Share on Facebook

Main News Page

…ਅਕਲ ਦੇ ਪੱਕੇ ਵੈਰੀ ?
-: ਗੁਰਦੇਵ ਸਿੰਘ ਸੱਧੇਵਾਲੀਆ

ਆਹ ਹੁਣੇ ‘ਸਿੱਖ ਡਾਇਰੈਕਟਰੀ’ ਵਾਲਿਆਂ ਸਿੱਖ ਕੌਮ ਨਾਲ ਮਖੌਲ ਜਿਹਾ ਕੀਤਾ ਹੈ, ਜਿਸ ਵਿਚ ਸਿੱਖਾਂ ਵਿਚੋਂ ਚਾਰ ਬੰਦੇ ਬਹੁਤ ਵਧੀਆ ਜਾਂ ਵਿਚਾਰਵਾਨ ਸਿੱਖਾਂ ਵਜੋਂ ਚੁਣੇ ਗਏ ਹਨ, ਯਾਨੀ ਡਾ. ਮਨਮੋਹਨ ਸਿੰਘ, ਮੌਨਟੇਕ ਸਿੰਘ, ਗੁਰਬਚਨ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ!

ਇਹ ਇੰਝ ਕੁ ਦਾ ਚੁਟਕਲਾ ਹੈ, ਜਿਵੇਂ ਕੋਈ ਕਹਿ ਰਿਹਾ ਹੋਵੇ, ਕਿ ਇੱਕ ਬੰਦਾ ਸਾਈਕਲ ‘ਤੇ ਜਾ ਰਿਹਾ ਸੀ, ਪਰ ਉਸ ਦੇ ਅਗੇ ਡੰਡੇ ‘ਤੇ ਪਤਾ ਕੌਣ ਬੈਠਾ ਸੀ? ਅਖੇ ਊਠ!!!! ਇਹ ਹੁਣ ਤੁਸੀਂ ਸੋਚਣਾ ਕਿ ਊਠ ਅਗਲੇ ਡੰਡੇ ‘ਤੇ ਬੈਠਾ ਕਿਵੇਂ ਲੱਗ ਰਿਹਾ ਹੋਵੇਗਾ। ਪਰ ਹਰਜ ਕੀ ਹੈ ਸੋਚ ਕੇ ਵੇਖਣ ਵਿੱਚ, ਕਿ ਸਾਇਕਲ ਦੇ ਅੱਗੇ ਊਠ ਬੈਠਾ ਹੈ? ਤੇ ‘ਸਿੱਖ ਡਾਇਰੈਕਟਰੀ’ ਵਾਲਿਆਂ ਚਾਰ ‘ਊਠ’ ਸਾਇਕਲ ਦੇ ਅਗਲੇ ਡੰਡੇ ਬਿਠਾ ਕੇ ਸਾਰੀ ਦੁਨੀਆਂ ਵਿੱਚ ਸਿੱਖ ਕੌਮ ਦੀ ‘ਹਾ ਹਾ ਹਾ ਹਾ’ ਕਰਾ ਛੱਡੀ ਹੈ। ਚਲੋ, ਇਸ ਗੱਲ ਦੇ ਵਿਸਥਾਰ ਜਾਣ ਦੀ ਲੋੜ ਨਹੀਂ ਕਿ ਚਾਰੇ ‘ਮਹਾਨ ਬੰਦਿਆਂ’ ਦੇ ਮਹਾਨ ਕੰਮ ਕੀ ਹਨ।

ਉਂਝ ‘ਸਿੱਖ ਡਾਇਰੈਕਟਰੀ’ ਵਾਲੇ ਹੋਰ ਕਈ ਮਹਾਨ ਬੰਦਿਆਂ ਨੂੰ ਛੱਡ ਗਏ ਹਨ। ਹਾਲੇ ਗਿਆਨੀ ਠਾਕੁਰ ਸਿੰਘ ਸੀ, ਹਰੀ ਸਿੰਘ ਰੰਧਾਵਾ, ਢੱਡਰੀ ਵਾਲਾ, ਪਿਹੋਵੇ ਵਾਲਾ, ਧੰਨਵਤ ਸਿੰਘ, ਸ਼ਿਕਾਗੋ ਵਾਲਾ, ਧੁੰਮਾ, ਮੱਕੜ, ਮਹਿਤਾ-ਚਾਵਲਾ! ਉਂਝ ਇਸ ਡਾਇਰੈਕਟਰੀ ਦਾ ਨਾਂ ਵੀ ਸਿੱਖ ਡਾਇਰੈਕਟਰੀ ਨਹੀਂ, ਬਲਕਿ ‘ਚਾਪਲੂਸ ਡਾਇਰੈਕਟਰੀ’ ਰੱਖ ਦਿੰਦੇ ਤਾਂ ਹਰਜ ਕੋਈ ਨਾ ਸੀ! ਕਿ ਸੀ?

ਅਜਿਹੇ ਚੁਟਕਲਿਆਂ ਤੋਂ ਪਤਾ ਲੱਗਦਾ ਕਿ ਸਿੱਖ ਕੌਮ ਵਿਚ ਵਿਚਾਰਵਾਨ ਅਤੇ ਸਿਆਣੇ ਬੰਦਿਆਂ ਦੀ ਘਾਟ ਨਹੀਂ, ਪਰ ਮੂਰਖਾਂ ਦਾ ਹੀ ਇਨਾ ਬੋਲ-ਬਾਲਾ ਹੈ, ਕਿ ਸਿਆਣੇ ਹਮੇਸ਼ਾਂ ਗੁੱਠੇ ਲਾ ਦਿੱਤੇ ਜਾਂਦੇ ਹਨ। ਇੰਗਲੈਂਡ ਵਿੱਚ ਹੀ ਇੱਕ ਤਗੜਾ ਸਿੱਖ ਬੈਠਾ ਜਿਸ ਨੂੰ ‘ਫਾਈਬਰ ਕਿੰਗ’ ਕਹਿੰਦੇ ਸ੍ਰ. ਨਰਿੰਦਰ ਸਿੰਘ ਕਪਾਨੀ, ਪੰਜਾਬ ਦਾ ਜਸਟਿਸ ਸ੍ਰ. ਕੁਲਦੀਪ ਸਿੰਘ ਸੀ!

ਪਿੱਛੇ ਦੇਖੋ ਕੀ ਹੋਇਆ। ਸਿਰਦਾਰ ਕਪੂਰ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ, ਸ੍ਰ. ਮਈਆ ਸਿੰਘ ਵਰਗੇ ਰੋਲ ਕੇ ਰੱਖ ਦਿੱਤੇ। ਜਿੰਨੇ ਵੀ ਸਿਆਣੀ ਗੱਲ ਕੀਤੀ ਉਹ ਗਿਆ? ਆਹ ਹੁਣੇ ਸ੍ਰ. ਕਾਲਾ ਅਫਗਾਨਾ ਨਾਲ ਕੀ ਹੋਇਆ, ਪ੍ਰੋ. ਦਰਸ਼ਨ ਸਿੰਘ, ਤੇ ਇਹੀ ਕੁਝ ਪ੍ਰੋ. ਧੂੰਦੇ ਨਾਲ ਹੋਣ ਲੱਗਾ ਸੀਪ੍ਰੋ. ਦਰਸ਼ਨ ਸਿੰਘ ਨੇ ਕਹਿੰਦੇ ਕਹਾਉਂਦੇ ਸੁਨੀਲ ਦੱਤ ਤੇ ਸੁਸ਼ੀਲ ਮੁਨੀ ਵਰਗੇ ਲਾ-ਜਾਵਬ ਕਰ ਕੇ ਦਿੱਲੀ ਮੋੜੇ, ਪਰ ਉਸ ਦਾ ਮਿੱਟੀ ਘੱਟਾ ਜੋ ਮੂਰਖ ਟੋਲੇ ਉਡਾਇਆ? ਇਥੇ ਸਾਡੇ ਟਰੰਟੋ ਵਿਚ ਹੀ ਪ੍ਰੋ. ਉਦੇ ਸਿੰਘ ਹਨ, ਸਾਰਾ ਜੀਵਨ ਲੱਗਾ ਦਿੱਤਾ ਉਸ ਬਜ਼ੁਰਗ ਨੇ। ਉਸ ਦੀ ਇੱਕੋ ਤੜਫ ਸੀ, ਕਿ ਮੇਰੀ ਕੌਮ ਦੇ ਬੱਚੇ ਪੰਜਾਬੀ ਪੜ ਜਾਣ ਤੇ ਉਹ ਬੱਚਿਆਂ ਨੂੰ ਲੈ ਕੇ ਕਦੇ ਕਿਸੇ ਬੇਸਮਿੰਟ, ਕਦੇ ਕਿਸੇ ਬੇਸਮਿੰਟ, ਪਰ ਕਿਸੇ ਗੁਰਦੁਆਰੇ ਉਸ ਨੂੰ ਬਰੂਹਾਂ ਨਹੀਂ ਚੜ੍ਹਨ ਦਿੱਤਾ।

ਇਥੇ ਟੋਰੰਟੋ ਹੀ ਖਾਲਸਾ ਸਕੂਲ ਚਲਦੇ ਨੂੰ ਕਈ ਸਾਲ ਹੋ ਗਏ। ਆਖਰੀ ਸਾਹਾਂ ‘ਤੇ ਸੀ, ਜਦ ਇਸ ਸਕੂਲ ਵਿਚ ਸ੍ਰ. ਰਿਪਸੋਧਕ ਸਿੰਘ ਆਏ। ਅੱਜ ਉਹ ਸਕੂਲ ਓਨਟੇਰੀੳੋ ਦੇ 2733 ਸਕੂਲਾਂ ਵਿਚੋਂ ਪਹਿਲੇ-ਦੂਜੇ ਨੰਬਰ ‘ਤੇ ਹੈ। ਉਸ ਦੀ ਫੀਸ ਬਾਕੀ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਘੱਟ, ਪਰ ਉਸ ਦਾ ਹਸ਼ਰ ਕੀ ਹੋਇਆ, ਜਾਂ ਹੋ ਚਲਿਆ ਸੀ? ਇੱਕ ਪਾਸੇ ਸ੍ਰ. ਰਿਪਸੋਧਕ ਸਿੰਘ ਵਰਗੇ ਸੂਝਵਾਨ ਬੰਦੇ ਤੇ ਦੂਜੇ ਪਾਸੇ ਮਾਲਟਨ ਵਾਲੇ ਨਵੇਂ ਬਣੇ ‘ਬਾਬਾ’ ਜੀ?? ਕੋਈ ਅਕਲ ਦਾ ਮੇਲ ਹੈ? ਇੱਕ ਅੱਖਾਂ ਬੰਦ ਕਰਦਾ ਲੋਕਾਂ ਦੀਆਂ ਦੂਜਾ ਖੋਹਲਦਾ, ਪਰ ਇੱਕ ਨੇ ਦਰ ਦਰ ਮੰਗ ਕੇ ਸਕੂਲ ਨੂੰ ਜਿੰਦਾ ਰੱਖਿਆ, ਦੂਜਾ ਹਾਉਕੇ ਜਿਹੇ ਲੈ ਕੇ ਹੀ ਬ੍ਰਹਮਗਿਆਨੀ? ਦੱਸੋ ਅਕਲ ਦੇ ਵੈਰੀ ਅਸੀਂ ਹੋਏ ਕਿ ਨਾ?

‘ਸੰਤ’ ਫਤਹਿ ਸਿੰਘ ਨੇ ਕੀ ਕੀਤਾ? ਸਾਰੇ ਸਿਆਣੇ ਬੰਦੇ ਇਹ ਕਹਿ ਕੇ ਗੁੱਠੇ ਲਾ ਛੱਡੇ, ਕਿ ਸਾਨੂੰ ਭੀੜੀਆਂ ਪਿੰਟਾਂ ਵਾਲੇ ਨਹੀਂ ਚਾਹੀਦੇ, ਤੇ ਉਸ ਮਾਂ ਦੇ ਪੁੱਤ ਨੇ ਪਾਰਲੀਮੈਂਟ ਪਤਾ ਕੌਣ ਭੇਜਿਆ? ਆਪਣਾ ਡਰਾਈਵਰ ਕਿੱਕਰ ਸਿੰਘ!!! ਆਹ ਹੁਣੇ ਬਹੁਤ ਪੁਰਾਣੀ ਗੱਲ ਨਹੀਂ ਵਿਧਾਨ ਸਭਾ ਵਿਚ ‘ਸੰਤ’ ਅਜੀਤ ਸਿੰਘ ਪਰੀਵਾਰ ਵਿਛੋੜੇ ਵਾਲਾ ਭੇਜਿਆ, ਉਹ ਮਾਂ ਦਾ ਪੁੱਤ ਜੁੱਤੀ ਲਾਹ ਕੇ ਸੌਂਦਾ ਸੀ ਉਥੇ! ਐਨ ਪੂਰੇ ਟੌਹਰ ਨਾਲ!!

ਚਲੋ ਬਾਹਰ ਕਨੇਡਾ ਆ ਜੋ, ਜਿਹੜਾ ਅਸੀਂ ਇਥੇ ਕਈ ਚਿਰ ਪਾਰਲੀਮਿੰਟ ਭੇਜੀ ਰੱਖਿਆ, ਕਿ ਇਹ ਜੀ ਪੱਗ ਵਾਲਾ ਐਮ.ਪੀ. ਹੈ, ਉਹ ਸਾਰੇ ਹਫਤੇ ਦੀਆਂ ਅਖਬਾਰਾਂ ਪਾਰਲੀਮੈਂਟ ਵਿੱਚ ਜਾ ਕੇ ਪੜ੍ਹਦਾ ਸੀ ਤੇ ਜਦ ਅਖਬਾਰਾਂ ਮੁੱਕ ਜਾਦੀਆਂ ਸਨ, ਤਾਂ ‘ਖਰਾਸ’ ਜੋੜ ਲੈਂਦਾ ਸੀ? ਬਾਹਰ ਸਮਾਂ ਹੀ ਨਹੀਂ ਸੀ ਵਿਚਾਰੇ ਕੋਲੇ! ਲੋਕਾਂ ਦੇ ਭੋਗਾਂ ਤੇ ਨਹੀਂ ਸੀ ਜਾਣਾ ਹੁੰਦਾ? ਇੱਕ ਪਹਿਲਾਂ ਸਿਆਣਾ ਨੌਜਵਾਨ ਭੇਜਿਆ ਸੀ ਉਸ ਨੂੰ ‘ਖਾਲਿਸਾਤਾਨੀਆਂ’ ਅਜਿਹਾ ਗੇਆਂ ਦੇ ਔਜੜੇ ਰਾਹੇ ਪਾਇਆ, ਕਿ ਉਸ ਦੀ ਅਕਲ ਚਲਣ ਹੀ ਨਾ ਦਿੱਤੀ ਤੇ ਰਹਿੰਦੀ ਕਸਰ ਉਨੀ ਕੱਢ ਦਿੱਤੀ, ਜਿਹੜੇ ਉਸ ਨੂੰ ਹਿੰਦੋਸਤਾਨ ਗਾਂਧੀ ਦੀ ਸਮਾਧ ‘ਤੇ ਘੀਸੀਆਂ ਕਰਾਉਂਣ ਤੁਰ ਪਏ!! ਉਹ ਕੁੱਝ ਕਰ ਸਕਦਾ ਸੀ, ਪਰ ਕਰਨ ਕੌਣ ਦੇਵੇ? ਫਰ, ਚਲੋ ਸ਼ੁਕਰ ਏ ਅਸੀਂ ਜਗਮੀਤ ਸਿੰਘ ਵਰਗੇ ਸਿਆਣੇ ਨੌਜਵਾਨ ਨੂੰ ਐਮ. ਪੀ.ਪੀ. ਬਣਾ ਕੇ ਕੁਝ ਧੋਣਾ ਧੋ ਦਿੱਤਾ ਹੈ, ਜੇ ਪਰ ਅਸੀਂ ਉਸ ਨੂੰ ਅਪਣੇ ਤਰੀਕੇ ਚਲ ਲੈਣ ਦਈਏ।

ਭਗਤ ਪੂਰਨ ਸਿੰਘ ਪਿੰਗਲਵਾੜਾ! ਵਾਹ! ਕਿਆ ਬਾਤਾਂ ਸਨ ਉਸ ਬਜ਼ੁਰਗ ਦੀਆਂ। ਉਸ ਜਿਹੜੇ ਕੰਮ ਕੀਤੇ? ਐਨਵਾਇਰਮਿੰਟ ‘ਤੇ ਜੋ ਉਹ ਬਜ਼ੁਰਗ ਕਈ ਦਹਾਕੇ ਪਹਿਲਾਂ ਸੋਚ ਗਿਆ, ਲਿਖ ਗਿਆ ਜਾਂ ਕਰ ਗਿਆ, ਸਾਥੋਂ ਤਾਂ ਹਾਲੇ ਵੀ ਸੋਚ ਨਹੀਂ ਹੋਇਆ। ਤੇ ਉਸ ਮਹਾਂਪੁਰਖ ਨੇ ਜੋ ਹੱਥੀਂ ਸੇਵਾ ਕੀਤੀ ਮਨੁੱਖਤਾ ਦੀ? ਆਰਗੇਨਾਈਜਰ ਸੀ ਕਿਤੇ ਉਹ ਤੇ ਤੁਹਾਨੂੰ ਪਤੈ ਕ੍ਰੋੜਾਂ ਦੇ ਬਜਟ ਵਾਲੀ ਸ਼੍ਰਰੋਮਣੀ ਕਮੇਟੀ ਉਸ ਨੂੰ ਸਾਲ ਵਿਚ ਪੈਸਾ ਕਿੰਨਾ ਦਿੰਦੀ ਸੀ? ਇੱਕ ਲੱਖ?????? ਨੰਗ ਜਿਹੇ ਸ੍ਰੀ ਚੰਦ ਦੀ ਛੁੱਟੀ ਕਰ ਦਿੱਤੀ, ਪੰਜਾਬ ਸਰਕਾਰ ਨੇ ਤੇ ਬਾਬੇ ਦੇਹ ਤੇਰੇ ਦੀ ਉਸ ਦੇ ਢੋਲ ਢਮੱਕੇ ਕਰਦੇ ਅਤੇ ਹੋਰਾਂ ਨੰਗਾਂ ਦੀਆਂ ਬਰਸੀਆਂ ਤੇ ਧੂੜਾਂ ਪੱਟੀ ਫਿਰਦੇ, ਪਰ ਕੌਣ ਯਾਦ ਕਰਦਾ ਅਜਿਹੇ ਮਹਾਂਪੁਰਖ ਨੂੰ?

ਕਹਿਰ ਦੇ ਬੰਦੇ ਸਿੱਖਾਂ ਵਿੱਚ ਪੈਦਾ ਹੋਏ ਪਰ…? ਮਦਰ ਟਰੇਸਾ ਨੂੰ ਦੁਨੀਆਂ ਜਾਣਦੀ, ਪਰ ਭਗਤ ਪੂਰਨ ਸਿੰਘ ਦੇ ਮੁਕਾਬਤਲਨ ਟਰੇਸਾ ਨੂੰ ਰੱਖ ਕੇ ਦੇਖੋ! ਦੁਨੀਆਂ ਅਪਣਾ ਪਿਤਲ ਵੀ ਵੇਚ ਗਈ, ਪਰ ਮੇਰੀਏ ਕੌਮੇ ਤੇਰੇ ਤੋਂ ਅਪਣਾ ਸੋਨਾ ਵੀ ਨਾ ਵਿੱਕਿਆ, ਕਿਉਂਕਿ ਤੂੰ ਵਿਚਾਰਵਾਨ ਅਤੇ ਸਮਝ ਵਾਲੇ ਬੰਦੇ ਨੂੰ ਨੇੜੇ ਨਹੀਂ ਫਟਕਣ ਦਿੱਤਾ! ਕਿ ਦਿੱਤਾ?

ਅਸੀਂ ਰਾਧਾ ਸਵਾਮੀਆਂ ਨੂੰ ਨਿੰਦਦੇ, ਪਰ ਉਨ੍ਹਾਂ ਕੋਲੋਂ ਹੀ ਗੁਣ ਲੈ ਲਈਏ। ਯੂਨੀਵਰਸਿਟੀਆਂ ਵਿਚ ਜਿਹੜਾ ਸਕਾਲਰ ਜਾਂ ਵਿਦਵਾਨ ਬੰਦਾ ਰਿਟਾਇਰ ਹੁੰਦਾ, ਉਹ ਚੁੱਕ ਲੈਂਦੇ। ਤਨਖਾਹ ਦਿੰਦੇ, ਘਰ ਤੇ ਨਾਲੇ ਕਾਰ ਤੇ ਉਨ੍ਹਾਂ ਦੇ ਡੇਰੇ ਜਾ ਕੇ ਦੇਖ ਲਓ ਆਰਗੇਨਾਈਜ ਕਿਵੇਂ ਹੁੰਦਾ! ਤੇ ਉਧਰ ਅਪਣੇ ਸਿੱਖਾਂ ਦੇ ਮੱਕੇ ਯਾਨੀ ਦਰਬਾਰ ਸਾਹਿਬ? ਢਿੱਢਲ ਤੇ ਨਿਕੰਮੇ ਬੰਦੇ ਰੱਖੇ, ਜਿਹੜੇ ਕੁੱਤਿਆਂ ਵਾਂਗ ਪੈਂਦੇ, ਜੇ ਉਥੇ ਕਿਸੇ ਤੋਂ ਕੋਈ ਗਲਤੀ ਹੋ ਜਾਏ। ਚਲੋ ਉਥੇ ਦੀ ਤਾਂ ਖਾਧੀ ਕੜ੍ਹੀ, ਇਧਰ ਬਾਹਰ ਦੇਖ ਲਓ ਗੁਰਦੁਆਰਿਆਂ ਦਾ ਹਾਲ।

ਮੈਂ ਤੇ ਸ੍ਰ. ਤ੍ਰਿਲੋਕ ਸਿੰਘ ਹੁੰਦਲ ਗੁਰਦੁਆਰੇ ਬੈਠੇ ਚਾਹ ਪੀ ਰਹੇ ਸਾਂ। ਇੱਕ ਨੌਜਵਾਨ ਕੁੜੀ ਆਈ ਗਲਤੀ ਨਾਲ ਲੰਗਰ ਵਾਲੀ ਥਾਲੀ ਉਥੇ ਲੈ ਕੇ ਬੈਠ ਗਈ, ਜਿਥੇ ਚਾਹ ਪੀਵੀਦੀ ਹੈ, ਤੇ ਉਸ ਦੀ ਜੋ ਕੁੱਤੇ ਖਾਣੀ ਇੱਕ ਟੁੱਚਲ ਜਿਹੇ ਰੱਖੇ ਜਾਂ ਆਪੇ ਬਣੇ ਸੇਵਾਦਾਰ ਨੇ ਕੀਤੀ? ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਮੁੜ ਗੁਰਦੁਆਰੇ ਵਲ ਮੂੰਹ ਨਾ ਕਰੇਗੀ। ਪ੍ਰਸ਼ਾਦ ‘ਤੇ ਬੈਠੇ ਜਿਵੇਂ ਉਹ ਬੋਲਦੇ? ਅਪਣੀ ਕੌਮ ਵਿਚ ਬਹੁਤ ਬਜ਼ੁਰਗ, ਬੜੇ ਸਿਆਣੇ, ਪੜੇ ਲਿਖੇ ਰਿਟਾਇਰ ਘਰੀਂ ਬੈਠੇ ਹੋਏ ਹਨ, ਜੀਹਨਾਂ ਨੂੰ ਥੋੜੀ ਤਨਖਾਹ ਉਪਰ ਵੀ ਗੁਰਦੁਆਰੇ ਨੂੰ ਆਰਗੇਨਾਈਜ ਕਰਨ ਲਈ ਰੱਖਿਆ ਜਾ ਸਕਦਾ ਹੈ, ਪਰ ਮੁਸ਼ਕਲ ਫਿਰ ਉਹੀ ਕਿ ਅਸੀਂ ਸਿਆਣੇ ਬੰਦੇ ਤੋਂ ਤਾਂ ਡਰਦੇ ਹਾਂ, ਉਹ ਬੰਦੇ ਸਾਨੂੰ ਦਿੱਸਦੇ ਹੀ ਨਹੀਂ, ਲੱਭਦੇ ਹੀ ਨਹੀਂ, ਕਿਉਂਕਿ ਸਾਡੀ ਅਕਲ ਨਾਲ ਜੱਦੀ ਦੁਸ਼ਮਣੀ ਹੈ, ਸਿਰ ਵੱਢਵੀਂ ਦੁਸ਼ਮਣੀ! ਨਹੀਂ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top