Share on Facebook

Main News Page

ਸਾਚ ਬਿਨਾ ਕਹ ਹੋਵਤ ਸੂਚਾ ॥
-: ਗੁਰਦੇਵ ਸਿੰਘ ਸੱਧੇਵਾਲੀਆ

ਬਿਰਥੀ ਸਾਕਤ ਕੀ ਆਰਜਾ ॥...
ਅਗੇ ਹੈ, ‘ਸਾਚ ਬਿਨਾ ਕਹ ਹੋਵਤ ਸੂਚਾ’॥

ਸੱਚ ਤੋਂ ਬਿਨਾ ਸੁੱਚਾ ਹੋਇਆ ਨਹੀਂ ਜਾ ਸਕਦਾ, ਕਿ ਜੂਠੇ ਬੰਦੇ ਨੂੰ ਹੀ ਸਾਕਤ ਕਹਿੰਦੇ ਹਨ। ਜੂਠਾ ਬੰਦਾ, ਝੂਠਾ ਵੀ ਨਾਲ ਹੁੰਦਾ। ਜੂਠ ਦਾ ਝੂਠ ਨਾਲ ਗਹਿਰਾ ਸਬੰਧ ਹੈ। ਜੂਠ ਅਤੇ ਝੂਠ ਇੱਕੇ ਸਿੱਕੇ ਦੇ ਦੋ ਪਹਿਲੂ ਹਨ। ਜੂਠ ਬੰਦੇ ਨੂੰ ਉਪਰੋਂ ਗੰਦਿਆਂ ਕਰਦੀ ਝੂਠ ਅੰਦਰੋਂ। ਗੰਦਾ ਮਨੁੱਖ ਹੀ ਸਾਕਤ ਹੁੰਦਾ, ਹੋਰ ਸਾਕਤ ਦੇ ਕੋਈ ਅੱਡ ਸਿੰਗ ਥੋਂੜੋਂ ਲੱਗੇ ਹੁੰਦੇ! ਕਿ ਲੱਗੇ ਹੁੰਦੇ? ਜਿਥੇ ਜੂਠ ਅਤੇ ਝੂਠ ਹੈ ਸਮਝੋ ਉਥੇ ਸਾਕਤ ਹੈ। ਸਾਕਤ ਹੋਣ ਲਈ ਦੋ ਗੱਲਾਂ ਕਾਫੀ ਹਨ ਜੂਠ ਅਤੇ ਝੂਠ। ਜਿਥੇ ਇਹ ਦੋਵੇਂ ਹਨ ਉਥੇ ਹੀ ਸਾਕਤ ਹੈ।

ਸਾਕਤ ਦੀ ਸਾਰੀ ਜਿੰਦਗੀ ਬੇਅਰਥ ਹੈ ਸਭ ਆਰਜਾ ਬਿਰਥੀ ਕਿਉਂਕਿ ਉਹ ਸੱਚ ਤੋਂ ਕੋਹਾਂ ਦੂਰ। ਮਨੁੱਖੀ ਦੁਨੀਆਂ ਦਾ ਵੱਡਾ ਦੁਖਾਂਤ ਇਹ ਰਿਹਾ ਕਿ ਸਾਕਤ ਦੀ ਪਛਾਣ ਹੀ ਨਹੀਂ ਰਹੀ। ਉਸ ਦਾ ਪਤਾ ਹੀ ਲੱਗਦਾ ਕਿ ਉਹ ਸਾਕਤ ਹੈ ਜਾਂ ਧਰਮੀ। ਉਹ ਵੱਡੇ ਵੱਡੇ ਧਰਮੀ ਬਾਣਿਆਂ ਵਿਚ ਤੁਰਿਆ ਫਿਰ ਰਿਹਾ ਹੈ। ਉਹ ਗੁਰੂ ਘਰਾਂ ਮੰਦਰਾ ਮਸਜਿਦਾਂ ਵਿਚ ਸਭ ਤੋਂ ਮੁਹਰਲੀ ਕਤਾਰ ਵਿਚ ਖੜੋਤਾ ਨਜਰ ਆ ਰਿਹਾ ਹੈ। ਵੱਡੀਆਂ ਧਾਰਮਿਕ ਸੰਸਥਾਵਾਂ ਚਲਾ ਰਿਹਾ ਹੈ ਸਾਕਤ! ਸਾਕਤ ਦੀ ਕੇਵਲ ਇਹ ਵਿਆਖਿਆ ਨਹੀਂ ਕਿ ਉਹ ਰੱਬ ਨੂੰ ਨਹੀਂ ਮੰਨਦਾ, ਬਲਕਿ ਰੱਬ ਨੂੰ ਮੰਨਣ ਦੇ ਨਾਂ 'ਤੇ ਵਿਚਰ ਰਿਹਾ ਸਾਕਤ ਪਹਿਲੇ ਨਾਲੋਂ ਕਿਤੇ ਵੱਧ ਖਤਰਨਾਕ ਹੈ। ਰੱਬ ਨੂੰ ਮੰਨਣ ਵਾਲਾ ਸਾਕਤ ਤੁਹਾਡੇ ਉਸ ਮਿੱਤਰ ਵਰਗਾ ਹੈ, ਜਿਹੜਾ ਮਿੱਤਰਤਾ ਦੇ ਪੜਦੇ ਉਹਲੇ ਤੁਹਾਡਾ ਘਾਤਕ ਦੁਸ਼ਮਣ ਬਣ ਕੇ ਰਹਿ ਰਿਹਾ ਹੈ। ਦੁਸ਼ਮਣ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਪਰ ਦੋਸਤ ਜਦ ਦੁਸ਼ਮਣੀ ਕਰਦਾ ਹੈ ਤਾਂ ਉਹ ਤੁਹਾਡਾ ਛੱਡਦਾ ਹੀ ਕੱਖ ਨਹੀਂ।

ਰੱਬ ਨੂੰ ਨਾ ਮੰਨਣ ਵਾਲੇ ਸਾਕਤ ਵਿਚ ਇੱਕ ਤਾਂ ਈਮਾਨਦਾਰੀ ਹੈ ਕਿ ਉਹ ਤੁਹਾਡੇ ਸਾਹਵੇਂ ਖੜੋਤਾ ਹੈ, ਪਰ ਰੱਬ ਨੂੰ ਮੰਨਣ ਵਾਲੇ ਸਾਕਤ ਬਾਰੇ ਤੁਹਾਡੀ ਕੀ ਪਛਾਣ ਹੈ। ਇੱਕ ਕਾਮਰੇਡ ਤੁਹਾਡਾ ਕੀ ਕਰ ਲਏਗਾ, ਤੁਸੀਂ ਉਸ ਨੂੰ ਥੜੇ ਹੀ ਨਹੀਂ ਚੜ੍ਹਨ ਦਿੰਦੇ, ਪਰ ਪਿਹੋਵੇ-ਰੰਧਾਵੇ-ਸ਼ਿਕਾਗੋ-ਠਾਕੁਰ ਸਿਓਂ ਜਾਂ ਤੜੀ ਵਿਦਵਾਨਾਂ ਵਰਗਿਆਂ ਤੁਹਾਡਾ ਛੱਡਣਾ ਹੀ ਕੱਖ ਨਹੀਂ। ਤੇ ਉਨ੍ਹਾਂ ਤੁਹਾਡੇ ਮਿੱਤਰਾਂ ਤੁਹਾਡੇ ਜੜ੍ਹੀਂ ਦਾਤੀ ਫੇਰਨੀ, ਜਿਹੜੇ ਸ੍ਰੀ ਗੁਰੂ ਜੀ ਨੂੰ ਵੀ ਨਕਲੀ ਕਹਿਣ ਵਲ ਤੁਰ ਪਏ ਨੇ ਅਤੇ ਜਿੰਨਾ ਨੂੰ ਸ੍ਰੀ ਗੁਰੂ ਗਰੰਥ ਸਹਿਬ ਜੀ ਕੇਵਲ ਇੱਕ ਕਿਤਾਬ ਦਿੱਸਦੇ ਹਨ। ਪਰ ਹਨ ਉਹ ਆਸਤਿਕ? ਵਿਦਵਾਨ? ਇਨ੍ਹਾ ਸਾਕਤਾਂ ਤੋਂ ਤੁਸੀਂ ਕਿਵੇਂ ਬਚੋਗੇਂ? ਬਾਦਲ, ਟੌਹੜੇ, ਬਰਨਾਲੇ, ਲੌਂਗਵਾਲੀਏ ਰੱਬ ਨੂੰ ਮੰਨਣ ਵਾਲੇ ਉਹ ਸਾਕਤ ਹੋਏ ਨੇ ਜਿੰਨਾ ਸਿੱਖ ਕੌਮ ਦੇ ਮੁੱਢ ਤੱਕ ਛਾਂਗ ਮਾਰੇ?

ਤੁਹਾਡੇ ਗੁਰਦੁਆਰਿਆਂ ਵਿਚ ਉਹ ਸਾਕਤ ਕਾਬਜ ਨੇ ਜਿਹੜੇ ਨਿੱਤ ਰੱਬ ਅੱਗੇ ਝੁਕਣ ਦੇ ਵਿਖਾਵੇ ਕਰਦੇ, ਪਰ ਰੱਬ ਨੂੰ ਵੇਚ ਕੇ ਛੱਕ ਜਾਣ ਵੇਲੇ ਬਿੱਲਕੁਲ ਇੰਝ ਹੀ ਨਹੀਂ ਡਰਦੇ ਜਿਵੇਂ ਇਕ ਰੱਬ ਨੂੰ ਨਾ ਮੰਨਣ ਵਾਲਾ ਸਾਕਤ! ਰੱਬ ਨੂੰ ਨਾ ਮੰਨਣ ਵਾਲੇ ਨੂੰ ਤੁਸੀਂ ਰੱਬ ਨਾਲ ਖੇਡਣ ਹੀ ਨਹੀਂ ਦਿੰਦੇ, ਉਹ ਵੇਚ ਕਿਥੇ ਦਊ, ਪਰ ਮੰਨਣ ਵਾਲੇ ਸਾਕਤ ਹੱਥ ਤੁਸੀਂ ਰੱਬ ਦੀਆਂ ਸਭ ਕੁੰਜੀਆਂ ਫੜਾ ਛੱਡੀਆਂ ਤੇ ਉਹ ਹਰੇਕ ਹਫਤੇ ਰੱਬ ਦੀ ਵੱਟਕ ਥੁੱਕਾਂ ਲਾ ਲਾ ਗਿਣਦਾ! ਮੌਕਾ ਲੱਗੇ ਤਾਂ ਨੇਫੇ ਵਿਚ ਵਾੜ ਲੈਂਦਾ!! ਤੇ ਜਦ ‘ਰੱਬ’ ਦੀ ਮਨਾਪਲੀ ਖੁੱਸਣ ਲੱਗੇ ਉਸੇ ਰੱਬ ਦੀ ਵੱਟਕ ਦੇ ਵੱਡੇ ਵੱਡੇ ਚੈੱਕ ਵਕੀਲਾਂ ਲਈ ਇੰਝ ਕੱਟਦਾ ਜਿਵੇਂ ਬੱਸ ਦਾ ਕੰਨੈਕਟਰ ਟਿਕਟਾਂ! ਉਸ ਦੇ ਦੱਸੇ ਗਏ ਝੂਠਾਂ ਨੂੰ ਵਕੀਲ ਪਾਲਸ਼ ਕਰ ਕਰ ਉਸ ਦੀ ਖੁੱਸੀ ਮਨਾਪਲੀ ਵਾਪਸ ਕਰਾਉਂਦਾ ਪਰ ਇਨ੍ਹਾਂ ਝੂਠਾਂ ਦਾ ਘਾੜਾ ਸਾਕਤ ਕਿਵੇਂ ਨਾ ਹੋਇਆ?

ਰੱਬ ਦੇ ਨਾਂ 'ਤੇ ਗੰਡਾਸੇ, ਟੱਕੂਏ, ਕ੍ਰਿਪਾਨਾਂ ਧੂਹ ਲੈਣ ਵਾਲੇ ਦੱਸੋ ਰੱਬ ਨੂੰ ਕਿੰਨਾ ਕੁ ਮੰਨ ਸਕਦੇ ਹਨ, ਜਿਹੜੇ ਰੱਬ ਦੇ ਘਰ ਵਿਚ ਹੀ ਅਪਣਿਆਂ ਦੇ ਢਿੱਡ ਪਾੜਦੇ ਅਤੇ ਸਿਰ ਖੋਹਲਦੇ ਹਨ। ਰੱਬੀ ਗੁਣਾਂ ਤੋਂ ਕੋਹਾਂ ਦੂਰ ਤੁਰਿਆ ਫਿਰਦਾ ਮਨੁੱਖ ਦੇਖੋ ਰੱਬ ਨੂੰ ਬਚਾਉਂਣ ਦੇ ਫਿਕਰ ਵਿਚ ਹੈ? ਰੱਬ ਨੂੰ ਬਚਾਉਂਣ ਦਾ ਤਰੀਕਾ ਦੇਖੋ ਕਿੰਨਾ ‘ਦਾਨਾ’ ਹੈ! ਕ੍ਰਿਪਾਨਾਂ, ਗੰਡਾਸੇ, ਟਕੂਏ, ਟੋਕੇ! ਕਨੇਡੀਅਨ ਟਾਇਰ ਵਾਲਿਆਂ ਜਿਵੇਂ ਟਕੂਏ ਰੱਖੇ ਹੀ ਰੱਬ ਨੂੰ ਬਚਾਉਂਣ ਵਾਲਿਆਂ ਲਈ ਸਨ!

ਕਈ ਚਿਰ ਦੀ ਗੱਲ ਹੈ ਮੇਰਾ ਇੱਕ ਮਿੱਤਰ ਹੈ ਉਹ ਸੱਚੇ ਸੌਦੇ ਦੇ ਕੋਈ ਕਿਤਾਬ ਲੈਣ ਗਿਆ। ਉਥੇ ਤਿੰਨ ਚਾਰ ‘ਸ਼ੇਰ’ ਯਾਨੀ ਰੱਬ ਦੇ ਪਹਿਰੇਦਾਰ ਤੁਰੇ ਫਿਰਨ! ਪਤਾ ਕਾਹਦੇ ਲਈ? ਟਕੂਏ ਗੰਡਾਸੇ ਖਰੀਦਣ ਲਈ!! ਅਖੇ ਰੱਬ ਖਤਰੇ ਵਿਚ ਹੈ ਪ੍ਰੋ ਵੱਡਣਾ ਇੱਕ ਤਾਜੇ ਗੰਡਾਸਿਆ ਨਾਲ?? ਅਣਲੱਗ! ਅਣਚਲੇ ਟਕੂਏ! ਤਿੱਖੀ ਧਾਰ ਵਾਲੇ! ਗਾਟੇ ਲਾਹੁੰਦੇ ਜਾਣ ਕੇਰਾਂ ਫੜਕੇ!

ਸਾਕਤ ਤੁਸੀਂ ਕੀਹਨੂੰ ਕਹਿੰਨੇ? ਰੱਬ ਦੇ ਘਰ ਵਿਚ ਲਹੂਆਂ ਦੀਆਂ ਘਰਾਲਾਂ ਵਹਾਉਂਣ ਵਾਲਾ ਗੁਰਮੁੱਖ ਕਿਵੇਂ ਹੋਇਆ? ਜਿਸ ਬੰਦੇ ਨੇ ਰੱਬ ਦੇ ਹੀ ਘਰ ਨੂੰ ਲਹੂ ਨਾਲ ਰੰਗ ਦਿੱਤਾ ਉਸ ਨੂੰ ਤੁਸੀਂ ਕੀ ਕਹੋਂਗੇ? ਕਿਹੜਾ ਨਾਂ ਦਉਂਗੇ ਉਸ ਨੂੰ? ਸਾਕਤ ਨਹੀਂ? ਤੇ ਬਾਬਾ ਜੀ ਅਪਣੇ ਕਹਿੰਦੇ ਸਾਕਤ ਦੀ ਆਰਜਾ ਬਿਰਥੀ ਹੈ। ਕਿਉਂਕਿ ਉਸ ਕੋਲੇ ਗੰਡਾਸੇ ਟਕੂਏ ਹਨ। ਸੱਚ ਨਹੀਂ। ਤੇ ਸੱਚ ਬਿਨਾ ਸੂਚਾ ਹੋਇਆ ਨਹੀਂ ਜਾ ਸਕਦਾ। ਜਿੰਨੇ ਮਰਜੀ ਪਰਨਿਆਂ ਨਾਲ ਹੱਥ ਮਿਲਾ ਲਓ। ਜਿੰਨੀ ਮਰਜੀ ਸੁਚਮ ਰੱਖ ਲਓ। ਪਾ ਦਿਓ ਪ੍ਰਸਾਦ ਚਿੜੀਆਂ ਨੂੰ ਕਿ ਝੂਠੇ ਨਾ ਹੋ ਜਾਈਏ। ਕੋਈ ਫਰਕ ਨਹੀਂ ਪੈਂਦਾ ਨਾ ਛੱਕੋ ਲੰਗਰ ਗੁਰੂ ਕਾ। ਬਣ ਜਾਓ ਬਿਬੇਕੀ, ਪਰ ਬਾਬਾ ਜੀ ਦੇ ਬਚਨਾ ਮੁਤਾਬਕ ਅਸੀਂ ਸਭ ਉਹ ਸਾਕਤ ਹਾਂ ਜਿਹੜੇ ਸੱਚ ਨੂੰ ਨਹੀਂ ਮੰਨਦੇ!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top