Share on Facebook

Main News Page

ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
-:
ਗੁਰਦੇਵ ਸਿੰਘ ਸੱਧੇਵਾਲੀਆ

ਮੌਤ ਘਰ ਘਰ ਇੰਝ ਕਾਰਡ ਵੰਡਦੀ ਰਹਿੰਦੀ ਜਿਵੇਂ ਵਿਆਹ ਵੇਲੇ ਨੈਣ ਸੱਦੇ ਦਿੰਦੀ ਫਿਰਦੀ ਹੈ। ਮੇਰੇ ਦੇਖਦੇ ਹੀ ਦੇਖਦੇ ਸੰਸਾਰ ਜਾ ਰਿਹਾ ਹੈ। ਕਦੇ ਕਿਤੋਂ ਕਦੇ ਕਿਤੋਂ ਮੌਤ ਦੀ ਖ਼ਬਰ ਆ ਜਾਂਦੀ ਹੈ ਪਰ ਹੈਰਾਨੀ ਕਿ ਮੈਂ ਖੁਦ ਬੇ-ਖ਼ਬਰ ਹਾਂ। ਮੈਨੂੰ ਜਾਪਦਾ ਮੌਤ ਬਹੁਤ ਦੂਰ ਹੈ। ਮੇਰਾ ਤੇ ਮੌਤ ਦਾ ਬਹੁਤ ਫਾਸਲਾ ਹੈ। ਪਰ ਕਮਲਿਆ ਮੌਤ ਤਾਂ ਤੇਰੇ ਅੰਦਰ ਸ਼ਹਿ ਲਾਈ ਬੈਠੀ ਹੈ। ਧੁਰ ਤੇਰੇ ਅੰਦਰ। ਇਨੀ ਨੇੜੇ ਕਿ ਮੈਨੂੰ ਪਤਾ ਹੀ ਨਾ ਲੱਗੇ ਕਿ ਮੌਤ ਵਾਲਾ ਜਿੰਨ ਮੇਰੇ ਹੀ ਅੰਦਰੋ ਕਦ ਜਾਗ ਪਵੇ। ਮੇਰੇ ਅੰਦਰ ਸੁੱਤੀ ਹੋਈ ਮੌਤ ਨੂੰ ਮੈ ਦੂਰ ਸਮਝੀ ਬੈਠਾ ਹਾਂ?

ਦੂਰੋਂ ਆਉਂਦੇ ਸੁਨੇਹੇ ਮੇਰੇ ਲਈ ਸੂਚਕ ਹੁੰਦੇ ਹਨ ਕਿ ਮਿੱਤਰਾ ਤੂੰ ਵੀ ਤਿਆਰ ਰਹਿ। ਦੂਰੋਂ ਸੁਣਦੀਆਂ ਅਵਾਜਾਂ ਤੇਰੇ ਤੱਕ ਕਦੇ ਵੀ ਪਹੁੰਚ ਸਕਦੀਆਂ ਹਨ। ਮੌਤ ਦੇ ਸੁਨੇਹੇ ਕਦੇ ਦੂਰ ਨਾ ਸਮਝ। ਜਦ ਮੈਂ ਕਹਿੰਨਾ ਫਲਾਂ ਚੰਗਾ ਭਲਾ ਸੀ ਲੈ ਦੱਸ ਕੀ ਲੈ ਗਿਆ। ਉਦੋਂ ਮੈਂ ਭੁੱਲ ਜਾਂਨਾ ਕਿ ਮੈਂ ਵੀ ਉਸੇ ਕਿਸ਼ਤੀ ਤੇ ਸਵਾਰ ਹਾਂ ਜਿਹੜੀ ਤੇ ਸਵਾਰ ਹੋਇਆ ਉਹ ਡੁੱਬਿਆ। ਜਦ ਉਹ ਕੁਝ ਨਹੀਂ ਲੈ ਗਿਆ ਤਾਂ ਮੈਂ ਕੀ ਲੈ ਜਾਣਾ ਹੈ। ਜਦ ਉਹ ਨਹੀਂ ਰਿਹਾ ਤਾਂ ਮੇਰੇ ਰਹਿਣ ਦਾ ਕੀ ਦਾਅਵਾ ਹੈ। ਜਦ ਉਹ ਜਿੰਦੇ ਖੁਲ੍ਹੇ ਛੱਡ ਗਿਆ ਤਾਂ ਤੇਰੇ ਕਿਵੇਂ ਲੱਗੇ ਰਹਿਣਗੇ। ਜਦ ਉਸ ਦੀਆਂ ਹਵੇਲੀਆਂ ਵੈਰਾਨ ਪਈਆਂ ਹਨ ਤਾਂ ਤੇਰੀਆਂ ਦਾ ਕੀ ਬਣੇਗਾ।

ਪਰ ਨਹੀਂ! ਇਹ ਸਭ ਕੁਝ ਮੈਂ ਦੂਜਿਆਂ ਲਈ, ਜਾ ਚੁੱਕਿਆ ਲਈ, ਤੁਰ ਗਿਆ ਲਈ ਸੋਚਦਾਂ ਪਰ ਅਪਣੇ ਲਈ ਨਹੀਂ। ਹਾਲੇ ਮੈਂ ਫਿਊਨਰਲ-ਹੋਮ ਤੇ ਕਿਸੇ ਨੂੰ ਅੱਗ ਦੇ ਕੇ ਵੀ ਨਹੀਂ ਨਿਕਲਦਾ ਕਿ ਫੋਨ ਦੇਖਣ ਲੱਗਦਾ ਹਾਂ ਕਿ ਕਿਸੇ ਦੀ ਮਿੱਸ-ਕਾਲ? ਤੇ ਮੈਂ ਦੌੜ ਉੱਠਦਾ ਹਾਂ। ਮੇਰੇ ਸਾਹਵੇਂ ਸਿਰਤੋੜ ਦੌੜਨ ਵਾਲਾ ਚੁੱਪ-ਚਾਪ ਤੁਰ ਗਿਆ, ਪਰ ਮੈਂ ਉਸ ਕੋਲੋਂ ਕੋਈ ਸੁਨੇਹਾ ਨਹੀਂ ਲਿਆ। ਇਹ ਮੈਨੂੰ ਵੀ ਸੁਨੇਹਾ ਸੀ ਤਿਆਰੀ ਦਾ ਪਰ ਮੈਂ ਸੁਣਿਆ ਹੀ ਕਦ? ਮੈਨੂੰ ਜਾਪਦਾ ਜਿਵੇਂ ਇਹ ਕਿਸੇ ਓਪਰੀ ਜਿਹੀ ਦੁਨੀਆਂ ਦੀਆਂ ਗੱਲਾਂ ਨੇ। ਜਿਵੇਂ ਮੇਰਾ ਇਨ੍ਹਾਂ ਨਾਲ ਕੋਈ ਸਬੰਧ ਨਾ ਹੋਵੇ। ਜਿਵੇਂ ਮੈਂ ਦੂਰ ਹੋਵਾਂ ਇਨਾਂ ਗੱਲਾਂ ਤੋਂ। ਜਿਵੇਂ ਮੌਤ ਨੇ ਕਦੇ ਵੀ ਮੇਰਾ ਦਰਵਾਜਾ ਨਾ ਖੜਕਾਉਣਾ ਹੋਵੇ। ਸਾਰਾ ਜੀਵਨ ਮੈਂ ਮੌਤ ਨਾਲ ‘ਇੰਟਰੋਡਿਊਸ’ ਨਹੀਂ ਹੋ ਪਾਉਂਦਾ!

ਬੱਅਸ! ਮੇਰੇ ਗੁਨਾਹਾ ਦਾ ਕਾਰਨ ਇਹੀ ਹੈ। ਇਹੀ ਕਿ ਮੈਂ ਮੌਤ ਨੂੰ ਅਪਣੀ ਜਿੰਗਦੀ ਦਾ ਹਿੱਸਾ ਨਹੀਂ ਸਮਝਦਾ। ਮੈਂ ਮੌਤ ਨੂੰ ਲੋਕਾਂ ਉਪਰ ਵਾਪਰਦੀ ਦੇਖ ਵੀ ਸਮਝ ਨਹੀਂ ਪਾਉਂਦਾ ਕਿ ਇਹ ਮੇਰੇ ਉਪਰ ਵੀ ਵਾਪਰਨ ਵਾਲੀ ਹੈ। ਗੁਰਬਾਣੀ ਦੇ ਇਹ ਪਾਵਨ ਬੱਚਨ ਜੇ ਮੇਰੀ ਜਿੰਦਗੀ ਦਾ ਹਿੱਸਾ ਬਣ ਸਕਦੇ ਕਿ ਕਮਲਿਆ ਮੌਤ ਘਰ ਘਰ ਸੱਦੇ ਦੇ ਰਹੀ ਹੈ ਤੇ ਇਹ ਸੱਦਾ ਤੇਰੇ ਘਰ ਵੀ ਆਉਂਣ ਵਾਲਾ ਹੈ ਤਾਂ ਮੈਂ ਕਦੇ ਗੁਨਾਹ ਨਾ ਕਰਦਾ। ਮੈਂ ਕਦੇ ਪਾਪ ਕਰ-ਕਰ ਧਨ ਨਾ ਜੋੜਦਾ। ‘ਗੇੜੇ’ ਲਾ ਲਾ ਕਦੇ ਧਨ ਦੇ ਅੰਬਾਰ ਨਾ ਲਾਉਂਦਾ। ਮੌਤ ਨਾਲ ਮਿੱਤਰਤਤਾ ਵਰਗੀ ਸਾਂਝ ਪਾਈ ਰੱਖਣ ਵਾਲਾ ਇਹ ਛੋਛੇ-ਬਾਜੀਆਂ ਕਿਉਂ ਕਰੇਗਾ!

ਪੈਸਾ ਮਾੜਾ ਨਹੀਂ! ਅਮੀਰ ਹੋਣਾ ਮਾੜਾ ਨਹੀਂ। ਪਰ ਅਮੀਰ ਹੋਣ ਦੇ ਮਾਪਦੰਡ ਕੀ ਹਨ? ਡੋਡੇ ਵੇਚਣੇ? ਡਰੱਗ ਵੇਚਣੀ? ਤੇ ਇਥੋਂ ਤੱਕ ਅਪਣੀ ਜ਼ਮੀਰ ਹੀ ਵੇਚ ਦੇਣੀ? ਅਪਣਾ ਸਵੈਮਾਨ, ਅਪਣੀ ਗੈਰਤ ਸਭ ਵੇਚ ਦੇਣੀ?

ਆਹ ਹਾਲੇ 15 ਅਗੱਸਤ ਕੱਲ ਲੰਘਿਆ। ਕਿੰਨੇ ਲੋਕ ਕਿੰਨੇ ਸਸਤੇ ਵਿੱਕੇ ਜਦ ਉਹ ਉਨ੍ਹਾਂ ਦੇ ਜਸ਼ਨਾ ਵਿਚ ਜਾ ਕੇ ਰੰਗੀਨੀਆਂ ਮਨਾਉਂਦੇ ਜਿੰਨਾ ਸਾਡੀ ਪੱਗ ਸਰੇਬਜਾਰ ਲਾਹੀ! ਪਰ ਅਸੀਂ? ਮੌਤ ਚੇਤੇ ਹੀ ਨਹੀਂ? ਨਹੀਂ ਤਾਂ ਮੈਂ ਅਪਣਾ ਸਵੈਮਾਨ ਇੰਝ ਤਾਂ ਨਾ ਵੇਚਾਂ ਨਾ। ਅਪਣੀ ਗੈਰਤ ਦਾ ਇੰਝ ਤਾਂ ਭੋਗ ਨਾ ਪਾਵਾਂ ਨਾ। ਮੈਂ ਓਸ ਪੰਜਾਬ ਦਾ ਹਾਂ ਜਿਹੜਾ ਸੱਤ ਪੀਹੜੀਆਂ ਅਪਣਾ ਵੈਰ ਨਹੀਂ ਸੀ ਗਵਾਉਂਦਾ, ਪਰ ਹੁਣ ਮੈਂ ਕਿੰਨਾ ਬੇਗੈਰਤ ਹੋ ਨਿਬੜਿਆਂ ਹਾਂ ਕਿ ਹਾਲੇ ਤਾਂ ਦੂਜੀ ਪੀਹੜੀ ਵੀ ਨਹੀਂ ਹੋਈ???? ਤੇ 15 ਅਗੱਸਤ ਦੇ ਰਸਗੁੱਲੇ?

ਮੈਂ ਬਹੁਤ ਸਸਤਾ ਹੋ ਗਿਆ ਹਾਂ! ਕਿਉਂਕਿ ਨਿੱਤ ਅਤੇ ਘਰ ਘਰ ਸੱਦੜੇ ਦੇਣ ਵਾਲੀ ਦਾ ਸੱਦਾ ਮੈਂ ਭੁੱਲ ਹੀ ਗਿਆ ਹਾਂ, ਅਤੇ ਮੈਨੂੰ ਜਾਪਦਾ ਹੀ ਨਹੀਂ ਕਿ ਇਹ ਸੱਦਾ ਕਦੇ ਮੇਰੇ ਘਰ ਵੀ ਆਉਂਣਾ ਵਾਲਾ ਹੈ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top