Share on Facebook

Main News Page

ਮੋਦੀ ਦੀ ਹੂੰਝਾ ਫੇਰ ਜਿੱਤ ਅਤੇ ਲੋਕ
-: ਗੁਰਦੇਵ ਸਿੰਘ ਸੱਧੇਵਾਲੀਆ

ਇੱਕ ਪ੍ਰਚਲਤ ਜਿਹੀ ਕਹਾਣੀ ਹੈ ਕਿ ਸ਼ਿਵ ਜੀ ਅਤੇ ਪਾਰਬਤੀ ਜਾ ਰਹੇ ਸਨ ਰਸਤੇ ਵਿਚ ਇੱਕ ਗਰੀਬ ਬੰਦਾ ਤੁਰਿਆ ਜਾਂਦਾ ਸੀ। ਪਾਰਬਤੀ ਕਹਿਣ ਲੱਗੀ ਕਿ ਦੇਖੋ ਕਿੰਨਾ ਗਰੀਬ ਬੰਦਾ ਹੈ ਕਿਉਂ ਨਾ ਕੁਝ ਧਨ ਦੇ ਕੇ ਇਸ ਦਾ ਰੋਟੀ ਪਾਣੀ ਚਲਦਾ ਕੀਤਾ ਜਾਵੇ। ਸ਼ਿਵ ਜੀ ਕਹਿੰਦੇ ਕੁੜੀਏ ਇਸ ਦੇ ਕਰਮਾ ਵਿਚ ਗਰੀਬੀ ਹੀ ਹੈ, ਪਰ ਚਲ ਆਪਾਂ ਟਰਾਈ ਕਰਨ ਲੈਂਦੇ ਹਾਂ।

ਕਹਾਣੀ ਕਹਿੰਦੀ ਥੈਲੀ ਮੋਹਰਾਂ ਦੀ ਉਸ ਦੇ ਰਸਤੇ ਵਿਚ ਸੁੱਟ ਦਿੱਤੀ ਗਈ। ਪਰ ਜਦ ਉਹ ਨੇੜੇ ਆਇਆ ਤਾਂ ਉਸ ਦੇ ਮਨ ਅੰਨ੍ਹਾ ਅੰਨ੍ਹਾ ਖੇਡਣ ਦੀ ਸ਼ਰਾਰਤ ਸੁੱਝੀ ਅਤੇ ਉਹ ਇੰਝ ਅੰਨੇ ਅੰਨ੍ਹੇ ਖੇਡਣ ਵਿਚ ਧਨ ਦੇ ਉਪਰੋਂ ਦੀ ਲੰਘ ਗਿਆ! ਸ਼ਿਵ ਜੀ ਕਹਿੰਦੇ ਸੁਣਾ?

ਕੇਜਰੀ ਵਾਲ ਆਇਆ ਉਸ ਮੁੱਦਿਆਂ ਦੀ ਗੱਲ ਕੀਤੀ, ਉਸ ਮੋਦੀ, ਸੋਨੀਆ, ਅੰਬਾਨੀ, ਅੰਦਾਨੀਆਂ ਦੀ ਲੁੱਟ ਬਾਰੇ ਲੋਕਾਂ ਨੂੰ ਦੱਸਿਆ। ਪਰ ਲੋਕ ਮੈਨੂੰ ਜਾਪਦਾ ਹਾਲੇ ਅੰਨ੍ਹਾ ਅੰਨ੍ਹਾ ਹੋਣਾ ਖੇਡ ਰਹੇ ਹਨ। ਹਾਲੇ ਉਨ੍ਹਾਂ ਨੂੰ ਅਪਣੀ ਗਰੀਬੀ ਸਤਾਉਂਦੀ ਨਹੀਂ, ਜਿਲਤ ਭਰੀ ਜਿੰਦਗੀ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰਦੀ, ਹਾਲੇ ਉਹ ਗੁਰਬਤ ਵਿਚ ਹੀ ਖੁਸ਼ ਹਨ

ਜਿਉਂ ਮੁਲਖ ‘ਆਜ਼ਾਦ’ ਹੋਇਆ, ਦੋ ਸਮੇਂ ਰਿਕਾਰਡ ਤੋੜ ਵੋਟਾਂ ਪਈਆਂ। ਇੱਕ ਵਾਰ ਜਦ ਇੰਦਰਾ ਮਰੀ ਸੀ ਤੇ ਇੱਕ ਵਾਰ ਹੁਣ। ਹੁਣ ਵਾਲੀਆਂ ਚੋਣਾਂ ਵਿਚ ਤਾਂ ਇੰਦਰਾਂ ਵਾਲੀ ਰੇਸ਼ੋ ਵੀ ਹੇਠਾਂ ਰਹਿ ਗਈ ਹੈ। ਇੰਦਰਾ ਵੇਲੇ ਵੀ ਹਿੰਦੂ ਬੁਰੀ ਤਰ੍ਹਾਂ ਜਜਬਾਤੀ ਹੋ ਕੇ ਬਾਹਰ ਨਿਕਲਿਆ ਸੀ ਵੋਟਾਂ ਪਾਉਂਣ ਤੇ ਇਸੇ ਤਰ੍ਹਾਂ ਅੱਜ ਹੈ। ਦਰਅਸਲ ਹਿੰਦੂ ਨੂੰ ਅਪਣੀ ਗਰੀਬੀ ਅਤੇ ਭੁੱਖਮਰੀ ਨਾਲੋਂ ਮੁਲਸਮਾਨਾ ਦੀ ਵੱਧ ਰਹੀ ਗਿਣਤੀ ਅਤੇ ਈਸਾਈਆਂ ਦਾ ਪਸਾਰ ਬੁਰੀ ਤਰ੍ਹਾਂ ਸਤਾ ਰਿਹਾ ਸੀ ਅਤੇ ਉਨ੍ਹਾਂ ਨੂੰ ਇਸ ਦਾ ਇੱਕੋ ਇੱਕ ਹੱਲ ਮੋਦੀ ਹੀ ਜਾਪਦਾ ਸੀ। ਕਿਉਂਕਿ ਮੋਦੀ ਉਨ੍ਹਾਂ ਦਾ ਪਰਖਿਆ ਹੋਇਆ ਉਹ ਸਿਪਾਹੀ ਹੈ ਜਿਸ ਮੁਸਲਮਾਨਾਂ ਦੇ ਰੱਜ ਕੇ ਆਹੂ ਲਾਹੇ ਸਨ। ਹਿੰਦੂ ਨੇ ਰਜੀਵ ਨੂੰ ਦਿੱਲ ਖੋਲ੍ਹ ਕੇ ਵੋਟਾਂ ਦਿੱਤੀਆਂ ਸਨ, ਜਦ ਉਸ ਸਿੱਖਾਂ ਦੇ ਆਹੂ ਲਾਹੇ ਸਨ ਤੇ ਉਹੀ ਕੁਝ ਹੁਣ ਮੋਦੀ ਵੇਲੇ ਹੋਇਆ ਹੈ।
ਕੇਜਰੀਵਾਲ ਦੀ ਪੰਜਾਬ ਨੇ ਪਰ ਫਿਰ ਵੀ ਰੱਖ ਵਿਖਾਈ ਹੈ। ਪੂਰੇ ਮੁਲਖ ਵਿਚੋਂ ਇੱਕ ਵੀ ਸੀਟ ਕੇਜਰੀਵਾਲ ਲਈ ਨਹੀਂ ਨਿਕਲੀ ਸਿਵਾਏ ਪੰਜਾਬ ਤੋਂ। ਪੰਜਾਬ ਯਾਰਾਂ ਦਾ ਯਾਰ ਅਤੇ ਇਸ ਲਈ ਹਾਉਕਾ ਭਰਨ ਵਾਲੇ ਲਈ ਉਹ ਜਾਨ ਤੱਕ ਵਾਰ ਦਿੰਦਾ ਹੈ ਇਸ ਦਾ ਸਬੂਤ ਪੰਜਾਬ ਨੇ ਕੇਜਰੀਵਾਲ ਦੇ ਮਸਲੇ ਉਪਰ ਵੀ ਦਿੱਤਾ ਹੈ।

ਦੂਜਾ ਸੁਨੇਹਾ ਇਹ ਵੀ ਜਾਂਦਾ ਹੈ ਕਿ ਪੰਜਾਬ ਬਗਾਵਤ ਦੇ ਰਾਹ ਬਹੁਤ ਛੇਤੀ ਤੁਰਦਾ ਹੈ। ਕੇਜਰੀਵਾਲ ਲੁਟੇਰੇ ਨਿਜਾਮ ਲਈ ਬਾਗੀ ਅਵਾਜ ਸੀ ਅਤੇ ਉਸ ਅਵਾਜ ਨੂੰ ਜੇ ਸਾਰੇ ਮੁਲਖ ਵਿਚੋਂ ਸੁਣਿਆ ਤਾਂ ਪੰਜਾਬ ਨੇ। ਪੰਜਾਬ ਨੂੰ ਕੇਜਰੀਵਾਲ ਦੀ ਇਹ ਗੱਲ ਮਰਦਾਂ ਵਾਲੀ ਜਾਪੀ ਜਦ ਉਹ ਸਿੱਧਾ ਬਨਾਰਸ ਜਾਕੇ ਮੋਦੀ ਦੀ ਹਿੱਕ ਵਿਚ ਵੱਜਾ।

ਉਂਝ ਇਹ ਗੱਲ ਵੱਖਰੀ ਹੈ ਕਿ ਰਾਜਨੀਤੀ ਵਿਚ ਤੜੀ ਨਹੀਂ ਰਾਜਨੀਤੀ ਹੀ ਚਲਦੀ ਹੈ। ਇਹੀ ਕੇਜਰੀਵਾਲ ਜੇ ਪੰਜਾਬ ਖੜਦਾ ਤਾਂ ਬਾਕੀ ਸਭ ਦੀਆਂ ਜਮਾਨਤਾ ਜਬਤ ਸਨ ਤੇ ਹੋ ਸਕਦਾ ਸੀ ਨਾਲ ਲੱਗਦਾ ਹਰਿਆਣਾ ਹਿਮਾਚਲ ਤੇ ਅੱਧ ਪਚੱਧ ਰਾਜਸਥਾਨ ਵੀ ਲੈ ਡਿੱਗਦਾ।

ਪਰ ਜੋ ਵੀ ਹੈ ਉਹ ਲੜਿਆ ਤੇ ਟੌਹਰ ਨਾਲ ਲੜਿਆ। ਉਹ ਦਿੱਲੀ ਵਿਚ ਕੁਰਸੀ ਦੇ ਝੂਟੇ ਲੈ ਸਕਦਾ ਸੀ ਅਤੇ ਬਾਹਰ ਦੀਆਂ ਬੈਕਾਂ ਵਿਚ ਤੂੜਨ ਜੋਗਾ ਪੈਸਾ ਕਮਾ ਸਕਦਾ ਸੀ। ਉਸ ਦੀ ਬੱਸ ਇਹੀ ਖੂਬਸੂਰਤੀ ਰਹੀ ਕਿ ਉਹ ਲੁਟੇਰਾ ਨਿਜਾਮ ਦਾ ਹਿੱਸਾ ਨਹੀਂ ਬਣਿਆ। ਉਹ ਵੀ ਹਿੰਦੋਸਤਾਨ ਵਿਚ? ਤੇ ਹਿੰਦੋਸਤਾਨ ਦੀ ਲੁਟੇਰਾ ਬਿਰਤੀ ਦਾ ਇਥੋਂ ਵੀ ਮੁਜਾਹਿਰਾ ਹੁੰਦਾ ਹੈ ਕਿ ਉਨ੍ਹਾਂ ਕੇਜਰੀਵਾਲ ਦੇ ਇਸ ਕ੍ਰੈਕਟਰ ਦੀ ਖਿੱਲੀ ਹੀ ਉਡਾਈ ਹੈ ਬਜਾਇ ਇਸ ਦੇ ਕਿ ਉਸ ਦੀ ਇਸ ਚੰਗੀ ਸਿਆਸਤ ਦੀ ਕਦਰ ਕੀਤੀ ਜਾਂਦੀ।

ਬੜੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਹਨ, ਕਿ ਮੋਦੀ ਆਉਂਣ ਨਾਲ ਚੰਗੇ ਦਿਨ ਆ ਗਏ ਹਨ! ਯਾਨੀ ਮੋਦੀ ਚੰਗੇ ਦਿਨ ਲੈ ਕੇ ਆਏਗਾ? ਮੋਦੀ ਤਾਂ ਖੁਦ ਅੰਬਾਨੀਆਂ-ਅਦਾਨੀਆਂ ਦੀ ਰਖੇਲ ਹੈ ਉਹ ਚੰਗੇ ਦਿਨ ਕਿਥੇ ਲੈ ਆਏਗਾ? ਤੇ ਮੋਦੀ ਮਗਰ ਖੜੇ ਅਮਿਤਿ ਸ਼ਾਹ, ਜੋਸ਼ੀ, ਅਡਵਾਨੀ ਵਰਗੇ ਕੱਟੜ ਹਿੰਦੂ? ਕੀ ਕਰੇਗਾ ਮੋਦੀ? ਮੋਦੀ ਕੋਲੇ ਕੀ ਹੈ ਕਰਨ ਲਈ? ਉਹ ਕ੍ਰੋੜਾਂ ਲੋਕਾਂ ਨੂੰ ਝੋਪੜੀਆਂ ਵਿਚੋਂ ਬਾਹਰ ਲੈ ਆਏਗਾ? ਅੰਬਾਨੀਆਂ ਕੋਲੋਂ ਗੈਸ ਸਸਤਾ ਕਰਾ ਦਏਗਾ? ਬਿੱਜਲੀ ਦੇ ਦਏਗਾ ਲੋਕਾਂ ਨੂੰ? ਪਾਣੀ ਕਿਥੋਂ ਚੰਨ ਤੋਂ ਲੈ ਕੇ ਆਏਗਾ ਲੋਕਾਂ ਲਈ? ਉਹ ਅਰਬਾਂ-ਖਰਬਾਂ ਰੁਪਈਆ ਵਾਪਸ ਲੈ ਆਏਗਾ ਬਾਹਰੋਂ ਬੈਕਾਂ ਵਿਚੋਂ? ਤੇ ਲਿਜਾਣ ਵਾਲੇ ਲੁਟੇਰਿਆਂ ਨੂੰ ਫਾਹੇ ਲਾ ਦਏਗਾ? ਤਾਂ ਫਿਰ ਚੰਗੇ ਦਿਨ ਕਾਹਾਦੇ ਨਾਲ ਆਉਂਣਗੇ? ਕਿਵੇਂ ਆਉਂਣਗੇ ਚੰਗੇ ਦਿਨ? ਅਬਾਮਾ ਲੈ ਕੇ ਆਏਗਾ ਚੰਗੇ ਦਿਨ? ਸੋਨੀਆਂ ਗਈ ਮੋਦੀ ਆ ਗਿਆ ਨਾਲ ਕੀ ਚੰਗੇ ਦਿਨ ਆ ਗਏ? ਇਕ ਲੁਟੇਰਾ ਗਿਆ ਦੂਜਾ ਸ਼ੁਰੂ? ਸ਼ਾਲ ਦੋ ਸਾਲ ਬਾਅਦ ਹੀ ਮੋਦੀ ਦੀ ਹਵਾ ਨਿਕਲੀ ਸ਼ੁਰੂ ਹੋ ਜਾਣੀ ਹੈ ਤੇ ਇਨ੍ਹਾਂ ਲੋਕਾਂ ਹੀ ਮੋਦੀ ਦਾ ਸਿਆਪਾ ਕਰਨ ਲੱਗਾ ਜਾਣਾ ਹੈ ਪਰ ਅਕਲ ਦੀ ਗੱਲ ਫਿਰ ਵੀ ਸ਼ਾਇਦ ਨਾ ਸੋਚਣ!

ਚੰਗੇ ਦਿਨ ਨਹੀਂ ਆਉਂਣਗੇ ਜਿੰਨਾ ਚਿਰ ਲੋਕ ਖੁਦ ਨਹੀਂ ਚੰਗੇ ਲੋਕਾਂ ਨੂੰ ਰਾਜ ਉਪਰ ਬੈਠਾਉਂਦੇ। ਲੋਕ ਤਾਂ ਖੁਦ ਹੀ ਅਪਣੇ ਮੁੱਦਿਆਂ ਪ੍ਰਤੀ ਗੰਭੀਰ ਨਹੀਂ ਹਨ। ਉਹ ਧਰਮਾਂ, ਜਾਤਾਂ, ਫਿਰਕਿਆਂ, ਫਿਲਮਾਂ, ਡਰਾਮਿਆਂ ਦੀ ਦੁਨੀਆਂ ਵਿਚ ਉਲਝੇ ਹੋਏ ਹਨ। ਇਸ ਤੋਂ ਬਾਹਰ ਉਹ ਸੋਚ ਹੀ ਨਹੀਂ ਸਕਦੇ। ਬਾਹਰ ਦੀ ਹਵਾ ਹੀ ਨਹੀਂ ਲੱਗਣ ਦਿੰਦੇ ਅਪਣੇ ਆਪ ਨੂੰ। ਤੇ ਅਜਿਹੀ ਬੁੱਸੀ, ਗਲੀ, ਸੜੀ ਦੁਨੀਆਂ, ਤੰਗ ਦਿਲੀਆਂ ਅਤੇ ਸਿਆਸਤ ਵਿਚ ਜਿਉਂਦੇ ਲੋਕ ਅਪਣੀ ਆਜ਼ਾਦੀ ਬਾਰੇ, ਚੰਗੇ ਭਵਿੱਖ ਬਾਰੇ, ਚੰਗੇ ਜੀਵਨ ਬਾਰੇ ਸੋਚ ਵੀ ਕਿਵੇਂ ਸਕਦੇ ਹਨ! ਕਿ ਸਕਦੇ ਹਨ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top