Share on Facebook

Main News Page

ਸਾਕਤ ਸੂਤੁ ਬਹੁ ਗੁਰਝੀ ਭਰਿਆ...
-: ਗੁਰਦੇਵ ਸਿੰਘ ਸੱਧੇਵਾਲੀਆ

ਸਾਕਤ ਬੰਦੇ ਦੇ ਜੀਵਨ ਦਾ ਤਾਣਾ ਬਹੁਤ ਉਲਝਿਆ ਹੁੰਦਾ ਹੈ, ਇਨਾ ਉਲਝਿਆ ਕਿ ਉਸ ਦੇ ਕਿਸੇ ਧਾਗੇ ਬਾਰੇ ਵੀ ਪਤਾ ਨਹੀਂ ਚਲਦਾ ਕਿ ਤੁਸੀਂ ਉਸ ਨੂੰ ਸਿੱਧਾ ਕਰ ਸਕੋਂ। ਇਕ ਤੰਦ ਸਿੱਧੀ ਕਰਦੇ ਹੋਂ ਦੂਜੀ ਫਸੀ ਹੁੰਦੀ, ਦੂਜੀ ਕੱਢਦੇ ਹੋਂ ਹੋਰ ਗੰਡ ਪਈ ਹੁੰਦੀ। ਯਾਨੀ ਗੰਡਾਂ ਹੀ ਗੰਡਾਂ, ਉਲਝਣਾ ਹੀ ਉਲਝਣਾ। ਤੇ ਕਦੇ ਤੁਸੀਂ ਖਿਝ ਕੇ ਸਾਰਾ ਪਿੰਨਾ ਹੀ ਚਲਾ ਮਾਰਦੇ ਹੋਂ, ਕਿ ਦਫਾ ਕਰੋ ਪਰ੍ਹਾਂ ਪਰ ਤੁਹਾਡਾ ਮਨ ਫਿਰ ਕਰ ਆਉਂਦਾ ਕਿ ਇਕ ਕੋਸ਼ਿਸ਼ ਹੋਰ ਕਰ ਦੇਖਾਂ, ਪਰ ਨਹੀਂ! ਇੰਝ ਤੁਸੀਂ ਕਦੇ ਸੁੱਟਦੇ ਹੋਂ, ਕਦੇ ਫਿਰ ਕੱਢਣ ਲੱਗਦੇ ਹੋਂ, ਪਰ ਜਦ ਸਿਰਾ ਹੀ ਕੋਈ ਨਹੀਂ, ਤੁਸੀਂ ਇਹ ਗੰਡਾਂ ਕਿਵੇਂ ਖੋਹਲ ਲਵੋਂਗੇ।

ਫੇਸਬੁੱਕ ਉਪਰ ਕੁਝ ਇੰਝ ਦੀ ਹੀ ਲੜਾਈ ਚਲਦੀ ਰਹਿੰਦੀ। ਸਾਕਤ ਲੋਕ ਸਵਾਲ ਕਰਦੇ, ਬੰਦਾ ਇੱਕ ਜਵਾਬ ਦਿੰਦਾ, ਉਹ ਅਗੋਂ ਹੋਰ ਗੰਡ ਪਾ ਲੈਂਦੇ। ਇੰਝ ਹੋਰ ਹੋਰ ਕਰਕੇ ਤੁਸੀਂ ਇੱਕ ਗੰਢ ਖੋਲ੍ਹਦੇ, ਅਗੇ ਹੋਰ ਨਿਕਲ ਆਉਂਦੀ ਤੇ ਕਈ ਭਰਾ ਖਿੱਝ ਕੇ ਗਾਲੀਂ ਡਹਿ ਪੈਂਦੇ, ਤਾਂ ਸਾਕਤ ਦੀ ਇਥੇ ਫਿਰ ਅਗਲੀ ਗੰਢ ਸ਼ੁਰੂ ਹੁੰਦੀ,

ਦੇਖੋ ਜੀ ਧਾਰਮਿਕ ਲੋਕ ਗਾਹਲਾਂ ਕੱਢਦੇ ਨੇ’?

ਪਰ ਜਵਾਬ ਦੇਣ ਵਾਲੇ ਭਰਾਵਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਸਾਕਤ ਦਾ ਸੂਤ ਹੈ, ਜਿਹੜਾ ਬਹੁਤ ਉਲਝਣਾ ਨਾਲ ਭਰਿਆ ਹੋਇਆ ਹੈ, ਤੁਸੀਂ ਸਾਰਾ ਜੀਵਨ ਜਵਾਬ ਦਈ ਜਾਵੋ, ਗੰਢਾਂ ਖੋਹਲੀ ਜਾਵੋ, ਪਰ ਤੁਸੀਂ ਇਸ ਤਾਣੀ ਨੂੰ ਸਿੱਧਾ ਨਹੀਂ ਕਰ ਸਕਦੇ।

ਇਸ ਦਾ ਸੌਖਾ ਤਰੀਕਾ ਬਾਬਾ ਜੀ ਅਪਣਿਆਂ ਦੱਸਿਆ ਕਿ ਸਾਕਤ ਦਾ ਸੰਗ ਹੀ ਨਾ ਕਰ। ਇਥੇ ਤੱਕ ਕਿ ਬਾਬਾ ਜੀ ਕਹਿੰਦੇ ਦੂਰੋਂ ਹੀ ਭੱਜ ਜਾਹ, ਪ੍ਰਛਾਵਾਂ ਵੀ ਪੈਣ ਦਈਂ ਇਸ ਦਾ! ਤੁਹਾਨੂੰ ਕਦੇ ਜਾਪਦਾ ਨਹੀਂ ਕਿ ਬਾਬਾ ਜੀ ਨੇ ਵੀ ਕੋਸ਼ਿਸ਼ ਕੀਤੀ ਹੋਵੇਗੀ, ਤਾਂ ਆਖਰ ਇਨ੍ਹਾਂ ਦੀ ਉਲਝਣ ਤੋਂ ਬਚਣ ਲਈਂ ਬਾਬਾ ਜੀ ਨੇ ਵੀ ਪਿੰਨਾ ਹੀ ਵਗਾਹ ਮਾਰਿਆ, ਤੇ ਤੁਹਾਨੂੰ ਸਾਨੂੰ ਬਚਨ ਕਰ ਦਿੱਤਾ ਕਿ ਸਾਕਤ ਦੇ ਨੇੜੇ ਦੀ ਵੀ ਨਾ ਲੰਘੀ, ਜੇ ਉਲਝਣ ਤੋਂ ਬਚਣਾ।

ਭਗਰ ਕਬੀਰ ਜੀ ਤਾਂ ਸਿੱਧੇ ਹੀ ਹੋ ਪਏ ਜਦ ਉਹ ਕਹਿੰਦੇ ਸਾਕਤ ਦੀ ਮਾਂ ਨਾਲੋਂ, ਤਾਂ ਕਿਸੇ ਸਾਧ ਯਾਨੀ ਭਲੇ ਪੁਰਖ ਦੇ ਡੇਰੇ ਅਗੇ ਬੈਠੀ ਕੁੱਤੀ ਹੀ ਚੰਗੀ, ਜਿਸ ਦੇ ਕੰਨੀ ਚਲੋ ਕੋਈ ਭਲੀ ਗੱਲ ਤਾਂ ਪੈਂਦੀ ਹੋਵੇਗੀ! ਹੋਰ ਕਿ ਸਾਕਤ ਨਾਲੋਂ ਤਾਂ ਸੂਰ ਵੀ ਚੰਗਾ ਜਿਹੜਾ ਅਪਣੇ ਮੂੰਹ ਨਾਲ ਗਲੀਆਂ ਦਾ ਗੰਦ ਤਾਂ ਸਾਫ ਕਰਦਾ, ਪਰ ਸਾਕਤ ਅਪਣੇ ਮੂੰਹ ਨਾਲ ਗੰਦ ਖਿਲਾਰਦਾ ਅਤੇ ਮਾਹੌਲ ਨੂੰ ਪ੍ਰਦੂਸ਼ਤ ਕਰਦਾ।

ਇਥੇ ਬਾਬਾ ਜੀ ਨੇ ਗੰਢ-ਗੰਢ ਹੋਈ ਤਾਣੀ ਦੀ ਮਿਸਾਲ ਦੇ ਕੇ ਮੈਨੂੰ ਸਮਝਾਉਂਣ ਦਾ ਯਤਨ ਕੀਤਾ ਹੈ ਕਿ ਸਾਕਤ ਦਾ ਸੂਤ ਬਹੁਤ ਗੰਢਾਂ ਵਿਚ ਉਲਝਿਆ ਹੋਇਆ ਹੈ, ਇਸ ਦਾ ਕੋਈ ਤਾਣਾ ਨਹੀਂ ਤਣਿਆ ਜਾ ਸਕਦਾ ਬਿਹਤਰ ਹੈ, ਕਿ ਤੂੰ ਇਸ ਦਾ ਸੰਗ ਹੀ ਨਾ ਕਰ!

ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ ॥ ਤੰਤੁ ਸੂਤੁ ਕਿਛੁ ਨਿਕਸੈ ਨਾਹੀ ਸਾਕਤ ਸੰਗੁ ਨ ਕੀਜੈ ॥੬॥
The thread of the faithless cynic is totally knotted and tangled; how can anything be woven with it? This thread cannot be woven into yarn; do not associate with those faithless cynics.

ਕਿਵੇਂ ਤਾਣਾ ਤਣ ਲਵੋਂਗੇ ਤੁਸੀਂ ਇਸਦਾ। ਗੁੰਝਲਾਂ ਨਾਲ ਮੱਥਾ ਮਾਰੋਗੇ, ਤਾਂ ਖੁਦ ਹੀ ਗੁੰਝਲ ਹੋ ਜਾਵੋਂਗੇ।

ਬਾਬਾ ਜੀ ਕਹਿੰਦੇ ਐਵੇਂ ਤੂੰ ਇਸ ਦੀਆਂ ਗੁੰਝਲਾਂ ਕੱਢਣ ਬਾਰੇ ਸੋਚ ਕੇ ਅਪਣਾ ਸਮਾਂ ਨਾ ਬਰਬਾਦ ਕਰ, ਇਹ ਤਾਂ ਗੰਡਾਂ ਹੀ ਗੰਡਾਂ ਹਨ। ਇਹ ਗੰਡਾਂ ਹਰੇਕ ਕੌਮ ਵਿਚ, ਹਰੇਕ ਭਾਈਚਾਰੇ ਵਿਚ, ਹਰੇਕ ਧਰਮ ਵਿਚ ਹਨ ਤੇ ਸਦਾ ਤੋਂ ਰਹੀਆਂ ਹਨ। ਨਾਲ ਨਾਲ ਚਲਦੀਆਂ, ਤੁਰਦੀਆਂ, ਵਕਤ ਬਰਬਾਦ ਕਰਦੀਆਂ। ਇਹ ਗੰਢਾਂ ਤੁਸੀਂ ਖੋਲ੍ਹ ਨਹੀਂ ਸਕਦੇ, ਦੰਦਾ ਨਾਲ ਵੀ ਨਹੀਂ! ਇੱਕ ਹੋਵੇ ਤਾਂ ਖ੍ਹੋਲੋ, ਇਹ ਤਾਂ ਪੂਰੀ ਤਾਣੀ ਹੀ ਗੰਢ ਗੰਢ ਹੋਈ ਪਈ, ਕਿਵੇਂ ਖੋਲ੍ਹੋਂਗੇ ਤੁਸੀਂ ਇਸ ਨੂੰ? ਤੇ ਸਿਆਣੇ ਲੋਕ ਕੀ ਕਰਦੇ! ਉਹ ਇਸ ਤਾਣੀ ਨਾਲ ਉਲਝਣ ਦੀ ਬਜਾਇ, ਅਪਣੇ ਸਮੇਂ ਨੂੰ ਉਸਾਰੂ ਕੰਮਾਂ ਲਈ ਵਰਤਦੇ ਯਾਨੀ ਸਾਕਤ ਤੋਂ ਦੂਰੋਂ ਹੀ ਦੌੜ ਪੈਂਦੇ ਹਨ।

ਭਾਈ ਗੁਰਦਾਸ ਜੀ ਨੇ ਇੱਕ ਵਾਰ, ਜਿਹੜੀ ਹੁਣ ਮੇਰੇ ਚੇਤੇ ਵਿਚ ਨਹੀਂ ਆ ਰਹੀ, ਵਿਚ ਸਾਕਤ ਦੀ ਭਿਆਨਕਤਾ ਬਾਰੇ ਸੁਚੇਤ ਕਰਦਿਆਂ ਦੱਸਿਆ ਹੈ ਕਿ ਤੂੰ ਜੇ ਜੰਗਲ ਵਿਚ ਤੁਰਿਆ ਜਾ ਰਿਹਾ ਹੈ ਤੇ ਅਗੇ ਕੋਈ ਤੈਨੂੰ ਭੁੱਖਾ ਸ਼ੇਰ ਮਿਲ ਜਾਂਦਾ ਹੈ, ਤਾਂ ਰਿਸਕ ਲੈ ਲਈਂ ਕੋਲੋਂ ਲੰਘਣ ਦਾ ਸ਼ਾਇਦ ਤੂੰ ਬਚ ਜਾਏਂ। ਤੂੰ ਰਸਤੇ ਵਿਚ ਜਾ ਰਿਹਾਂ ਅਗੇ ਜ਼ਹਿਰੀਲੇ ਸੱਪਾਂ ਨਾਲ ਤੇਰਾ ਵਾਹ ਪੈ ਜਾਏ, ਰਿਸਕ ਲੈ ਲਈਂ ਵਿਚਦੀ ਲੰਘਣ ਦਾ, ਸ਼ਾਇਦ ਬਚ ਜਾਏਂ, ਪਰ ਸਾਕਤ ਨਾਲ ਤੁਰਨ ਜਾਂ ਸੰਗਤ ਕਰਨ ਦਾ ਰਿਸਕ ਨਾ ਲਈਂ, ਉਸ ਤੇਰੇ ਜੀਵਨ ਦਾ ਕੱਖ ਨਹੀਂ ਛੱਡਣਾ।

ਪਹਿਲਾਂ ਤਾਂ ਅਜਿਹੇ ਸਾਕਤਾਂ ਦੀ ਸੰਗਤ ਕਿਸੇ ਨੂੰ ਤੁਰ ਕੇ ਜਾ ਕੇ ਕਰਨੀ ਪੈਂਦੀ ਸੀ, ਹੁਣ ਇਹ ਫੇਸ ਬੁੱਕ ਉਪਰ ਨਕਲੀ ਨਾਵਾਂ ਨਾਲ ਘਰੇ ਬੈਠੇ ਹੀ ਮਹੌਲ ਨੂੰ ਪ੍ਰਦੂਸ਼ਤ ਕਰਦੇ ਹਨ। ਤੁਸੀਂ ਇੱਕ ਗੰਢ ਕੱਢਦੇ ਹੋਂ, ਦੂਜੀ ਢੁੱਚਰ ਤਿਆਰ ਹੁੰਦੀ। ਸਾਕਤ ਦੀ ਬਹਿਸ ਦਾ ਕੋਈ ਸਿਰਾ ਨਹੀਂ ਹੁੰਦਾ ਤੇ ਨਾ ਕੋਈ ਅੰਤ ਜਦ ਉਸ ਦੀ ਤਾਣੀ ਹੀ ਉਲਝੀ ਹੋਈ ਹੈ, ਤਾਂ ਸਿਰਾ ਅੰਤ ਕਿਥੋਂ ਹੋ ਜੂ। ਇਕ ਸਵਾਲ ਦਾ ਜਵਾਬ ਦਿਓ, ਉਹ ਤੁਹਾਡੇ ਹੀ ਸਵਾਲ ਨੂੰ ਘੁਮਾ ਕੇ ਦੂਜਾ ਸਵਾਲ ਖੜਾ ਕਰ ਦਿੰਦਾ ਹੈ।

ਸਵਾਲ ਕਰਨਾ ਮਾੜਾ ਨਹੀਂ, ਸਵਾਲਾਂ ਵਿਚੋਂ ਤੁਹਾਡਾ ਵਿਕਾਸ ਹੁੰਦਾ, ਸਵਾਲਾਂ ਵਿਚੋਂ ਨਵੇਂ ਜਵਾਬ ਮਿਲਦੇ, ਸਵਾਲ ਤੁਹਾਨੂੰ ਸੁਚੇਤ ਰੱਖਦਾ, ਸਵਾਲ ਵਿਚੋਂ ਤੁਸੀਂ ਸਿੱਖਦੇ ਹੋਂ, ਪਰ ਸਵਾਲ ਕਿਹੜਾ? ਸਾਕਤ ਵਾਲਾ? ਜਿਹੜਾ ਸਵਾਲ ਸਾਕਤ ਦੀ ਉਲਝੀ ਹੋਈ ਤਾਣੀ ਵਿਚੋਂ ਆ ਰਿਹੈ, ਉਹ ਵਿਕਾਸ ਨਹੀਂ ਤੁਹਾਡੇ ਜੀਵਨ ਦਾ ਵਿਨਾਸ ਕਰਦਾ ਹੈ। ਸਾਕਤ ਖੁਦ ਤਾਂ ਉਲਝਿਆ ਹੀ ਹੈ, ਉਹ ਤੁਹਾਨੂੰ ਵੀ ਉਲਝਾ ਦਿੰਦਾ ਹੈ। ਤੁਹਾਡਾ ਜੀਵਨ ਵੀ ਗੰਢੋ ਗੰਢੀ ਕਰ ਦਿੰਦਾ ਹੈ। ਤੁਸੀਂ ਖੁਦ ਅਪਣੀਆਂ ਹੀ ਗੰਢਾਂ ਵਿਚ ਉਲਝ ਕੇ ਰਹਿ ਜਾਂਦੇ ਹੋਂ। ਕਿਸੇ ਜਵਾਬ ਦਾ ਤੁਹਾਨੂੰ ਕੋਈ ਸਿਰਾ ਲੱਭਦਾ ਹੀ ਨਹੀਂ, ਕਿਉਂਕਿ ਜਿਸ ਦੀ ਸੰਗਤ ਤੁਸੀਂ ਕਰ ਬੈਠੇ ਉਸ ਖੁਦ ਕੋਲੇ ਕੋਈ ਜਵਾਬ ਨਹੀਂ। ਉਸ ਕੋਲੇ ਕੇਵਲ ਸਵਾਲ ਹਨ, ਸਿਰਫ ਸਵਾਲ! ਯਾਦ ਰਹੇ ਕੇਵਲ ਸਵਾਲ ਤੁਹਾਨੂੰ ਕਿਸੇ ਕਿਨਾਰੇ ਨਹੀਂ ਲਾ ਸਕਦਾ! ਕਿ ਲਾ ਸਕਦਾ? ਜਦ ਜਵਾਬ ਹੀ ਕੋਈ ਨਹੀਂ ਤਾਂ ਸਵਾਲਾਂ ਦਾ ਤੁਸੀਂ ਕੀ ਕਰੋਂਗੇ?

ਬੱਅਸ! ਸਾਕਤ ਦਾ ਇਹੀ ਦੁਖਾਂਤ ਹੈ, ਕਿ ਉਸ ਕੋਲੇ ਕੇਵਲ ਸਵਾਲ ਹਨ ਜਵਾਬ ਨਹੀਂ। ਤੁਸੀਂ ਹੈਰਾਨ ਹੋਵੋਂਗੇ ਕਿ ਉਸ ਦਾ ਜਵਾਬ ਵੀ ਸਵਾਲ ਹੈ!!!! ਤੇ ਤੁਸੀਂ ਖੁਦ ਹੀ ਸੋਚੋ ਕਿ ਜਵਾਬ ਤੋਂ ਬਿਨਾ ਸਵਾਲ ਦੀ ਕੀ ਅਹਿਮੀਅਤ ਹੈ। ਤੁਸੀਂ ਕਦੇ ਕੰਧ ਨੂੰ ਸਵਾਲ ਕਰੋਂਗੇ? ਸਾਕਤ ਕੰਧ ਵਰਗਾ ਕਠੋਰ ਹੈ। ਪੱਥਰ ਦੀ ਕੰਧ ਵਰਗਾ। ਕਠੋਰਤਾ ਨਾਲ ਭਰਿਆ। ਬਹੁਤਾ ਜਾਣ ਲੈਣ ਦੇ ਹੰਕਾਰ ਨੇ ਉਸ ਨੂੰ ਕਠੋਰ ਕਰ ਦਿੱਤਾ ਹੈ। ਉਸ ਨੂੰ ਜਾਪਦਾ ਕਿ ਉਸ ਇਨਾ ਕੁਝ ਜਾਣ ਲਿਆ ਹੈ, ਕਿ ਬਾਕੀ ਤੁਰੀ ਫਿਰਦੀ ਮਨੁੱਖਤਾ ਕੀੜੇ-ਮਕੌੜੇ ਹੀ ਹਨ। ਇਸੇ ਲਈ ਉਹ ਹਰੇਕ ਦਾ ਮਖੌਲ ਉਡਾਉਂਦਾ ਹੈ, ਹੱਸਦਾ ਹੈ ਤੇ ਅੰਦਰੇ ਅੰਦਰ ਖੁਸ਼ ਹੁੰਦਾ ਹੈ। ਕੁੱਤੇ ਦੇ ਹੱਡੀ ਖਾਣ ‘ਤੇ ਅਪਣੇ ਹੀ ਲਹੂ ਦਾ ਸੁਆਦ ਲੈਂਣ ਵਾਂਗ, ਉਹ ਅਪਣੀ ਹੀ ਹਓਂ ਦਾ ਸੁਆਦ ਲੈਂਦਾ ਹੈ। ਉਹ ਹੁਣ ਵਿਸ਼ਾਲ ਕੁਦਰਤ ਦੇ ਇੱਕ ਜ਼ਰਰੇ ਵਾਂਗ ਨਹੀਂ ਜਿਉਂਦਾ, ਬਲਕਿ ਖੁਦ ਕਰਤਾ ਬਣ ਕੇ ਜਿਉਣ ਦਾ ਭਰਮ ਪਾਲੀ ਬੈਠਾ ਹੈ। ਸਭ ਕੁਝ ਉਸ ਦੇ ਹੱਥ ਹੈ, ਸਭ ਕੁਝ ਦਾ ਕਰਤਾ ਉਹ ਖੁਦ ਹੈ। ਇਹ ਉਸ ਦੇ ਹੰਕਾਰ ਦੀ ਇੰਤਹਾ ਹੈ ਜਿਸ ਨੇ ਉਸ ਦੀ ਕੋਮਲਤਾ ਨੂੰ ਖਾ ਲਿਆ ਹੈ ਤੇ ਹੰਕਾਰ ਦੀ ਕਠੋਰ ਕੰਧ ਬਣਾ ਦਿੱਤਾ ਹੋਇਆ।

ਉਸ ਉਪਰ ਕਿਸੇ ਜਵਾਬ ਦਾ ਕੋਈ ਅਸਰ ਨਹੀਂ। ਤੁਸੀਂ ਜਦ ਸਾਕਤ ਨਾਲ ਉਲਝਦੇ ਹੋਂ ਤਾਂ ਇੱਕ ਗੱਲ ਜਰੂਰ ਧਿਆਨ ਵਿਚ ਰੱਖ ਲੈਂਣਾ, ਕਿ ਤੁਸੀਂ ਪੱਥਰ ਦੀ ਕੰਧ ਵਿਚ ਮੱਥਾ ਮਾਰ ਰਹੇ ਹੋਂ! ਤੁਹਾਨੂੰ ਜਾਪਦਾ ਹੁੰਦਾ ਕਿ ਤੁਸੀਂ ਜਵਾਬ ਸਹੀ ਦੇ ਰਹੇ ਹੋਂ, ਪਰ ਸਾਕਤ ਤੁਹਾਡੇ ਤੋਂ ਜਵਾਬ ਲੈਣ ਲਈ ਸਵਾਲ ਥੋੜੋਂ ਕਰਦਾ, ਉਹ ਤਾਂ ਕੇਵਲ ਸਵਾਲ ਕਰਨ ਲਈ ਸਵਾਲ ਕਰਦਾ! ਤੁਹਾਡੇ ਜਵਾਬ ਵਿਚ ਉਸ ਦੀ ਕੋਈ ਰੁਚੀ ਨਹੀਂ, ਕੋਈ ਰਸ ਨਹੀਂ ਤੁਸੀਂ ਭਵੇਂ ਸਾਰਾ ਜੀਵਨ ਜਵਾਬ ਦਈ ਜਾਵੋਂ, ਨਵੇਂ ਤੋਂ ਨਵੇਂ ਜਵਾਬ ਲਿਆਉ, ਪਰ ਉਹ ਜਵਾਬ ਤਾਂ ਸੁਣਨਾ ਹੀ ਨਹੀਂ ਚਾਹੁੰਦਾ। ਤੁਸੀਂ ਪੱਥਰ ਦੀ ਕੰਧ ਨੂੰ ਜਵਾਬ ਦਈ ਜਾਂਦੇ ਹੋ, ਪਰ ਉਸ ਨੂੰ ਕੀ ਫਰਕ!

ਪਰ ਮੇਰੀ ਮੁਸ਼ਕਲ ਕੀ ਹੈ, ਕਿ ਮੈਂ ਬਾਬਾ ਜੀ ਦੇ ਬਚਨਾਂ ਨੂੰ ਅਣਗੌਲਿਆ ਕਰਕੇ ਆਪਣੇ ਵਲੋਂ ਸਿਆਣਾ ਹੋਣ ਦੀ ਕੋਸ਼ਿਸ਼ ਕਰਦਾ, ਜਵਾਬ ਦਿੰਦਾ ਦਿੰਦਾ ਸਾਕਤ ਦੇ ਸਵਾਲਾਂ ਵਿਚ ਉਲਝ ਜਾਂਦਾ ਹਾਂ ਤੇ ਅਪਣਾ ਤਾਂ ਸਮਾਂ ਬਰਬਾਦ ਕਰਦਾ ਹੀ ਹਾਂ, ਬਲਕਿ ਬਾਕੀ ਪੜਨ ਵਾਲੇ ਲੋਕਾਂ ਨੂੰ ਵੀ ਅਪਣੀ ਉਲਝਣ ਵਿਚ ਹਿੱਸੇਦਾਰ ਕਰ ਬੈਠਦਾ ਹਾਂ! ਨਹੀਂ?

04 Jan 2014


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top