Share on Facebook

Main News Page

ਏਕਤਾ ? ਕਾਹਦੀ ਤੇ ਕਿਸ ਨਾਲ ਏਕਤਾ ?
-: ਗੁਰਦੇਵ ਸਿੰਘ ਸੱਧੇਵਾਲੀਆ

ਪਿੱਛੇ ਜਿਹੇ ਫੇਸਬੁੱਕ ਉਪਰ ਕੁਝ ਲੋਕਾਂ ਗਿਣ ਮਿੱਥ ਕੇ ਮਿੱਟੀ ਪੱਟੀ! ਕਿਸੇ ਦੀ ਨਹੀਂ! ਅਪਣੀ ਹੀ? ਜਿਹੜਾ ਬੰਦਾ ਨਕਲੀ ਨਾਂ ਹੇਠ ਕਿਸੇ ਨੂੰ ਲਲਕਾਰਦਾ, ਉਸ ਸੂਰਮੇ ਬਾਰੇ ਲੋਕਾਂ ਦੀ ਕੀ ਰਾਇ ਹੁੰਦੀ, ਜਾਨਣ ਦੀ ਲੋੜ ਨਹੀਂ, ਪਰ ਮਿੱਟੀ ਉਹ ਖੁਦ ਅਪਣੀ ਹੀ ਪੁੱਟਦਾ ਹੈ। ਜਿਹੜਾ ਬੰਦਾ ਅਪਣੇ ਵਜੂਦ ਤੋਂ ਹੀ ਡਰਿਆ ਹੋਇਆ, ਉਸ ਦੀ ਕਹੀ ਗੱਲ ਕੋਈ ਅਰਥ ਹੀ ਨਹੀਂ ਰੱਖਦੀ। ਚਲੋ ਉਹ ਮਸਲਾ ਛੱਡੋ, ਕਿਉਂਕਿ ਜਿਹੜੇ ਕਿਸੇ ਦੀ ਪੱਟਣ ਵਿਚ ਵਿਸਵਾਸ਼ ਰੱਖਦੇ ਹੋਣ, ਉਨ੍ਹਾਂ ਦੀ ਅਪਣੀ ਮਿੱਟੀ ਹੁੰਦੀ ਹੀ ਕੋਈ ਨਹੀਂ!

ਫਿਰ, ਉਸ ਵਿਚੋਂ ਜਿਹੜਾ ਇਕ ਮਸਲਾ ਵਾਰ ਵਾਰ ਉਭਰ ਕੇ ਸਾਹਵੇਂ ਰਿਹਾ, ਉਹ ਇਹ ਸੀ ਕਿ ਇਕੱਠੇ ਹੋ ਕੇ ਚਲੋ, ਏਕਤਾ ਨਾਲ ਚਲੋ! ਪਰ ਪਤਾ ਨਹੀਂ ਇਥੇ ਜਾਂ ਮੇਰੀ ਸਮਝ ਸ਼ਾਇਦ ਕੰਮ ਨਹੀਂ ਕਰਦੀ ਕਿ ਏਕਤਾ ਕਿਸ ਨਾਲ? ਕਾਹਦੇ ਲਈ? ਏਕਤਾ ਸਾਡੀ ਦਾ ਮਾਪਦੰਡ ਕੀ ਹੈ? ਇਦਾਂ ਕੁ ਦੀ ਏਕਤਾ ਭਲੇ ਸਮਿਆਂ ਵਿਚ ਅਕਾਲੀ ਜਾਂ ਟੌਹੜੇ ਹੁਰੀਂ ਕਰਦੇ ਹੁੰਦੇ ਸਨ। ਇਦਾਂ ਕੁ ਦੀਆਂ ਅਵਾਜਾਂ ਹੁੰਦੀਆਂ ਸਨ, ਕਿ ਕੌਮ ਦੇ ਭਲੇ ਲਈ ਪੰਥਕ ਏਕਤਾ ਜਰੂਰੀ ਹੈ। ਪੰਥ ਕੌਣ ਹੁੰਦਾ ਸੀ? ਬਾਦਲ ਟੌਹੜੇ ਹੁਰੀਂ? ਤੇ ਬਾਦਲ ਟੌਹੜਿਆਂ ਦਾ ਇਕੱਠੇ ਹੋਣਾਂ ਪੰਥ ਦਾ ਇਕੱਠੇ ਹੋਣਾ ਮੰਨ ਕੇ ਜੈਕਾਰੇ ਛੱਡ ਦਿੱਤੇ ਜਾਂਦੇ ਸਨ!!

ਮੈਂ ਸਾਰੇ ਭਰਾਵਾਂ ਦਾ ਸਤਿਕਾਰ ਕਰਦਾ ਹਾਂ, ਜਿਹੜੇ ਵੀ ਕੌਮੀ ਪੀੜਾ ਹਿੱਤ ਅਪਣੇ ਅਪਣੇ ਕੰਮੀ ਲੱਗੇ ਹੋਏ ਹਨ, ਪਰ ਸਾਰਿਆਂ ਵਿਚ ਮੈਂ ਹੁਣ ਤੱਕ ਕਿਸੇ ਇੱਕ ਦੇ ਮੂੰਹੋਂ ਨਹੀਂ ਸੁਣਿਆ, ਕਿ ਜੀਹਨਾਂ ਲੋਕਾਂ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹਸਤੀ ਨੂੰ ਹੀ ਚੁਨੌਤੀ ਦੇ ਦਿੱਤੀ, ਉਨ੍ਹਾਂ ਲੋਕਾਂ ਨਾਲ ਏਕਤਾ? ਤੇ ਨਾ ਕਿਸੇ ਮੇਰੇ ਉਠਾਏ ਸਵਾਲ ਦਾ ਜਵਾਬ ਮੰਗਿਆ, ਕਿ ਕੀ ਜਿਹੜੇ ਬੰਦਿਆਂ ਉਧੜਧੁਮੀ ਚੁੱਕੀ ਰੱਖੀ, ਕੀ ਵਾਕਿਆ ਹੀ ਉਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਕਿਤਾਬ ਨਹੀਂ ਸਮਝਿਆ ਤੇ ਇੱਕ ਕਿਤਾਬ ਵਾਂਗ ਕਿਤਾਬਾਂ ਵਿੱਚ ਬਾਰੀ ਵਿੱਚ ਨਹੀਂ ਰੱਖਿਆ? ਜੇ ਕਿਸੇ ਨਹੀਂ ਪੁੱਛਿਆ, ਤਾਂ ਕੀ ਅਸੀਂ ਮੰਨ ਲਿਆ ਹੋਇਆ, ਕਿ ਸ੍ਰੀ ਗੁਰੂ ਜੀ ਦੀ ਵੁਕਤ ਇੱਕ ਕਿਤਾਬ ਤੋਂ ਸਿਵਾਏ ਕੱਖ ਨਹੀਂ? ਕਿਉਂਕਿ ਜਿਸ ਬੰਦੇ ਉਪਰ ਮੈਂ ਇਹ ਸਵਾਲ ਉਠਾਇਆ ਸੀ, ਉਸ ਇਸ ਸਵਾਲ ਦੀ ਕਿਤੇ ਖੰਡਣਾ ਨਹੀਂ ਕੀਤੀ, ਤਾਂ ਫਿਰ ਮੇਰੀ ਕਹੀ ਜੇ ਸੱਚ ਹੈ, ਤਾਂ ਜਾਗਰੂਕ ਅਖਵਾਉਂਣ ਵਾਲੀਆਂ ਧਿਰਾਂ ਕਿਸ ਵਿਚਾਰਧਾਰਾ ਮੁਤਾਬਕ ਏਕਤਾ ਦੀ ਗੱਲ ਕਰ ਰਹੀਆਂ ਹਨ? ਮੈਂ ਹੈਰਾਨ ਹਾਂ, ਕਿ ਅਸੀਂ ਹਾਲੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਸਤੀ ਸਬੰਧੀ ਹੀ ਸਪੱਸ਼ਟ ਨਹੀਂ ਹਾਂ, ਤੇ ਅਖਾਉਂਦੇ ਅਸੀਂ ਜਾਗਰੂਕ?

ਭਰਾਵੋ, ਰੱਬ ਦਾ ਵਾਸਤਾ ਮੈਂ ਬਹੁਤ ਮਾੜਾ ਹੋ ਸਕਦਾ, ਪਰ ਮੈਨੂੰ ਅਜਿਹੇ ਲੋਕਾਂ ਨਾਲ ਨੱਥੀ ਨਾ ਕੀਤਾ ਜਾਵੇ, ਜੀ ਫਲਾਂ ਵੀ ਤੇ ਫਲਾਂ ਵੀ ਸਾਡੇ ਲਈ ਇੱਕੋ ਜਿਹੇ ਹਨ!! ਮੈਂ ਅਪਣਾ ਆਖਰੀ ਸੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹਾਂ। ਜੋ ਥੋੜਾ ਬਾਹਲਾ ਸੱਚ ਮੇਰੀ ਹੋਸ਼ੀ ਮੱਤ ਦੀ ਸਮਝ ਆਇਆ ਹੈ, ਉਸ ਦਾ ਸੋਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਚਵਰ ਤਖਤ ਦੇ ਮਾਲਕ ਅਪਣੀ ਰੋਜ਼ਾਨਾ ਅਰਦਾਸ ਵਿਚ ਕਹਿੰਨਾ ਹਾਂ, ਪਰ ਮੇਰੇ ਅਤੇ ਹਰੇਕ ਸਿੱਖ ਦੇ ਇਸ ਸੱਚ ਦੇ ਸੋਮੇ ਨੂੰ ਕਿਤਾਬਾਂ ਵਾਂਗ, ਬਾਰੀਆਂ ਵਿੱਚ ਰੱਖਣ ਵਾਲਿਆਂ ਨਾਲ ਮੇਰਾ ਕੀ ਰਿਸ਼ਤਾ?

ਤੇ ਫਿਰ ਕਿਹੜੀ ਏਕਤਾ ਦੀ ਗੱਲ ਕਰਦੇ ਹਾਂ ਅਸੀਂ? ਹੋਰ ਕਿਸੇ ਵੀ ਮਸਲੇ ਤੇ ਸਾਡੇ ਮੱਤਭੇਦ ਹੋ ਸਕਦੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਤਾਂ ਨਹੀਂ? ਤੇ ਇਹ ਵੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਕਿਵੇਂ ਜਾਂਦਾ? ਕੋਈ ਜਾਗਰੂਕ ਅਖਵਾਉਂਣ ਵਾਲਾ ਬਾਂਹ ਖੜੀ ਕਰਕੇ ਕਹੇ ਕਿ ਸ੍ਰੀ ਗੁਰੂ ਜੀ ਕਿਤਾਬ ਹਨ! ਤੇ ਕਿਤਾਬਾਂ ਵਿਚ ਰੱਖੇ ਜਾ ਸਕਦੇ ਹਨ? ਤੇ ਫਿਰ ਕਿਹੜੀ ਸਿੱਖੀ ਦੇ ਪ੍ਰਚਾਰ ਦਾ ਝੰਡਾ ਅਸੀਂ ਚੁੱਕਿਆ?

ਮੈਨੂੰ ਇਸ ਸਾਰੇ ਰੌਲੇ ਵਿਚੋਂ ਜਾਪਿਆ, ਕਿ ਇਸ ਵਿਚੋਂ ਬਾਹਲਾ ਰੌਲਾ ਸਾਡੀ ਹਓਂ ਦਾ ਹੀ ਹੈ, ਨਾ ਕਿ ਸਿੱਖ ਵਿਚਾਰਧਾਰਾ ਦਾ! ਨਹੀਂ ਤਾਂ ਅਸੀਂ ਕੋਈ ਇੱਕ ਸਵਾਲ ਕਰਨ ਦੀ ਜੁਅਰਤ ਨਾ ਕਰ ਸਕੇ, ਕਿ ਸ੍ਰੀ ਗੁਰੂ ਗ੍ਰੰਥ ਸਹਿਬ ਬਾਰੀਆਂ ਵਿਚ? ਕਿਤਾਬ ਵਾਂਗ? ਕੋਈ ਜਾਗਰੂਕਤਾ ਸਾਡੇ ਵਿਚ ਨਹੀਂ ਆਈ। ਕਈ ਦਿਨ ਖੱਪ ਪੈਂਦੀ ਰਹੀ, ਉਹ ਇਨੀ ਨੀਚ ਤੇ ਘਟੀਆ ਕਿਸਮ ਦੀ ਪਰ ਕਿਸੇ ਜੁਅਰਤ ਹੀ ਨਹੀਂ ਕੀਤੀ, ਕਿ ਇਹ ਕੁੱਕੜ ਖੇਹ ਉਡਾਉਂਣੀ ਬੰਦ ਕੀਤੀ ਜਾਵੇ। ਤੇ ਚੰਗੇ ਭਲੇ ਦਿੱਸਦੇ ਗੁਰਸਿੱਖਾਂ ਇਸ ਦਾ ਖੂਬ ਤਮਾਸ਼ਾ ਦੇਖਿਆ ਅਤੇ ਕਰਵਾਇਆ? ਇਹੀ ਜਾਗਰੂਕਤਾ ਹੈ ਸਾਡੀ? ਜੇ ਇਸ ਨੂੰ ਜਾਗਰੂਕਤਾ  ਕਹਿੰਦੇ ਤਾਂ ਕੌਮ ਸੁੱਤੀ ਹੀ ਭਲੀ।

ਫੇਕ Fake Ids ਆਈਡੀਆਂ 'ਤੇ ਗੱਲਾਂ ਕਰਨੀਆਂ, ਬੁੱਜ਼ਦਿਲਾਂ ਤੇ ਗੀਦੀਆਂ ਦਾ ਕੰਮ ਹੈ, ਤੇ ਬੁੱਜਦਿੱਲ ਕਦੇ ਜਾਗਰੂਕ ਨਹੀਂ ਹੋ ਸਕਦਾ! ਕਿ ਹੋ ਸਕਦਾ? ਇਹ ਤਮਾਸ਼ਾ ਅਸੀਂ ਨਿੱਤ ਕਰਦੇਂ ਕਿ ਛੇ ਕੁ ਮਹੀਨੇ ਬਾਅਦ ਇਕ ਬੰਦੇ ਨੂੰ ਖੁਰਕ ਹੰਦੀ, ਉਹ ਕਿਸੇ ਦੀ ਪੱਗ ਲਾਹ ਦਿੰਦਾ ਤੇ ਫਿਰ ਅਗਲਾ ਤਮਾਸ਼ਾ ਸ਼ੁਰੂ ਹੋ ਜਾਂਦਾ, ਮੁਫਤੀ ਸਲਾਹਾਂ ਵਾਲਿਆਂ ਦਾ ਕਿ ਪਹਿਲਾਂ ਉਹ ਲਾਹਵੇ, ਪਹਿਲਾਂ ਆਹ ਲਾਹਵੇ, ਉਨੀ ਲਾਹ ਦਿੱਤੀ, ਹੁਣ ਉਹ ਲਾਹਵੇ? ਇਹ ਬਚਕਾਨਾ ਗੱਲਾਂ ਜਾਗਰੂਕਾਂ ਦੀਆਂ ਹਨ?

ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਸਤੀ ਉਪਰ ਸਵਾਲੀਆ ਚਿੰਨ੍ਹ ਲਾਉਂਦਾ, ਜਾਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਤੋਂ ਵੱਧ ਕੁੱਝ ਨਹੀਂ ਸਮਝਦਾ, ਘੱਟ ਘੱਟੋ ਮੇਰੀ, ਗੁਰਦੇਵ ਸਿੰਘ ਸੱਧੇਵਾਲੀਆ ਦੀ ਉਸ ਨਾਲ ਕੋਈ ਏਕਤਾ-ਵੇਕਤਾ ਨਹੀਂ ਚਾਹੇ, ਤੁਸੀਂ ਸਾਰੇ ਜਾਗਰੂਕ ਅਖਵਾਉਣ ਵਾਲੇ ਮੈਨੂੰ ਅਪਣੇ ਵਿਚੋਂ ਛੇਕ ਦਿਓ। ਧੰਨਵਾਦ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top