Share on Facebook

Main News Page

ਕੁਦਰਤਿ ਕਰਿ ਕੈ ਵਸਿਆ ਸੋਇ
-: ਗੁਰਦੇਵ ਸਿੰਘ ਸੱਧੇਵਾਲੀਆ

ਕੁਦਰਤ ਦੇ ਵਿਚ ਕਾਦਰ ਹੈ। ਓਤ-ਪੋਤ। ਇੱਕ-ਮਿੱਕ! ਕੁਦਰਤ ਤੋਂ ਬਾਹਰ ਕਾਦਰ ਹੈ ਹੀ ਨਹੀਂ। ਕਿਥੇ ਰੱਬ? ਸਵਾਲ ਹੀ ਬੜਾ ਬੇਹੂਦਾ ਹੈ। ਨਾਸਤਿਕ ਕਹਿੰਦਾ ਕਿਥੇ ਰੱਬ? ਰੱਬ ਵੇਖਿਆ ਕਿਸੇ? ਦਿੱਸਦਾ ਕਿਤੇ ਰੱਬ? ਕੋਈ ‘ਰੱਬ-ਰੁੱਬ’ ਨਹੀਂ! ਐਵੇਂ ਲੁੱਟਣ ਦੀਆਂ ਗੱਲਾਂ ਨੇ। ਧੰਦਾ ਹੈ! ਵਪਾਰ ਹੈ! ਨਹੀਂ ਤਾਂ ਦੱਸੋ ਕਿਥੇ ਹੈ ਰੱਬ? ਕਮਲਿਆ ਰੱਬ ਕੋਈ ਛੁਣਛੁਣਾ ਕਿ ਤੈਨੂੰ ਖੜਕਾ ਕੇ ਦਿਖਾਇਆ ਜਾਵੇ ਕਿ ਆਹ ਦੇਖ ਰੱਬ? ਕੁਝ ਅਪਣੀ ਵੀ ਤਾਂ ਅੱਖ ਖ੍ਹੋਲ। ਪੱਟੀ ਲਾਹ ਅੱਖ ਤੋਂ।

ਪਰ ਉਹ ਵੀ ਵਿਚਾਰਾ ਕੀ ਕਰੇ ਉਸ ਨੂੰ ਰੱਬ ਦਾ ਐੱਡਰੈਸ ਹੀ ਗਲਤ ਦਿੱਤਾ ਜਾ ਰਿਹੈ। ਅਖੇ ਰੱਬ ‘ਸੱਚਖੰਡ’ ਵਿਚ ਹੈ! ਕਿਹੜੇ ਸੱਚਖੰਡ ਵਿਚ? ਜਿਥੇ ਬਾਬਿਆਂ ਦੀਆਂ ਰੇਸ਼ਮੀ ਜੁੱਤੀਆਂ ਪਈਆਂ? ਬਾਬਿਆਂ ਦੀ ਪਿੱਛਾ ਧੋਣ ਵਾਲੀ ਟਾਇਲਟ ਪਈ ਹੈ? ਜਾਂ ਨਲਕਾ? ਹੱਦ ਹੋ ਗਈ ਰਬ ਦਾ ਐਡਰੈੱਸ ਦੱਸਣ ਵਾਲਿਆਂ ਦੀ ਵੀ। ਇਨਾ ਗੰਦਾ ਐਡਰੈੱਸ? ਜੁੱਤੀਆਂ ਵਿਚ ਰੱਬ? ਟਾਇਲਟ ਵਾਲੀ ਥਾਂ ਰੱਬ? ਰੱਬ ਲਈ ਕੋਈ ਚੰਗੀ ਥਾਂ ਨਹੀਂ ਮਿਲੀ ਦੱਸਣ ਨੂੰ? ਪਰ ਵਾਰੇ ਜਾਈਏ ਲੁਕਾਈ ਦੇ ਉਹ ਦੇਹ ਤੇਰੇ ਦੀ ‘ਭੋਰਾ ਸਾਹਿਬ’ ਅਤੇ ‘ਸੱਚਖੰਡ’ ਨੂੰ ਵਾਹੋ-ਦਾਹੀ ਹੋ ਤੁਰੀ! ਮਾਅਰ ਲਾਈਨਾ ਲੱਗੀਆਂ ਪਈਆਂ ਰੱਬ ਦੇਖਣ ਲਈ। ਤੇ ਬਾਬਿਆਂ ਇਕ ਹੋਰ ਮੁੰਗਲੀ ਕੱਢ ਮਾਰੀ! ਅਖੇ ਮਾਘ ਦੇ ਮਹੀਨੇ ਰੱਬ ਦੇਖੋ ਜਿਆਦਾ ਨੇੜੇ ਦਿੱਸਦਾ! ਐਨ ਨੇੜੇ, ਤੇ ਮੁੜ ਸਾਰਾ ਸਾਲ ਦਿੱਸਦਾ ਰਹਿੰਦਾ! ਫਲ ਜੂ ਸਾਲ ਦਾ ਲੱਗ ਜਾਂਦਾ। ਤੇ ਲੋਕ ਵਿਚਾਰੇ ਲੋਈਆਂ ਦੀਆਂ ਬੁੱਕਲਾਂ ਮਾਰੀ, ਸਕੂਟਰਾਂ ਤੇ ਠਰੂੰ ਠਰੂੰ ਕਰਦੇ ਸਵੇਰੇ ਤਿੰਨ ਵੱਜੇ ਹੀ ਬਾਬਿਆਂ ਦੇ ‘ਸੱਚਖੰਡ’ ਵਿਚਲੇ ‘ਰੱਬ’ ਨੂੰ ਜਾ ਵੱਖਤ ਪਾਉਂਦੇ। ਤੇ ਪੁੰਨ-ਦਾਨ? ‘ਸਭਨਾ ਨੂੰ ਕਰਿ ਦਾਨ’ ਦੇ ਉਲਟ ਅਰਥ ਕਰ ਮਾਰੇ। ਉਹ ਕਹਿੰਦੇ ‘ਸਭਨਾ’ ਵਿਚ ਅਸੀਂ ਸਭ ਤੋਂ ਪਹਿਲਾਂ ਹਾਂ ਕਿਉਂਕਿ ਅਸੀਂ ‘ਸੰਤ’ ਹਾਂ, ਰੱਬ ਨਾਲ ਜੋੜਨ ਵਾਲੇ! ਤੇ ਲਿਆਓ ਫਿਰ ਦਾਨ? ਲੋਕ ਦਾਨਾਂ ਦੇ ਲਾ ਢੇਰ ਦਿੰਦੇ। ਤੁਸੀਂ ਕਦੇ ਮਾਘ ਮਹੀਨੇ ਜਗਰਾਓਂ ਨੇੜੇ ‘ਵੱਡੇ ਠਾਠ’ ਗਏ ਹੋਂ? ਜਾ ਕੇ ਵੇਖਣਾ ਜਰੂਰ।

ਤੇ ਅਜਿਹੇ ਰੱਬ ਬਾਰੇ ਸਵਾਲ ਤਾਂ ਉਠੇਗਾ ਹੀ ਨਾ। ਸਵਾਲ ਦਾ ਜਦ ਜਵਾਬ ਹੀ ਗਲਤ ਹੈ। ਸਵਾਲ ਵੀ ਗਲਤ ਹੈ ਤੇ ਜਵਾਬ ਵੀ। ਸਵਾਲ ਕਰਨ ਵਾਲਾ ਕਿਤੇ ਰੱਬ ਲੱਭਣ ਲਈ ਸਵਾਲ ਥੋੜੋਂ ਕਰ ਰਿਹੈ ਉਹ ਤਾਂ ਰੱਬ ਨੂੰ ‘ਉਪਰੋਂ’ ਲਾਹੁਣ ਲਈ ਢਾਂਗੀ ਫੜੀ ਖੜਾ ਹੈ ਜਿਹੜਾ ਪੁਜਾਰੀ ਨੇ ‘ਉਪਰ’ ਟੰਗ ਦਿੱਤਾ ਹੋਇਆ? ਇੱਕ ਰੱਬ ਨੂੰ ਲਾਹੁਣਾ ਚਾਹੁੰਦਾ ਕਿ ਆ ਹੇਠਾਂ ਦੇਖਾਂ ਤੈਨੂੰ ਵੱਡੇ ਰੱਬ ਨੂੰ, ਦੂਜਾ ਉਪਰ ਹੀ ਟੰਗੀ ਰੱਖਣਾ ਚਾਹੁੰਦਾ ਕਿਉਂਕਿ ‘ਉਪਰ’ ਟੰਗ ਕੇ ਲੁੱਟ ਸੌਖੀ ਪਰ ਰੱਬ ਵਿਚ ਦੋਵਾਂ ਦੀ ਰੁਚੀ ਨਹੀਂ। ਇਕ ਦਾ ਰਸ ਲਾਹੁਣ ਵਿਚ ਹੈ ਦੂਜੇ ਦਾ ਫਾਇਦਾ ਉਪਰ ਟੰਗੀ ਰੱਖਣ ਵਿਚ। ਵਪਾਰ ਦੋਵੇਂ ਕਰ ਰਹੇ ਹਨ। ਵਪਾਰ ਹੈ ਹੀ ਐਸਾ। ਪਤਾ ਨਹੀਂ ਕਿਸ ਦੀ ਕਿਹੜੀ ਹੱਟੀ ਚਲ ਜਾਣੀ ਹੁੰਦੀ ਲਾਹੁਣ ਵਾਲੀ ਜਾਂ ਟੰਗਣ ਵਾਲੀ! ‘ਪ੍ਰੀਤ ਲੜੀ’ ਵਾਲੇ ਦੀ ਦੇਖ ਲਓ ਲਾਹੁਣ ਵਾਲੀ ਚਲ ਨਿਕਲੀ, ਪੂਰਾ ‘ਪ੍ਰੀਤ ਨਗਰ’ ਹੀ ਵਸਾ ਮਾਰਿਆ! ਸੁਰਜੀਤ ਕਾਮਰੇਡ ਕ੍ਰੋੜਾਂ ਪਤੀ ਮਰਿਆ? ਉਧਰ ‘ਸਾਈਂ ਬਾਬਾ’? ਜੁੱਤੀਆਂ ਹੀ ਚਾਂਦੀ ਦੀਆਂ ਪਾਈ ਫਿਰਦਾ ਸੀ? ਸਿੱਖਾਂ ਦੇ ਸਾਧ? ਆਹ ਮੁੰਡੂ ਜਿਹੇ ਸਾਧਾਂ ਦੀਆਂ ਮਾਲਾਂ ਘੁੱਕਦੀਆਂ ਕ-ਨਹੀਂ ਸੋਨੇ ਦੀਆਂ? ਮਸਲਾ ਵਪਾਰ ਹੀ ਹੈ!

ਰੱਬ ਨੂੰ ਜਦ ਮੈਂ ਬੰਦੇ ਵਾਂਗ ‘ਐਕਟ’ ਕਰਦਾ ਦੇਖਦਾ ਹਾਂ ਤਾਂ ਮੈਂ ਗੁਆਚ ਜਾਂਦਾ ਹਾਂ। ਮੈਨੂੰ ਜਾਪਦਾ ਕਿ ਰੱਬ ਇੱਕ ਬੰਦਾ ਹੀ ਹੈ। ਮੇਰੇ ਹੀ ਵਰਗਾ ਬੰਦਾ। ਸੋਹਣਾ ਹੋਊ ਥੋੜਾ! ਥੋੜਾ ਵੱਡਾ! ਉੱਚਾ ਥੋੜਾ! ਉੱਚੀ ਜਗ੍ਹਾ! ਤੇ ਉੱਚੀ ਜਗ੍ਹਾ ਤਾਂ ਉਤਾਂਹ ਹੀ ਹੈ ਤੇ ਪੁਜਾਰੀ ਨੇ ‘ਉਪਰ’ ਟੰਗ ਦਿੱਤਾ? ਜੇ ਉਹ ਬੰਦੇ ਹੀ ਵਰਗਾ ਹੈ ਤਾਂ ਮੈਂ ਕਹਿੰਨਾ ਉਹ ਮੈਨੂੰ ਬੰਦਾ ਬਣਕੇ ਕਿਉਂ ਨਹੀਂ ਮਿਲਦਾ। ਬੱਅਸ! ਆਹ ਹੀ ਮੇਰੀ ਮੁਸ਼ਕਲ ਹੈ ਕਿਉਂਕਿ ਨਾ ਰੱਬ ਇੰਝ ਮਿਲਦਾ ਨਾ ਕਿਸੇ ਨੂੰ ਮਿਲਿਆ। ਮਿਲ ਸਕਦਾ ਹੀ ਨਹੀਂ। ਉਸ ਦੇ ਇੰਝ ਮਿਲਨ ਦਾ ਕੋਈ ਕਾਰਨ ਹੀ ਨਹੀਂ। ਕਿਉਂਕਿ ਉਹ ਕੋਈ ਬੰਦਾ ਨਹੀਂ ਬਲਕਿ ਬੰਦੇ ‘ਵਿਚ’ ਬੰਦਾ ਹੈ। ਤੁਹਾਨੂੰ ਕਦੇ ਅਪਣੇ ਬੰਦੇ ਵਿਚ ਬੰਦਾ ਦਿੱਸਿਆ? ਨਹੀਂ ਦਿੱਸਦਾ। ਸਾਰੀ ਉਮਰ ਨਹੀਂ ਦਿੱਸਦਾ। ਦੂਜੇ ਲੋਕ ਹੀ ਦਿੱਸੀ ਜਾਂਦੇ ਤੇ ਮੈਂ ਦੂਜਿਆਂ ਨੂੰ ਦੇਖਦਾ ਹੀ ਮਰ ਜਾਂਦਾ ਹਾਂ। ਜਿਸ ਨੂੰ ਅਪਣੇ ਵਿਚਲਾ ਬੰਦਾ ਦਿੱਸ ਪਿਆ ਉਸ ਨੂੰ ਰੱਬ ਦਿੱਸ ਪੈਂਦਾ! ਵਰਾਟ ਖੁਲ੍ਹ ਜਾਂਦੇ ਫੜਕੇ। ਦੂਜੇ ਦਿੱਸਣੋਂ ਹੱਟ ਜਾਂਦੇ। ਦੂਜਾ ਰਹਿੰਦਾ ਹੀ ਕੋਈ ਨਹੀਂ ਦਿੱਸਣਾ ਕੀ ਏ? ‘ਨ ਕੋ ਵੈਰੀ ਨਾਹੀ ਬੇਗਾਨਾ’ ਹੋ ਜਾਂਦਾ। ਤੁਸੀਂ ਅਪਣੇ ਆਪ ਦੇ ਵੈਰੀ ਤਾਂ ਨਹੀਂ ਨਾ ਹੋ ਸਕਦੇ। ਕਿ ਹੋ ਸਕਦੇ? ਫਿਰ ਕੌਣ ਚੂਹੜਾ ਤੇ ਕੌਣ ਚਮਾਰ ਤੇ ਕਿਹੜਾ ਜੱਟ! ਕਿਹੜਾ ਉੱਚਾ ਤੇ ਕੌਣ ਨੀਵਾਂ! ਕੌਣ ਸੁੱਚਾ ਤੇ ਕੌਣ ਜੂਠਾ? ਤੁਸੀਂ ਫਿਰ ਬਾਟੇ ਥੋੜੋਂ ਅੱਡ ਖੜਕਾਈ ਫਿਰੋਂਗੇ। ਜ੍ਹੱਬ ਹੀ ਨਿਬੜ ਜਾਂਦੇ ਸਾਰੇ ਜਦ ‘ਮੁਕਰ ਮਾਹਿ ਜੈਸੇ ਛਾਈ’ ਨਜਰੀਂ ਪੈਂਦਾ!!

ਇਹੀ ਰੱਬ ਹੈ ਹੋਰ ਕੀ ਹੈ ਰੱਬ? ਮੇਰੇ ਬੰਦੇ ਵਿਚ, ਮੇਰੇ ਵਜੂਦ ਵਿਚ ਤਿਣਕਾ ਤਿਣਕਾ ਕਰਕੇ ਰਮਿਆ ਹੋਇਆ। ਉਹ ਹੈ ਤਾਂ ਮੈਂ ਹਾਂ। ਮੇਰਾ ਤੁਰਨਾ, ਫਿਰਨਾ, ਬੋਲਣਾ, ਬੈਠਣਾ ਸਬੂਤ ਹੈ ਕਿ ਰੱਬ ਹੈ। ਹੋਰ ਰੱਬ ਮੈਂ ਕਿਥੇ ਭਾਲਦਾ ਹਾਂ? ਹੋਰ ਰੱਬ ਕੀ ਹੈ ਜਿਹੜਾ ਮੈਨੂੰ ਮਿਲ ਪਵੇ?

ਹਾਂਅ! ਕਹਾਣੀ ਵਾਲਾ ਅਵਾਰਾ ਜਿਹਾ ਬਾਬਿਆਂ ਦਾ ‘ਰੱਬ’ ਕਈਆਂ ਨੂੰ ਮਿਲਿਆ। ਜਿਵੇਂ ਬ੍ਰਹਾਮਣ ਦਾ ਖੀਰ ਸਮੁੰਦਰ ਵਾਲਾ ‘ਰੱਬ’? ਉਸ ਨੂੰ ਹੋਰ ਕੋਈ ਕੰਮ ਨਹੀਂ। ਜਦ ਕਹੋ ਧਰਤੀ 'ਤੇ ਆ ਜਾਂਦਾ। ਕਿਸੇ ਬਾਬੇ ਦਾ ਸਿਰ ਦੁੱਖ ਪਵੇ ਤਾਂ ਦੌੜਿਆ ਆਉਂਦਾ। ਕਿਸੇ ਦੀ ਕੱਟੀ ਗਵਾਚੀ ਤੇ ਵੀ ਆ ਜਾਂਦਾ! ਖੋਤੇ ਚਾਰਨ ਵਰਗਾ ਰੱਬ ਹੈ ਬਾਬਿਆਂ ਦਾ। ਇਹੀ ਕਾਰਨ ਹੈ ਕਿ ਪੁਜਾਰੀ ਦਾ ਰੱਬ ਬਹੁਤੀ ਦੁਨੀਆਂ ਨੇ ਗੋਡਿਆਂ ਹੇਠ ਧਰ ਲਿਆ ਹੈ। ਉਹ ਕਹਿੰਦੇ ਕਰਾਉਂਣਾ ਕੀ ਅਜਿਹੇ ਰੱਬ ਤੋਂ ਜਿਸ ਦਲਾਲ ਨੂੰ ਰਿਸ਼ਵਤ ਦਿੱਤੇ ਹੀ ਆਉਂਣਾ ਹੈ। ਰਿਸ਼ਵਤ-ਖੋਰ ਰੱਬ?

ਕੁਦਰਤ ਨੂੰ ਮੈਂ ਗਹੁ ਨਾਲ ਦੇਖਾਂ, ਕੁਦਰਤ ਦੇ ਨੇੜੇ ਹੋਵਾਂ ਉਸ ਵਿਚੋਂ ਡਲਕਾਂ ਪਿਆ ਮਾਰਦਾ ਰੱਬ। ਯਾਨੀ ਕੁਦਰਤ ਹੀ ਰੱਬ ਹੈ। ਕੁਦਰਤ ਦਾ ਹਰੇਕ ਕਣ ਰੱਬ ਹੀ ਤਾਂ ਹੈ। ਕੁਦਰਤ ਦੀ ਇੱਕ ਇੱਕ ਕਿਰਿਆ ਵਿਸਮਾਦ ਕਰ ਦੇਣ ਵਾਲੀ ਹੈ। ਫੁੱਲ ਸੁਗੰਧ ਦਿੰਦਾ ਹੈ ਪਰ ਮੈਨੂੰ ਕੀ ਲੋੜ ਪਈ ਕਿ ਮੈਂ ਜ਼ਿਦ ਕਰਾਂ ਕਿ ਮੈਂ ਸੁਗੰਧ ਦੇਖ ਕੇ ਹੀ ਰਹਿਣਾ ਹੈ? ‘ਮੁਕਰ ਮਾਹਿ ਜੈਸੇ ਛਾਈ’ ਸ਼ੀਸੇ ਵਿਚ ਜਿਵੇਂ ਮੈਂ ਖੁਦ ਨੂੰ ਦੇਖਦਾ ਹਾਂ। ਮੇਰਾ ਇਹ ਦਿੱਸਣਾ ਹੋਰ ਕੀ ਹੈ? ਬੰਦੇ ਵਰਗਾ ਰੱਬ ਕਿਸੇ ਨੂੰ ਲੱਭਿਆ ਨਾ ਲੱਭਣਾ ਹੈ। ਪਰ ਉਂਝ ਰੱਬ ਕਦੇ ਗਵਾਚਾ ਹੀ ਨਹੀਂ ! ਕਿ ਗਵਾਚਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

 ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top