੰਘ ਅੰਬਾਲਾ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top