Share on Facebook

Main News Page

ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਕਹਿਣ ਵਾਲੇ ਸਾਬਕਾ ਜਥੇਦਾਰ ਪੂਰਨ ਸਿਓਂ ਦਾ ਫਰਜ਼ੰਦ ਤਿੰਨ ਮਹੀਨੇ ਲਈ ਜ੍ਹੇਲ !!!
-: ਗੁਰਦੇਵ ਸਿੰਘ ਸੱਧੇਵਾਲੀਆ

ਸਿੱਖ ਕੌਮ ਦੀ ਅੱਜ ਦੀ ਅਧੋਗਤੀ ਉਪਰ ਜੇ ਨੀਝ ਲਾ ਕੇ ਦੇਖੋ ਤਾਂ ਰੋਣਾ ਆਉਂਦਾ ਹੈ। ਕੋਈ ਸਮਾਂ ਸੀ ਖਾਲਸੇ ਦੇ ਇਖਲਾਕ ਦਾ ਲੋਹਾ ਦੁਸ਼ਮਣ ਵੀ ਮੰਨਦੇ ਸਨ, ਪਰ ਅੱਜ ਹਾਲਾਤ ਇਹ ਹੋ ਗਏ ਹਨ ਕਿ ਤੁਹਾਡੇ ਧਾਰਮਿਕ ਅਦਾਰਿਆਂ ਜਾਂ ਪ੍ਰਚਾਰਕਾਂ ਉਪਰ ਵੀ ਕਿਸੇ ਨੂੰ ਯਕੀਨ ਨਹੀਂ ਰਿਹਾ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦੇ ਲੜਕੇ ਅਜੈ ਸਿੰਘ ਨੇ ਉਸੇ ਘਰ ਵਿਚ ਇੱਕ ਸਿੰਘ ਦੀ 13 ਸਾਲਾ ਲੜਕੀ ਨੂੰ ਉਸ ਦੇ ਕਮਰੇ ਵਿਚ ਜਾ ਕੇ ਹੱਥ ਪਾ ਲਿਆ, ਜਿਥੇ ਉਹ ਠਹਿਰਿਆ ਹੋਇਆ ਸੀ। ਅਜੈ ਸਿੰਘ ਨੂੰ ਗੁਰੂ ਦਾ ਕੀਰਤਨੀਆ ਜਾਣ, ਬੱਚੀ ਦੇ ਪ੍ਰੀਵਾਰ ਨੇ ਉਸ ਨੂੰ ਘਰੇ ਸੱਦ ਕੇ ਪ੍ਰਸ਼ਾਦਾ ਪਾਣੀ ਛਕਾਇਆ ਅਤੇ ਰਾਤ ਲੇਟ ਹੋਣ ਕਾਰਨ ਉਸ ਨੂੰ ਘਰ ਹੀ ਸੌਣ ਲਈ ਬੇਨਤੀ ਕੀਤੀ, ਕਿ ਸਵੇਰੇ ਉਸ ਨੂੰ ਗੁਰੂ ਘਰ ਛੱਡ ਦਿੱਤਾ ਜਾਵੇਗਾ। ਇਹ ਫਰਵਰੀ 2008 ਦੀ ਗੱਲ ਹੈ। ਘਟਨਾ ਤੋਂ ਅਗਲੀ ਸਵੇਰ ਅਜੈ ਸਿੰਘ ਨੇ ਅਪਣੀ ਗਲਤੀ ਮੰਨਣ ਦੀ ਬਜਾਇ, ਉਲਟਾ ਪ੍ਰੀਵਾਰ ਵਾਲਿਆਂ ਉਪਰ ਦੋਸ਼ ਲਾਇਆ ਕਿ ਉਹ ਉਸ ਨੂੰ ਜਾਣ ਬੁਝ ਕੇ ਫਸਾ ਰਹੇ ਹਨ।

ਇਸ ਗੱਲ ਦੀ ਪੁਸ਼ਟੀ ਉਸ ਦੀ ਅਜੀਤ ਅਖਬਾਰ ਵਿਚ ਛੱਪੀ ਖਬਰ ਵੀ ਕਰਦੀ ਹੈ, ਜਿਸ ਵਿਚ ਉਹ ‘ਚੋਰ ਨਾਲੇ ਚਤਰ’ ਵਾਲੀ ਗੱਲ ਕਰ ਰਿਹਾ ਹੈ। ਘਟਨਾ ਵਾਲੇ ਦਿਨ ਵੀ ਉਹ ਗਲਤੀ ਮੰਨਣ ਦੀ ਬਜਾਇ, ਉਲਟਾ ਪ੍ਰੀਵਾਰ ਉਪਰ ਦੋਸ਼ ਲਾਉਂਣ ਲਈ ਬਜ਼ਿਦ ਰਿਹਾ ਜਿਸ ਕਾਰਨ ਖਿੱਝ ਕੇ ਪ੍ਰੀਵਾਰ ਵਾਲਿਆਂ ਪੁਲਿਸ ਕਾਲ ਕਰ ਦਿੱਤੀ। ਤੇ ਇਸ ਪੰਜ ਸਾਲ ਚਲੇ ਕੇਸ ਦੀ ਸੁਣਵਾਈ 17 ਅਕਤੂਬਰ ਦਿਨ ਵੀਰਵਾਰ ਨੂੰ ਹੋਈ ਜਿਸ ਵਿਚ ਕੋਰਟ ਵਲੋਂ ਅਜੈ ਸਿੰਘ ਨੂੰ ਤਿੰਨ ਮਹੀਨੇ ਦੀ ਸਜਾ ਸੁਣਾਈ ਗਈ!!

ਕੈਨੇਡਾ ਦਾ ਕਾਨੂੰਨ ਦੁੱਧ ਪਾਣੀ ਨਿਖੇੜ ਦਿੰਦਾ ਹੈ, ਜਿਸ ਤੋਂ ਸਾਬਤ ਹੁੰਦਾ ਕਿ ਅਜੈ ਨਾਂ ਦੇ ਬੰਦੇ ਇਹ ਘਿਨੌਣੀ ਹਰਕਤ ਕੀਤੀ ਸੀ।

ਤੁਸੀਂ ਕਹਿੰਨੇ ਸਮਾਜ ਦੂਸ਼ਤ ਹੋ ਰਿਹੈ। ਸਮਾਜ ਵਿਚ ਕ੍ਰਾਈਮ ਵਧ ਰਹੇ ਹਨ, ਪਰ ਚਲੋ ਤੁਹਾਨੂੰ ਤਸਵੀਰ ਦਾ ਦੂਜਾ ਪਾਸਾ ਵੀ ਦਿਖਾਉਂਦੇ ਹਾਂ

ਅਜੈ ਸਿੰਘ ਉਪਰ ਦੋਸ਼ ਲੱਗਾ! ਕੀ ਲੱਗਾ? ਕਿ ਉਸ ਨੇ ਕਿਸੇ ਗੁਰਸਿੱਖ ਪ੍ਰੀਵਾਰ ਦੇ ਘਰੇ ਉਸ ਦੀ ਬੱਚੀ ਨਾਲ ਘਿਨੌਣੀ ਹਰਕਤ ਕੀਤੀ। ਉਸ ਜੋ ਕੀਤਾ ਉਸ ਦੀ ਸਜਾ ਭੁਗਤ ਲਵੇਗਾ, ਪਰ ਜੋ ਹਰਕਤ ਉਨ੍ਹਾਂ ਲੋਕਾਂ ਕੀਤੀ ਜਿਹੜੇ ਡੱਟ ਕੇ ਉਸ ਨਾਲ ਤਰੀਕਾਂ ‘ਤੇ ਜਾਂਦੇ ਰਹੇ? ਪਤਾ ਹੋਣ ਦੇ ਬਾਵਜੂਦ ਵੀ ਕਿ ਉਸ ਉਪਰ ਦੋਸ਼ ਕੀ ਲੱਗੇ ਹਨ? ਤੇ ਉਹ ਵੀ ਇੱਕ ਕੀਰਤਨੀਏ ਉਪਰ? ਤੇ ਉਹ ਕੀਰਤਨੀਆ ਦਰਬਾਰ ਸਾਹਿਬ ਦਾ ਹਜੂਰੀ ਰਾਗੀ ਵੀ ਹੈ ਅਤੇ ਇਸ ਤੋਂ ਅੱਗੇ ਉਹ ਕੀਰਤਨੀਆਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦਾ ਮੁੰਡਾ ਵੀ ਹੈ?

ਉਨ੍ਹਾਂ ਲੋਕਾਂ ਦੇ ਡੱਟ ਕੇ ਨਾਲ ਖੜਨ ਤੋਂ ਮੈਨੂੰ ਟੋਰੰਟੋ ਦੇ ਇਕ ਗੁਰਦੁਆਰੇ ਵਿਖੇ ਗੋਲਕ ਚੋਰੀ ਦੇ ਮਾਮਲੇ ਨੂੰ ਲੈ ਕੇ ਦੁਮਾਲਿਆਂ ਅਤੇ ਚੋਲਿਆਂ ਵਾਲਿਆਂ ‘ਸਿੰਘਾਂ’ ਦੀ ਘਟਨਾ ਯਾਦ ਆ ਜਾਂਦੀ ਹੈ। ਜਦ ਉਹ ਪੂਰੇ ਜੋਸ਼-ਖਰੋਸ਼ ਨਾਲ ਜੈਕਾਰੇ ਛੱਡਦੇ ਗੋਲਕ ਚੋਰ ਨਾਲ ਖੜੇ ਲਲਕਾਰੇ ਮਾਰ ਰਹੇ ਸਨ, ਕਿ ਚੋਰ ਦੀ ਕੋਈ ਵਾਅ ਵਲ ਨਹੀਂ ਵੇਖ ਸਕਦਾ। ਬਾਬਾ ਜੀ ਅਪਣੇ ਤਾਂ ਕਹਿੰਦੇ ‘ਚੋਰ ਕੀ ਹਾਮਾ ਭਰੇ ਨ ਕੋਇ ॥’ ਪਰ ਉਸੇ ਗੁਰੂ ਦੇ ਜਾਪਦੇ ਸਿੰਘ ਕ੍ਰਿਪਾਨਾਂ, ਗੰਡਾਸਿਆਂ ਨਾਲ ਚੋਰ ਦੀ ਮਦਦ ਕਰਨ ਆਏ ਸਨ? ਆਖੇ ਜਾਂਦੇ ਧਾਰਮਿਕ ਲੋਕ ਜਦ ਚੋਰਾਂ ਅਤੇ ਬਲਾਤਕਾਰੀਆਂ ਨਾਲ ਖੜਨਗੇ ਤਾਂ ਧਰਮ ਦੀ ਅਧੋਗਤੀ ਤਾਂ ਹੋਵੇਗੀ ਹੀ ਜਿਹੜੀ ਹੋ ਰਹੀ ਹੈ।

ਪੀੜਤ ਬੱਚੀ ਦਾ ਬਾਪ ਮੇਰੇ ‘ਫਰੈਂਡ ਸਰਕਲ’ ਵਿਚੋਂ ਅਗੇ ਕਿਸੇ ਦਾ ਮਿੱਤਰ ਹੈ, ਉਸ ਨਾਲ ਹੋਈ ਗੱਲਬਾਤ ਦੌਰਾਨ ਉਸ ਦੱਸਿਆ ਕਿ ਉਸ ਨੂੰ ਦੁੱਖ ਅਜੈ ਸਿੰਘ ਦੀ ਹਰਕਤ ਦਾ ਤਾਂ ਹੈ ਹੀ, ਪਰ ਉਸ ਤੋਂ ਜਿਆਦਾ ਦੁੱਖ ਕਿ ਉਥੇ ਜਾਂਦੇ ਲੋਕਾਂ ਵਿਚੋਂ ਕੁਝ ਇੱਕ ਤਾਂ ਗੁਰਦੁਆਰਿਆਂ ਨਾਲ ਸਬੰਧਤ ਸਨ ਅਤੇ ਬਾਕੀ ਵੀ ਬਹੁਤੇ ਜਾਪਦੇ ਗੁਰਸਿੱਖ ਸਨ। ਉਸ ਦਾ ਕਹਿਣਾ ਸੀ ਕਿ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਹਰੇਕ ਤਰੀਕ ਤੇ ਇਹ ਦਿੱਸਦੇ ਗੁਰਸਿੱਖ ਓਸ ਘਿਨੌਣੇ ਬੰਦੇ ਨਾਲ ਲੈਣ ਕੀ ਆਉਂਦੇ ਸਨ। ਉਸ ਕੀ ਬਹੁਤ ਵੱਡਾ ਕੋਈ ਮਾਅਰਕਾ ਮਾਰਿਆ ਸੀ, ਬੜਾ ਕੋਈ ਬਹਾਦਰੀ ਵਾਲਾ ਕੰਮ ਕੀਤਾ ਸੀ? ਤੇ ਇਥੇ ਤੱਕ ਵੀ ਕਿ ਅਜੈ ਸਿੰਘ ਨਾਲ ਆਏ ਬੰਦਿਆਂ ਵਿਚੋਂ ਕੁਝ ਇੱਕ ਨੇ ਉਸ ਨੂੰ ਡਰਾਉਂਣ ਧਮਕਾਉਂਣ ਦੀ ਕੋਸ਼ਿਸ਼ ਵੀ ਕੀਤੀ।

ਉਸ ਦਾ ਕਹਿਣਾ ਸੀ ਕਿ ਮੈਂ ਹੈਰਾਨ ਸਾਂ ਕਿ ਮੇਰੇ ਨਾਲ ਮੇਰੇ ਕੁਝ ਇੱਕ ਮਿੱਤਰਾਂ ਤੋਂ ਬਿਨਾ ਕੋਈ ਮੇਰੇ ਨਾਲ ਨਹੀਂ ਤੁਰਿਆ, ਇਥੇ ਤੱਕ ਕਿ ਕਿਸੇ ਗੁਰਦੁਆਰੇ ਦਾ ਚੌਧਰੀ ਵੀ ਨਹੀਂ, ਪਰ ਦੂਜੇ ਪਾਸੇ ਇਕ ਘਿਨੌਣੀ ਹਰਕਤ ਕਰਨ ਵਾਲੇ ਨਾਲ ਗੁੰਡਿਆਂ ਦੀਆਂ ਧਾੜਾਂ ਜਾਂਦੀਆਂ ਰਹੀਆਂ ਹਨ, ਜਿਸ ਵਿਚ ਦਸ਼ਮੇਸ਼ ਦਰਬਾਰ ਗੁਰਦੁਆਰੇ ਨਾਲ ਸਬੰਧਤ ਲਖਬੀਰ ਕੰਗ ਤੋਂ ਬਿਨਾ ਕੁਲਦੀਪ ਸਿੰਘ ‘ਸਿੰਘ ਐਕਸਟਰਾ ਵੇਟਿੰਗ’ ਦਾ ਮਾਲਕ ਅਤੇ ਕੁਲਵੰਤ ਸਿੰਘ ਵਿਰਕ ਵਰਗੇ ਅੰਮ੍ਰਿਤਧਾਰੀ ਸਿੰਘ ਵੀ ਸ਼ਾਮਲ ਸਨ।

ਇਹ ਸਭ ਸਾਡੇ ਇਖਲਾਕ ਦੀ ਇਕ ਘਿਨੌਣੀ ਤਸਵੀਰ ਪੇਸ਼ ਕਰਦਾ ਹੈ, ਕਿ ਇਸੇ ਕੌਮ ਵਿਚਲੇ ਸਿੱਖ ਸੂਰਬੀਰ ਇਕ ਪੰਡਤਾਣੀ ਦੀ ਇਜ਼ਤ ਖਾਤਰ ਕਸੂਰ ਦੀਆਂ ਗੜੀਆਂ ਜਾ ਢਾਹੁੰਦੇ ਸਨ, ਪਰ ਅੱਜ ਸਿੱਖਾਂ ਦੀਆਂ ਬੱਚੀਆਂ ਦੀਆਂ ਇੱਜ਼ਤਾਂ ਖੁਦ ਉਸ ਦੇ ਹੀ ਮੁਹਾਣਿਆਂ ਤੋਂ ਮਹਿਫੂਜ ਨਹੀਂ ਹਨ।

ਯਾਦ ਰਹੇ ਕਿ ਅਜੈ ਸਿੰਘ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦਾ ਬੇਟਾ ਹੈ, ਜੋ ਪਹਿਲੇ ਵੀ ਕਈ ਵਾਰ ਕੀਰਤਨ ਕਰਨ ਕੈਨੇਡਾ ਆ ਚੁੱਕਾ ਹੋਇਆ ਹੈ।

ਗਿਆਨੀ ਪੂਰਨ ਸਿੰਘ -

- ਸਿੱਖਾਂ ਨੂੰ ਲਵ-ਕੁਸ਼ ਦੀ ਉਲਾਦ ਕਹਿਣ ‘ਤੇ ਕਾਫੀ ਚਰਚਿਤ ਰਿਹਾ ਹੈ ਅਤੇ
- ਨਵੰਬਰ 84 ਦੇ ਕਤਲੇਆਮ ਪੀੜਤ ਲੋਕਾਂ ਦੀਆਂ ਸ਼੍ਰੋਮਣੀ ਕਮੇਟੀ ਵਲੋਂ ਅਲਾਟ ਹੋਈਆਂ ਦੁਕਾਨਾਂ ਅਤੇ ਜ਼ਮੀਨੀ ਕਬਜੇ ਨੂੰ ਲੈ ਕੇ ਵੀ ਪੂਰਨ ਸਿੰਘ ਸੁਰਖੀਆਂ ਵਿਚ ਆ ਚੁੱਕਾ ਹੋਇਆ ਹੈ।
- ਇਹ ਵੀ ਕਿ ਨਾਨਕਸ਼ਾਹੀ ਕਲੰਡਰ ਦੇ ਗਲ ਗੂਠ ਦੇਣ ਵਿਚ ਗਿਆਨੀ ਪੂਰਨ ਸਿੰਘ ਦਾ ਵੱਡਾ ਹੱਥ ਰਿਹਾ ਹੈ, ਜਦ ਉਸ ਗੂਨੇ ਵਿਖੇ ਬੈਠੇ ਨੇ ਹੀ ‘ਗਿਦੜ ਪ੍ਰਵਾਨਾ’ ਜਾਰੀ ਕਰਕੇ ਬੀਬੀ ਜਗੀਰ ਕੌਰ ਨੂੰ ਛੇਕ ਦਿੱਤਾ ਸੀ।

ਕੁਲ ਪਾ ਕੇ ਕਹਿਣਾ ਬਣਦਾ ਹੈ ਕਿ ਅਜੈ ਸਿੰਘ ਖਾਨਦਾਨੀ ਹੀ ‘ਸਰੀਫ’ ਸੀ, ਜਿਸ ਨੇ ਜਿਸ ਘਰੋਂ ਲੂਣ ਖਾਧਾ ਉਸੇ ਦੇ ਹਰਾਮ ਕਰਕੇ, ਜਿਥੇ ਪੂਰੀ ਕੌਮ ਦਾ ਸਿਰ ਨੀਵਾਂ ਕੀਤਾ, ਉਥੇ ਉਨ੍ਹਾਂ ਕਈ ਲੋਕਾਂ ਨੂੰ ਅਵਾਜਾਰ ਕਰਨ ਦਾ ਸਬੱਬ ਬਣਿਆ ਜਿਹੜੇ ਗੁਰੂ ਦੇ ਬਾਣੇ ਨੂੰ ਹਾਲੇ ਵੀ ਸਤਿਕਾਰ ਨਾਲ ਵੇਖਦੇ ਸਨ।

ਅਹਿਮ ਗੱਲ ਇਹ ਵੀ ਹੈ ਕਿ ਸਾਨੂੰ ਵੀ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ, ਕਿ ਇਸ ਪੁਜਾਰੀ ਕਲਾਸ ਉਪਰ ਕਿਸ ਹੱਦ ਤੱਕ ਭਰੋਸਾ ਕੀਤਾ ਜਾਣਾ ਚਾਹੀਦਾ ਹੈ, ਜਦ ਕਿ ਨਿੱਤ ਇਨ੍ਹਾਂ ਦੀਆਂ ਸੁਰਖੀਆਂ ਬਣਦੀਆਂ ਹੀ ਰਹਿੰਦੀਆਂ ਹਨ। ਇਹ ਤੇ ‘ਬਾਬੇ’ ਸਟੇਜਾਂ ਉਪਰ ਕੀਰਤਨ ਕਰਦੇ ਹੀ ਸੋਹਣੇ ਲੱਗਦੇ ਹਨ ਤੇ ਚਾਹੀਦਾ ਵੀ ਇਹ ਹੀ ਹੈ, ਕਿ ਇਨ੍ਹਾਂ ਨੂੰ ਉਥੇ ਹੀ ‘ਮੱਥਾ ਟੇਕ’ ਆਉਂਣਾ ਭਲਾ ਹੈ (* ਇੱਥੇ ਮੱਥਾ ਟੇਕਣ ਦਾ ਮਤਲਬ ਅਖਰੀ ਅਰਥ ਨਾ ਲਿਆ ਜਾਵੇ, ਕਹਿਣ ਦਾ ਮਤਲਬ ਹੈ ਕਿ ਉਨ੍ਹਾਂ ਬਾਬਿਆਂ ਨੂੰ ਉਥੇ ਹੀ ਛੱਡ ਆਉਣਾ ਚਾਹੀਦਾ ਹੈ), ਘਰ ਲਿਆਕੇ ਪ੍ਰਸ਼ਾਦੇ ਛਕਾਉਂਣ ਦੇ ਇਹ ਕਿੰਨੇ ਕੁ ਜੋਗ ਹਨ, ਇਹ ਤਾਂ ਖ਼ਬਰਾਂ ਹੀ ਦੱਸਦੀਆਂ ਹਨ।

ਇਹ ਇੱਕ ਲੰਮੀ ਕਹਾਣੀ ਹੈ, ਜਿਸ ਲਈ ਥਾਂ ਢੁੱਕਵੀ ਨਹੀਂ, ਪਰ ਉਨ੍ਹਾਂ ਕੀਰਤਨੀਆਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਜਿਹੜੇ ਸਿੱਖ ਕੌਮ ਦੀ ਅਣਖ ਲਈ ਤੱਤੀਆਂ ਲੋਆਂ ਵਿੱਚ ਝੁਲਸਦੇ ਰਹੇ ਅਤੇ ਅੱਜ ਵੀ ਸ੍ਰੀ ਗੁਰੂ ਜੀ ਦੀ ਆਨ ਲਈ ਜੂਝ ਰਹੇ ਹਨ, ਪਰ "ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥" ਸਮਝਕੇ ਬਹੁਤਿਆਂ ਤੋਂ ਬੱਚ ਕੇ ਰਹਿਣ ਵਿਚ ਹੀ ਭਲਾ ਹੈ! ਨਹੀਂ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top