ਵੀਰ
ਜੀ ! ਮੇਰਾ ਇੱਕ ਕੰਮ ਅੜ ਗਿਆ ਹੈ, ਤੁਸੀਂ ਹੀ ਕੋਈ ਹਲ ਕਰੋ ! (ਮਨਜੀਤ ਸਿੰਘ
ਪਰੇਸ਼ਾਨ ਦਿਸ ਰਿਹਾ ਸੀ)
ਹਰਜੀਤ ਸਿੰਘ (ਹਸਦੇ ਹੋਏ) : ਚਿੰਤਾ ਨਾ ਕਰ !
ਸਾਡੇ ਕੋਲ ਹਰ ਤਾਲੇ ਦੀ ਚਾਬੀ ਹੈ ! ਇਤਨਾ ਵੱਡਾ ਸਰਕਲ ਕਿਸ ਵਾਸਤੇ ਬਣਾ ਕੇ ਰਖਿਆ
ਹੈ ? ਹੁਣੇ ਫੋਨ ਮਾਰਦਾ ਹਾਂ ਉਸ _____ (ਗ਼ਾਲ ਕਢਦਾ ਹੈ) ਚਾਬੀ ਨੂੰ, ਜੋ ਇਸ ਕੰਮ
ਨੂੰ ਕਰਵਾ ਸਕਦੀ ਹੈ !
ਮਨਜੀਤ ਸਿੰਘ : ਜਿਸਨੇ ਕੰਮ ਕਰਵਾਣਾ ਹੈ, ਤੁਸੀਂ
ਉਸਨੂੰ ਗ਼ਾਲ ਕਢ ਰਹੇ ਹੋ ? ਤੁਸੀਂ ਤੇ ਉਨ੍ਹਾਂ ਨੂੰ ਸਾਹਮਣੇ ਪੈਰੀ ਹੱਥ ਲਾ ਕੇ ਮਾਮਾ
ਜੀ ਬੁਲਾਉਂਦੇ ਹੋ ?
ਹਰਜੀਤ ਸਿੰਘ (ਮੁਸਕਰਾ
ਕੇ) : ਇਸੀ ਤਰਾਂ ਦੇ ਕੰਮਾਂ ਲਈ ਤਾਂ ਉਸ ਨੂੰ ਮਾਮਾ ਬਣਾ (ਰਿਸ਼ਤੇਦਾਰੀ ਗੰਢ ਕੇ)
ਰਖਿਆ ਹੋਇਆ ਹੈ, ਵਰਨਾ ਉਸ _____ (ਫਿਰ ਗ਼ਾਲ ਕਢਦਾ ਹੈ) ਨੂੰ ਤਾਂ ਮੈ ਆਪਣੇ ਘਰ ਦਾ
ਨੌਕਰ ਨਾ ਬਣਾਵਾ ! ਜਿਸ ਦਿਨ ਕੋਈ ਹੋਰ ਚੰਗੀ ਚਾਬੀ ਮਿਲ ਜਾਵੇਗੀ, ਇਸ ਚਾਬੀ ਨੂੰ
ਸੁੱਟ ਦਵਾਂਗੇ ! ਤਾਲਾ ਇੱਕ ਹੁੰਦਾ ਹੈ ਤੇ ਚਾਬੀਆਂ ਭਾਵੇਂ ਪੰਜਾਹ ਬਣਾ ਲਵੋ, ਮਤਲਬ
ਤਾਂ ਤਾਲਾ ਖੁਲਣ ਨਾਲ ਹੈ ! ਭਲਾ ਚਾਬੀਆਂ ਨਾਲ ਵੀ ਕੋਈ ਪਿਆਰ ਕਰਦਾ ਹੈ ?
ਮਨਜੀਤ ਸਿੰਘ ਦੇ ਦਿਲ
ਅੰਦਰ ਤਰਾਂ ਤਰਾਂ ਦੇ ਖਿਆਲ ਤੁਰਨ ਲੱਗੇ ... "ਸ਼ਾਇਦ ਮੈਂ ਵੀ ਇਨ੍ਹਾਂ ਲਈ ਕਿਸੀ ਕੰਮ
ਦੀ ਹੀ ਚਾਬੀ ਹਾਂ ?" ! ਉਸਨੂੰ ਲੱਗਾ ਕਿ ਜਿਵੇਂ ਓਹ ਭੈੜੀ ਗ਼ਾਲ ਉਸ ਲਈ ਵਰਤੀ ਗਈ ਹੈ
! ਫਿਰ ਉਸਨੂੰ ਅਖਬਾਰ ਦੀ ਓਹ ਖਬਰ ਚੇਤੇ ਆ ਗਈ ਜਿਸ ਵਿੱਚ ਲਿਖਿਆ ਸੀ ਕੀ "ਠੱਗ
ਵਿਦਿਆ ਇਸ ਦੁਨੀਆਂ ਦੀਆਂ ਸਭ ਤੋ ਪੁਰਾਣੀ ਵਿਦਿਆ ਵਿੱਚੋਂ ਇੱਕ ਹੈ" ਤੇ ਠੱਗ ਅਕਸਰ
ਮਿਠੀਆਂ-ਮਿਠੀਆਂ ਗੱਲਾਂ ਕਰ ਕੇ ਵਿਸ਼ਵਾਸ ਅੱਤੇ ਰਿਸ਼ਤਾ ਗੰਢ ਲੈਂਦਾ ਹੈ, ਪਰ ਅੰਦਰ
ਆਪਣੇ ਸ਼ਿਕਾਰ ਨਾਲ ਉਸ ਦਾ ਕੋਈ ਪਿਆਰ ਨਹੀਂ ਹੁੰਦਾ !
ਕਿਹੜੀ ਸੋਚ ਵਿੱਚ ਗੁੰਮ ਹੋ ਗਿਆ ਹੈਂ ? (ਹਰਜੀਤ ਸਿੰਘ ਨੇ
ਮਨਜੀਤ ਸਿੰਘ ਦਾ ਮੋਢਾ ਫੜ ਕੇ ਪੁਛਿਆ)
ਮਨਜੀਤ ਸਿੰਘ (ਸੋਚ ਤੋਂ
ਬਾਹਰ ਕੇ) : ਕੁਝ ਨਹੀਂ ! ਬਸ ਰਿਸ਼ਤਿਆਂ ਅੱਤੇ ਭਾਵਨਾਵਾਂ ਦੇ ਚਮਕਦੇ ਤਾਲੇ ਨੂੰ
ਕਮੀਨਗੀ ਦੀ ਜੰਗ ਲੱਗੀ ਚਾਬੀ ਨਾਲ ਖੁਲਦੇ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਅਚਾਨਕ
ਚਾਬੀ ਟੁੱਟ ਗਈ !