ਸਿੱਖ ਰਾਜ ਦੀ ਬਰਬਾਦੀ ਵੇਲੇ ਕੀ ਹੋਇਆ? ਫੌਜ ਵੀ ਉਹੀ, ਲੋਕ ਵੀ ਉਹੀ,
ਹਥਿਆਰ ਵੀ ਉਹੀ, ਰਾਜ ਵੀ ਉਹੀ ਪਰ ਕੀ ਸੀ ਜੋ ਨਹੀਂ ਸੀ? ਮਹਾਰਾਜਾ ਰਣਜੀਤ ਸਿੰਘ ਨਹੀਂ
ਸੀ।
ਪੰਜਾਬ
ਅੱਜ ਵੀ ਤਾਂ ਉਹੀ ਹੈ ਲੋਕ ਵੀ ਉਹੀ ਨੇ, ਹੁਣ ਵੀ ਪੰਜਾਬ ਦੇ ਡੌਲਿਆਂ ਵਿਚ ਜ਼ੋਰ ਹੈ, ਪਰ
ਕੀ ਹੈ ਜੋ ਪੰਜਾਬ ਕੋਲੇ ਨਹੀਂ ਹੈ? ਬਾਬਾ ਜਰਨੈਲ ਸਿੰਘ ਨਹੀਂ ਹੈ!
ਮਹਾਰਾਜਾ ਰਣਜੀਤ ਸਿੰਘ ਦੇ ਕਿਤੇ ਚਾਰ ਬਾਹਾਂ ਥੋੜੀਆਂ ਸਨ, ਜਾਂ
ਬਾਬਾ ਜਰਨੈਲ ਸਿੰਘ ਦੇ ਅੱਠ। ਸਿਰ ਤਲੀ ਰੱਖਣਾ ਹੀ ਕੀ ਕਾਫੀ ਹੁੰਦਾ? ਨਹੀਂ! ਜਿਹੜਾ ਸਿਰ
ਤੁਸੀਂ ਤਲੀ ‘ਤੇ ਰੱਖਿਆ ਹੈ, ਉਸ ਵਿਚ ਕੁਝ ਵਰਤਣ ਵਾਲੀ ਗੱਲ ਵੀ ਤਾਂ ਹੋਵੇ ਨਾ! ਨਹੀਂ?
ਸੌਦਾ ਸਾਧ ਵੇਲੇ ਵੀ ਲੋਕ ਸਿਰ ਲੈ ਕੇ ਸੜਕਾਂ ‘ਤੇ ਨਿਕਲ ਆਏ ਸਨ।
ਅੱਜ ਭਾਈ ਗੁਰਬਖਸ਼ ਸਿੰਘ ਨੂੰ ਲੈ ਕੇ ਪੰਜਾਬ ਦੇ ਲਹੂ ਵਿਚ ਹਲਚਲ ਫਿਰ ਹੋਈ ਹੈ, ਫਿਰ ਲੋਕ
ਗਾਉਂਣ ਲੱਗ ਪਏ ਹਨ ਕਿ ,
‘ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ’
ਪਰ ਮੈਨੂੰ ਜਾਪਦਾ ਇਸ ਨੂੰ ਬਦਲਨਾ ਪਵੇਗਾ ਕਿ,
‘ਧਰਮ ਸਿਰ ਵਰਤਿਆਂ ਬਾਝ ਨਹੀਂ ਰਹਿਣਾ’!
ਵਰਤਣ ਵਲ ਅਸੀਂ ਕਦ ਤੁਰਾਂਗੇ? ਸਾਡੇ ਸਾਹਵੇਂ ਕੇਜਰੀਵਾਲ ਨੇ ਇਕ
ਬੰਦਾ ਨਹੀਂ ਮਰਵਾਇਆ ਤੇ ਹਿੰਦੋਸਤਾਨ ਹਿਲਾ ਕੇ ਰੱਖ ਦਿੱਤਾ ਹੈ! ਉਸ ਕੋਲੇ ਹਾਲੇ ਉਹ ਦੋਗਲਾ
ਜਿਹਾ ਬੁੱਢਾ ਅੰਨਾ ਹਜ਼ਾਰੇ ਸੀ! ਸੋਚੋ ਜੇ ਉਸ ਕੋਲੇ ਤੁਹਾਡਾ ਦ੍ਰਿੜ ਇਰਾਦੇ ਵਾਲਾ ਗੁਰਬਖਸ਼
ਸਿੰਘ ਹੁੰਦਾ ਜਾਂ ਭਾਈ ਦਮਨਦੀਪ ਸਿੰਘ? ਕੌਮ ਮੇਰੀ ਕੋਲੇ ਸਿਰ ਦੇਣ ਵਾਲਿਆਂ ਦੀ ਕਮੀ ਨਹੀਂ,
ਪਰ ਉਨ੍ਹਾਂ ਮਗਰ ਸਿਰ ਵਰਤਣ ਵਾਲੇ ਨਹੀਂ, ਬਲਕਿ ਸਿਰ ਵੇਚਣ ਵਾਲੇ ਪਹਿਲਾਂ ਹੀ ਤਿਆਰ ਬੈਠੇ
ਹੁੰਦੇ!!
ਮੈਂਨੂੰ ਅਸਾਰ ਜਾਪਦੇ ਕਿ ਹੁਣ ਭਾਈ ਗੁਰਬਖਸ਼ ਸਿੰਘ ਦਾ ਸਿਰ ਵੀ
ਵੇਚਿਆ ਜਾਵੇਗਾ, ਅਵੱਸ਼ ਵੇਚਿਆ ਜਾਵੇਗਾ! ਐਨ ਵਪਾਰੀ ਦੁਆਲੇ ਘੇਰਾ ਘੱਤੀ ਬੈਠੇ ਹਨ, ਮੁੱਲ
ਉਹ ਪਾ ਲੈਣਗੇ, ਬਾਦਲਾਂ ਦੀ ਮੰਡੀ ਵਿੱਚ ਸਿਰ ਦੀ ਬੋਲੀ ਲੱਗ ਚੁੱਕੀ ਹੋਵੇਗੀ! ਸਿੰਘ
ਪਾਵੇਗਾ ਸ਼ਹੀਦੀ ਤੇ ਉਸ ਦੇ ਵੇਚੇ ਜਾ ਚੁੱਕੇ ਸਿਰ ਦੇ ਉਹੀ ਲੋਕ ਸਭ ਤੋਂ ਵਧ ਜ਼ੈਕਾਰੇ ਤੇ
ਨਾਹਰੇ ਲਾਉਂਣਗੇ, ਜਿਹੜੇ ਸਿਰ ਦੀ ਕੀਮਤ ਵਸੂਲ ਚੁੱਕੇ ਹੋਣਗੇ ਤੇ ਕੌਮ ਮੇਰੀ ਇੱਕ ਹੋਰ
ਵੱਡਾ ਧੋਖਾ ਖਾ ਕੇ ਲੰਮਾ ਹਉਕਾ ਲੈਣ ਜੋਗੀ ਰਹਿ ਜਾਵੇਗੀ ਕਿ,
ਸ਼ਾਹ ਮੁਹੰਮਦਾ ਇੱਕ ਸਰਕਾ ਬਾਝੋਂ ਫੌਜਾਂ ਜਿੱਤ
ਕੇ ਅੰਤ ਨੂੰ ਹਾਰੀਆਂ ਨੇ...
ਦੁਖਾਂਤ ਇਹ ਹੈ ਇਹ ਕਦ ਤੱਕ ਧੋਖੇ ਖਾਂਦੀ ਰਹੇਗੀ, ਕਦ ਤੱਕ ਇਸ ਦੇ
ਸਿਰ ਵਿੱਕਦੇ ਰਹਿਣਗੇ। ਤੁਸੀਂ ਇਹ ਨਾ ਸੋਚੋ ਕਿ ਤੁਹਾਡੇ ਸਿਰ ਜ਼ਕਰੀਆ ਖਾਂ ਜਾਂ ਮੁਗਲਾਂ
ਵੇਲੇ ਹੀ ਵਿੱਕਦੇ ਸਨ। ਅੱਜ ਵੀ ਵਿੱਕ ਰਹੇ ਹਨ। ਹਿੰਦੂ ਨੇ ਵੀ ਖਰੀਦੇ ਹਨ ਅਤੇ ਅੱਜ
ਬਾਦਲਕੇ ਵੀ ਖਰੀਦ ਰਹੇ ਹਨ। ਉਸ ਸਮੇ ਸ਼ਰੇਆਮ ਵਿੱਕਦੇ ਸਨ, ਲੋਕ ਨੇਜਿਆਂ ਤੇ ਟੰਗ ਕੇ ਖੜਦੇ
ਸਨ ਤੇ ਪੈਸੇ ਵਸੂਲਦੇ ਸਨ, ਪਰ ਅੱਜ ਖਰੀਦਣ ਤੇ ਵੇਚਣ ਦੇ ਤਰੀਕੇ ਇਨੇ ‘ਹਿਡਨ’ ਯਾਨੀ
ਲੁੱਕਵੇਂ ਹਨ, ਕਿ ਸਾਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਕਦ ਸਾਡੇ ਸ਼ਹੀਦ ਦਾ ਸਿਰ ਅਗਲੇ
ਵੇਚ ਕੇ ਅਗਾਂਹ ਜਾਂਦੇ ਹਨ।
ਪਤਾ ਨਹੀਂ ਕਰਨਾ ਬਣਦਾ ਕਿ ਭਾਈ ਗੁਰਬਖਸ਼ ਸਿੰਘ ਪਹਿਲੇ ਹੀ ਦਿਨ ਆਪੇ
ਤਾਂ ਤੰਬੂ ਗੱਡ ਕੇ ਉਥੇ ਬੈਠ ਨਹੀਂ ਸੀ ਗਿਆ। ਤਾਂ ਫਿਰ ਉਨ੍ਹਾਂ ਨੂੰ ਕੌਣ ਲੈ ਕੇ ਆਇਆ?
ਭਾਈ ਸਾਹਬ ਨੂੰ ‘ਗਾਈਡ’ ਕੌਣ ਕਰ ਰਿਹੈ? ਤੇ ਕੋਈ ਕਰ ਰਿਹੈ, ਤਾਂ ਹਾਲੇ ਤੱਕ ਉਨਹੀਂ ਕੋਈ
ਪ੍ਰੋਗਰਾਮ ਕਿਉਂ ਨਹੀਂ ਦਿੱਤਾ ਕੌਮ ਨੂੰ? ਜਦ ਭਾਈ ਦਮਨਦੀਪ ਸਿੰਘ ਬੈਠਾ ਉਸ ਬੈਠਦੇ ਦੀ ਹੀ
‘ਸਟੇਟਮੈਂਟ’ ਸੀ, ਕਿ ਪ੍ਰਬੰਧਕ ਦੱਸਣ ਕਿ ਪ੍ਰੋਗਰਾਮ ਕੀ ਦੇ ਰਹੇ ਹਨ? ਭੁੱਖ ਹੜਤਾਲ ‘ਤੇ
ਬੈਠੇ ਬੰਦੇ ਨੂੰ ਹੀ ਪਤਾ ਨਹੀਂ ਕਿ ਪ੍ਰੋਗਰਾਮ ਕੀ ਹੈ ਤੇ ਉਹ ਪ੍ਰਬੰਧਕਾਂ ਨੂੰ ਪੁੱਛ ਰਿਹੈ!!
ਤੇ ਕੀ ਪ੍ਰਬੰਧਕਾਂ ਦੱਸਿਆ? ਜੇ ਦੱਸਿਆ ਤਾਂ ਕੀ ਦੱਸਿਆ? ਕੌਣ ਸਨ ਪ੍ਰਬੰਧਕ? ਪਤਾ ਤਾਂ ਕਰੋ!
ਤੇ ਤੁਸੀਂ ਹੈਰਾਨ ਹੋਵੋਂਗੇ ਕਿ ਭਾਈ ਦਮਨਦੀਪ ਸਿੰਘ ਦੇ ਬਿਆਨ ਦੇ ਅਗਲੇ ਹੀ ਦਿਨ ਭਾਈ
ਗੁਰਬਖਸ਼ ਸਿੰਘ ਨੂੰ ਬੜੇ ਡਰਾਮਾ ਅੰਦਾਜ ਵਿਚ ਪੀ.ਜੀ.ਆਈ. ਲਿਜਾ ਕੇ, ਰਿਹਾਅ ਕਰਕੇ ਆਉਂਦਿਆਂ
ਹੀ ਭਾਈ ਦਮਨਦੀਪ ਸਿੰਘ ਦੀ ਭੁੱਖ ਹੜਤਾਲ ਚੁੱਕਾ ਦਿੱਤੀ ਗਈ!
ਤੁਸੀਂ ਜਾਣਦੇ ਕਿਉਂ? ਇਸ ਕਰਕੇ
ਕਿ ਉਸ ਨੌਜਵਾਨ ਦੀ ਮੌਤ ਦਾ ਫਿਕਰ ਸੀ ਉਨ੍ਹਾਂ ਨੂੰ? ਜੇ ਫਿਕਰ ਹੁੰਦਾ ਤਾਂ ਜਦ ਇੱਕ ਬੰਦਾ
ਭੁੱਖਾ ਮਰ ਰਿਹਾ ਸੀ, ਤਾਂ ਇਹ ਅੱਡ ਲੰਗਰ ਲਾਉਂਦੇ ਫਿਰਦੇ ਅਪਣੇ?
ਭਾਈ ਦਮਨਦੀਪ ਸਿੰਘ ਤੋਂ ਖਤਰਾ ਕਿਉਂ ਹੋ ਗਿਆ ਇਨ੍ਹਾਂ ਨੂੰ? ਮੈਂ
ਨਹੀਂ ਕਹਿੰਦਾ ਬੰਦੇ ਸਾਡੇ ਮਰੀ ਜਾਣ, ਪਰ ਇਸ ਪਿੱਛੇ ਇਰਾਦੇ ਕੀ ਹਨ? ਸਮਾਂ ਲੰਘਣ ‘ਤੇ ਅਸੀਂ
ਪਤਾ ਕਰਾਂਗੇ? ਜਦ ਭਾਈ ਗੁਰਬਖਸ਼ ਸਿੰਘ ਦਾ ਸਿਰ ਵੇਚ ਦਿੱਤਾ ਗਿਆ??
ਮੈਨੂੰ ਪਤੈ ਇਹ ਗੱਲ ਸਾਨੂੰ ਸਭ ਨੂੰ
ਦੁੱਖੀ ਅਤੇ ਉਦਾਸ ਕਰਨ ਵਾਲੀ ਹੈ, ਪਰ ਕੀ ਕਰੀਏ ਸਾਹਵੇਂ ਕੰਧ ‘ਤੇ ਲਿਖਿਆ ਤਾਂ ਪਿਆ ਕਿ,
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ
ਜਿੱਤ ਕੇ ਅੰਤ ਨੂੰ ਹਾਰੀਆਂ ਨੇ???