Share on Facebook

Main News Page

………ਅਕਾਲ ਪੁਰਖ ਕੀ ਫੌਜ !!!
-: ਗੁਰਦੇਵ ਸਿੰਘ ਸੱਧੇਵਾਲੀਆ

ਤੁਸੀਂ ਉਹ ਕਹਾਵਤ ਜਾਂ ਕਹਾਣੀ ਸੁਣੀ ਹੈ ਜਦ ਇਕ ਸ਼ੇਰ ਸਿੰਘ ਨਾਂ ਦਾ ਬੰਦਾ ਬਾਹਰੋਂ ਆਵਾਜ਼ ਦਿੰਦਾ ਹੈ ਤਾਂ ਘਰ ਦਾ ਮਾਲਕ ਕਹਿੰਦਾ ਲੰਘ ਆ, ਪਰ ਸ਼ੇਰ ਸਿੰਘ ਕਹਿੰਦਾ ਯਾਰ ਤੇਰਾ ਕੁੱਤਾ ਖੁਲ੍ਹਾ ਜਾਪਦਾ। ਮਾਲਕ ਹੱਸ ਪੈਂਦਾ ਹੈ ਕਿ ਨਾਂ ਸ਼ੇਰ ਸਿੰਘ ਤੇ ਡਰੀ ਕੁੱਤੇ ਤੋਂ ਜਾਂਦਾ??

ਬਾਬਾ ਫੌਜਾ ਸਿੰਘ ਸੋਚ ਕੇ ਆਪੇ ਹੀ ਕੁੱਤੇ ਵਾਲੀ ਕਹਾਣੀ ਰੱਦ ਕਰ ਦਿੰਦਾ ਹੈ, ਕਿਉਂਕਿ ਕੁੱਤਾ ਤਾਂ ਫਿਰ ਵੀ ਤਗੜਾ ਹੁੰਦਾ ਇਥੇ ਕਈ ਸ਼ੇਰ ਸਿੰਘ ਤਾਂ ਬਿੱਲੀ ਤੋਂ ਹੀ ਡਰੀ ਜਾਂਦੇ ਹਨ। ਹਾਲੇ ਪਿੱਛਲੇ ਹੀ ਹਫਤੇ ਦੀ ਗੱਲ ਹੈ ਬਾਬਾ ਫੌਜਾ ਸਿੰਘ ਅਪਣੇ ਨਵੇਂ ਘਰ ਦੇ ਬਾਹਰ ਸਫਾਈ ਕਰ ਰਿਹਾ ਸੀ। ਨਾਲ ਉਸ ਦਾ ਸਾਂਢੂ ਵੀ ਸੀ। ਘਰ ਦੇ ਬਾਹਰ ਵਾਰ ਸੜਕ ਦੇ ਨਾਲ ਫੁੱਟ-ਪਾਥ ਉਪਰ ਇਕ ਦਸਤਾਰ ਵਾਲਾ ਬੰਦਾ ਸੈਰ ਕਰਦਾ ਜਾ ਰਿਹਾ ਸੀ। ਫਾਰਮ ਜਿਹਾ ਇਲਾਕਾ ਹੋਣ ਕਾਰਨ ਉਧਰ ਬਿੱਲੀਆਂ ਆਮ ਹੀ ਫਿਰਦੀਆਂ ਰਹਿੰਦੀਆਂ। ਉਸ ਦੇ ਸੈਰ ਕਰਦੇ ਸਾਹਵੇਂ ਬਿੱਲੀ ਲੰਘ ਗਈ! ਬਾਬੇ ਦੇ ਦੇਖਦਿਆਂ ਹੀ ਦੇਖਦਿਆਂ ਸੈਰ ਕਰ ਰਿਹਾ ‘ਸਰਦਾਰ’ ਪਿੱਛਲੇ ਪੈਰੀਂ ਜੇ ਮੁੜ ਜਾਂਦਾ ਤਾਂ ਸੋਚਿਆ ਜਾ ਸਕਦਾ ਸੀ ਕਿ ਸ਼ਾਇਦ ਇਸਨੇ ਆਉਂਣਾ ਹੀ ਇਥੇ ਤੱਕ ਸੀ, ਪਰ ਉਸ ਜੁੱਤੀ ਲਾਹੀ, ਝਾੜੀ ਤੇ ਦੋ ਕਦਮ ਪਿੱਛੇ, ਫਿਰ ਅਗੇ, ਫਿਰ ਪਿੱਛੇ, ਤੇ ਤੁਰ ਪਿਆ!!!

ਦੇਖ ਕੇ ਬਾਬਾ ਫੌਜਾ ਸਿੰਘ ਦਾ ਮਨ ਭਰ ਆਇਆ!

ਗੁਰੂ ਬਾਜਾਂ ਵਾਲਿਆਂ ਤੈਂ ਆਹ ਸ਼ੇਰ ਬਣਾਏ ਸੀ ਜਿਹੜੇ ਕੁੱਤੇ-ਬਿੱਲੀਆਂ ਤੋਂ ਜੁੱਤੀਆਂ ਝਾੜੀ ਜਾਂਦੇ?

ਪਰ ਬਾਬਾ ਜੀ ਬਾਣੀ ਵਿਚ ਬੰਦੇ ਦੀ ਮਾਨਸਿਕਤਾ ਦੀ ਤਸਵੀਰ ਬਾਖੂਬ ਪੇਸ਼ ਕਰਦੇ ਕਹਿੰਦੇ ਹਨ ‘ਜੈਸਾ ਸੇਵੈ ਤੈਸੋ ਹੋਇ ॥੪॥ । ਤੇ ਮਹਾਂ ਮਾਈ ਪੂਜਾ ਕਰਦਾ ਤਾਂ ਔਰਤਾਂ ਵਰਗਾ ਹੋ ਜਾਂਦਾ। ਭੂਤਾਂ-ਸੀਤਲਾ ਨੂੰ ਧਿਆਉਂਣ ਵਾਲਾ ਖੋਤੇ ਵਾਂਗ ਖੇਹ ਉਡਾਉਂਦਾ। ਵਡਭਾਗੀਏ ਸਿਰ ਮਾਰ ਮਾਰ ਉਡਾਉਂਦੇ ਨਹੀਂ? ਸ਼ਿਵ ਸ਼ਿਵ ਕਰਨ ਵਾਲਾ ਵੀ ਉਦਾਂ ਦਾ ਹੀ ਹੋਊ। ਜੋਗੀ ਕੀ ਕਰਦੇ ਸਿਰ ‘ਚ ਸਵਾਹ ਪਾ ਕੇ ਸਿਰ ਵਿਚ ਜੂੰਆਂ ਪਵਾਈ ਫਿਰਦੇ। ਤੇ ਤੁਸੀਂ ਹੈਰਾਨ ਨਾ ਹੋਣਾ ਤੁਹਾਡੇ ਭੰਗ ਪੀਣੇ ਨਿਹੰਗ ਵੀ ਬਹੁਤੇ ਹੁਣ ਸ਼ਿਵ ਜੀ ਨੂੰ ਪਿਆਰ ਕਰਨ ਲੱਗ ਪਏ ਹਨ, ਤਾਂ ਹੀ ਭੰਗ ਵਿਚ ਟੁੰਨ ਰਹਿੰਦੇ ਅਤੇ ਜੂੰਆਂ ਪਵਾਈ ਫਿਰਦੇ? ਨਹੀਂ ਤਾਂ ਗੁਰੂ ਬਾਜਾਂ ਵਾਲੇ ਦੇ ਸਿੰਘ ਇੰਝ ਦੇ ਹੁੰਦੇ?

ਯਾਨੀ ਪੂਜਕ ਪੂਜਣ ਵਾਲੇ ਵਰਗਾ ਹੋ ਕੇ ਰਹਿ ਜਾਂਦਾ। ਬਾਣੀ ਤਾਂ ਝੂਠੀ ਨਹੀਂ ਹੋ ਸਕਦੀ ਕਿ ਹੋ ਸਕਦੀ? ਤੇ ਜਿਹੋ ਜਿਹੇ ਗੀਦੀ ਸਾਧਾਂ ਦੀ ਗੁਰੂ ਦਾ ਸਿੱਖ ਸੇਵਾ ਵਿਚ ਜਾ ਲੱਗਿਆ ਹੈ, ਉਹੋ ਜਿਹੀ ਗੀਦੀ ਜਿਹੀ ਉਸ ਦੀ ਸੋਚ ਗਈ ਹੈ।

ਬਾਬਾ ਫੌਜਾ ਸਿੰਘ ਹਾਲੇ ਕੁਝ ਚਿਰ ਪਹਿਲਾਂ ਹੀ ‘ਫੇਸਬੁੱਕ’ ਉਪਰ ਕਿਸੇ ਭਰਾ ਵਲੋਂ ਪਾਈ ਕੌਲਾਂ ਭਗਤ ਗੁਰਇਕਬਾਲ ਸਿੰਘ ਦੀ ਕਹਾਣੀ ਸੁਣ ਰਿਹਾ ਸੀ, ਜਿਸ ਵਿਚ ਉਹ ਕਹਿ ਰਿਹਾ ਸੀ ਕਿ ਹਰੇਕ ਗੁਰਸਿੱਖ ਦੇ ਘਰ ਇਨ੍ਹਾਂ ਮਹਾਂਪੁਰਖਾਂ ਦਾ ਇਤਿਹਾਸ ਹੋਣਾ ਚਾਹੀਦਾ! ਕਿੰਨਾ ਦਾ?

ਬਾਬਾ ਨੰਦ ਸਿੰਘ ਦਾ, ਅਤਰ ਸਿੰਘ ਮਸਤੂਆਂਣੇ ਦਾ, ਈਸ਼ਰ ਸਿੰਘ ਰਾੜੇਵਾਲੇ ਦਾ! ਅਤੇ ਤੁਸੀਂ ਹੈਰਾਨ ਹੋਵੋਂਗੇ ਕਿ ਉਹ ਬਾਬਾ ਸੁੰਦਰ ਸਿੰਘ ਅਤੇ ਗੁਰਬਚਨ ਸਿੰਘ ਦਾ ਤਾਂ ਕਹਿ ਗਿਆ ਪਰ ਬਾਬਾ ਜਰਨੈਲ ਸਿੰਘ ਨੂੰ ਫਿਰ ਛੱਡ ਗਿਆ! ਉਹ ਫਿੱਟ ਹੀ ਨਹੀਂ ਬੈਠਦਾ!

ਬਾਬਾ ਬੰਦਾ ਸਿੰਘ ਬਹਾਦਰ ਗਾਇਬ? ਹਰੀ ਸਿੰਘ ਨਲੂਆ ਗਾਇਬ? ਸ੍ਰ. ਚੜਤ ਸਿੰਘ, ਸ੍ਰ. ਜਸਾ ਸਿੰਘ ਆਹਲੂਵਾਲੀਆ, ਸ੍ਰ ਸ਼ਾਮ ਸਿੰਘ ਅਟਾਰੀ, ਅਕਾਲੀ ਫੂਲਾ ਸਿੰਘ ਗਾਇਬ? ਘੋੜਿਆਂ ਦੀਆਂ ਕਾਠੀਆਂ ਤੇ ਸੌਣ ਵਾਲੇ, ਅਬਦਾਲੀਆਂ-ਨਾਦਰਾਂ ਦੇ ਰਾਹ ਮੋਹਰੇ ਬਰਛੇ ਗੱਡ ਕੇ ਖੜ ਜਾਣ ਵਾਲੇ ਗਾਇਬ? ਤੇ ਕੌਮ ਮੇਰੀ ਬਿੱਲੀਆਂ-ਕੁੱਤਿਆਂ ਤੋਂ ਨਾ ਡਰੂ ਤਾਂ ਕੀ ਹੋਊ?

ਸਾਰੀ ਗੱਲ ਹੀ ਉਲਟ-ਪੁਲਟ ਹੋ ਗਈ ਹੈ। ਬਾਬਾ ਫੌਜਾ ਸਿੰਘ ‘ਗਿਆਨੀ’ ਠਾਕੁਰ ਸਿੰਘ ਦੀ ਕਥਾ ਸੁਣ ਰਿਹਾ ਸੀ। ਉਹ ਖਾਲਸਾ ਜੀ ਬਾਰੇ ਬੋਲ ਰਿਹਾ ‘ਖਾਲਸਾ ਅਕਾਲ ਪੁਰਖ ਕੀ ਫੌਜ’ ਬਾਰੇ ਚਾਨਣਾ ਪਾ ਰਹੇ ਸਨ। ਖਾਲਸਾ ਅਕਾਲ ਪੁਰਖ ਕੀ ਫੌਜ ਕਿਵੇਂ ਹੈ, ਉਨੀ ਚੰਗਾ ਰੰਗ ਬੰਨਿਆ। ਪਰ ਬਾਬੇ ਨੇ ਜਦ ਉਸ ਦਾ ਢਿੱਡ ਸਾਹਵੇਂ ਪਏ ਮਾਈਕ ਨੂੰ ਲੱਗਾ ਦੇਖਿਆ ਤਾਂ ਬਾਬੇ ਦਾ ਹਾਸਾ ਨਿਕਲ ਗਿਆ! ਉਠਣ ਲੱਗਿਆਂ ਉਹ ਢਿੱਡ ਨੂੰ ਇੰਝ ਸਾਂਭਦਾ ਜਿਵੇਂ ਨੌਵੇਂ ਮਹੀਨੇ ਹੁੰਦਾ।

ਉਸ ਦੀ ‘ਫੌਜ’ ਵਾਲੀ ਗੱਲ ਸੁਣ ਕੇ ਬਾਬੇ ਨੂੰ ਪਿੱਛਲੇ ਦਿਨੀ ਇੰਗਲੈਂਡ ਤੋਂ ਆਏ ਸ੍ਰ. ਪ੍ਰਭਦੀਪ ਸਿੰਘ ਦੀ ‘ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ, ਕਨੇਡਾ’ ਗੁਰਦੁਆਰੇ ਕਹੀ ਗੱਲ ਯਾਦ ਆਈ। ਉਹ ਕਹਿੰਦਾ ਮੈਂ ਵੀ ਇੰਗਲੈਂਡ ਦੀ ਆਰਮੀ ਵਿਚ ਹਾਂ, ਉਹ ਬਿਨਾ ਕਿਸੇ ਕੰਮੋ ਸਾਡਾ ਕਈ ਘੰਟੇ ਮੁੜਕਾ ਕੱਢ ਛੱਡਦੇ ਹਨ। ਫੌਜ ਦਾ ‘ਰੂਲ’ ਹੈ ਕਿ ਹੇਠਾਂ ਵੇਖਿਆਂ ਤੁਹਾਡੇ ਪੈਰ ਦਿੱਸਣੇ ਚਾਹੀਦੇ! ਪੈਰ? ਯਾਨੀ ਪੈਰਾਂ ਅਤੇ ਅੱਖਾਂ ਦਰਮਿਆਨ ਵੱਡੇ ਢਿੱਡ ਵਾਲਾ ਅੜਿੱਕਾ ਨਹੀਂ ਹੋਣਾ ਚਾਹੀਦਾ। ਪ੍ਰਭਦੀਪ ਸਿੰਘ ਦਾ ਕਹਿਣਾ ਸੀ ਕਿ ਹੈਰਾਨੀ ਦੀ ਗੱਲ ਇਹ ਕਿ ਆਮ ਦੁਨਿਆਵੀ ਫੌਜ ‘ਰੂਲ’ ਦੀ ਉਲੰਘਣਾ ਨਾ ਕਰਦੀ ਹੋਈ ਢਿੱਡ ਛਾਂਟ ਕੇ ਰੱਖਦੀ, ਪਰ ਇਧਰ ਅਕਾਲ ਪੁਰਖ ਦੀ ਫੌਜ?? ਇਥੋਂ ਤੱਕ ਕਿ ਸਿੱਖਾਂ ਦੇ ਬਹੁਤੇ ਪੰਜ ਪਿਆਰਿਆਂ ਦੇ ਪੈਰ ਤਾਂ ਕੀ ਪੈਰਾਂ ਹੇਠ ਰਿੜਦਾ ਫਿਰਦਾ ਨਿਆਣਾ ਨਾ ਦਿੱਸੇ! ਤੇ ਉਹ ਬਣਾਉਂਣਗੇ ਅਕਾਲ ਪੁਰਖ ਦੀ ਫੌਜ? ਉਧਰ ਢੱਡਰੀ ਵਾਲਾ? ਉਹ ਨਿਕੰਮਾ ਜਵਾਨੀ ਵਿਚ ਹੀ ਕਿਸੇ ਦਾ ਹੱਥ ਫੜੇ ਬਿਨਾ ਚਾਰ ਪੌੜੀਆਂ ਨਹੀਂ ਚੜ੍ਹ ਸਕਦਾ! ਪਰ ਅਕਾਲ ਪੁਰਖ ਦੀ ਫੌਜ ਉਪਰ ਜੋਰ ਲਾਉਂਣ ਲੱਗਾ ਢੋਲਕੀਆਂ-ਚਿਮਟਿਆਂ ਦੀ ਓਹ ਜਹੀ ਤਹੀ ਫੇਰਦਾ ਜਿਵੇਂ ਸਿਵਿਆਂ ਵਿਚੋਂ ਭੂਤ ਜਗਾਉਂਣ ਵਾਲੇ ਫੇਰਦੇ।

ਤੁਹਾਨੂੰ ਹੱਕ ਹੈ ਅਕਾਲ ਪੁਰਖ ਦੀ ਫੌਜ ਦਾ ਪ੍ਰਚਾਰ ਕਰਨ ਵਾਲੇ ਕਿਸੇ ਵੀ ਢਿੱਢਲ ਪ੍ਰਚਾਰਕ ਨੂੰ ਖੜਾ ਕਰਕੇ ਪੁੱਛੋ ਕਿ ਫੌਜ ਇਸ ਤਰ੍ਹਾਂ ਦੀ ਹੁੰਦੀ? ਉਹ ਵੀ ਅਕਾਲ ਪੁਰਖ ਦੀ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top