Share on Facebook

Main News Page

ਹਿੰਦੋਸਤਾਨ ਦੀ ਸਿਆਸੀ ਕਰਵੱਟ
-: ਗੁਰਦੇਵ ਸਿੰਘ ਸੱਧੇਵਾਲੀਆ

ਹਿੰਦੋਸਤਾਨ ਦੀ ਸਿਆਸਤ ਵਿਚ ਨਵੀਂ ਕਰਵਟ ਆਈ ਹੈ। ਕੇਜਰੀਵਾਲ ਦਾ ਬੁਖਾਰ ਜੋਰਾਂ 'ਤੇ ਹੈ। ਮੋਦੀ ਦੀ ਗਰਮਾ ਗਰਮੀ ਹੈ। ਕਾਂਗਰਸ ਦੀ ਗੱਡੀ ਪੈਂਚਰ ਹੈ। ਕਾਂਗਰਸ ਨੂੰ ਜੇ ਮਾੜਾ-ਮੋਟਾ ਧੱਕਾ ਲੱਗਾ ਤਾਂ ਕੇਜਰੀਵਾਲ ਕਰਕੇ ਲੱਗ ਸਕਦਾ, ਨਹੀਂ ਤਾਂ ਮੋਦੀ ਦੀ ਚੜਾਈ ਸੀ। ਮੋਦੀ ਅੱਗੇ ਰਾਹੁਲ ਇਸ ਸਮੇਂ ਲੇਲਾ ਜਿਹਾ ਜਾਪਦਾ ਹੈ। ਸੋਨੀਆ ਦਾ ਰੰਗ ਉੱਡਿਆ ਹੋਇਆ। ਪਾਲਿਆ-ਪੋਸਿਆ ਮੁੰਡਾ ਕੁਰਸੀ ਬਹਿੰਦਾ ਨਜਰ ਨਹੀਂ ਆਉਂਦਾ। ਕੇਜਰੀਵਾਲ ਮੋਦੀ ਦੀ ਨੀਂਦ ਹਰਾਮ ਕਰੀ ਆਉਂਦਾ ਹੈ। ਮੋਦੀ ਉਪਰ ਵਲ ਮੂੰਹ ਕਰਕੇ ਕਹਿੰਦਾ ਤਾਂ ਹੋਵੇਗਾ ਕਿ ‘ਖੀਰ ਸਮੁੰਦਰ’ ਵਾਲਿਆ, ਮਸੀਂ ਪ੍ਰਧਾਨਗੀ ਦਾ ਸੁਪਨਾ ਪੂਰਾ ਹੋਣ ਲੱਗਾ ਸੀ, ਇਹ ਝਾੜੂ ਵਾਲੀ ‘ਛੈਅ’ ਹੁਣ ਹੀ ਭੇਜਣੀ ਸੀ! ਉਮਰ ਉਪਰੋਂ ਢਲਣ ਨੂੰ ਆਈ ਹੈ, ਇਹੀ ਆਖਰੀ ਮੌਕਾ ਸੀ! ਬਿਲੱਕੁਲ ਆਖਰੀ! ਉਧਰ ਭਾਜਪਾ ਦੇ ਪੁਰਾਣੇ ਬੁੱਢੇ ਲੰਗੋਟੇ ਕੱਸੀ ਫਿਰਦੇ, ਉਨ੍ਹਾਂ ਨੂੰ ਜਾਪਦਾ ਹਵਾ ਬਣੀ ਸੀ ਪਾਰਟੀ ਦੀ ਮਰਨ ਤੋਂ ਪਹਿਲਾਂ ਆਖਰੀ ਝੂਟਾ ਲੈ ਜਾਂਦੇ! ਅਗਲੇ ਪੰਜ ਸਾਲ ਬਾਅਦ ਵਾਰੀ ਆਉਂਣੀ ਵੀ ਹੋਈ, ਤਾਂ ਉਦੋਂ ਨੂੰ ਪਤਾ ਨਹੀਂ ਕਿਹੜੇ ਕਬਰੀਂ ਪੈਰ ਹੋਣੇ! ਉਹ ਵਿਆਹ ਵਿੱਚ ਰੁੱਸੇ ਫੁਫੜ ਵਾਂਗ ਮੰਨਣ ਮੰਨਣ ਕਰਦੇ ਫਿਰ ਵਿੱਟਰ ਬਹਿੰਦੇ ਹਨ। ਉਨ੍ਹਾਂ ਦੀ ਕੁਰਸੀ ਤਫੜ ਇਥੋਂ ਜ਼ਾਹਰ ਹੁੰਦੀ, ਕਬਰ ਵਿਚ ਲੱਤਾਂ ਦੇ ਬਾਵਜੂਦ ਛੱਡਣੀ ਨਹੀਂ ਚਾਹੁੰਦੇ! ਉਨ੍ਹਾਂ ਜ਼ਲੀਲ ਹੋ ਰਹੇ ਬੁੱਢਿਆਂ ਵਿਚ ਅਡਵਾਨੀ ਵੀ ਸ਼ਾਮਲ ਹੈ, ਜਿਸ ਅਪਣੀ ਕਿਤਾਬ ਵਿਚ ਕਿਹਾ ਸੀ ਕਿ ਇੰਦਰਾਂ ਨੂੰ ਦਰਬਾਰ ਸਾਹਿਬ ਉਪਰ ਹਮਲਾ ਕਰਨ ਲਈ ਉਕਸਾਉਂਣ ਵਿਚ ਮੇਰਾ ਵੀ ਯੋਗਦਾਨ ਰਿਹਾ ਹੈ!! ਅਡਵਾਨੀ ਦੇ ਹੱਥ ਵੀ ਬੜਿਆਂ ਦੇ ਖੂਨ ਨਾਲ ਰੰਗੇ ਹਨ। ਬਾਬਰੀ ਮਸਜ਼ਦ ਉਸ ਕੋਲ ਖੜੋ ਕੇ ਤੁੜਵਾਈ ਸੀ!

ਕੇਜਰੀਵਾਲ ਪਤਾ ਨਹੀਂ ਕੀ ਕਰੇ ਜਾਂ ਨਾ ਕਰੇ, ਇਹ ਤਾਂ ਕੁਰਸੀ ਮਿਲੇ ਪਤਾ ਲੱਗੂ, ਪਰ ਹੁਣ ਉਸ ਵੱਡੇ ਸੱਪਾਂ ਦੀ ਸੰਘੀ ਨੂੰ ਹੱਥ ਪਾਇਆ ਹੈ। ਅੰਬਾਨੀ-ਅਦਾਨੀ ਵਰਗੇ ਖੁੱਡਾਂ ਵਿਚੋਂ ਪਾਣੀ ਪਾ-ਪਾ ਕੱਢੇ ਹਨ। ਮੀਡੀਆ ਉਸ ਨੂੰ ਵਾਰ ਵਾਰ ਘੇਰ ਕੇ ਦੇਖ ਚੁੱਕਾ ਉਹ ਕਾਬੂ ਨਹੀਂ ਆਉਂਦਾ। ਮੀਡੀਏ ਉਸ ਦੀ ਬੱਸ ਕਰਾਉਂਣ ਦੀ ਪੂਰੀ ਵਾਹ ਲਾਈ, ਪਰ ਉਹ ਨਿਕਲ ਜਾਂਦਾ ਰਿਹਾ। ਮੀਡੀਏ ਜਿੰਨਾ ਕੁ ਉਸ ਨੂੰ ਦਿਖਾਇਆ ‘ਨੈਗਟਿਵ’ ਹੀ ਦਿਖਾਇਆ। ਹਿੰਦੋਸਤਾਨ ਦਾ ਅਕਾਸ਼ ਥੰਮਿਆ ਸਮਝਣ ਵਾਲਾ ਮੀਡੀਆ ਉਸ ਰੋਲ ਕੇ ਰੱਖ ਦਿੱਤਾ। ਮੀਡੀਏ ਦੀ ਸਭ ਤੋਂ ਦੁੱਖਦੀ ਰਗ ਅੰਬਾਨੀ ਅਦਾਨੀ ਸਨ। ਕੁਝ ਇੱਕ ਨੂੰ ਛੱਡ ਸਭ ਉਸ ਦੀ ਬੁਰਕੀ ਤੇ ਭੌਂਕਣ ਵਾਲੇ ਕਤੂਰੇ ਹਨ। ਮੋਦੀ-ਗਾਂਧੀ ਸਭ ਅੰਬਾਨੀ-ਅਦਾਨੀ ਦੇ ਘੜੇ ਦੀਆਂ ਮੱਛੀਆਂ ਹਨ। ਚਲਣ ਵਾਲੀਆਂ ਸਰਕਾਰਾਂ ਜਾਂ ਹਕੂਮਤਾਂ ਮੋਦੀਆਂ-ਗਾਧੀਆਂ ਦੀਆਂ ਨਹੀਂ, ਬਲਕਿ ਅੰਬਾਨੀਆਂ-ਅਦਾਨੀਆਂ ਦੀਆਂ ਸਨ। ਉਨ੍ਹਾਂ ਸਾਹਵੇਂ ਇਨ੍ਹਾਂ ਦੀ ਔਕਾਤ ਚਪੜਾਸੀ ਕੁ ਵਰਗੀ ਤੋਂ ਵਧ ਨਹੀਂ ਜਾਪਦੀ! ਕਿ ਜਾਪਦੀ?

ਕੇਜਰੀਵਾਲ ਦੀ ਹਵਾ ਚਲੀ ਹੈ, ਉਸ ਦਾ ਸਭ ਤੋਂ ਵੱਡਾ ਕਾਰਨ ਕਾਂਗਰਸ ਦੀ ਲੰਮੀ ਲੁੱਟ ਅਤੇ ਮੋਦੀ ਦਾ ਖੂਨੀ ਚਿਹਰਾ! ਮੋਦੀ, ਹਿਟਲਰ, ਇੰਦਰਾ, ਰਜੀਵ, ਚੰਗੇਜ, ਹਲਾਕੂ, ਅਡਵਾਨੀ ਆਦਿ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਹੈ। ਮੋਦੀ ਦਾ ਅੰਦਰਲਾ ਕੱਟੜ ਹਿੰਦੂ ਭਾਫਾਂ ਛੱਡ ਰਿਹਾ ਹੈ। ਮੋਦੀ ਮਗਰ ਖੜੋਤੀ ਬਾਂਦਰ ਸੈਨਾ ਮੁਲਕ ਦੀ ਤਬਾਹੀ ਅਪਣੀਆਂ ਤ੍ਰਿਸ਼ੂਲਾਂ ਨਾਲ ਲਿਖੇਗੀ।

ਲੋਕ ਡਰੇ ਹੋਏ ਹਨ। ਖਾਸ ਕਰ ਮੁਸਲਮਾਨ! ਸਿੱਖ ਤਾਂ ਨਹੀਂ ਡਰੇ, ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੋਣ ਕੀ ਜਾ ਰਿਹੈ। ਉਨ੍ਹਾਂ ਨੂੰ ਮੋਦੀ ਬਹੁਤ ਦੂਰ ਕਿਤੇ ਪਹਾੜੀਂ ਬੈਠਾ ਬੰਸਰੀ ਵਜਾ ਦਿੱਸ ਰਿਹਾ ਹੈ! ਉਨ੍ਹਾਂ ਨੂੰ ਤਾਂ ਨਸ਼ਿਆਂ ਵਿਚੋਂ ਹੀ ਵਿਹਲ ਨਹੀਂ। ਬਾਦਲਾਂ ਜੇਤਲੀ ਵਰਗੇ ਕੱਟੜ ਹਿੰਦੂ ਪੰਜਾਬ ਉਪਰ ਠੋਸ ਦੇਣੇ ਹਨ ਅਤੇ ਇਸ ਦੇ ਨਤੀਜਿਆਂ ਬਾਰੇ ਸ਼ਰਾਬ ਦੀਆਂ ਬੋਤਲਾਂ, ਭੁੱਕੀਆਂ ਡੋਡਿਆਂ ਉਪਰ ਅਪਣੀ ਵੋਟ ਯਾਨੀ ਅਪਣਾ ਭਵਿੱਖ ਵੇਚ ਦੇਣ ਵਾਲਿਆਂ ਨੂੰ ਕੋਈ ਚਿੰਤਾ ਨਹੀਂ ਜਾਪਦੀ। ਪੰਜਾਬ ਨੂੰ ਮੋਢਿਓਂ ਫੜ ਹਲੂਣਾ ਦੇਣ ਵਾਲਾ ਕੋਈ ਨਹੀਂ। ਮਾਨ ਦੀ ਸਿਆਸਤ ਵਿਚ ਸਤ ਨਹੀਂ। ਡੇਰਿਆਂ ਤੋਂ ਉਮੀਦ ਨਹੀਂ। ਸਿੱਖ ਬੁਰੀ ਤਰ੍ਹਾਂ ਵੰਡੇ ਹੋਏ ਨੇ। ਹੁਣ ਵਾਲੀ ਪੀਹੜੀ ਨਸ਼ਿਆਂ ਖਾ ਲਈ, ਪਿੱਛਲੀ ਅਗਾ ਸੰਵਾਰਨ ਦੇ ਚੱਕਰ ਵਿਚ ਢੋਲਕੀਆਂ ਗਲ ਪਾਈ ਫਿਰਦੀ ਹੈ। ਪਿੰਡ ਪਿੰਡ ਧੜੇ ਹਨ। ਕਾਲਜਾਂ, ਯੂਨੀਵਰਸਟੀਆਂ ਤੱਕ ਧੜੇ ਬਣਾ ਛੱਡੇ ਹਨ ਉਪਰਲਿਆਂ। ਇਥੇ ਤੱਕ ਕਿ ਬਾਹਰ ਤੱਕ ਉਨ੍ਹਾਂ ਦੇ ਹੱਥ ਪਹੁੰਚ ਗਏ ਹਨ। ਬਲਤੇਜ ਪੰਨੂੰ ਦੇ ਮਾਮਲੇ ਵਿਚ ਲੋਕਾਂ ਦੇਖ ਹੀ ਲਿਆ ਹੈ ਕਿ ਮੀਡੀਏ ਤੱਕ ਦੀ ਸੰਘੀ ਨੂੰ ਹੱਥ ਪਾਈ ਬੈਠੇ ਹਨ ਬਾਦਲਕੇ! ਪੰਜਾਬ ਖਾਧਾ ਪਿਆ ਹੈ। ਉਥੋਂ ਲੈ ਕੇ ਇਥੇ ਤੱਕ ਠੀਕਰੀਆਂ ਹੋਈ ਪਈ ਪੂਰੀ ਕੌਮ! ਗੁਰਦੁਆਰੇ ਕਬਜਿਆਂ ਤੋਂ ਅੱਗੇ ਸੋਚਦੇ ਹੀ ਕੁਝ ਨਹੀਂ! ਗਾਉਂਣ ਵਾਲੀ ਕਤੀੜ ਨੇ ਵੱਖ ਗੰਦ ਪਾਇਆ ਵਿਆ! ਸਭ ਅਪਣੇ ਰੰਗਾਂ ਵਿਚ ਮਸਤ ਹਨ। ਕੇਜਰੀਵਾਲ ਵਾਲੀ ਹਵਾ ਨਾਲ ਅਚਾਨਕ ਕੋਈ ਭੱਜ-ਟੁੱਟ ਹੋ ਕੇ ਥੋੜੇ ਚਿਰ ਲਈ ਪੰਜਾਬ ਬੱਚ ਜਾਏ ਤਾਂ ਵੱਖਰੀ ਗੱਲ ਹੈ, ਨਹੀਂ ਤਾਂ ਇਸ ਦਾ ਗੁਰੂ ਰਾਖਾ!

ਚਿੱਟੇ ਦਿਨ ਮੋਦੀ ਨੇ ਮੁਸਲਮਾਨਾਂ ਦਾ ਵਡਾਂਗਾ ਕੀਤਾ, ਪਰ ਹਿੰਦੂ ਮੀਡੀਆ ਉਸ ਨੂੰ ਮਸੀਹਾ ਬਣਾ ਕੇ ਪੇਸ਼ ਕਰਦਾ ਰਿਹਾ ਹੈ। ਕਿਸੇ ਇੱਕ ਸਵਾਲ ਵਿਚ ਇਹ ਸਵਾਲ ਨਹੀਂ ਉਠਿਆ ਕਿ ਹਜਾਰਾਂ ਲੋਕਾਂ ਦੇ ਲਹੂ ਨਹਾਉਂਣ ਵਾਲਾ ਮੋਦੀ ਮੁਲਕ ਦਾ ਪ੍ਰਧਾਨ ਮੰਤਰੀ ਕਿਵੇਂ? ਰਾਜੀਵ ਰੱਜ ਕੇ ਸਿੱਖਾਂ ਦੇ ਲਹੂ ਵਿਚ ਨਹਾਤਾ ਸੀ, ਪਰ ਉਸੇ ਰਾਜੀਵ ਨੂੰ ਹਿੰਦੂ ਨੇ ਇਸ ‘ਭਲੇ ਕੰਮ’ ਕਈ ਦਿੱਲ ਖੋਲ੍ਹ ਕੇ ਵੋਟਾਂ ਪਾਈਆਂ ਸਨ। ਯਾਨੀ ਜਿਹੜਾ ਘੱਟ ਗਿਣਤੀਆਂ ਦੇ ਲਹੂ ਵਿਚ ਨਹਾਏਗਾ, ਉਨ੍ਹਾਂ ਦਾ ਵਡਾਂਗਾ ਕਰੇਗਾ, ਹਿੰਦੂ ਉਸ ਦੀ ਦਿੱਲੋਂ ਮਨੋ ਮਦਦ ਕਰੇਗਾ। ਇਸ ਵਾਰੀ ਵੀ ‘ਹਰ ਹਰ ਮੋਦੀ’ ਹੁੰਦੀ ਨਜਰ ਆ ਰਹੀ ਹੈ, ਪਰ ਗਰੀਬੀ, ਭੁੱਖਮਰੀ ਤੇ ਮਹਿੰਗਾਈ ਮਾਰੇ ਗਰੀਬ ਲੋਕ ਕੇਜਰੀਵਾਲ ਮਗਰ ਆਣ ਖੜੇ ਹਨ। ਜਾਂ ਉਹ ਲੋਕ ਜਿੰਨਾ ਨੂੰ ਮੋਦੀ ਵਿਚਲਾ ਹਿਟਲਰ ਸਾਫ ਨਜਰ ਆ ਰਿਹਾ ਹੈ। ਘੱਟਗਿਣਤੀਆਂ ਨੂੰ ਅਪਣਾ ਡਰ ਮਾਰ ਰਿਹਾ ਹੈ। ਮੁਸਲਮਾਨ ਤਾਂ ਕਹਿ ਰਹੇ ਹਨ ਕਿ ਅਲ੍ਹਾ ਨੇ ਉਨ੍ਹਾਂ ਨੂੰ ਬਚਾਉਂਣ ਲਈ ਕੇਜਰੀਵਾਲ ਭੇਜਿਆ ਹੈ। ਉਨ੍ਹਾਂ ਗੁਜਰਾਤ ਵਿਚ ਮੋਦੀ ਦੇ ਹੱਥ ਦੇਖੇ ਹਨ। ਮੋਦੀ ਦੇ ਬਾਂਦਰਾਂ ਨੇ ਗਰਭਵਤੀ ਔਰਤਾਂ ਦੇ ਪੇਟ ਵਿਚੋਂ ਬੱਚੇ ਕੱਢ ਕੱਢ ਮਾਰੇ ਸਨ। ਮੋਦੀ ਦੇ ਹੱਥ ਖੂਨ ਨਾਲ ਬੁਰੀ ਤਰ੍ਹਾਂ ਰੰਗੇ ਹੋਏ ਹਨ। ਮੋਦੀ ਜੀਅ ਭਰਕੇ ਮੁਸਲਮਾਨਾਂ ਦੇ ਲਹੂ ਵਿਚ ਨਹਾਤਾ ਹੈ। ਮੋਦੀ ਨੇ ਗੁਜਰਾਤ ਵਿਚ ਵੱਸਦੇ ਸਿੱਖ ਅਪਣੀ ਕੱਟੜ ਜ਼ਿਹਨੀਅਤ ਤਹਿਤ ਉਜਾੜੇ ਹਨ ਜਾਂ ਉਜਾੜੇਗਾ। ਉਸ ਦੇ ਪ੍ਰਧਾਨ ਮੰਤਰੀ ਬਣਨ ਦਾ ਖਿਆਲ ਕਰਕੇ ਹੀ ਸੋਚਿਆ ਜਾ ਸਕਦਾ ਹੈ, ਕਿ ਇਸ ਮੁਲਕ ਦਾ ਭਵਿੱਖ ਕੀ ਹੋਵੇਗਾ। ਆਨੇ ਆਨੇ ਦੀ ਚਾਹ ਵੇਚਣ ਵਾਲਾ ਮੋਦੀ ਮੁਸਲਮਾਨਾਂ ਦਾ ਖੂਨ ਵੇਚ ਕੇ, ਇਥੇ ਤੱਕ ਪਹੁੰਚਾ ਹੈ ਕਿ ਪੂਰਾ ਮੁਲਕ ਵੇਚਣ ਦੇ ਕਾਬਲ ਹੋ ਸਕੇ।

ਕੇਜਰੀਵਾਲ ਪਤਾ ਨਹੀਂ ਕੀ ਹੈ ਕੀ ਨਹੀਂ, ਪਰ ਮੋਦੀ ਦਾ ‘ਅਲਟਰਨੇਟਰ’ ਕੇਜਰੀਵਾਲ ਹੈ। ਕੇਜਰੀਵਾਲ ਅੱਤ ਮਾੜੇ ਹਲਾਤਾਂ ਦੀ ਪੈਦਾਇਸ਼ ਹੈ। ਲੋਕਾਂ ਦਾ ਲੱਕ ਟੁੱਟ ਰਿਹਾ ਸੀ। ਹੁਣ ਉਹ ਭਾਰ ਚੁੱਕਣ ਜੋਗੇ ਨਹੀਂ ਸਨ ਰਹੇ ਤੇ ਹੋ ਸਕਦਾ ਸੀ ਕੋਈ ਵੱਡੀ ਉਥਲ-ਪੁਥਲ ਮੁਲਕ ਵਿਚ ਹੋ ਸਕਦੀ ਹੁੰਦੀ, ਪਰ ਕੇਜਰੀਵਾਲ ਨੇ ਹਾਲ ਦੀ ਘੜੀ ਮਾੜੇ ਹਲਾਤਾਂ ਉਪਰ ਕਾਬੂ ਪਾ ਲਿਆ ਹੈ ਅਗੇ ਦਾ ਕਿਸੇ ਨੂੰ ਕੱਖ ਪਤਾ ਨਹੀਂ ਕੀ ਹੋਣਾ! ਸਿਆਸਤ ਦਰਅਸਲ ਉਹ ਨਹੀਂ ਹੁੰਦੀ, ਜਿਹੜੀ ਉਪਰੋਂ ਦਿੱਸਦੀ ਹੈ, ਇਸ ਦਾ ਅਸਲੀ ਸਿਰਾ ਧਰਤੀ ਵਿਚ ਹੁੰਦਾ, ਜਿਹੜਾ ਆਮ ਮਨੁੱਖ ਨੂੰ ਕਦੇ ਨਹੀਂ ਦਿੱਸਦਾ।

ਪਰ ਚਲੋ ਆਪਾਂ ਤਾਂ ਉਸ ਦੀ ਹੀ ਗੱਲ ਕਰ ਸਕਦੇ ਹਾਂ ਜੋ ਦਿੱਸਦਾ ਹੈ ਤੇ ਦਿੱਸਦਾ ਇਹ ਹੈ ਕਿ ਮੋਦੀ, ਕੇਜਰੀਵਾਲ ਤੋਂ ਭੱਜ ਨਿਕਲਿਆ ਹੈ। ਬੁਖਲਾਇਆ ਹੋਇਆ ਮੋਦੀ ਹੁਣ ਘਟੀਆ ਹਥਿਆਰਾਂ 'ਤੇ ਆ ਗਿਆ ਹੈ। ਉਸ ਮੁੱਦਿਆਂ ਤੋਂ ਹਟ ਕੇ ਪਾਕਿਸਤਾਨ ਦਾ ਏਜੰਟ ਵਾਲੀ ਤੂਤੀ ਵਜਾਉਂਣੀ ਸ਼ੁਰੂ ਕਰ ਦਿੱਤੀ ਹੈ। ਜਾਂ ਹਿੰਦੂ ਮੀਡੀਆ ਉਸ ਨੂੰ ਅੱਤਵਾਦੀ ਹਮਲੇ ਵਾਲਾ ‘ਟੂਲ’ ਵਰਤ ਕੇ ਉਸ ਦੀ ਹਵਾ ਬਣਾਈ ਰੱਖਣਾ ਚਾਹੁੰਦਾ ਹੈ। ਪਰ ਮੀਡੀਏ ਵਲੋਂ ਸਾਲ ਭਰ ਤੋਂ ਮੋਦੀ ਦੀ ਬਣਾਈ ਹਵਾ ਦੇ ਭੁਕਾਨੇ ਵਿਚੋਂ ਕੇਜਰੀਵਾਲ ਨੇ ਫੂਕ ਕੱਢ ਦਿੱਤੀ ਹੋਈ ਹੈ। ਇਸ ਵਾਰੀ ਮੋਦੀ ਲਈ ਮੈਦਾਨ ਬਿੱਲਕੁਲ ਖਾਲੀ ਸੀ, ਜੇ ਕੇਜਰੀਵਾਲ ਵਾਲਾ ਭਲਵਾਨ ਅਖਾੜੇ ਨਾ ਉਤਰਦਾ। ਇਸ ਵਾਰੀ ਮੋਦੀ ਲਈ ਕਾਂਗਰਸ ਤਾਂ ਬਹੁਤ ਛੋਟੀ ਚੀਜ ਸੀ, ਪਰ ਕੇਜਰੀਵਾਲ ਵਾਲਾ ਹੱਥੀਂ ਲਾਇਆ ਰੁੱਖ ਕੰਡਿਆਲਾ ਨਿਕਲ ਆਇਆ ਹੈ। ਅੰਨਾ-ਹਜਾਰੇ ਤੋਂ ਲੂੰਗੀ ਵਾਲੇ ਰਾਮਦੇਵ ਤੱਕ ਦੀਆਂ ਕਬਰਾਂ ਕਾਂਗਰਸ ਨੂੰ ਦਫਨਾਉਂਣ ਲਈ ਭਾਜਪਾ ਨੇ ਖੁਦ ਖੋਦੀਆਂ ਸਨ, ਪਰ ਉਹੀ ਕਬਰਾਂ ਵਿਚ ਖੁਦ ਉਨ੍ਹਾਂ ਦੇ ਅਪਣੇ ਪੈਰ ਧੱਸਦੇ ਜਾ ਰਹੇ ਹਨ! ਬੀਨ ਵਜਾਉਂਣ ਵਾਲੇ ਜੋਗੀ ਨੂੰ ਪਤਾ ਨਹੀਂ ਸੀ ਕਿ ਇਸ ਅੰਨਾ ਹਜਾਰੇ ਜਾਂ ਰਾਮਦੇਵ ਦੀ ਲੂੰਗੀ ਵਿਚੋਂ ਕੇਜਰੀਵਾਲ ਵਾਲਾ ਜ਼ਹਿਰੀਲਾ ਸੱਪ ਵੀ ਨਿਕਲ ਆਵੇਗਾ!

ਭਵਿੱਖ ਵਿਚ ਡਾਵਾਂ-ਡੋਲ ਲੰਗੜੀ ਲੂਲੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਟੁੱਟੀ-ਭੱਜੀ ਕੁਰਸੀ ਦੀਆਂ ਲੱਤਾਂ ਨੇ ਕਿਸੇ ਦਾ ਵੀ ਬਹੁਤਾ ਚਿਰ ਭਾਰ ਝੱਲਣਾ ਨਹੀਂ ਜਾਪਦਾ ਤੇ ਇਸ ਦੇ ਨਤੀਜੇ ਵਜੋਂ ਛੇਤੀ ਬਾਅਦ ਫਿਰ ਤੋਂ ਮਹਿੰਗੀਆਂ ਚੋਣਾ ਦਾ ਬਿਗਲ ਵੱਜ ਸਕਦਾ ਹੈ।

ਉਂਝ ਘੱਟ ਗਿਣਤੀਆਂ ਲਈ ਇਕੱਠੇ ਹੋਣ ਦਾ ਇੱਕ ਮੌਕਾ ਹੈ ਜੇ ਉਨ੍ਹਾਂ ਬਚਣਾ ਹੈ ਨਹੀਂ ਤਾਂ ‘ਹਰ ਹਰ ਮੋਦੀ’ ਵਾਲੀ ਬਾਂਦਰ ਸੈਨਾ ਚੋਣਾ ਜਿੱਤਦਿਆਂ ਹੀ ਲੋਕਾਂ ਦੇ ਘਰ ਲੂਹਣ ਲਈ ਪੂਛਾਂ ਨੂੰ ਅੱਗ ਬੰਨੀ ਫਿਰਦੀ ਹੈ। ਤੇ ਪਤਾ ਮੋਦੀ ਨੂੰ ਵੀ ਕਿ ਹਿੰਦੂ ਮੇਰੇ ਮਗਰ ਹਰ ਹਰ ਕਰਦਾ ਕਿਉਂ ਫਿਰ ਰਿਹਾ ਹੈ। ਕੇਜਰੀਵਾਲ ਅਗੇ ਜਾ ਕੇ ਪਤਾ ਨਹੀਂ ਕੀ ਕਰਦਾ ਕੀ ਨਹੀਂ, ਪਰ ਹੁਣ ਦੀ ਘੜੀ ਉਹ ਮੋਦੀ ਵਾਲੀ ‘ਹੋਣੀ’ ਸ਼ਾਇਦ ਟਾਲ ਦਏ।

ਪਾਣੀ ਡਿੱਗਣ ਵੇਲੇ ਤਾਂ ਸਾਫ ਹੀ ਹੁੰਦਾ ਗੰਦ ਤਾਂ ਹੇਠਾਂ ਆ ਕੇ ਪੈਂਦਾ। ਕੇਜਰੀਵਾਲ ਵਾਲੀ ਗੰਗਾ ਕਿੰਨੀ ਕੁ ਚਿਰ ਸਾਫ ਵਗਦੀ ਇਹ ਤਾਂ ਸਮਾ ਹੀ ਦੱਸੇਗਾ, ਹਾਲੇ ਕੁਝ ਵੀ ਕਹਿਣਾ ਕਾਹਲ ਕਰਨੀ ਹੈ, ਕਿਉਂਕਿ ਇਹ ਗੰਦਾ ਸਿਸਟਮ ਕਈ ਕੇਜਰੀਵਾਲ ਨਿਗਲਣ ਦੀ ਸਮਰਥਾ ਰੱਖਦਾ ਹੈ। ਨਾਗਪੁਰ ਵਿਚ ਬੈਠੇ ਜ਼ਹਿਰੀ ਨਾਗ ਹਿੰਦੂ ਏਜੰਡੇ ਤੋਂ ਬਿਨਾ ਕੇਜਰੀਵਾਲ ਨੂੰ ਕਿੰਨਾ ਚਿਰ ਬੋਲਣ ਦਿੰਦੇ ਹਨ, ਇਸ ਲਈ ਹਾਲੇ ਇੰਤਜਾਰ ਕਰਨੀ ਪਵੇਗੀ।

ਉਂਝ ਕੇਜਰੀਵਾਲ ਦੀ ਹਵਾ ਦਾ ਰੁੱਖ ਪੰਜਾਬ ਵਲ ਵੀ ਹੈ। ਹਰੇਕ ਗੱਲ ਨੂੰ ਹੱਸ ਕੇ ਟਾਲ ਦੇਣ ਵਾਲਾ ਜਾਂ ਟਿੱਚਰ ਕਰਕੇ ਲੰਘ ਜਾਣ ਵਾਲਾ ਬਾਦਲ ਇਸ ਵਾਰੀ ਬੁਖਲਾਇਆ ਹੋਇਆ ਹੈ। ਉਸ ਨੂੰ ਵੀ ਅਪਣਾ ਅੰਤ ਨੇੜੇ ਦਿੱਸ ਰਿਹਾ ਹੈ। ਉਸ ਨੂੰ ਜਾਪਦਾ ਮੇਰੀ ਬੇੜੀ ਛੇਕੋ ਛੇਕ ਹੋ ਚੁੱਕੀ ਇਸ ਦੇ ਡੁੱਬਣ ਦੇ ਵਾਧੂ ਅਸਾਰ ਨਜਰ ਆ ਰਹੇ ਹਨ। ਡਰੱਗ, ਗੁੰਡਾਦਰਗੀ, ਭੂ-ਮਾਫੀਆ, ਬਲਾਤਕਾਰ, ਕਬਜੇ ਤੇ ਪਤਾ ਨਹੀਂ ਕੀ ਕੀ ਬਾਦਲਾਂ ਦੀ ਮਿਹਰਬਾਨੀ ਪੰਜਾਬ ਉਪਰ ਹੋਈ ਹੈ। ਨਸ਼ਿਆਂ ਦੇ ਦਰਿਆ ਵਗਾ ਦਿੱਤੇ ਤਿੰਨਾ ਨੇ! ਬੇਅੰਤਾ ਤਾਂ ਬਹੁਤ ਪਿੱਛੇ ਰਹਿ ਗਿਆ ਇਨ੍ਹਾਂ ਤੋਂ। ਇਨ੍ਹਾਂ ਜਿੰਨਾ ਮੁੰਡਾ ਬੇਅੰਤੇ ਕਿਥੇ ਮਾਰਿਆ ਸੀ। ਸਾਲੇ-ਭਣਵਈਏ ਅਤੇ ਪਿਉ ਪੁੱਤਾਂ ਰਲਕੇ ਆਹੂ ਲਾਹ ਛੱਡੇ ਹਨ ਪੰਜਾਬ ਦੇ। ਕੋਈ ਮਾਂ ਦਾ ਪੁੱਤ ਸੂਰਮਾ ਜੰਮਣ ਜੋਗਾ ਹੀ ਨਹੀਂ ਛੱਡਿਆ ਜਿਹੜਾ ਇਨ੍ਹਾਂ ਲਹੂ ਪੀਣੀਆਂ ਜੋਕਾਂ ਨੂੰ ਵੈਹੜਿਆਂ ਮਗਰ ਪਾ ਧੂ ਧੂ ਮਾਰ ਸਕਦਾ ਹੁੰਦਾ!

ਕੇਜਰੀਵਾਲ ਦੀ ਹਵਾ ਕਿੰਨੀ ਕੁ ਚਲਦੀ ਜਾਂ ਕਿੰਨਾ ਚਿਰ ਚਲਦੀ ਇਹ ਵੱਖਰਾ ਵਿਸ਼ਾ ਹੈ, ਪਰ ਹੁਣ ਇਸ ਹਵਾ ਤੋਂ ਬਾਦਲਾਂ ਦਾ ਦੀਵਾ ਗੁੱਲ ਕਰਨ ਦਾ ਕੰਮ ਤਾਂ ਲਿਆ ਹੀ ਸਕਦਾ ਹੈ ਨਾ। ਤਾਂ ਕਿ ਥੋੜੇ ਚਿਰ ਲਈ ਪੰਜਾਬ ਨੂੰ ਇਸ ਲਗਾਤਾਰ ਮੌਤ ਤੋਂ ਰਾਹਤ ਮਿਲ ਸਕੇ। ਅਤੇ ਇਨ੍ਹਾਂ ਮੋਦੀਆਂ ਦੇ ਯਾਰਾਂ ਤੋਂ ਪੰਜਾਬ ਨੂੰ ਘੜੀ-ਪਲ ਸਾਹ ਆ ਸਕੇ। ਪਰ ਜੇ ਪੰਜਾਬ ਹਾਲੇ ਵੀ ਤੱਕੜੀ ਚੋਂ ਬਾਹਰ ਨਾ ਆਇਆ, ਤਾਂ ਇਸ ਦੀ ਹੋਣੀ ਨੂੰ ਮੋਦੀ ਦੀ ਬਾਂਦਰ ਸੈਨਾ ਦੇ ਤ੍ਰਿਸ਼ੂਲਾਂ ਹੱਥੋਂ ਲਿਖਣੋਂ ਕੋਈ ਨਹੀਂ ਬਚਾ ਸਕਦਾ! ਕਿ ਬਚਾ ਸਕਦਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top